ਜਦੋਂ ਡੀ ਸੀ ਨੇ ਬੱਚਿਆਂ ਨੂੰ ਪੜ੍ਹਾਇਆ
ਮੈਂ ਆਪਣੇ ਵਿਦਿਆਰਥੀ ਜੀਵਨ ਵਿੱਚ ਸਿੱਖਿਆ ਦਾ ਸੁਨਹਿਰੀ ਯੁੱਗ ਵੇਖਿਆ ਹੈ। ਉਸ ਸਮੇਂ ਅਧਿਆਪਨ ਪੇਸ਼ਾ ਨਹੀਂ ਸਗੋਂ ਸੇਵਾ ਅਤੇ ਸਮਰਪਣ ਦੀ ਭਾਵਨਾ ਵਾਲਾ ਕਾਰਜ ਹੁੰਦਾ ਸੀ। ਆਪਣੇ ਨਾਲੋਂ ਬੱਚਿਆਂ ਦੇ ਭਵਿੱਖ ਦਾ ਜ਼ਿਆਦਾ ਫ਼ਿਕਰ ਹੁੰਦਾ ਸੀ।
ਸਾਡੇ ਸਕੂਲ ਦੇ ਮੁੱਖ ਅਧਿਆਪਕ ਸਰਦਾਰ ਗੁਰਚਰਨ ਸਿੰਘ ਵਿਰਕ ਗਿਆਨ, ਸੋਚ, ਪੜ੍ਹਾਉਣ ਦੇ ਢੰਗ, ਕਾਰਜ-ਸ਼ੈਲੀ ਤੇ ਲਿਆਕਤ ਪੱਖੋਂ ਵਿਲੱਖਣ ਸ਼ਖ਼ਸੀਅਤ ਸਨ। ਹੱਥ ਵਿੱਚ ਹਰ ਵੇਲੇ ਅਖ਼ਬਾਰ ਤੇ ਕਿਤਾਬ ਹੋਣੀ ਉਨ੍ਹਾਂ ਦੀ ਪੱਕੀ ਪਛਾਣ ਹੁੰਦੀ ਸੀ। ਜਦੋਂ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀ ਦਾ ਰਿਵਾਜ ਨਹੀਂ ਸੀ, ਉਦੋਂ ਵਿਰਕ ਹੋਰਾਂ ਦੀ ਸਕੂਲ ਵਿੱਚ ਬਣਾਈ ਹੋਈ ਲਾਇਬ੍ਰੇਰੀ ਵੇਖਣ ਵਾਲੀ ਸੀ। ਉਨ੍ਹਾਂ ਨੂੰ ਖ਼ੁਦ ਕਿਤਾਬਾਂ ਪੜ੍ਹਨ ਦਾ ਕਾਫ਼ੀ ਸ਼ੌਕ ਹੁੰਦਾ ਸੀ ਅਤੇ ਉਹ ਆਪ ਸਕੂਲ ਲਾਇਬ੍ਰੇਰੀ ਲਈ ਕਿਤਾਬਾਂ ਖ਼ਰੀਦ ਕੇ ਲਿਆਉਂਦੇ ਸਨ। ਉਹ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਉਨ੍ਹਾਂ ਦੇ ਕਾਰਜਕਾਲ ਵਿੱਚ ਸਾਡੇ ਸਕੂਲ ਦੀਆਂ ਕਬੱਡੀ ਤੇ ਵਾਲੀਬਾਲ ਟੀਮਾਂ ਕੌਮੀ ਪੱਧਰ ਤੱਕ ਖੇਡ ਕੇ ਆਈਆਂ ਸਨ। ਉਹ ਸਾਨੂੰ ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਸਨ। ਉਨ੍ਹਾਂ ਨੇ ਸਕੂਲ ਦੀ ਸਮਾਂ-ਸਾਰਣੀ ਵਿੱਚ ਲਾਇਬ੍ਰੇਰੀ ਦਾ ਪੀਰੀਅਡ ਵੀ ਰਖਵਾਇਆ ਹੋਇਆ ਸੀ। ਉਹ ਲਾਇਬ੍ਰੇਰੀ ਵਿੱਚ ਜਾ ਕੇ ਬੱਚਿਆਂ ਨੂੰ ਪੁਸਤਕਾਂ ਵਿੱਚੋਂ ਪ੍ਰਸ਼ਨ ਵੀ ਪੁੱਛ ਲੈਂਦੇ ਸਨ ਤਾਂ ਜੋ ਪਤਾ ਲੱਗ ਸਕੇ ਕਿ ਬੱਚੇ ਪੁਸਤਕਾਂ ਪੜ੍ਹਦੇ ਵੀ ਹਨ ਜਾਂ ਨਹੀਂ। ਉਹ ਐੱਸ ਡੀ ਐੱਮ, ਡਿਪਟੀ ਕਮਿਸ਼ਨਰ, ਪੁਲੀਸ, ਫ਼ੌਜੀ ਅਫ਼ਸਰਾਂ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸਕੂਲ ਵਿੱਚ ਬੁਲਾ ਕੇ ਉਨ੍ਹਾਂ ਨੂੰ ਬੱਚਿਆਂ ਨਾਲ ਮਿਲਵਾਉਂਦੇ ਰਹਿੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਅਫ਼ਸਰਾਂ ਨੂੰ ਮਿਲ ਕੇ ਬੱਚਿਆਂ ਦੇ ਮਨਾਂ ਵਿੱਚ ਵੱਡੇ ਅਫ਼ਸਰ ਬਣਨ ਦੀ ਭਾਵਨਾ ਪੈਦਾ ਹੋ ਸਕਦੀ ਹੈ। ਇੱਕ ਵਾਰ ਸਾਡੇ ਸਕੂਲ ਦੀ ਜਾਂਚ (ਇੰਸਪੈਕਸ਼ਨ) ਲਈ ਵਿਭਾਗ ਦੇ ਡਾਇਰੈਕਟਰ ਆ ਗਏ। ਉਹ ਸਕੂਲ ਦੀ ਲਾਇਬ੍ਰੇਰੀ, ਅਧਿਆਪਕਾਂ ਦੀ ਮਿਹਨਤ, ਸਕੂਲ ਦੀਆਂ ਪ੍ਰਾਪਤੀਆਂ ਅਤੇ ਬੱਚਿਆਂ ਦਾ ਗਿਆਨ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਵਿਰਕ ਸਾਹਿਬ ਨੂੰ ਕਿਹਾ, ਤੁਸੀਂ ਇਹ ਦੱਸੋ ਕਿ ਮੈਂ ਤੁਹਾਡੇ ਸਕੂਲ ਲਈ ਕੀ ਕਰ ਸਕਦਾ ਹਾਂ?” ਵਿਰਕ ਸਾਹਿਬ ਨੇ ਅੱਗੋਂ ਕਿਹਾ, ਜੇਕਰ ਹੋ ਸਕੇ ਤਾਂ ਸਕੂਲ ਲਈ ਕਮਰੇ ਤੇ ਲਾਇਬ੍ਰੇਰੀਅਨ ਦੀ ਆਸਾਮੀ ਦੇ ਦਿਓ।” ਡਾਇਰੈਕਟਰ ਨੇ ਸਕੂਲ ਨੂੰ ਕਮਰੇ ਅਤੇ ਲਾਇਬ੍ਰੇਰੀਅਨ ਦੀ ਆਸਾਮੀ ਦੋਵੇਂ ਦੇ ਦਿੱਤੇ।
ਸ੍ਰੀ ਵਿਰਕ ਸਾਡੀ ਦਸਵੀਂ ਦੀ ਜਮਾਤ ਨੂੰ ਅੰਗਰੇਜ਼ੀ ਦਾ ਵਿਸ਼ਾ ਪੜ੍ਹਾਉਂਦੇ ਸਨ। ਘੰਟੀ ਵੱਜਣ ਤੋਂ ਬਾਅਦ ਉਨ੍ਹਾਂ ਦੇ ਜਮਾਤ ਵਿੱਚ ਆਉਣ ਤੋਂ ਪਹਿਲਾਂ ਸਕੂਲ ਦਾ ਚਪੜਾਸੀ ਉਨ੍ਹਾਂ ਦਾ ਚਾਕ ਦਾ ਡੱਬਾ, ਕਿਤਾਬ ਅਤੇ ਐਨਕ ਸਾਡੀ ਜਮਾਤ ਵਿੱਚ ਰੱਖ ਕੇ ਜਾਂਦਾ ਸੀ। ਘੰਟੀ ਖ਼ਤਮ ਹੋਣ ਮਗਰੋਂ ਚਪੜਾਸੀ ਉਨ੍ਹਾਂ ਦੇ ਹੱਥ ਧੁਆਉਂਦਾ ਤੇ ਉਨ੍ਹਾਂ ਦਾ ਸਾਮਾਨ ਚੁੱਕ ਕੇ ਦਫ਼ਤਰ ਵਿੱਚ ਲੈ ਕੇ ਜਾਂਦਾ ਸੀ। ਸਕੂਲ ਵਿੱਚ ਕੋਈ ਵੀ ਆ ਜਾਵੇ, ਉਹ ਕਲਾਸ ਛੱਡ ਕੇ ਨਹੀਂ ਜਾਂਦੇ ਸਨ। ਚਪੜਾਸੀ ਨੂੰ ਇਹ ਆਦੇਸ਼ ਸੀ ਕਿ ਘੰਟੀ ਖ਼ਤਮ ਹੋਣ ਤੱਕ ਉਨ੍ਹਾਂ ਨੂੰ ਕੋਈ ਬੁਲਾਉਣ ਲਈ ਨਹੀਂ ਆਵੇਗਾ। ਜਦੋਂ ਵੀ ਕੋਈ ਵਿਅਕਤੀ ਉਨ੍ਹਾਂ ਨੂੰ ਮਿਲਣ ਆਉਂਦਾ ਤਾਂ ਚਪੜਾਸੀ ਉਸ ਨੂੰ ਉਡੀਕ ਕਰਨ ਲਈ ਕਹਿੰਦਾ ਸੀ। ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸ੍ਰੀ ਰਾਜਨ ਕਸ਼ਯਪ ਸਾਡੇ ਜ਼ਿਲ੍ਹੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਰਹੇ ਸਨ। ਉਹ ਜਲੰਧਰ ਦੇ ਰਹਿਣ ਵਾਲੇ ਸਨ। ਇੱਕ ਦਿਨ ਉਹ ਰੂਪਨਗਰ ਤੋਂ ਜਲੰਧਰ ਸਾਡੇ ਪਿੰਡ ਵਾਲੇ ਰਸਤੇ ਤੋਂ ਜਾ ਰਹੇ ਸਨ। ਪਤਾ ਨਹੀਂ ਡਿਪਟੀ ਕਮਿਸ਼ਨਰ ਦੇ ਮਨ ਵਿੱਚ ਕੀ ਆਇਆ, ਉਹ ਜਲੰਧਰ ਜਾਂਦੇ-ਜਾਂਦੇ ਸਾਡੇ ਸਕੂਲ ਵਿੱਚ ਆ ਵੜੇ। ਉਨ੍ਹਾਂ ਨੇ ਚਪੜਾਸੀ ਨੂੰ ਪੁੱਛਿਆ, “ਹੈੱਡਮਾਸਟਰ ਸਾਹਿਬ ਕਿੱਥੇ ਹਨ?” ਚਪੜਾਸੀ ਨੇ ਕਿਹਾ, ਉਹ ਦਸਵੀਂ ਜਮਾਤ ਵਿੱਚ ਪੜ੍ਹਾ ਰਹੇ ਹਨ, ਪੀਰੀਅਡ ਖ਼ਤਮ ਹੋਣ ’ਤੇ ਹੀ ਆਉਣਗੇ।” ਡਿਪਟੀ ਕਮਿਸ਼ਨਰ ਦੇ ਪੀ ਏ ਨੇ ਕਿਹਾ, “ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਨ, ਹੈੱਡਮਾਸਟਰ ਸਾਹਿਬ ਨੂੰ ਹੁਣੇ ਦਫ਼ਤਰ ਵਿੱਚ ਬੁਲਾ ਕੇ ਲਿਆਓ।” ਚਪੜਾਸੀ ਅੱਗੋਂ ਬੋਲਿਆ, “ਸਾਨੂੰ ਸਾਹਿਬ ਦੇ ਸਖ਼ਤ ਹੁਕਮ ਹਨ ਕਿ ਜਮਾਤ ਪੜ੍ਹਾਉਂਦੇ ਹੋਏ ਉਨ੍ਹਾਂ ਨੂੰ ਨਹੀਂ ਬੁਲਾਉਣਾ। ਮਾਫ਼ ਕਰਨਾ, ਮੈਂ ਉਨ੍ਹਾਂ ਨੂੰ ਜਮਾਤ ਵਿੱਚੋਂ ਨਹੀਂ ਬੁਲਾ ਸਕਦਾ।”
ਡਿਪਟੀ ਕਮਿਸ਼ਨਰ ਦਾ ਪੀ ਏ ਕੁਝ ਬੋਲਣ ਹੀ ਲੱਗਿਆ ਸੀ ਕਿ ਡਿਪਟੀ ਕਮਿਸ਼ਨਰ ਨੇ ਉਸ ਨੂੰ ਰੋਕਦਿਆਂ ਕਿਹਾ, ਘੰਟੀ ਖ਼ਤਮ ਹੋ ਲੈਣ ਦਿਓ।” ਏਨੇ ਨੂੰ ਸਕੂਲ ਦੇ ਇੱਕ ਸੀਨੀਅਰ ਅਧਿਆਪਕ ਅਤੇ ਕਲਰਕ ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦੇ ਹੋਏ ਕਿਹਾ, ਸਰ ਹੁਣੇ ਹੀ ਆ ਜਾਂਦੇ ਹਨ।” ਡਿਪਟੀ ਕਮਿਸ਼ਨਰ ਹੋਰਾਂ ਨੇ ਅੱਗੋਂ ਕਿਹਾ, “ਮੈਂ ਹੈੱਡਮਾਸਟਰ ਸਾਹਿਬ ਨਾਲ ਹੀ ਚਾਹ ਦਾ ਕੱਪ ਪੀਵਾਂਗਾ, ਉਨ੍ਹਾਂ ਨੂੰ ਆ ਲੈਣ ਦਿਓ।” ਇੰਨੀ ਗੱਲ ਕਹਿ ਕੇ ਡਿਪਟੀ ਕਮਿਸ਼ਨਰ ਹੋਰੀਂ ਦਸਵੀਂ ਜਮਾਤ ਦੇ ਦੂਜੇ ਸੈਕਸ਼ਨ ਵਿੱਚ ਚਲੇ ਗਏ।
ਉਸ ਜਮਾਤ ਦੀ ਸਾਇੰਸ ਵਿਸ਼ੇ ਦਾ ਪੀਰੀਅਡ ਸੀ। ਡਿਪਟੀ ਕਮਿਸ਼ਨਰ ਨੇ ਜਮਾਤ ਵਿੱਚ ਪੜ੍ਹਾ ਰਹੇ ਅਧਿਆਪਕ ਤੋਂ ਕੁਝ ਪੁੱਛਣ ਮਗਰੋਂ ਉਸ ਨੂੰ ਕਿਹਾ, ‘‘ਤੁਸੀਂ ਬੈਠੋ, ਮੈਂ ਬੱਚਿਆਂ ਨੂੰ ਪੜ੍ਹਾਉਂਦਾ ਹਾਂ।’’ ਡਿਪਟੀ ਕਮਿਸ਼ਨਰ ਤੋਂ ਪੜ੍ਹ ਕੇ ਬੱਚੇ ਬਹੁਤ ਖ਼ੁਸ਼ ਹੋਏ। ਪੀਰੀਅਡ ਖ਼ਤਮ ਹੋਣ ’ਤੇ ਵਿਰਕ ਹੋਰੀਂ ਵੀ ਆਪਣੇ ਦਫ਼ਤਰ ਵਿੱਚ ਆ ਗਏ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ, “ਸਰ, ਮੈਂ ਮਾਫ਼ੀ ਚਾਹਾਂਗਾ, ਮੈਂ ਆਪਣਾ ਪੀਰੀਅਡ ਛੱਡ ਕੇ ਨਹੀਂ ਆਉਂਦਾ।” ਡਿਪਟੀ ਕਮਿਸ਼ਨਰ ਨੇ ਅੱਗੋਂ ਕਿਹਾ, “ਹੈੱਡਮਾਸਟਰ ਸਾਹਿਬ, ਕਿੰਨਾ ਚੰਗਾ ਹੁੰਦਾ ਜੇਕਰ ਮੈਂ ਤੁਹਾਡੇ ਜਿਹੇ ਸਮਰਪਿਤ ਅਧਿਆਪਕ ਪਾਸ ਪੜ੍ਹਿਆ ਹੁੰਦਾ! ਅੱਜ ਮੈਨੂੰ ਆਪਣਾ ਵਿਦਿਆਰਥੀ ਜੀਵਨ ਯਾਦ ਆ ਗਿਆ।” ਵਿਰਕ ਹੋਰਾਂ ਨੇ ਅੱਗੋਂ ਕਿਹਾ, ਸਾਡੇ ਸਕੂਲ ਦੀ ਇਮਾਰਤ ਬਣ ਰਹੀ ਹੈ, ਸਾਨੂੰ ਸੀਮਿੰਟ ਦੇ ਪਰਮਿਟ ਦੀ ਸਮੱਸਿਆ ਹੈ, ਕਿਰਪਾ ਕਰਕੇ ਇਹ ਹੱਲ ਕਰ ਦਿਓ।” ਪੀ ਏ ਨੇ ਵਿਰਕ ਹੋਰਾਂ ਨੂੰ ਇੱਕ ਚਿੱਠੀ ਦਿੰਦੇ ਹੋਏ ਕਿਹਾ, “ਤੁਸੀਂ ਇਹ ਚਿੱਠੀ ਵਿਖਾ ਕੇ ਸੀਮਿੰਟ ਲੈ ਸਕਦੇ ਹੋ।” ਉਸ ਦਿਨ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਡੇ ਸਕੂਲ ਵਿੱਚ ਕਈ ਵਾਰ ਆਏ।
