ਗਿਆਨੇਸ਼ ਕੁਮਾਰ ਨੂੰ ਹਟਾਇਆ ਜਾਵੇਗਾ; ਉਹ ਜੇਲ੍ਹ ਜਾਣਗੇ'': ਰਾਹੁਲ ਗਾਂਧੀ ਨੇ ਲਗਾਏ ਵੱਡੇ ਪੱਧਰ 'ਤੇ ਵੋਟ ਚੋਰੀ ਦੇ ਦੋਸ਼
ਨਾਮਜ਼ਦ ਚੋਣ ਧਾਂਦਲੀਆਂ ਦੇ ਵਿਰੋਧ ਵਿੱਚ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ 'ਇੰਡੀਆ' ਗਠਜੋੜ ਦੇ 'ਚਲੋ ਦਿੱਲੀ' ਰੋਸ ਮੁਜ਼ਾਹਰੇ ਤੋਂ ਪਹਿਲਾਂ ਐਤਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਸਮਰਥਕ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇਕੱਠੇ ਹੋਏ, ਜਦੋਂ ਕਿ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਪਾਰਟੀ ਵਰਕਰ ਜੁੜੇ।
ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਟੀ.ਐੱਮ.ਸੀ. ਸੁਪਰੀਮੋ ਮਮਤਾ ਬੈਨਰਜੀ, ਸੀ.ਪੀ.ਆਈ.(ਐੱਮ) ਦੇ ਜਨਰਲ ਸਕੱਤਰ ਐੱਮ.ਏ. ਬੇਬੀ, ਸੀ.ਪੀ.ਆਈ. ਦੇ ਜਨਰਲ ਸਕੱਤਰ ਡੀ. ਰਾਜਾ, ਸੀ.ਪੀ.ਆਈ.(ਐੱਮ.ਐੱਲ.) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪੰਕਰ ਭੱਟਾਚਾਰਜੀ ਸਮੇਤ ਹੋਰ ਸੀਨੀਅਰ ਆਗੂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਪਹੁੰਚੇ, ਜਿੱਥੋਂ ਉਹ ਰਾਮਲੀਲਾ ਮੈਦਾਨ ਤੱਕ ਮਾਰਚ ਕਰਨ ਲਈ ਇੱਕ ਖੁੱਲ੍ਹੀ ਬੱਸ ਵਿੱਚ ਮਿੰਟੋ ਰੋਡ ਲਈ ਰਵਾਨਾ ਹੋਏ।
ਦੁਪਹਿਰ ਦੇ ਸਮੇਂ ਰੋਸ ਮੁਜ਼ਾਹਰੇ ਵਾਲੀ ਥਾਂ ’ਤੇ 'ਇੰਡੀਆ' ਗਠਜੋੜ ਦੀਆਂ ਪਾਰਟੀਆਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਯੂਥ ਤੇ ਵਿਦਿਆਰਥੀ ਜਥੇਬੰਦੀਆਂ ਦੇ ਇਕੱਠੇ ਹੋਣ ਨਾਲ ਭੀੜ ਕਾਫ਼ੀ ਵਧ ਗਈ। ਇਹ ਸਮਰਥਕ ਤਖ਼ਤੀਆਂ ਫੜ ਕੇ ਐੱਸ.ਆਈ.ਆਰ. ਕਵਾਇਦ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।
ਕਈ ਸਮਰਥਕ ਐਤਵਾਰ ਸਵੇਰੇ ਦਿੱਲੀ ਪਹੁੰਚੇ, ਜਦੋਂ ਕਿ ਕਈ ਹੋਰ ਸ਼ਨਿੱਚਰਵਾਰ ਜਾਂ ਉਸ ਤੋਂ ਪਹਿਲਾਂ ਹੀ ਰਾਜਧਾਨੀ ਪਹੁੰਚ ਚੁੱਕੇ ਸਨ, ਕਿਉਂਕਿ ਪਾਰਟੀਆਂ ਨੇ ਇਸ ਰੋਸ ਮੁਜ਼ਾਹਰੇ ਲਈ ਵੱਖ-ਵੱਖ ਰਾਜਾਂ ਤੋਂ ਆਪਣੇ ਕਾਡਰ ਨੂੰ ਲਾਮਬੰਦ ਕੀਤਾ ਸੀ।
