📰 10/12/2026
ਪੰਜਾਬ📍 ਪੰਜਾਬ

ਅਜਨਾਲਾ ‘ਚ ਪੁਲਿਸ ਐਨਕਾਊਂਟਰ, ਸੁਖਚੈਨ ਸਿੰਘ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਮੁਲਜ਼ਮ ਗੁਰੀ ਜ਼ਖ਼ਮੀ

ਪੁਲਿਸ ਨੇ ਇਸ ਮਾਮਲੇ 'ਚ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਸੀ। ਅੱਜ ਪੁਲਿਸ ਮੁਲਜ਼ਮ ਗੁਰੀ ਨੂੰ ਵਾਰਦਾਤ ਵਾਲੀ ਥਾਂ ਤੇ ਲੈ ਕੇ ਜਾ ਰਹੀ ਸੀ।
ਅਜਨਾਲਾ ‘ਚ ਪੁਲਿਸ ਐਨਕਾਊਂਟਰ, ਸੁਖਚੈਨ ਸਿੰਘ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਮੁਲਜ਼ਮ ਗੁਰੀ ਜ਼ਖ਼ਮੀ

ਪੁਲਿਸ ਨੇ ਇਸ ਮਾਮਲੇ 'ਚ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਸੀ। ਅੱਜ ਪੁਲਿਸ ਮੁਲਜ਼ਮ ਗੁਰੀ ਨੂੰ ਵਾਰਦਾਤ ਵਾਲੀ ਥਾਂ ਤੇ ਲੈ ਕੇ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ਤੇ ਇੱਕ ਪੁਲਿਸ ਮੁਲਾਜ਼ਮ ਦਾ ਹਥਿਆਰ ਖੋਹਣ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੇ ਏਐੱਸਆਈ ਸੁਖਚੈਨ ਸਿੰਘ ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਨੂੰ ਸੁਲਝਾਉਂਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਬਲਾਇੰਡ ਕੇਸ ‘ਚ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 4 ਅਕਤੂਬਰ ਦੀ ਸ਼ਾਮ ਕਰੀਬ 7:15 ਵਜੇ ਜਗਦੇਵ ਕਲਾਂ ਨੇੜੇ ਜੀਆਰਪੀ ਵਿੱਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਇੱਕ ਗੋਲੀ ਉਨ੍ਹਾਂ ਦੇ ਬਾਂਹ ‘ਚ ਲੱਗੀ ਸੀ।

ਘਟਨਾ ਤੋਂ ਬਾਅਦ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੰਵਰਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਸ਼ੁਰੂ ਕੀਤੀ ਗਈ। ਇਲਾਕਾ ਸੁੰਨਸਾਨ ਹੋਣ ਤੇ ਲੋੜੀਂਦੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਇਹ ਮਾਮਲਾ ਕਾਫ਼ੀ ਚੁਣੌਤੀਪੂਰਨ ਸੀ। ਹਾਲਾਂਕਿ, ਪੁਲਿਸ ਨੇ ਤਕਨੀਕੀ ਤੇ ਪੇਸ਼ੇਵਰ ਜਾਂਚ ਦੀ ਮਦਦ ਨਾਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।

ਪੁਲਿਸ ਅਨੁਸਾਰ, ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਹਮਲਾਵਰ ਮਾਡਿਊਲ ਪਾਕਿਸਤਾਨ ਆਧਾਰਿਤ ਆਈਐੱਸਆਈ ਅਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿਮਰ, ਬਲਜੀਤ ਸਿੰਘ ਤੇ ਮੁੱਖ ਸ਼ੂਟਰ ਬਲਜੀਤ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ। ਪੁਲਿਸ ਮੁਤਾਬਕ, ਸਿਮਰਨਜੀਤ ਸਿੰਘ ਵਾਰਦਾਤ ਸਮੇਂ ਮੋਟਰਸਾਈਕਲ ਚਲਾ ਰਿਹਾ ਸੀ, ਜਦਕਿ ਬਲਜੀਤ ਗੁਰੀ ਮੁੱਖ ਸ਼ੂਟਰ ਸੀ।

ਪੁਲਿਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਬਲਜੀਤ ਗੁਰੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ ਤੇ ਉਸ ਵਿਰੁੱਧ ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਇਨ੍ਹਾਂ ‘ਚ ਮਾਰਚ ਮਹੀਨੇ ਹੋਏ ਗ੍ਰਨੇਡ ਹਮਲੇ ਦਾ ਮਾਮਲਾ ਵੀ ਸ਼ਾਮਲ ਦੱਸਿਆ ਗਿਆ ਹੈ। ਪੁਲਿਸ ਦੇ ਦਾਅਵੇ ਅਨੁਸਾਰ, ਮੁਲਜ਼ਮਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ।

