ਫਿਲੌਰ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ , ਇੱਕ ਗੰਭੀਰ ਜ਼ਖਮੀ

ਫਿਲੌਰ: ਫਿਲੌਰ ਨੈਸ਼ਨਲ ਹਾਈਵੇਅ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਇੱਕ ਟਰੇਲਰ ਟਰੱਕ ਤਕਨੀਕੀ ਖਰਾਬੀ ਕਾਰਨ ਸੜਕ ‘ਤੇ ਹੀ ਰੁਕ ਗਿਆ। ਪਿੱਛੋਂ ਆ ਰਹੇ ਇੱਕ ਮੋਟਰਸਾਈਕਲ ਸਵਾਰ ਦੀ ਟੱਕਰ ਟਰੇਲਰ ਨਾਲ ਹੋ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਲਤ ਨਾਜ਼ੁਕ ਹੋਣ ਕਾਰਨ, ਜ਼ਖ਼ਮੀ ਵਿਅਕਤੀ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਮੁੱਢਲੀ ਜਾਣਕਾਰੀ ਮੁਤਾਬਕ, ਜ਼ਖ਼ਮੀ ਵਿਅਕਤੀ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਰੋਡ ਸੇਫਟੀ ਫੋਰਸ ਦੇ ਮੈਂਬਰ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਗਰੂਰ ਤੋਂ ਜਲੰਧਰ ਜਾ ਰਿਹਾ ਟਰੇਲਰ ਤਕਨੀਕੀ ਖਰਾਬੀ ਕਾਰਨ ਸੜਕ ‘ਤੇ ਖੜ੍ਹਾ ਸੀ, ਜਦੋਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਪੁਸ਼ਟੀ ਕੀਤੀ ਕਿ ਜ਼ਖ਼ਮੀ ਵਿਅਕਤੀ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਹਾਲਾਂਕਿ ਉਸਦੀ ਪੂਰੀ ਪਛਾਣ ਹਾਲੇ ਨਹੀਂ ਹੋਈ ਹੈ, ਪਰ ਮੋਟਰਸਾਈਕਲ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਸੰਕੇਤ ਮਿਲਦਾ ਹੈ ਕਿ ਉਹ ਲੁਧਿਆਣਾ ਦੇ ਭੱਟੀਆਂ ਇਲਾਕੇ ਦਾ ਰਹਿਣ ਵਾਲਾ ਹੈ।
