ਪਰਾਲੀ ਨਾ ਸਾੜਣ ਸਬੰਧੀ ਲਚਕਾਣੀ ਵਿਖੇ ਕਰਵਾਈਆਂ ਵੱਖ—ਵੱਖ ਪ੍ਰਤੀਯੋਗਤਾਵਾਂ: ਮੁੱਖ ਖੇਤੀਬਾੜੀ ਅਫਸਰ

ਪਟਿਆਲਾ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਅਤੇ ਸਰਕਾਰੀ ਸੀਨੀਅਰ ਸੈਕੰਡਰ ਸਮਾਰਟ ਸਕੂਲ, ਲਚਕਾਣੀ ਵੱਲੋਂ ਸਾਂਝੇ ਤੌਰ ਤੇ ਪਰਾਲੀ ਨੂੰ ਨਾ ਸਾੜਣ ਸਬੰਧੀ ਨੁਕੜ ਨਾਟਕ, ਪੋਸਟਰ, ਭਾਸ਼ਣ ਅਤੇ ਸਲੋਗਨ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਡਾ. ਦਾਰਾ ਸਿੰਘ, ਬਲਾਕ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਸ. ਰੰਧਾਵਾ ਸਿੰਘ ਦੀ ਯੋਗ ਅਗਵਾਈ ਹੇਠ ਸਿੱਖਿਆ ਅਤੇ ਖੇਤੀਬਾੜੀ ਵਿਭਾਗ ਦੇ ਸਟਾਫ ਦੇ ਯਤਨਾਂ ਸਦਕਾ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਇਹਨਾਂ ਮੁਕਾਬਲਿਆਂ ਨੇ ਭਾਗ ਲਿਆ। ਪਿੰਡ ਲਚਕਾਣੀ ਦੇ ਸਰਪੰਚ ਸ. ਪ੍ਰਿਤਪਾਲ ਸਿੰਘ ਖਰੌੜ ਅਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸ. ਨਿਰਮਲ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਕੂਲ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ।
ਇਹਨਾਂ ਪ੍ਰਤੀਯੋਗਤਾਵਾਂ ਦੀ ਤਿਆਰੀ ਅਮਨਦੀਪ ਕੌਰ, ਸੀਮਾ ਰਾਣੀ, ਡਿੰਪਲ ਬਾਲਾ, ਅੰਨੂ ਬਾਲਾ, ਕੁਲਦੀਪ ਕੌਰ, ਜ਼ਸਵੀਰ ਕੌਰ, ਰਾਜਵਿੰਦਰ ਕੌਰ, ਕਮਲਪ੍ਰੀਤ ਕੌਰ, ਗਗਨਦੀਪ ਸਿੰਘ, ਰਾਕੇਸ਼ ਕੁਮਾਰ, ਮੀਤਇੰਦਰ ਕੌਰ, ਸੁਖਦੀਪ ਕੌਰ ਅਤੇ ਸੁਸ਼ਮਾ ਮੈਡਮ ਨੇ ਕਰਵਾਈ। ਭਾਸ਼ਣ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਸਿਮਰਨਜੀਤ ਕੌਰ, ਦੂਜੇ ਸਥਾਨ ਸਹਿਜਾਦ ਅਤੇ ਤੀਜੇ ਸਥਾਨ ਤੇ ਰਾਜੀਨਾ ਰਹੇ ਜਿਹਨਾਂ ਨੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਸਬੰਧੀ ਆਪਣੇ ਭਾਸ਼ਣਾਂ ਵਿਚ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਆਪਣੇ ਖੇਤਾਂ ਵਿਚ ਮਿਲਾਕੇ ਉਪਜਾਊ ਸ਼ਕਤੀ ਵਿਚ ਵਾਧਾ ਕਰਨ। ਪੈਂਟਿੰਗ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਜੈਸਮੀਨ ਕੌਰ, ਹੀਨਾ, ਦੂਜੇ ਸਥਾਨ ਤੇ ਰਹਿਮਾਨ ਖਾਨ, ਮੁਸਕਾਨ ਅਤੇ ਤੀਜੇ ਸਥਾਨ ਤੇ ਹਰਸ਼ਪ੍ਰੀਤ ਕੌਰ, ਜਸ਼ਨਦੀਪ ਕੌਰ ਰਹੇ।
ਖੇਤੀਬਾੜੀ ਵਿਭਾਗ ਵੱਲੋਂ ਇਸ ਪ੍ਰੋਗਰਾਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਣ ਲਈ ਖੇਤੀਬਾੜੀ ਵਿਕਾਸ ਅਫਸਰ ਜਸ਼ਨਦੀਪ ਕੌਰ ਨੇ ਵਿਸ਼ੇਸ਼ ਉਪਰਾਲੇ ਕੀਤੇ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਸ. ਹਰਪਾਲ ਸਿੰਘ, ਸ. ਭੁਪਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਲਈ ਸਟੇਸ਼ਨਰੀ, ਟਰਾਫੀਆਂ ਅਤੇ ਖਾਣ—ਪੀਣ ਦੇ ਸਾਮਾਨ ਦਾ ਇੰਤਜਾਮ ਬਹੁਤ ਵਧੀਆਂ ਤਰੀਕੇ ਨਾਲ ਕੀਤਾ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਡਾ. ਰਵਿੰਦਰਪਾਲ ਸਿੰਘ ਚੱਠਾ ਵੱਲੋਂ ਵਿਦਿਆਰਥੀਆਂ ਨੂੰ ਸੰਭੋਧਨ ਕਰਦਿਆਂ ਦਸਿਆ ਕਿ ਬੱਚੇ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਝੋਨੇ ਦੀ ਵਾਢੀ ਸੁਪਰ ਐਸ.ਐਮ.ਐਸ. ਲਗੀ ਕੰਬਾਇਨ ਨਾਲ ਕਰਾਉਣ ਲਈ ਕਹਿਣ ਤਾਂ ਜ਼ੋ ਪਰਾਲੀ ਨੂੰ ਕੁਤਰਾ ਕਰ ਖੇਤ ਵਿਚ ਹੀ ਮਿਲਾਇਆ ਜਾ ਸਕੇ।