ਰਾਮਲੀਲਾ ਮੈਦਾਨ ਵਿੱਚ 'ਇੰਡੀਆ' ਗਠਜੋੜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੱਧ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਚੋਣਾਂ 'ਚ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵੀ “ਵੋਟ ਚੋਰੀ” ਤੋਂ ਪ੍ਰਭਾਵਿਤ ਹੋਈਆਂ ਸਨ। ਰਾਹੁਲ ਨੇ ਕਿਹਾ ਕਿ ਵਿਰੋਧੀ ਧਿਰ ਦਾ ਇਹ ਇਕੱਠ ਸਿਰਫ਼ ਇੱਕ ਸਿਆਸੀ ਦਿਖਾਵਾ ਨਹੀਂ ਹੈ, ਸਗੋਂ ਕਿਸਾਨਾਂ, ਨੌਜਵਾਨਾਂ ਅਤੇ ਆਮ ਨਾਗਰਿਕਾਂ ਵੱਲੋਂ ਇਹ ਸੁਨੇਹਾ ਹੈ ਕਿ ਉਹ ਸੰਵਿਧਾਨ ਨੂੰ ਕਮਜ਼ੋਰ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ, “ਲੋਕਾਂ ਨੇ ਦੇਸ਼ ਨੂੰ ਇੱਕ ਸੁਨੇਹਾ ਦਿੱਤਾ ਹੈ। ਇਹ ਸਿਆਸਤਦਾਨਾਂ ਜਾਂ ਸਿਆਸੀ ਨੇਤਾਵਾਂ ਦੀ ਆਵਾਜ਼ ਨਹੀਂ ਹੈ। ਮਜ਼ਦੂਰਾਂ ਅਤੇ ਆਮ ਲੋਕਾਂ ਦੀ ਆਵਾਜ਼ ਹੈ ਜੋ ਕਹਿ ਰਹੇ ਹਨ ਕਿ ਅਸੀਂ ਸੰਵਿਧਾਨ ਨੂੰ ਤਬਾਹ ਨਹੀਂ ਹੋਣ ਦੇਵਾਂਗੇ।” ਈ ਵੀ ਐੱਮ ਰਾਹੀਂ ਹੇਰਾਫੇਰੀ ਅਤੇ ਵੋਟਰ ਸੂਚੀਆਂ ਵਿੱਚ ਨਾਮ ਜੋੜਨ ਅਤੇ ਕੱਟਣ ਦਾ ਦੋਸ਼ ਲਗਾਉਂਦਿਆਂ, ਰਾਹੁਲ ਨੇ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ 13.5 ਕਰੋੜ ਵੋਟਰਾਂ ਨੂੰ ਸੂਚੀਆਂ ਵਿੱਚੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਹਰ ਸੱਤ ਵਿੱਚੋਂ ਇੱਕ ਵੋਟਰ, ਜਾਂ 15 ਫੀਸਦੀ ਵੋਟਰਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। 2024 ਦੀਆਂ ਚੋਣਾਂ ਵਿੱਚ ਐੱਨ ਡੀ ਏ ਅਤੇ ਵਿਰੋਧੀ ਧਿਰ ਦੇ ਵੋਟ ਸ਼ੇਅਰ ਵਿੱਚ ਅੰਤਰ (ਜੋ ਕਿ ਉਨ੍ਹਾਂ ਦੇ ਮੁਤਾਬਕ ਲਗਪਗ 3 ਫੀਸਦੀ ਸੀ) ਵੱਲ ਇਸ਼ਾਰਾ ਕਰਦਿਆਂ ਰਾਹੁਲ ਨੇ ਸਵਾਲ ਉਠਾਇਆ ਕਿ ਇੰਨੀ ਵੱਡੀ ਗਿਣਤੀ ਵਿੱਚ ਵੋਟਰਾਂ ਨੂੰ ਕਿਵੇਂ ਕੱਟਿਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੰਨੇ ਵੱਡੇ ਪੱਧਰ 'ਤੇ ਵੋਟਰਾਂ ਦੇ ਨਾਮ ਕੱਟੇ ਜਾਣ ਨਾਲ 2024 ਦੀਆਂ ਚੋਣਾਂ ਦੀ ਜਾਇਜ਼ਤਾ 'ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਆਪਣੇ ਅੰਕੜੇ ਦਰਸਾਉਂਦੇ ਹਨ ਕਿ 13.5 ਕਰੋੜ ਵੋਟਰਾਂ ਨੂੰ ਹਟਾਇਆ ਗਿਆ ਹੈ। ਮੁੱਖ ਚੋਣ ਕਮਿਸ਼ਨਰ 'ਤੇ ਨਾਗਰਿਕਾਂ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਾਉਂਦਿਆਂ ਰਾਹੁਲ ਨੇ ਕਿਹਾ, "ਮੈਂ ਇਸ ਸਟੇਜ ਤੋਂ ਕਹਿ ਰਿਹਾ ਹਾਂ ਕਿ ਗਿਆਨੇਸ਼ ਕੁਮਾਰ ਨੂੰ ਸੀ ਈ ਸੀ ਦੇ ਅਹੁਦੇ ਤੋਂ ਹਟਾਇਆ ਜਾਵੇਗਾ ਅਤੇ ਉਹ ਭਾਰਤ ਵਿੱਚ ਜੇਲ੍ਹ ਜਾਣਗੇ।" ਉਨ੍ਹਾਂ ਤਰਕ ਦਿੱਤਾ ਕਿ ਕਥਿਤ ਵੋਟ ਚੋਰੀ ਕੋਈ ਆਮ ਅਪਰਾਧ ਨਹੀਂ ਹੈ ਸਗੋਂ ਇਹ ਹਰ ਨਾਗਰਿਕ ਦੀ ਆਵਾਜ਼ ਅਤੇ ਪ੍ਰਗਟਾਵੇ ਦੀ ਆਜ਼ਾਦੀ ਖੋਹਣ ਦੇ ਬਰਾਬਰ ਹੈ। ਰਾਹੁਲ ਨੇ ਆਰ ਐੱਸ ਐੱਸ 'ਤੇ ਸਿਹਤ ਅਤੇ ਸਿੱਖਿਆ ਖੇਤਰਾਂ, ਈ ਡੀ, ਸੀ ਬੀ ਆਈ, ਨੌਕਰਸ਼ਾਹੀ ਅਤੇ ਪੁਲੀਸ ਸਮੇਤ ਕਈ ਸੰਸਥਾਵਾਂ 'ਤੇ ਕਬਜ਼ਾ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ, ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਦੌਲਤ ਕੁਝ ਉਦਯੋਗਪਤੀਆਂ ਦੇ ਹੱਥਾਂ ਵਿੱਚ ਇਕੱਠੀ ਹੋ ਗਈ ਹੈ। ਉਨ੍ਹਾਂ ਕਿਹਾ, “ਅਸੀਂ ਅਜਿਹਾ ਦੇਸ਼ ਨਹੀਂ ਚਾਹੁੰਦੇ ਜੋ ਦੋ-ਤਿੰਨ ਲੋਕਾਂ ਦਾ ਹੋਵੇ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।” ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਹਟਾਉਣਾ ਦੇਸ਼ ਨੂੰ ਮੁੜ ਸਹੀ ਰਸਤੇ 'ਤੇ ਲਿਆਉਣ ਵੱਲ ਪਹਿਲਾ ਕਦਮ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ 'ਇੰਡੀਆ' ਗਠਜੋੜ ਦੇ ਆਗੂਆਂ ਵੱਲੋਂ ਰਾਮਲੀਲਾ ਮੈਦਾਨ ਵੱਲ ਕੀਤੇ ਜਾ ਰਹੇ ਮਾਰਚ ਦੌਰਾਨ ਭਾਜਪਾ ਵੱਲੋਂ ਕਨਾਟ ਪਲੇਸ ਵਿੱਚ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ। ਵਿਰੋਧੀ ਧਿਰਾਂ ਦੇ ਆਗੂਆਂ ਨੂੰ 'ਇੰਡੀਆ' ਗਠਜੋੜ ਦੇ ਰੈਲੀ ਸਥਾਨ ਤੱਕ ਲੈ ਕੇ ਜਾ ਰਹੀ ਬੱਸ ਦੀ ਛੱਤ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਰਾਹੁਲ ਨੇ ਕਿਹਾ, "ਅਸੀਂ ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਇੱਥੋਂ ਖਰੀਦਦਾਰੀ ਕਰਨ, ਤਾਂ ਜੋ ਦੁਕਾਨਦਾਰਾਂ ਨੂੰ ਫਾਇਦਾ ਹੋ ਸਕੇ। ਪਰ ਕਨਾਟ ਪਲੇਸ ਪਹੁੰਚਣ ’ਤੇ ਸਾਨੂੰ ਪਤਾ ਲੱਗਾ ਕਿ ਭਾਜਪਾ ਨੇ ਜ਼ਬਰਦਸਤੀ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ। ਦੇਸ਼ ਦੇਖ ਰਿਹਾ ਹੈ ਕਿ ਭਾਜਪਾ ਕਿਸ ਤਰ੍ਹਾਂ ਦੁਕਾਨਦਾਰਾਂ ਦਾ ਨੁਕਸਾਨ ਕਰ ਰਹੀ ਹੈ।"
ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਐਤਵਾਰ ਨੂੰ ਵਿਰੋਧੀ ਧਿਰਾਂ ਦੇ 'ਇੰਡੀਆ' ਗਠਜੋੜ ਦੀ ਰੈਲੀ ’ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ "ਮੂਰਖਤਾਪੂਰਨ ਅਤੇ ਯੋਜਨਾਬੱਧ ਡਰਾਮਾ" ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕਾਂਗਰਸ ਦੇ "ਸਿਆਸੀ ਪਤਨ" ਦਾ ਆਖ਼ਰੀ ਤਾਬੂਤ ਸਾਬਤ ਹੋਵੇਗੀ। ਨੱਡਾ ਨੇ ਦੋਸ਼ ਲਾਇਆ ਕਿ ਇਹ ਰੋਸ ਮੁਜ਼ਾਹਰਾ ਲੋਕਤੰਤਰ ਨੂੰ ਅਰਾਜਕਤਾ ਅਤੇ ਬੇਨਿਯਮੀ ਅੱਗੇ ਸਮਰਪਣ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਸੀ। 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ਦਾ ਸਪੱਸ਼ਟ ਜ਼ਿਕਰ ਕਰਦਿਆਂ ਨੱਡਾ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਇਸ ਦੇ ਆਯੋਜਨ ਪਿੱਛੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਮਕਸਦ "ਸਿੱਖ ਭਰਾਵਾਂ" ਦੇ ਜ਼ਖ਼ਮਾਂ ’ਤੇ ਲੂਣ ਛਿੜਕਣਾ ਸੀ।
ਮੱਲਿਕਾਰਜੁਨ ਖੜਗੇ ਅਤੇ ਪ੍ਰਿਯੰਕਾ ਗਾਂਧੀ ਵਾਡਰਾ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਅਤੇ 'ਇੰਡੀਆ' ਗਠਜੋੜ ਦੇ ਹੋਰ ਆਗੂਆਂ ਨੂੰ ਲੈ ਕੇ ਖੁੱਲ੍ਹੀਆਂ ਬੱਸਾਂ 10 ਰਾਜਾਜੀ ਮਾਰਗ ਤੋਂ ਰਾਮਲੀਲਾ ਮੈਦਾਨ ਲਈ ਰਵਾਨਾ ਹੋ ਗਈਆਂ ਹਨ, ਜਿੱਥੇ ਵਿਰੋਧੀ ਧਿਰ ਵੱਲੋਂ ਵੋਟਰਾਂ ਦੇ ਨਾਂ ਕੱਢੇ ਜਾਣ ਅਤੇ ਚੋਣਾਂ ’ਚ ਹੇਰਾਫੇਰੀ ਦੇ ਦੋਸ਼ਾਂ ਖਿਲਾਫ ਰੈਲੀ ਕੀਤੀ ਜਾ ਰਹੀ ਹੈ। ਆਗੂ ਰਾਮਲੀਲਾ ਮੈਦਾਨ ਵੱਲ ਵਧਣ ਤੋਂ ਪਹਿਲਾਂ ਕਨਾਟ ਪਲੇਸ ਵੱਲ ਲਗਪਗ 4 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ, ਜਿੱਥੇ ਉਹ ਇਕੱਠ ਨੂੰ ਸੰਬੋਧਨ ਕਰਨਗੇ।
'ਇੰਡੀਆ' ਗਠਜੋੜ ਨੇ ਕਿਹਾ ਹੈ ਕਿ ਉਸ ਨੂੰ 10 ਲੱਖ ਤੱਕ ਲੋਕਾਂ ਦੇ ਆਉਣ ਦੀ ਉਮੀਦ ਹੈ, ਜਦੋਂ ਕਿ ਦਿੱਲੀ ਪੁਲੀਸ ਲਗਪਗ 50,000 ਲੋਕਾਂ ਦੇ ਆਉਣ ਦੀ ਉਮੀਦ ਜਤਾ ਰਹੀ ਹੈ। ਰਾਮਲੀਲਾ ਮੈਦਾਨ ਖਾਲੀ ਹੋਣ ’ਤੇ 45,000 ਤੋਂ 50,000 ਲੋਕਾਂ ਨੂੰ ਸਮਾ ਸਕਦਾ ਹੈ, ਪਰ ਕੁਰਸੀਆਂ, ਘੇਰੇ (ਐਨਕਲੋਜ਼ਰ) ਅਤੇ ਨਿਰਧਾਰਤ ਰਸਤੇ ਬਣਾਉਣ ਤੋਂ ਬਾਅਦ ਇਸ ਦੀ ਸਮਰੱਥਾ ਘੱਟ ਕੇ 30,000 ਤੋਂ 40,000 ਰਹਿ ਜਾਣ ਦਾ ਅਨੁਮਾਨ ਹੈ। ਮੈਦਾਨ ਤੋਂ ਬਾਹਰ ਦੀ ਥਾਂ ਵਾਧੂ ਭੀੜ ਲਈ ਰੱਖੀ ਜਾਵੇਗੀ। ਮਾਰਚ ਦੇ ਰਸਤੇ ਅਤੇ ਰੈਲੀ ਵਾਲੀ ਥਾਂ ’ਤੇ ਸੁਰੱਖਿਆ ਅਤੇ ਭੀੜ ਦੇ ਪ੍ਰਬੰਧਨ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ ਕੰਪਨੀਆਂ ਦੇ ਨਾਲ-ਨਾਲ 4,000 ਤੋਂ ਵੱਧ ਪੁਲੀਸ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ। ਮੈਦਾਨ ਨੂੰ 14 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਨਿਗਰਾਨੀ ਲਈ 200 ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ, ਡਰੋਨ ਅਤੇ ਬੌਡੀ-ਵੋਰਨ (ਸਰੀਰ 'ਤੇ ਲੱਗਣ ਵਾਲੇ) ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ।
ਕੌਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਆਪਣੀ ਜਥੇਬੰਦੀ ਦੇ ਯੂਥ ਮੁਜ਼ਾਹਰਿਆਂ ਦਾ ਸਮਰਥਨ ਕਰਨ ਲਈ ਮਮਤਾ ਦਾ ਧੰਨਵਾਦ ਕੀਤਾ ਅਤੇ ਕਥਿਤ ਚੋਣ ਧਾਂਦਲੀਆਂ ਖ਼ਿਲਾਫ਼ 'ਇੰਡੀਆ' ਗਠਜੋੜ ਦੀ ਰੈਲੀ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਹਾਲਾਂਕਿ, ਦਿਪਕੇ ਨੇ ਇਹ ਸਪੱਸ਼ਟ ਕੀਤਾ ਕਿ ਸੀ.ਜੇ.ਪੀ. ਆਪਣੀ ਸੁਤੰਤਰ ਪਛਾਣ ਬਣਾ ਕੇ ਰੱਖੇਗੀ ਅਤੇ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਖੇ ਹੋਣ ਵਾਲੀ ਵਿਰੋਧੀ ਧਿਰਾਂ ਦੀ ਰੈਲੀ ਵਿੱਚ ਹਿੱਸਾ ਨਹੀਂ ਲਵੇਗੀ।
ਐਤਵਾਰ ਨੂੰ ਰਾਜਧਾਨੀ ਵਿੱਚ ਭਾਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ, ਕਿਉਂਕਿ ਕਾਂਗਰਸ ਦੀ ਅਗਵਾਈ ਵਾਲਾ 'ਇੰਡੀਆ' ਗਠਜੋੜ ਰਾਮਲੀਲਾ ਮੈਦਾਨ ਵਿੱਚ ਰੈਲੀ ਕਰ ਰਿਹਾ ਹੈ, ਜਦੋਂ ਕਿ ਭਾਜਪਾ ਵੱਲੋਂ ਪੱਛਮੀ ਦਿੱਲੀ ਵਿੱਚ ਇੱਕ ਜਵਾਬੀ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੋਵਾਂ ਸਿਆਸੀ ਪ੍ਰੋਗਰਾਮਾਂ ਦੇ ਪ੍ਰਬੰਧਨ ਲਈ ਦਿੱਲੀ ਪੁਲੀਸ, ਕੇਂਦਰੀ ਹਥਿਆਰਬੰਦ ਪੁਲੀਸ ਬਲਾਂ, ਸੀ.ਆਰ.ਪੀ.