📰 10/26/2026
ਪੰਜਾਬ📍 ਪੰਜਾਬ

ਜਾਖੜ ਵੱਲੋਂ ਪੰਜਾਬ ਸਰਕਾਰ ਨੂੰ ਨਸ਼ਿਆਂ ਸਬੰਧੀ ਸਰਵੇ ਰਿਪੋਰਟ ਜਨਤਕ ਕਰਨ ਦੀ ਚੁਣੌਤੀ

ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਸੂਬੇ ਭਰ ਵਿੱਚ ਕਰਵਾਏ ਗਏ ਨਸ਼ਿਆਂ ਸਬੰਧੀ ਸਰਵੇ ਦੀ ਰਿਪੋਰਟ ਜਨਤਕ ਕਰਨ ਦੀ ਚੁਣੌਤੀ ਦਿੱਤੀ।
ਜਾਖੜ ਵੱਲੋਂ ਪੰਜਾਬ ਸਰਕਾਰ ਨੂੰ ਨਸ਼ਿਆਂ ਸਬੰਧੀ ਸਰਵੇ ਰਿਪੋਰਟ ਜਨਤਕ ਕਰਨ ਦੀ ਚੁਣੌਤੀ

ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਸੂਬੇ ਭਰ ਵਿੱਚ ਕਰਵਾਏ ਗਏ ਨਸ਼ਿਆਂ ਸਬੰਧੀ ਸਰਵੇ ਦੀ ਰਿਪੋਰਟ ਜਨਤਕ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦਾ ਅਸਲ ਉਦੇਸ਼ ਪੰਜਾਬ ਦੇ ਨਸ਼ਿਆਂ ਦੇ ਕਾਰੋਬਾਰ ਦਾ ਵਪਾਰਕ ਨਜ਼ਰੀਏ ਤੋਂ ਅਧਿਐਨ ਕਰਨਾ ਸੀ, ਤਾਂ ਜੋ ਇਸ ਗੈਰਕਾਨੂੰਨੀ ਧੰਦੇ ’ਤੇ ਕਬਜ਼ਾ ਕਰਕੇ ਵੱਧ ਤੋਂ ਵੱਧ ਕਮਾਈ ਕੀਤੀ ਜਾ ਸਕੇ।

ਇਹਨਾਂ ਗੱਲਾਂ ਦਾ ਪ੍ਰਗਟਾਵਾ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਡਰੱਗ ਸਰਵੇ ਕਰਾਉਣ ਲਈ 250 ਕਰੋੜ ਰੁਪਏ ਖਰਚ ਕੀਤੇ ਅਤੇ 28,000 ਮੁਲਾਜ਼ਮ ਤਾਇਨਾਤ ਕੀਤੇ। ਇਸ ਪ੍ਰਕਿਰਿਆ ਦੌਰਾਨ 65 ਲੱਖ ਪਰਿਵਾਰਾਂ ਨੂੰ ਜ਼ਲੀਲ ਕੀਤਾ ਗਿਆ, ਪਰ ਸਰਵੇ ਦੀ ਰਿਪੋਰਟ ਦਾ ਕਿਧਰੇ ਕੋਈ ਪਤਾ ਨਹੀਂ ਹੈ। ਉਨ੍ਹਾਂ ਸਵਾਲ ਕੀਤਾ, “ਰਿਪੋਰਟ ਕਿੱਥੇ ਹੈ?”

ਉਨ੍ਹਾਂ ਦੋਸ਼ ਲਾਇਆ ਕਿ ਸਰਵੇ ਦਾ ਉਦੇਸ਼ ਨਾ ਤਾਂ ਪੰਜਾਬ ਦਾ ਭਲਾ ਕਰਨਾ ਸੀ ਅਤੇ ਨਾ ਹੀ ਇਸ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਸਗੋਂ ਸੂਬੇ ਦਾ ਅਕਸ ਖ਼ਰਾਬ ਕਰਨਾ ਅਤੇ ਨਸ਼ਿਆਂ ਦੇ ਕਾਰੋਬਾਰ ਦੀ ਕਾਰਜਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਸਮਝਣਾ ਸੀ, ਤਾਂ ਜੋ ਇਸ ਦੀ ਪੂਰੀ ਸਪਲਾਈ ਲੜੀ—ਖ਼ਰੀਦ ਤੋਂ ਵੰਡ ਤੱਕ ਅਤੇ ਪੰਜਾਬ ਵਿੱਚ ਨਸ਼ਾ ਦਾਖ਼ਲ ਹੋਣ ਤੋਂ ਲੈ ਕੇ ਉਸ ਦੀ ਅੰਤਿਮ ਵਿਕਰੀ ਤੱਕ—’ਤੇ ਕਬਜ਼ਾ ਕੀਤਾ ਜਾ ਸਕੇ।

