ਅੰਮ੍ਰਿਤਸਰ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਕਾਰ ਚਲਾਉਂਦੇ ਆਏ ਨਜ਼ਰ

ਕਾਂਗਰਸ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਪਹਿਲੀ ਵਾਰ ਪੰਜਾਬ ਪਹੁੰਚੇ। 3 ਅਕਤੂਬਰ ਨੂੰ ਰਾਜਾ ਵੜਿੰਗ ਦੀ ਥਾਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਹਵਾਈ ਅੱਡੇ ਤੋਂ ਪਰਗਟ ਸਿੰਘ ਕਾਰ ਵਿੱਚ ਸਵਾਰ ਹੋ ਕੇ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋਏ। ਇਸ ਦੌਰਾਨ ਕਾਂਗਰਸ ਇੰਚਾਰਜ ਸਚਿਨ ਪਾਇਲਟ ਆਪਣੀ ਕਾਰ ਚਲਾਉਂਦੇ ਹੋਏ ਨਜ਼ਰ ਆਏ। ਪਰਗਟ ਸਿੰਘ ਅੰਮ੍ਰਿਤਸਰ ਦੇ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਮੋਹਾਲੀ ਵਿੱਚ ਕਾਂਗਰਸ ਲੀਡਰਸ਼ਿਪ ਦੀ ਮੀਟਿੰਗ ਕਰ ਸਕਦੇ ਹਨ।
ਅਗਲੇ ਦਿਨ ਉਨ੍ਹਾਂ ਦਾ ਹਿਮਾਚਲ ਪ੍ਰਦੇਸ਼ ਵਿੱਚ ਮਾਂ ਚਿੰਤਪੂਰਨੀ ਦਰਬਾਰ ਵਿੱਚ ਵੀ ਮੱਥਾ ਟੇਕਣ ਦਾ ਪ੍ਰੋਗਰਾਮ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਚਿਨ ਪਾਇਲਟ ਦੀ ਫੇਰੀ ਦਾ ਅਗਲਾ ਸ਼ਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।
ਪੰਜਾਬ ਵਾਪਸ ਆਉਣ ਤੋਂ ਪਹਿਲਾਂ ਪਰਗਟ ਸਿੰਘ ਨੇ ਦਿੱਲੀ ਵਿੱਚ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਦੇ ਆਪਣੇ ਵਿਚਾਰ ਹੋ ਸਕਦੇ ਹਨ, ਪਰ ਇਹੀ ਲੋਕਤੰਤਰ ਦੀ ਸੁੰਦਰਤਾ ਹੈ। ਕਾਂਗਰਸ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਇੱਕਜੁੱਟ ਹੋ ਕੇ ਲੜੇਗੀ।
ਜ਼ਿਕਰ ਕਰ ਦਈਏ ਕਿ ਕਾਂਗਰਸ ਵਿੱਚ ਪ੍ਰਧਾਨ ਦੇ ਅਹੁਦੇ ਨੂੰ ਲੈਕੇ ਹੋਏ ਕਾਟੋਕਲੇਸ਼ ਤੋਂ ਬਾਅਦ ਰਾਜਾ ਵੜਿੰਗ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਜਿਸ ਤੋਂ ਬਾਅਹ ਇਹ ਕਮਾਨ ਪਰਗਟ ਸਿੰਘ ਨੂੰ ਸੌਂਪ ਦਿੱਤੀ ਗਈ। ਹਾਲਾਂਕਿ ਉਦੋਂ ਗੁਰਜੀਤ ਔਜਲਾ ਅਤੇ ਵਿਜੇਇੰਦਰ ਸਿੰਗਲਾ ਦਾ ਨਾਮ ਵੀ ਕਾਂਗਰਸ ਪ੍ਰਧਾਨ ਦੀ ਦੌੜ ਵਿੱਚ ਅੱਗੇ ਆ ਰਿਹਾ ਸੀ, ਪਰ ਕਾਂਗਰਸ ਹਾਈ ਕਮਾਨ ਨੇ ਇਹ ਜ਼ਿੰਮੇਵਾਰੀ ਪਰਗਟ ਸਿੰਘ ਨੂੰ ਦੇ ਦਿੱਤੀ। ਹੁਣ ਪੰਜਾਬ ਵਿੱਚ ਕਾਂਗਰਸ ਦੀ ਅਗਵਾਈ ਪਰਗਟ ਸਿੰਘ ਦੇ ਹੱਥ ਵਿੱਚ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਚੋਣ ਲੜੇਗੀ।
