ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਮਨਜੀਤ ਸਿੱਧੂ ਕਾਂਗਰਸ ’ਚ ਸ਼ਾਮਲ
ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਮਨਜੀਤ ਸਿੱਧੂ ਕਾਂਗਰਸ ’ਚ ਸ਼ਾਮਲ ਹੋਣ ਮੌਕੇ।
ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ ਐੱਸ ਡੀ ਅਤੇ ਨਜ਼ਦੀਕੀ ਦੋਸਤ ਮਨਜੀਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਅੱਜ ਇੱਥੇ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕੀਤਾ। ਦੱਸਣਯੋਗ ਹੈ ਕਿ ਜਨਵਰੀ 2023 ’ਚ ਮਨਜੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਮਾਨ ਦੇ ਓ ਐੱਸ ਡੀ ਵਜੋਂ ਤਾਇਨਾਤੀ ਮਿਲੀ ਸੀ ਪ੍ਰੰਤੂ ਕੁੱਝ ਸਮੇਂ ਮਗਰੋਂ ਹੀ ਸਿਹਤ ਦੇ ਹਵਾਲੇ ਨਾਲ ਉਨ੍ਹਾਂ ਨੇ 18 ਨਵੰਬਰ 2023 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਦੋਸਤ ਰਹੇ ਹਨ। ਕਾਲਜ ਦੇ ਦਿਨਾਂ ’ਚ ਇਕੱਠੇ ਰਹੇ ਹਨ। ਮਨਜੀਤ ਸਿੱਧੂ ਨੇ ਨੌਕਰੀ ਤੋਂ ਅਸਤੀਫ਼ਾ ਦੇ ਕੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮਨਜੀਤ ਸਿੱਧੂ ਨੇ ਮੀਡੀਆ ਪ੍ਰਬੰਧਨ ਦੀ ਜ਼ਿੰਮੇਵਾਰੀ ਨਿਭਾਈ ਸੀ।
