ਅਮਿਤ ਕਸ਼ਯਪ ਕਤਲ ਕਾਂਡ ’ਚ ਪਤਨੀ ਰਵਿਤਾ ਤੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ

ਅਮਿਤ ਕਸ਼ਯਪ ਕਤਲ ਕਾਂਡ: ਅਦਾਲਤ ਨੇ ਮੇਰਠ ਦੇ ਬਹਸੂਮਾ ਇਲਾਕੇ ’ਚ ਹੋਏ ਅਮਿਤ ਕਸ਼ਯਪ ਕਤਲ ਕਾਂਡ ’ਚ ਉਸ ਦੀ ਪਤਨੀ ਰਵਿਤਾ ਤੇ ਉਸ ਦੇ ਪ੍ਰੇਮੀ ਅਮਰਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਵਾਂ ਨੇ ਮਿਲ ਕੇ ਅਮਿਤ ਦਾ ਕਤਲ ਕੀਤਾ ਸੀ ਤੇ ਇਸ ਨੂੰ ਸੱਪ ਦੇ ਡੰਗਣ ਨਾਲ ਹੋਈ ਮੌਤ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਸੀ।
ਸੱਪ ਦੇ ਡੰਗਣ ਨਾਲ ਮੌਤ ਦਾ ਮਾਮਲਾ ਸਮਝੇ ਜਾ ਰਹੇ ਅਮਿਤ ਕਸ਼ਯਪ ਕਤਲ ਕਾਂਡ ’ਚ ਉਸ ਦੀ ਪਤਨੀ ਰਵਿਤਾ ਤੇ ਪ੍ਰੇਮੀ ਅਮਰਦੀਪ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੰਬਰ-12 ਨੇ ਦੋਵਾਂ ਨੂੰ ਕਤਲ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਕਰੀਬ ਡੇਢ ਸਾਲ ਤੱਕ ਚੱਲੀ ਸੁਣਵਾਈ ਦੌਰਾਨ 86 ਤਰੀਕਾਂ ਪਈਆਂ ਤੇ 12 ਗਵਾਹਾਂ ਦੀ ਗਵਾਹੀ ਦਰਜ ਕੀਤੀ ਗਈ।
ਇਸ ਕਤਲ ਕਾਂਡ ਦਾ ਪਰਦਾਫਾਸ਼ ਉਸ ਸਮੇਂ ਦੀ ਥਾਣਾ ਇੰਚਾਰਜ ਸਬ-ਇੰਸਪੈਕਟਰ ਇੰਦੂ ਵਰਮਾ ਵੱਲੋਂ ਪੋਸਟਮਾਰਟਮ ਕਰਵਾਉਣ ਦੇ ਫ਼ੈਸਲੇ ਕਾਰਨ ਹੋਇਆ ਸੀ। ਪਰਿਵਾਰ ਤੇ ਪਤਨੀ ਦੇ ਵਿਰੋਧ ਦੇ ਬਾਵਜੂਦ ਕਰਵਾਏ ਗਏ ਪੋਸਟਮਾਰਟਮ ’ਚ ਪੁਸ਼ਟੀ ਹੋਈ ਸੀ ਕਿ ਅਮਿਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਮੁਜ਼ੱਫਰਨਗਰ ਦੇ ਤਿਤਾਵੀ ਇਲਾਕੇ ਦੇ ਸੈਦਪੁਰ ਦੀ ਰਹਿਣ ਵਾਲੀ ਰਵਿਤਾ ਦਾ ਵਿਆਹ ਨੌਂ ਸਾਲ ਪਹਿਲਾਂ ਬਹਸੂਮਾ ਇਲਾਕੇ ਦੇ ਅਕਬਰਪੁਰ ਸਾਦਾਤ ਵਾਸੀ ਅਮਿਤ ਕਸ਼ਯਪ ਨਾਲ ਹੋਇਆ ਸੀ। ਅਮਿਤ ਟਾਈਲਾਂ ਤੇ ਪੱਥਰ ਲਗਾਉਣ ਦਾ ਕੰਮ ਕਰਦਾ ਸੀ। ਅਮਿਤ ਨਾਲ ਕੰਮ ਕਰਨ ਵਾਲਾ ਅਮਰਦੀਪ ਗੁਆਂਢ ’ਚ ਰਹਿੰਦਾ ਸੀ ਤੇ ਰਵਿਤਾ ਨੂੰ ਚਾਚੀ ਕਹਿ ਕੇ ਬੁਲਾਉਂਦਾ ਸੀ। ਇਸੇ ਰਿਸ਼ਤੇ ਦੀ ਆੜ ’ਚ ਦੋਵਾਂ ਵਿਚਾਲੇ ਨੇੜਤਾ ਵਧੀ ਤੇ ਕਰੀਬ ਢਾਈ ਸਾਲ ਪਹਿਲਾਂ ਉਨ੍ਹਾਂ ਦੇ ਪ੍ਰੇਮ ਸਬੰਧ ਬਣ ਗਏ।
