ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਈ ਡੀ ਅੱਗੇ ਪੇਸ਼
ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਿਵਾਦਿਤ ਵੀਡੀਓ ਦੀ ਫੋਰੈਂਸਿਕ ਜਾਂਚ 'ਤੇ ਉੱਠੀ ਉਂਗਲ ਦੇ ਮਾਮਲੇ ਵਿੱਚ ਅੱਜ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਅੱਗੇ ਪੇਸ਼ ਹੋਏ। ਈ ਡੀ ਵੱਲੋਂ ਸਵਪਨ ਸ਼ਰਮਾ ਅਤੇ ਕੁਝ ਹੋਰਨਾਂ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ 19 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਜ਼ੋਨਲ ਦਫ਼ਤਰ ਵਿਖੇ ਤਲਬ ਕੀਤਾ ਗਿਆ ਸੀ।
ਇਹ ਮਾਮਲਾ ਮੁੱਖ ਮੰਤਰੀ ਨਾਲ ਜੁੜੀ ਇੱਕ ਕਥਿਤ ਵੀਡੀਓ ਨੂੰ ਏ ਆਈ ਯਾਨੀ ਨਕਲੀ ਸਾਬਤ ਕਰਨ ਲਈ ਬਣਾਈਆਂ ਗਈਆਂ ਜਾਅਲੀ ਰਿਪੋਰਟਾਂ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ, ਈ ਡੀ ਵੱਲੋਂ ਇਸ ਕੇਸ ਵਿੱਚ ਹੋਏ ਸ਼ੱਕੀ ਵਿੱਤੀ ਲੈਣ-ਦੇਣ ਅਤੇ ਇਸ ਪੂਰੇ ਘਟਨਾਕ੍ਰਮ ਪਿੱਛੇ ਰਚੀ ਗਈ ਕਥਿਤ ਸਾਜ਼ਿਸ਼ ਦੇ ਵੇਰਵਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਇਹ ਵਿਵਾਦ ਉਸ ਸਮੇਂ ਭਖਿਆ ਜਦੋਂ ਗੁਰੂਗ੍ਰਾਮ ਪੁਲੀਸ ਨੇ ਇੱਕ ਕੇਸ ਦਰਜ ਕਰਕੇ ਖ਼ੁਲਾਸਾ ਕੀਤਾ ਕਿ ਮੁੱਖ ਮੰਤਰੀ ਦੀ ਕਥਿਤ ਵੀਡੀਓ ਨੂੰ ਝੂਠਾ ਸਾਬਤ ਕਰਨ ਲਈ ਮੋਟੀ ਰਕਮ ਦੇ ਬਦਲੇ ਨਕਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾਈਆਂ ਗਈਆਂ ਸਨ। ਇਸ ਮਾਮਲੇ ਵਿੱਚ ਗੁਰੂਗ੍ਰਾਮ ਪੁਲੀਸ ਪਹਿਲਾਂ ਹੀ ਅਰੁਣ ਮਹਿੰਦਰੂ ਅਤੇ ਅੰਕਿਤ ਨਾਂ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਦੋਵਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਮਾਨਤਾ ਪ੍ਰਾਪਤ ਲੈਬ ਦੇ ਕਥਿਤ ਤੌਰ 'ਤੇ ਇਹ ਜਾਅਲੀ ਸਾਈਬਰ ਜਾਂਚ ਰਿਪੋਰਟਾਂ ਤਿਆਰ ਕੀਤੀਆਂ ਸਨ।
