ਜ਼ੇਲੈਂਸਕੀ ਤੇ ਟਰੰਪ ਵਿਚਾਲੇ ਵਧਿਆ ਤਣਾਅ, ਅਮਰੀਕੀ ਚਿਤਾਵਨੀ ਨੂੰ ਛਿੱਕੇ ਟੰਗਦਿਆਂ ਯੂਕਰੇਨ ਨੇ ਰੂਸ ਦੀ ਤੇਲ ਰਿਫਾਇਨਰੀ ’ਤੇ ਕੀਤਾ ਵੱਡਾ ਡਰੋਨ ਹਮਲਾ
ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਭਿਆਨਕ ਜੰਗ ਨੂੰ ਪੰਜ ਸਾਲ ਹੋਣ ਵਾਲੇ ਹਨ। ਹਾਲਾਤ ਇਹ ਹਨ ਕਿ ਇਹ ਸੰਘਰਸ਼ ਖ਼ਤਮ ਹੋਣ ਦੀ ਬਜਾਏ ਹੋਰ ਗੰਭੀਰ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਜੰਗ ਵਿੱਚ ਇੱਕ ਹੈਰਾਨੀਜਨਕ ਮੋੜ ਸਾਹਮਣੇ ਆਇਆ ਹੈ। ਹੁਣ ਇਹ ਸੰਭਾਵਨਾ ਵਧਦੀ ਦਿਖਾਈ ਦੇ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਸੰਘਰਸ਼ ਵਿੱਚ ਸਿੱਧੇ ਤੌਰ ’ਤੇ ਦਖ਼ਲ ਦੇ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਉਨ੍ਹਾਂ ਦਾ ਰੁਖ ਯੂਕਰੇਨ ਦੇ ਹੱਕ ਵਿੱਚ ਹੋਣ ਦੀ ਬਜਾਏ ਉਸ ਦੇ ਵਿਰੁੱਧ ਵੀ ਹੋ ਸਕਦਾ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਊਰਜਾ ਢਾਂਚਿਆਂ ’ਤੇ ਹਮਲੇ ਰੋਕਣ ਲਈ ਹੋਏ ਥੋੜ੍ਹੇ ਸਮੇਂ ਦੇ ਜੰਗਬੰਦੀ ਸਮਝੌਤੇ ਦੇ ਬਾਵਜੂਦ ਯੂਕਰੇਨ ਨੇ ਰੂਸ ਦੇ ਰਿਆਜ਼ਾਨ ਖੇਤਰ ਵਿੱਚ ਸਥਿਤ ਇੱਕ ਤੇਲ ਰਿਫਾਇਨਰੀ ’ਤੇ ਜ਼ੋਰਦਾਰ ਡਰੋਨ ਹਮਲਾ ਕਰ ਦਿੱਤਾ।
ਇਸ ਹਮਲੇ ਤੋਂ ਬਾਅਦ ਰਿਫਾਇਨਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਨੇ ਇੱਕ ਪਾਸੇ ਜੰਗ ਨੂੰ ਮੁੜ ਭੜਕਾਉਣ ਵਾਲੇ ਹਾਲਾਤ ਪੈਦਾ ਕੀਤੇ, ਉੱਥੇ ਹੀ ਦੂਜੇ ਪਾਸੇ ਜ਼ੇਲੈਂਸਕੀ ਅਤੇ ਟਰੰਪ ਦੇ ਰਿਸ਼ਤਿਆਂ ਵਿੱਚ ਤਣਾਅ ਹੋਰ ਵਧਾ ਦਿੱਤਾ। ਪਿਛਲੇ ਐਤਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਵਾਂ ਧਿਰਾਂ ਨੂੰ ਊਰਜਾ ਨਾਲ ਸਬੰਧਤ ਬੁਨਿਆਦੀ ਢਾਂਚਿਆਂ ’ਤੇ ਹਮਲੇ ਰੋਕਣ ਦੀ ਅਪੀਲ ਕੀਤੀ ਸੀ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਟਰੰਪ ਦੀ ਅਪੀਲ ਦਾ ਪਾਲਣ ਕੀਤਾ, ਪਰ ਜ਼ੇਲੈਂਸਕੀ ਨੇ ਦੋਸ਼ ਲਾਇਆ ਕਿ ਰੂਸ ਨੇ ਇਸ ਅਪੀਲ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਯੂਕਰੇਨ ਦੇ ਊਰਜਾ ਪਲਾਂਟਾਂ ’ਤੇ ਹਵਾਈ ਹਮਲੇ ਜਾਰੀ ਰੱਖੇ। ਯੂਕਰੇਨ ਮੁਤਾਬਕ, ਉਸ ਵੱਲੋਂ ਜੰਗਬੰਦੀ ਦੀ ਪਾਲਣਾ ਕਰਨ ਦੇ ਬਾਵਜੂਦ ਪਿਛਲੇ ਕੁਝ ਦਿਨਾਂ ਵਿੱਚ ਪੱਛਮੀ ਦੇਸ਼ਾਂ ਨੇ ਰੂਸ ਦੇ ਬੈਲਿਸਟਿਕ ਮਿਜ਼ਾਈਲ ਹਮਲਿਆਂ ਨਾਲ ਸਬੰਧਤ ਖ਼ੁਫ਼ੀਆ ਜਾਣਕਾਰੀ ਦੇਣੀ ਬੰਦ ਕਰ ਦਿੱਤੀ। ਇਸ ਦੇ ਨਾਲ ਹੀ ਅਮਰੀਕੀ ‘ਸਟਾਰਲਿੰਕ’ ਸੰਚਾਰ ਟਰਮੀਨਲਾਂ ਦੀ ਵਰਤੋਂ ’ਤੇ ਵੀ ਪਾਬੰਦੀਆਂ ਲਗਾਈਆਂ ਗਈਆਂ। ਯੂਕਰੇਨੀ ਫ਼ੌਜ ਲਈ ਇਹ ਦੋਵੇਂ ਸਾਧਨ ਬੇਹੱਦ ਅਹਿਮ ਹਨ।
ਇਨ੍ਹਾਂ ਹਾਲਾਤ ਤੋਂ ਨਾਰਾਜ਼ ਜ਼ੇਲੈਂਸਕੀ ਨੇ ‘ਫਾਈਨੈਂਸ਼ਲ ਟਾਈਮਜ਼’ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਦਾ ਸਬਰ ਹੁਣ ਜਵਾਬ ਦੇ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਧੋਖਾ ਖਾਧਾ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂਕਰੇਨ ਹੁਣ ਚੁੱਪ ਨਹੀਂ ਬੈਠੇਗਾ। ਇਸ ਦੇ ਨਾਲ ਹੀ ਰੂਸ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲੇ ਮੁੜ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ। ਰੂਸ ਦੇ ਰੱਖਿਆ ਮੰਤਰਾਲੇ ਅਤੇ ਰਿਆਜ਼ਾਨ ਦੇ ਗਵਰਨਰ ਪਾਵੇਲ ਮਾਲਕੋਵ ਮੁਤਾਬਕ, ਮਾਸਕੋ ਤੋਂ ਲਗਭਗ 300 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਰਿਫਾਇਨਰੀ ’ਤੇ ਡਰੋਨ ਹਮਲੇ ਤੋਂ ਬਾਅਦ ਅੱਗ ਲੱਗ ਗਈ। ਦੂਜੇ ਪਾਸੇ, ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਦਾ ਦਾਅਵਾ ਹੈ ਕਿ ਯੂਕਰੇਨ ਨੇ ਰਿਫਾਇਨਰੀਆਂ ’ਤੇ ਹਮਲੇ ਕਦੇ ਬੰਦ ਹੀ ਨਹੀਂ ਕੀਤੇ, ਜਿਸ ਕਾਰਨ ਰੂਸ ਨੂੰ ਨੁਕਸਾਨ ਝੱਲਣਾ ਪਿਆ। ਹਾਲਾਂਕਿ, ਨੁਕਸਾਨ ਸਿਰਫ਼ ਰੂਸ ਵਿੱਚ ਹੀ ਨਹੀਂ ਹੋਇਆ। ਯੂਕਰੇਨ ਵਿੱਚ ਵੀ ਤਬਾਹੀ ਜਾਰੀ ਹੈ। ਯੂਕਰੇਨ ਦੇ ਕੀਰੋਵੋਹਰਾਦ ਖੇਤਰ ਵਿੱਚ 10 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਰੂਸੀ ਡਰੋਨ ਹਮਲਿਆਂ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਅਮਰੀਕਾ ਦੇ ਰੁਖ ਕਾਰਨ ਵਧ ਰਹੇ ਮਤਭੇਦਾਂ ਅਤੇ ਸਮਰਥਨ ਵਾਪਸ ਲਏ ਜਾਣ ਦੇ ਖ਼ਦਸ਼ਿਆਂ ਵਿਚਾਲੇ ਜ਼ੇਲੈਂਸਕੀ ਵੀਰਵਾਰ ਨੂੰ ਬ੍ਰਸੇਲਜ਼ ਪਹੁੰਚੇ। ਉੱਥੇ ਉਨ੍ਹਾਂ ਨੇ ਯੂਰਪੀ ਸੰਘ ਦੇ ਆਗੂਆਂ ਦੇ ਦੋ ਦਿਨਾਂ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ।
ਇਸ ਦੌਰਾਨ ਉਨ੍ਹਾਂ ਨੇ ਨਾਟੋ ਮੁਖੀ ਮਾਰਕ ਰੂਟੇ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਪੋਲੈਂਡ, ਡੈਨਮਾਰਕ ਤੇ ਬੈਲਜੀਅਮ ਦੇ ਪ੍ਰਧਾਨ ਮੰਤਰੀਆਂ ਨਾਲ ਮੁਲਾਕਾਤ ਕਰਕੇ ਮੌਜੂਦਾ ਸੁਰੱਖਿਆ ਹਾਲਾਤ ਬਾਰੇ ਚਰਚਾ ਕੀਤੀ। ਇਸ ਘਟਨਾਕ੍ਰਮ ਤੋਂ ਸੰਕੇਤ ਮਿਲਦੇ ਹਨ ਕਿ ਕੀਵ ਅਤੇ ਵਾਸ਼ਿੰਗਟਨ ਦੇ ਰਿਸ਼ਤੇ ਇੱਕ ਵਾਰ ਫਿਰ ਨਾਜ਼ੁਕ ਮੋੜ ’ਤੇ ਪਹੁੰਚ ਗਏ ਹਨ। ਟਰੰਪ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਜੰਗ ਖ਼ਤਮ ਕਰਵਾਉਣ ਲਈ ਕੂਟਨੀਤਕ ਦਬਾਅ ਬਣਾਇਆ ਜਾ ਰਿਹਾ ਸੀ। ਪਰ ਜੰਗ ਦੇ ਮੈਦਾਨ ਦੀਆਂ ਹਕੀਕਤਾਂ ਅਤੇ ਰੂਸ ਦੇ ਹਮਲਾਵਰ ਰੁਖ ਨੇ ਇਨ੍ਹਾਂ ਕੋਸ਼ਿਸ਼ਾਂ ਨੂੰ ਚੁਣੌਤੀ ਦਿੱਤੀ ਹੈ। ਜਦੋਂ ਕੋਈ ਦੇਸ਼ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੋਵੇ, ਤਾਂ ਊਰਜਾ ਅਤੇ ਸੰਚਾਰ ਦੇ ਸਾਧਨਾਂ ’ਤੇ ਪਾਬੰਦੀਆਂ ਲੱਗਣ ਅਤੇ ਖ਼ੁਫ਼ੀਆ ਜਾਣਕਾਰੀ ਮਿਲਣੀ ਬੰਦ ਹੋਣ ਨਾਲ ਉਸ ਨੂੰ ਇਕੱਲਾ ਛੱਡੇ ਜਾਣ ਦਾ ਅਹਿਸਾਸ ਹੋ ਸਕਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜ਼ੇਲੈਂਸਕੀ ਦਾ ਇਹ ਕਦਮ ਸਿਰਫ਼ ਇੱਕ ਰਿਫਾਇਨਰੀ ’ਤੇ ਹਮਲੇ ਤੱਕ ਸੀਮਤ ਨਹੀਂ ਹੈ। ਇਸ ਨੂੰ ਅਮਰੀਕਾ ਅਤੇ ਪੱਛਮੀ ਸਹਿਯੋਗੀਆਂ ਲਈ ਇੱਕ ਸਖ਼ਤ ਸੰਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ ਕਿ ਯੂਕਰੇਨ ਆਪਣੀ ਰੱਖਿਆ ਦੇ ਮਾਮਲੇ ਵਿੱਚ ਕਿਸੇ ਵੀ ਸਮਝੌਤੇ ਅੱਗੇ ਝੁਕਣ ਲਈ ਤਿਆਰ ਨਹੀਂ ਹੈ।
