📰 10/30/2026
ਪੰਜਾਬ📍 ਪੰਜਾਬ

ਜਨਗਣਨਾ 2027 ਦੀਆਂ ਤਾਰੀਖ਼ਾਂ ਦਾ ਐਲਾਨ, 25 ਜਨਵਰੀ ਤੋਂ 28 ਫ਼ਰਵਰੀ ਤੱਕ ਹੋਵੇਗੀ ਆਬਾਦੀ ਦੀ ਗਿਣਤੀ

ਦੇਸ਼ ਭਰ ਵਿੱਚ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਜਨਗਣਨਾ 2027 ਨੂੰ ਲੈ ਕੇ ਅਹਿਮ ਐਲਾਨ ਸਾਹਮਣੇ ਆਇਆ ਹੈ। ਭਾਰਤ ਦੇ ਜਨਗਣਨਾ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਤਾਰੀਖ਼ਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਚੋਣਾਂ ਵਾਲੇ ਅਤੇ ਬਰਫ਼ਬਾਰੀ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਦੇਸ਼ ਭਰ ਵਿੱਚ 25 ਜਨਵਰੀ 2027 ਤੋਂ 28 ਫ਼ਰਵਰੀ 2027 ਤੱਕ ਜਨਗਣਨਾ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।
ਜਨਗਣਨਾ 2027 ਦੀਆਂ ਤਾਰੀਖ਼ਾਂ ਦਾ ਐਲਾਨ, 25 ਜਨਵਰੀ ਤੋਂ 28 ਫ਼ਰਵਰੀ ਤੱਕ ਹੋਵੇਗੀ ਆਬਾਦੀ ਦੀ ਗਿਣਤੀ

ਦੇਸ਼ ਭਰ ਵਿੱਚ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਜਨਗਣਨਾ 2027 ਨੂੰ ਲੈ ਕੇ ਅਹਿਮ ਐਲਾਨ ਸਾਹਮਣੇ ਆਇਆ ਹੈ। ਭਾਰਤ ਦੇ ਜਨਗਣਨਾ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਤਾਰੀਖ਼ਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਚੋਣਾਂ ਵਾਲੇ ਅਤੇ ਬਰਫ਼ਬਾਰੀ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਦੇਸ਼ ਭਰ ਵਿੱਚ 25 ਜਨਵਰੀ 2027 ਤੋਂ 28 ਫ਼ਰਵਰੀ 2027 ਤੱਕ ਜਨਗਣਨਾ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।

ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮ੍ਰਿਤੁੰਜੈ ਕੁਮਾਰ ਨਾਰਾਇਣ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਮਨੀਪੁਰ (ਅਗਲੇ ਹੁਕਮਾਂ ਤੱਕ), ਲੱਦਾਖ਼ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਜਿੱਥੇ ਮੌਸਮੀ ਹਾਲਾਤਾਂ ਕਾਰਨ ਜਨਗਣਨਾ ਦਾ ਸਮਾਂ ਵੱਖਰਾ ਨਿਰਧਾਰਿਤ ਕੀਤਾ ਜਾਂਦਾ ਹੈ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਕਾਰਜ 25 ਜਨਵਰੀ ਤੋਂ 28 ਫ਼ਰਵਰੀ 2027 ਦਰਮਿਆਨ ਨੇਪਰੇ ਚਾੜ੍ਹਿਆ ਜਾਵੇਗਾ।

ਨੋਟੀਫਿਕੇਸ਼ਨ ਵਿੱਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਘਰ-ਘਰ ਜਾ ਕੇ ਅੰਕੜੇ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਖ਼ੁਦ ਆਨਲਾਈਨ ਦਰਜ ਕਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਲੋਕ 10 ਜਨਵਰੀ 2027 ਤੋਂ 24 ਜਨਵਰੀ 2027 ਤੱਕ ਨਿਰਧਾਰਿਤ ਪੋਰਟਲ ਰਾਹੀਂ ਸਵੈ-ਗਣਨਾ (ਸੈਲਫ਼-ਇਨੂਮਰੇਸ਼ਨ) ਦੇ ਬਦਲ ਦੀ ਵਰਤੋਂ ਕਰ ਸਕਣਗੇ।

ਕਿਸੇ ਵੀ ਮੁਲਕ ਦੇ ਯੋਜਨਾਬੱਧ ਵਿਕਾਸ ਅਤੇ ਨੀਤੀ-ਨਿਰਮਾਣ ਲਈ ਜਨਗਣਨਾ ਇੱਕ ਬੇਹੱਦ ਅਹਿਮ ਦਸਤਾਵੇਜ਼ੀ ਪ੍ਰਕਿਰਿਆ ਹੁੰਦੀ ਹੈ, ਜਿਸ ਰਾਹੀਂ ਦੇਸ਼ ਦੀ ਸਮੁੱਚੀ ਆਬਾਦੀ ਅਤੇ ਜਨਸੰਖਿਆ ਸੰਬੰਧੀ ਜ਼ਰੂਰੀ ਅੰਕੜੇ ਇਕੱਤਰ ਕੀਤੇ ਜਾਂਦੇ ਹਨ। ਭਾਰਤ ਵਿੱਚ ਆਖ਼ਰੀ ਵਾਰ ਜਨਗਣਨਾ ਸਾਲ 2011 ਵਿੱਚ ਹੋਈ ਸੀ। ਨਿਯਮਾਂ ਅਨੁਸਾਰ ਇਹ ਸਰਵੇਖਣ 2021 ਵਿੱਚ ਕਰਵਾਇਆ ਜਾਣਾ ਸੀ, ਪਰ ਉਸ ਸਮੇਂ ਕੋਵਿਡ-19 ਮਹਾਮਾਰੀ ਦੇ ਫੈਲਾਅ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਸੀ।

