ਮਨਪ੍ਰੀਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ; ਸਿਆਸੀ ਹਲਕਿਆ ’ਚ ਚਰਚਾ
ਪੰਜਾਬ ਵਿੱਚ ਦਿਨੋ-ਦਿਨ ਗਰਮਾ ਰਹੇ ਸਿਆਸੀ ਅਤੇ ਚੋਣ ਮਾਹੌਲ ਦੇ ਮੱਦੇਨਜ਼ਰ ਸੂਬੇ ਨਾਲ ਜੁੜੀ ਹਰ ਗਤੀਵਿਧੀ- ਚਾਹੇ ਉਹ ਰਣਨੀਤਕ ਬੈਠਕ ਹੋਵੇ ਜਾਂ ਸ਼ਿਸ਼ਟਾਚਾਰ ਮੁਲਾਕਾਤ, ਵਿਸ਼ੇਸ਼ ਅਹਿਮੀਅਤ ਰੱਖਦੀ ਹੈ। ਇਸੇ ਦੌਰਾਨ ਜਦੋਂ ਭਾਜਪਾ ਦੇ ਕੌਮੀ ਉਪ-ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਤਾਂ ਦਿੱਲੀ ਦੇ ਸਿਆਸੀ ਹਲਕਿਆਂ ਵਿੱਚ ਇਸ ਦੇ ਮਕਸਦ ਨੂੰ ਲੈ ਕੇ ਕਈ ਤਰ੍ਹਾਂ ਦੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ।
ਹੁਣ ਇਹ ਸਾਫ਼ ਹੋ ਗਿਆ ਹੈ ਕਿ ਮਨਪ੍ਰੀਤ ਬਾਦਲ 7 ਲੋਕ ਕਲਿਆਣ ਮਾਰਗ (ਪ੍ਰਧਾਨ ਮੰਤਰੀ ਨਿਵਾਸ) ਵਿਖੇ ਆਪਣੀ ਧੀ ਰੀਆ ਬਾਦਲ ਦੇ ਵਿਆਹ ਦਾ ਸੱਦਾ ਪੱਤਰ ਦੇਣ ਲਈ ਪਹੁੰਚੇ ਸਨ। ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਦੇ ਪੋਤੇ ਆਰ. ਕੇ. ਮਾਰਤੰਡ ਸਿੰਘ ਨਾਲ ਹੋਣ ਜਾ ਰਿਹਾ ਹੈ। ਮਾਰਤੰਡ ਸਿੰਘ, ਵਿਕਰਮਾਦਿੱਤਿਆ ਸਿੰਘ ਦੇ ਸਪੁੱਤਰ ਹਨ ਅਤੇ ਇਸ ਵਿਆਹ ਨਾਲ ਦੇਸ਼ ਦੇ ਦੋ ਪ੍ਰਮੁੱਖ ਘਰਾਣੇ ਆਪਸ ਵਿੱਚ ਜੁੜਨਗੇ।
ਇਸ ਮੁਲਾਕਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੀ ਪਤਨੀ, ਬੇਟਾ ਅਤੇ ਧੀ ਰੀਆ ਬਾਦਲ ਵੀ ਮੌਜੂਦ ਸਨ। ਵਿਆਹ ਦੇ ਵਿਸਥਾਰਤ ਸਮਾਗਮਾਂ ਦੀ ਸ਼ੁਰੂਆਤ 28 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਰਾਤ ਦੇ ਖਾਣੇ (ਡਿਨਰ) ਅਤੇ ਰਿਸੈਪਸ਼ਨ ਨਾਲ ਹੋਵੇਗੀ। ਇਸ ਤੋਂ ਬਾਅਦ 1 ਨਵੰਬਰ ਨੂੰ ਦਿੱਲੀ ਵਿੱਚ ਸੰਗੀਤ ਸਮਾਰੋਹ ਰੱਖਿਆ ਗਿਆ ਹੈ, ਜਦਕਿ ਵਿਆਹ 3 ਨਵੰਬਰ ਨੂੰ ਦਿੱਲੀ ਵਿੱਚ ਹੋਵੇਗਾ। ਅਨੰਦ ਕਾਰਜ ਦੀ ਰਸਮ 4 ਨਵੰਬਰ ਨੂੰ ਦਿੱਲੀ ਵਿਖੇ ਨਿਭਾਈ ਜਾਵੇਗੀ।