ਐੱਫ. ਅਤੇ ਰੈਪਿਡ ਐਕਸ਼ਨ ਫੋਰਸ ਸਮੇਤ ਲਗਪਗ 10,000 ਪੁਲੀਸ ਅਤੇ ਨੀਮ ਫੌਜੀ ਜਵਾਨ ਮੱਧ ਅਤੇ ਨਵੀਂ ਦਿੱਲੀ ਵਿੱਚ ਤਾਇਨਾਤ ਕੀਤੇ ਗਏ ਹਨ। ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ, ਮਿੰਟੋ ਬ੍ਰਿਜ ਤੋਂ ਰੈਲੀ ਵਾਲੀ ਥਾਂ ਤੱਕ ਦੇ ਰਸਤੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 4,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ। ਕਨਾਟ ਪਲੇਸ, ਜੰਤਰ-ਮੰਤਰ, ਭਗਵਾਨ ਦਾਸ ਰੋਡ ਅਤੇ ਸੁਪਰੀਮ ਕੋਰਟ ਅਤੇ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਦੇ ਨੇੜਲੇ ਇਲਾਕਿਆਂ ਦੇ ਆਲੇ-ਦੁਆਲੇ ਵੀ ਭਾਰੀ ਸੁਰੱਖਿਆ ਪ੍ਰਬੰਧ ਅਤੇ ਬਹੁ-ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ।
ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਐਤਵਾਰ ਨੂੰ ਕਿਹਾ ਕਿ ਰਾਜਧਾਨੀ ਦੇ ਰਾਮਲੀਲਾ ਮੈਦਾਨ ’ਚ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਦੇ ਖਿਲਾਫ ਅੱਜ ਕੀਤੀ ਜਾ ਰਹੀ ਪਾਰਟੀ ਦੀ ਰੋਸ ਰੈਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ "ਸਖ਼ਤ ਚਿਤਾਵਨੀ" ਹੈ। ਕਾਂਗਰਸ ਨੇ ਚੋਣਾਂ ’ਚ ਧਾਂਦਲੀਆਂ ਦੇ ਦੋਸ਼ ਲਗਾਏ ਹਨ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਕੀਤੀ ਹੈ। ਦਿੱਲੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਵੇਣੂਗੋਪਾਲ ਨੇ ਕਿਹਾ ਕਿ ਇਹ ਅਜਿਹਾ ਰੋਸ ਮੁਜ਼ਾਹਰਾ ਹੋਵੇਗਾ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਅਤੇ ਇਸ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਸੰਤੁਲਨ ਵਿਗਾੜ ਦਿੱਤਾ ਹੈ। ਕਾਂਗਰਸੀ ਆਗੂ ਨੇ ਕਿਹਾ, "ਮੁਜ਼ਾਹਰੇ ਨੂੰ ਮਿਲ ਰਹੇ ਵਿਸ਼ਾਲ ਜਨਤਕ ਸਮਰਥਨ ਨੂੰ ਦੇਖ ਕੇ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਇਸੇ ਲਈ ਉਹ ਅਜਿਹੇ ਬਿਆਨ ਦੇ ਰਹੇ ਹਨ ਕਿ ਪ੍ਰਦਰਸ਼ਨਕਾਰੀ ਅਰਾਜਕਤਾਵਾਦੀ ਹਨ ਅਤੇ ਇਹ ਅੰਦੋਲਨ ਸੰਸਦ ਦਾ ਅਪਮਾਨ ਸੀ। ਇਹ ਰੋਸ ਮੁਜ਼ਾਹਰਾ ਉਨ੍ਹਾਂ ਲਈ ਇੱਕ ਸਖ਼ਤ ਚਿਤਾਵਨੀ ਹੈ।"