ਸਾਲ 2011 ਦੀ ਜਨਗਣਨਾ ਦੋ ਵੱਖ-ਵੱਖ ਪੜਾਵਾਂ ਅਧੀਨ ਕਰਵਾਈ ਗਈ ਸੀ। ਪਹਿਲਾ ਪੜਾਅ ਅਪ੍ਰੈਲ ਤੋਂ ਸਤੰਬਰ 2010 ਦਰਮਿਆਨ ਚਲਾਇਆ ਗਿਆ ਸੀ, ਜਿਸ ਵਿੱਚ ਮਕਾਨਾਂ ਦੀ ਸੂਚੀਕਰਨ ਅਤੇ ਰਿਹਾਇਸ਼ ਸੰਬੰਧੀ ਡੇਟਾ ਇਕੱਠਾ ਕੀਤਾ ਗਿਆ। ਦੂਜਾ ਪੜਾਅ 9 ਤੋਂ 28 ਫ਼ਰਵਰੀ 2011 ਤੱਕ ਚੱਲਿਆ ਸੀ, ਜਿਸ ਵਿੱਚ ਆਬਾਦੀ ਦੀ ਅਸਲ ਗਿਣਤੀ ਕੀਤੀ ਗਈ ਸੀ। ਇਸ ਉਪਰੰਤ 1 ਤੋਂ 5 ਮਾਰਚ 2011 ਤੱਕ ਸੋਧ ਗੇੜ ਚਲਾ ਕੇ ਅੰਤਿਮ ਵੇਰਵੇ ਦਰਜ ਕੀਤੇ ਗਏ ਸਨ।

ਸਾਲ 2011 ਦੀ ਜਨਗਣਨਾ ਭਾਰਤੀ ਜਨਗਣਨਾ ਸੰਗਠਨ ਵੱਲੋਂ ਕਰਵਾਇਆ ਗਿਆ 15ਵਾਂ ਰਾਸ਼ਟਰੀ ਸਰਵੇਖਣ ਸੀ। ਉਸ ਸਮੇਂ ਸੀ. ਚੰਦਰਮੌਲੀ ਜਨਗਣਨਾ ਕਮਿਸ਼ਨਰ ਅਤੇ ਰਜਿਸਟਰਾਰ ਜਨਰਲ ਵਜੋਂ ਤਾਇਨਾਤ ਸਨ। ਉਸ ਰਾਸ਼ਟਰੀ ਸਰਵੇਖਣ ਦੇ ਦਾਇਰੇ ਵਿੱਚ ਦੇਸ਼ ਦੇ 28 ਸੂਬੇ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਆਏ ਸਨ, ਜਿਨ੍ਹਾਂ ਅੰਦਰ 640 ਜ਼ਿਲ੍ਹੇ, 497 ਸ਼ਹਿਰ, 5767 ਤਹਿਸੀਲਾਂ ਅਤੇ 6 ਲੱਖ ਤੋਂ ਵੱਧ ਪਿੰਡ ਸ਼ਾਮਲ ਕੀਤੇ ਗਏ ਸਨ।

2011 ਦੀ ਆਬਾਦੀ ਗਣਨਾ ਦੌਰਾਨ ਕਈ ਜ਼ਰੂਰੀ ਪੈਮਾਨਿਆਂ ਦਾ ਮੁਲਾਂਕਣ ਕੀਤਾ ਗਿਆ ਸੀ। ਇਹਨਾਂ ਮਾਪਦੰਡਾਂ ਵਿੱਚ ਕੁੱਲ ਆਬਾਦੀ, ਆਬਾਦੀ ਦੀ ਵਾਧਾ ਦਰ, ਸਾਖਰਤਾ ਦਰ, ਵਸੋਂ ਦੀ ਘਣਤਾ, ਲਿੰਗ ਅਨੁਪਾਤ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਲਿੰਗ ਅਨੁਪਾਤ ਸ਼ਾਮਲ ਰਿਹਾ। ਜਾਰੀ ਹੋਈਆਂ ਅਧਿਕਾਰਤ ਰਿਪੋਰਟਾਂ ਮੁਤਾਬਕ 2011 ਵਿੱਚ ਭਾਰਤ ਦੀ ਕੁੱਲ ਆਬਾਦੀ 1,21,08,54,977 (1 ਅਰਬ 21 ਕਰੋੜ ਤੋਂ ਵੱਧ) ਦਰਜ ਕੀਤੀ ਗਈ ਸੀ, ਜਿਸ ਵਿੱਚ 62,37,24,248 ਪੁਰਸ਼ ਅਤੇ 58,64,69,174 ਔਰਤਾਂ ਸ਼ਾਮਲ ਸਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ : ਡਾ. ਰਵਜੋਤ ਸਿੰਘਪੜ੍ਹੋ →
ਜਦੋਂ ਡੀ ਸੀ ਨੇ ਬੱਚਿਆਂ ਨੂੰ ਪੜ੍ਹਾਇਆਪੜ੍ਹੋ →
ਪੰਜ ਨਵੰਬਰ ਨੂੰ ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨਪੜ੍ਹੋ →
ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਜਨਰਲ ਇਜਲਾਸ 20 ਨਵੰਬਰਪੜ੍ਹੋ →
ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਨੂੰ ਘੇਰਨ ਲਈ ਪੱਬਾ ਭਾਰਪੜ੍ਹੋ →
ਆਪ ਉਮੀਦਵਾਰਾਂ ਦੀ ਪਹਿਲੀ ਸੂਚੀ ਭਲਕੇ ਹੋਵੇਗੀ ਜਾਰੀ, ਸੀਐਮ ਮਾਨ ਨੇ ਕੀਤਾ ਐਲਾਨਪੜ੍ਹੋ →