ਮਾਮਲੇ ਦੀ ਜਾਂਚ ਦੌਰਾਨ ਸਬੂਤ ਇਕੱਠੇ ਕਰਨ ਤੇ ਮੁਲਜ਼ਮਾਂ ਦੇ ਫ਼ਰਾਰ ਹੋਣ ਵਾਲੇ ਰਸਤੇ ਦੀ ਪੁਸ਼ਟੀ ਕਰਨ ਲਈ ਅਜਨਾਲਾ ਪੁਲਿਸ ਦੀ ਟੀਮ ਮੁੱਖ ਸ਼ੂਟਰ ਬਲਜੀਤ ਗੁਰੀ ਨੂੰ ਵਾਰਦਾਤ ਵਾਲੀ ਥਾਂ ਤੇ ਲੈ ਕੇ ਗਈ ਸੀ। ਪੁਲਿਸ ਮੁਤਾਬਕ, ਜਦੋਂ ਟੀਮ ਗੱਡੀ’ਚੋਂ ਉਤਰ ਰਹੀ ਸੀ ਤਾਂ ਬਲਜੀਤ ਗੁਰੀ ਨੇ ਇੱਕ ਸਬ-ਇੰਸਪੈਕਟਰ ਦਾ ਸਰਵਿਸ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਤੇ ਮੁਲਜ਼ਮ ਵਿਚਾਲੇ ਹੱਥੋਪਾਈ ਹੋਈ, ਜਿਸ ਦੌਰਾਨ ਦੋ ਗੋਲੀਆਂ ਚੱਲੀਆਂ।

ਪੁਲਿਸ ਦੇ ਦੱਸਣ ਮੁਤਾਬਕ, ਪਹਿਲੀ ਗੋਲੀ ਪੁਲਿਸ ਦੀ ਗੱਡੀ ਦੀ ਛੱਤ ਨੂੰ ਚੀਰਦੀ ਹੋਈ ਲੰਘ ਗਈ, ਜਦਕਿ ਦੂਜੀ ਗੋਲੀ ਬਲਜੀਤ ਗੁਰੀ ਦੀ ਲੱਤ ‘ਚ ਲੱਗੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਤੇ ਇਲਾਜ ਲਈ ਅਜਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ, ਡੀਐੱਸਪੀ ਅਜਨਾਲਾ ਧਰਮਿੰਦਰ ਕਲਿਆਣ, ਸੀਆਈਏ ਇੰਚਾਰਜ ਤੇ ਅਜਨਾਲਾ ਦੇ ਐੱਸਐੱਚਓ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤੇ ਸਮਾਜ ‘ਚ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਹਾਈ ਕੋਰਟ ਵੱਲੋਂ ‘ਪੰਜਾਬ ਸਰਕਾਰ’ ਨੂੰ ਅਪਰਾਧਿਕ ਮਾਣਹਾਨੀ ਦਾ ਰਸਮੀ ਨੋਟਿਸ ਜਾਰੀਪੜ੍ਹੋ →
ਫਰੀਦਾਬਾਦ ਜ਼ਿਲ੍ਹੇ ਦੇ ਪੱਲਾ ਥਾਣਾ ਖੇਤਰ ’ਚ ਬ੍ਰੇਜ਼ਾ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗਪੜ੍ਹੋ →
ਰੇਵਾੜੀ ‘ਚ ਤੇਜ਼ ਰਫ਼ਤਾਰ ਬੱਸ ਨੇ ਸਕੂਟੀ ਸਵਾਰ ਔਰਤ ਨੂੰ ਦਰੜਿਆਪੜ੍ਹੋ →
ਕੋਰਟ ਦਾ ਕਲਰਕ ਤੇ ਹੋਮ ਗਾਰਡ ਡਰਾਈਵਰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰਪੜ੍ਹੋ →
ਪਠਾਨਕੋਟ ‘ਚ 14 ਮੁਲਕਾਂ ਦੇ ਦਿੱਗਜ ਇੱਕੋ ਮੰਚ ‘ਤੇ ਇਕੱਠੇ, ਟੈੱਡਐਕਸ ਕੈਲੇਡੋਨੀਅਨ’ ਅੰਤਰਰਾਸ਼ਟਰੀ ਸੰਮੇਲਨ ਹੋਇਆ ਸੰਪੰਨਪੜ੍ਹੋ →
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੇ 15 ਨਵੰਬਰ ਤੱਕ ਸਖ਼ਤ ਆਦੇਸ਼ ਕੀਤੇ ਜਾਰੀਪੜ੍ਹੋ →