12 ਅਪ੍ਰੈਲ 2025 ਨੂੰ ਅਮਿਤ ਆਪਣੀ ਪਤਨੀ ਤੇ ਬੱਚਿਆਂ ਨਾਲ ਸ਼ਾਕੰਭਰੀ ਦੇਵੀ ਦੇ ਦਰਸ਼ਨ ਕਰਨ ਗਿਆ ਸੀ। ਵਾਪਸ ਆਉਂਦੇ ਸਮੇਂ ਬਹਸੂਮਾ ਬੱਸ ਸਟੈਂਡ ’ਤੇ ਰਵਿਤਾ ਨੇ ਅਮਿਤ ਦੀ ਨਜ਼ਰ ਬਚਾ ਕੇ ਅਮਰਦੀਪ ਨਾਲ ਗੱਲ ਕੀਤੀ। ਇਸ ਤੋਂ ਬਾਅਦ ਦੋਵਾਂ ਨੇ ਅਮਿਤ ਦੇ ਕਤਲ ਦੀ ਸਾਜ਼ਿਸ਼ ਰਚੀ। ਸ਼ਾਮ ਤੱਕ ਸੱਪ ਦਾ ਪ੍ਰਬੰਧ ਕਰ ਲਿਆ ਗਿਆ ਤੇ ਅਮਰਦੀਪ ਨੇ ਉਸ ਨੂੰ ਖੇਤ ’ਚ ਲੁਕਾ ਦਿੱਤਾ। ਰਾਤ ਕਰੀਬ 10 ਵਜੇ ਖਾਣਾ ਖਾਣ ਤੋਂ ਬਾਅਦ ਅਮਿਤ ਮੰਜੇ ’ਤੇ ਸੌਂ ਗਿਆ। ਇਸ ਤੋਂ ਬਾਅਦ ਅਮਰਦੀਪ ਥੈਲੇ ’ਚ ਸੱਪ ਲੈ ਕੇ ਪਹੁੰਚਿਆ। ਰਵਿਤਾ ਨੇ ਅਮਿਤ ਦੇ ਹੱਥ ਫੜ ਲਏ ਤੇ ਅਮਰਦੀਪ ਨੇ ਉਸ ਦਾ ਗਲਾ ਘੁੱਟ ਦਿੱਤਾ। ਕਤਲ ਕਰਨ ਤੋਂ ਬਾਅਦ ਦੋਵਾਂ ਨੇ ਲਾਸ਼ ਦੇ ਹੇਠਾਂ ਘੋੜਾਪਛਾੜ ਸੱਪ ਛੱਡ ਦਿੱਤਾ। ਸੱਪ ਦੀ ਪੂਛ ਅਮਿਤ ਦੀ ਕਮਰ ਹੇਠਾਂ ਦੱਬਣ ਕਾਰਨ ਉਸ ਨੇ ਪੰਜ ਵਾਰ ਡੰਗ ਮਾਰਿਆ। ਇਸ ਨਾਲ ਸਰੀਰ ’ਤੇ ਨਿਸ਼ਾਨ ਬਣ ਗਏ ਤੇ ਕਤਲ ਨੂੰ ਸੱਪ ਦੇ ਡੰਗਣ ਨਾਲ ਹੋਈ ਮੌਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।
13 ਅਪ੍ਰੈਲ 2025 ਦੀ ਸਵੇਰ ਰਵਿਤਾ ਨੇ ਨਾਸ਼ਤਾ ਤਿਆਰ ਕੀਤਾ ਤੇ ਆਪਣੇ ਪੁੱਤਰ ਨੂੰ ਅਮਿਤ ਕੋਲ ਭੇਜਿਆ। ਮੰਜੇ ’ਤੇ ਸੱਪ ਦੇਖ ਕੇ ਪੁੱਤਰ ਨੇ ਰੌਲਾ ਪਾ ਦਿੱਤਾ। ਪਰਿਵਾਰ ਨੇ ਮੰਨ ਲਿਆ ਕਿ ਅਮਿਤ ਦੀ ਮੌਤ ਸੱਪ ਦੇ ਡੰਗਣ ਕਾਰਨ ਹੋਈ ਹੈ। ਲਾਸ਼ ਨੂੰ ਬੁਲੰਦਸ਼ਹਿਰ ਦੇ ਗੁਲਾਵਠੀ ਲਿਜਾ ਕੇ ਝਾੜ-ਫੂਕ ਵੀ ਕਰਵਾਈ ਗਈ। ਇਸ ਤੋਂ ਬਾਅਦ ਪਰਿਵਾਰ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਲੱਗਾ। ਇਸੇ ਦੌਰਾਨ ਉਸ ਸਮੇਂ ਦੀ ਥਾਣਾ ਇੰਚਾਰਜ ਸਬ-ਇੰਸਪੈਕਟਰ ਇੰਦੂ ਵਰਮਾ ਪੁਲਿਸ ਟੀਮ ਨਾਲ ਪਿੰਡ ਪਹੁੰਚੀ। ਪਰਿਵਾਰ ਤੇ ਰਵਿਤਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਰਹੇ ਸਨ, ਪਰ ਪੁਲਿਸ ਨੇ ਪੋਸਟਮਾਰਟਮ ਕਰਵਾਇਆ। ਤਿੰਨ ਦਿਨ ਬਾਅਦ ਆਈ ਰਿਪੋਰਟ ’ਚ ਗਲਾ ਘੁੱਟ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਪੁਲਿਸ ਨੇ ਰਵਿਤਾ ਤੇ ਅਮਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ। ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ ਨੰਬਰ-12 ’ਚ ਸੁਣਵਾਈ ਦੌਰਾਨ 12 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। 7 ਅਕਤੂਬਰ ਨੂੰ ਅਦਾਲਤ ਨੇ ਰਵਿਤਾ ਤੇ ਅਮਰਦੀਪ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਮਾਮਲੇ ’ਚ ਪੋਸਟਮਾਰਟਮ ਰਿਪੋਰਟ ਕਤਲ ਦਾ ਪਰਦਾਫਾਸ਼ ਕਰਨ ਵਾਲੀ ਅਹਿਮ ਕੜੀ ਸਾਬਤ ਹੋਈ।