ਸ੍ਰੀ ਜਾਖੜ ਨੇ ਕਿਹਾ ਕਿ ਜੇ ਮੁੱਖ ਮੰਤਰੀ ਆਪਣੇ ਦਾਅਵੇ ਅਨੁਸਾਰ ਪਿੰਡਾਂ ਵਿੱਚ ਗਏ ਹੁੰਦੇ, ਤਾਂ ਸਰਵੇ ਦੀ ਕੋਈ ਲੋੜ ਹੀ ਨਾ ਪੈਂਦੀ, ਕਿਉਂਕਿ ਲੋਕ ਖ਼ੁਦ ਉਨ੍ਹਾਂ ਨੂੰ ਹਾਲਾਤ ਦੱਸ ਦਿੰਦੇ। ਇਸ ਦੀ ਬਜਾਏ, ਉਨ੍ਹਾਂ ਦੋਸ਼ ਲਾਇਆ ਕਿ ਇਸ ਕਵਾਇਦ ਨੂੰ ਇੱਕ ਵਪਾਰਕ ਮਾਡਲ ਤਿਆਰ ਕਰਨ ਲਈ ਵਰਤਿਆ ਗਿਆ। ਉਨ੍ਹਾਂ ਕਿਹਾ ਕਿ 2023 ਵਿੱਚ ਥਾਣਾ ਨਥਾਣਾ ਦੀ ਪੁਲੀਸ ਨੇ ਚਾਰ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਜਾਂਚ ਦੌਰਾਨ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈਰੀ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਸੀ।

ਜਾਖੜ ਅਨੁਸਾਰ, ਅਬੋਹਰ ਦੇ ਇੱਕ ਬਹੁਚਰਚਿਤ ਕਤਲ ਕੇਸ ਵਿੱਚ ਹੈਰੀ ਨੂੰ 20 ਸਾਲ ਦੀ ਸਜ਼ਾ ਹੋਈ ਸੀ ਅਤੇ ਉਸ ਖ਼ਿਲਾਫ਼ ਸੱਤ ਹੋਰ ਮਾਮਲੇ ਵੀ ਸਨ। ਜਨਵਰੀ 2024 ਵਿੱਚ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲੀਸ ਕਪਤਾਨ ਰਾਹੀਂ ਹੈਰੀ ਨੂੰ ਪੈਰੋਲ ਦਿਵਾਉਣ ਵਿੱਚ ਮਦਦ ਕੀਤੀ, ਜਿਸ ਤੋਂ ਬਾਅਦ ਉਹ ਫ਼ਰਾਰ ਹੋ ਕੇ ਦੁਬਈ ਪਹੁੰਚ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਹੈਰੀ ਹੁਣ ਅਬੋਹਰ ਤੋਂ ਲੁਧਿਆਣਾ ਤੱਕ ਨਸ਼ਾ ਤਸਕਰੀ ਅਤੇ ਫਿਰੌਤੀ ਦਾ ਨੈੱਟਵਰਕ ਚਲਾ ਰਿਹਾ ਹੈ, ਜਦਕਿ ਪੁਲਿਸ ਨੇ ਉਸ ਦੀ ਫਾਈਲ ਬੰਦ ਕਰ ਦਿੱਤੀ ਹੈ। ਜਦੋਂ ਕਿ ਦੂਜੇ ਪਾਸੇ ਕੁੱਝ ਦਿਨ ਪਹਿਲਾਂ “ਬਾਜ਼” ਐਂਟੀ-ਡਰੋਨ ਪ੍ਰਣਾਲੀ ਨਾਲ ਜੁੜੇ ਕਾਂਸਟੇਬਲ ਕਰਮ ਸਿੰਘ ਕੋਲੋਂ 25 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਅਤੇ ਉਸ ਨੇ 24 ਹੋਰ ਖੇਪਾਂ ਦਾ ਪ੍ਰਬੰਧ ਕਰਨ ਦੀ ਗੱਲ ਵੀ ਮੰਨੀ ਸੀ। ਜਾਖੜ ਨੇ ਸਵਾਲ ਕੀਤਾ ਕਿ ਕੀ ਕਾਂਸਟੇਬਲ ਨੇ ਇਹ ਸਭ ਕੁਝ ਇਕੱਲਿਆਂ ਕੀਤਾ ਸੀ ਜਾਂ ਇਸ ਵਿੱਚ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।

ਉਨ੍ਹਾਂ ਸਰਹੱਦੀ ਖੇਤਰ ਵਿੱਚ ਕਥਿਤ ਤੌਰ ’ਤੇ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚਾਂ ਅਤੇ ਆਗੂਆਂ ਕੋਲੋਂ ਨਾਰਕੋਟਿਕਸ ਬਿਊਰੋ ਵੱਲੋਂ ਕੀਤੀਆਂ ਨਸ਼ਿਆਂ ਦੀਆਂ ਬਰਾਮਦਗੀਆਂ ਦੇ ਵੇਰਵੇ ਵੀ ਜਨਤਕ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੜੀਆਂ ਦਰਸਾਉਂਦੀਆਂ ਹਨ ਕਿ ਪੰਜਾਬ ਵਿੱਚ ਨਸ਼ਿਆਂ ਦੀ ਖ਼ਰੀਦ, ਢੋਆ-ਢੁਆਈ ਅਤੇ ਵਿਕਰੀ ’ਤੇ ਪਾਰਟੀ ਨਾਲ ਜੁੜੇ ਲੋਕਾਂ ਦਾ ਕੰਟਰੋਲ ਸੀ।

ਜਾਖੜ ਨੇ ਕਿਹਾ ਕਿ ਇਹ ਮਾਮਲੇ ਇੱਕ ਵਿਕਸਿਤ ਕੀਤੇ ਜਾ ਰਹੇ ਵਪਾਰਕ ਮਾਡਲ ਤਹਿਤ ਚੱਲ ਰਹੇ ਵੱਡੇ ਨੈੱਟਵਰਕ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਅੱਜ ਪੰਜਾਬ ਵਿੱਚ ਸਿਰਫ਼ ਗੈਂਗਸਟਰ ਅਤੇ ਅਪਰਾਧੀ ਹੀ ਸੁਰੱਖਿਅਤ ਹਨ। ਉਪਰੋਕਤ ਮਾਮਲਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਲੋਕ ਵੀ ਨਸ਼ਿਆਂ ਅਤੇ ਹਥਿਆਰਾਂ ਦਾ ਕਾਰੋਬਾਰ ਚਲਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਡਰੋਨ ਰੂਟਾਂ ਰਾਹੀਂ ਨਸ਼ੇ ਲਿਆਂਦੇ ਜਾ ਰਹੇ ਹਨ, ਉਨ੍ਹਾਂ ਰਾਹੀਂ ਹੀ ਉਹ ਹਥਿਆਰ ਵੀ ਪਹੁੰਚਾਏ ਜਾ ਰਹੇ ਹਨ, ਜੋ ਪੰਜਾਬ ਦੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਹਨ।

ਉਨ੍ਹਾਂ ਸੀਬੀਆਈ ਨੂੰ ਅਪੀਲ ਕੀਤੀ ਕਿ ਮਾਨਸਾ ਦੇ ਪਰਵਿੰਦਰ “ਝੋਟਾ” ਮਾਮਲੇ ਦੀ ਜਾਂਚ ਦਾ ਦਾਇਰਾ ਚੰਡੀਗੜ੍ਹ ਸਥਿਤ ਡਰੱਗ ਕੰਟਰੋਲਰ ਦੇ ਦਫ਼ਤਰ ਤੱਕ ਵਧਾਇਆ ਜਾਵੇ। ਜਾਂਚ ਦੀ ਸ਼ੁਰੂਆਤ ਦਵਾਈਆਂ ਦੀਆਂ ਦੁਕਾਨਾਂ ਤੋਂ ਕਰਨ ਦੀ ਬਜਾਏ ਪਹਿਲਾਂ ਨੈੱਟਵਰਕ ਨੂੰ ਚਲਾਉਣ ਵਾਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਫਿਰ ਜਿੱਥੇ-ਜਿੱਥੇ ਕੜੀਆਂ ਜੁੜਦੀਆਂ ਜਾਣ, ਉੱਥੇ ਤੱਕ ਪਹੁੰਚਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੀਬੀਆਈ ਉਨ੍ਹਾਂ ਲੋਕਾਂ ਤੱਕ ਪਹੁੰਚ ਸਕੇਗੀ, ਜਿਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਇੱਕ ਵਪਾਰਕ ਮਾਡਲ ਦਾ ਰੂਪ ਦਿੱਤਾ ਹੈ।

ਜਾਖੜ ਨੇ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਕਾਂਸਟੇਬਲ ਕਰਮ ਸਿੰਘ ਅਤੇ ਹੈਰੀ ਨਾਲ ਜੁੜੇ ਮਾਮਲਿਆਂ ਦੀ ਸੀਬੀਆਈ ਜਾਂ ਐਨ ਆਈ ਏ ਤੋਂ ਕਰਾਉਣ ਦੀ ਮੰਗ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਹੈਰੀ ਨੂੰ ਦੁਬਈ ਭੱਜਣ ਵਿੱਚ ਸਰਕਾਰ ਨੇ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਕੌਮਾਂਤਰੀ ਤਸਕਰੀ ਸ਼ਾਮਲ ਹੈ ਅਤੇ ਐਨਆਈਏ ਕੋਲ ਇਨ੍ਹਾਂ ਦੀ ਨਿਰਪੱਖ ਅਤੇ ਪ੍ਰਭਾਵਸ਼ਾਲੀ ਜਾਂਚ ਕਰਨ ਦੀ ਸਮਰੱਥਾ ਹੈ।

ਜਾਖੜ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਗੁਰੀ ਚਾਹਲ ਮਾਮਲੇ ਦੀ ਜਾਂਚ ਸ਼ੁਰੂ ਨਹੀਂ ਹੋਈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਿੱਚ ਚੱਲ ਰਹੇ ਸੰਗਠਿਤ ਨਸ਼ਾ ਨੈੱਟਵਰਕ ਦਾ ਪਰਦਾਫ਼ਾਸ਼ ਕਰਨਗੇ।

ਇਸ ਅੰਕ ਦੀਆਂ ਹੋਰ ਖ਼ਬਰਾਂ

ਬ੍ਰਿਟਿਸ਼ ਕੋਲੰਬੀਆ ’ਚ 15 ਪੰਜਾਬੀ ਬਣੇ ਵਿਧਾਇਕ, ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪਸ਼ਟ ਬਹੁਮਤਪੜ੍ਹੋ →
ਟਰੈਕਟਰ ਤੇ ਬਾਈਕ ਦੀ ਭਿਆਨਕ ਟੱਕਰ, ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਮੌਤਪੜ੍ਹੋ →
ਹਡਾਣਾ ਨੇ 150 ਤੋਂ ਵੱਧ ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡਪੜ੍ਹੋ →
4 ਨਵੰਬਰ ਨੂੰ ਕਾਂਗਰਸ ਦੀ ਹੋਵੇਗੀ ਬਹੁਤ ਵੱਡੀ ਰੈਲੀ- ਕੇ.ਸੀ. ਵੇਣੂਗੋਪਾਲਪੜ੍ਹੋ →
ਪੀਆਰਟੀਸੀ ਦੇ ਬੇੜੇ ‘ਚ 100 ਨਵੀਆਂ ਬੱਸਾਂ ਸ਼ਾਮਲ, ਪਟਿਆਲਾ ‘ਚ ਸੀਐਮ ਨੇ ਦਿਖਾਈ ਹਰੀ ਝੰਡੀ; ਅਗਲੇ ਮਹੀਨੇ 309 ਹੋਰ ਬੱਸਾਂ ਸ਼ਾਮਲ ਕਰਨ ਦਾ ਐਲਾਨਪੜ੍ਹੋ →
ਸੀਐਮ ਭਗਵੰਤ ਮਾਨ ਪਟਿਆਲਾ ਵਿੱਚ ਜੂਨੀਅਰ ਮਿੰਨੀ ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇਪੜ੍ਹੋ →