ਗੁਰਦਾਸਪੁਰ ਦੇ ਬੰਗੋਵਾਨੀ ਪਿੰਡ ਦੇ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਹੋਈ ਮੌਤ

ਗੁਰਦਾਸਪੁਰ: ਗੁਰਦਾਸਪੁਰ ਦੇ ਬੰਗੋਵਾਨੀ ਪਿੰਡ ਦੇ ਨੇੜੇ ਬੀਤੇ ਦਿਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਟਰੈਕਟਰ-ਟਰਾਲੀ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁੰਜਰ ਪਿੰਡ ਦੇ ਰਹਿਣ ਵਾਲੇ 22 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਦੇ ਅਨੁਸਾਰ, ਗੁਰਵਿੰਦਰ ਸਿੰਘ ਇੱਕ ਨਿੱਜੀ ਕੰਪਨੀ ਵਿੱਚ ਟਰੈਕਟਰ ਡਰਾਈਵਰ ਵਜੋਂ ਕੰਮ ਕਰਦਾ ਸੀ। ਕੰਪਨੀ ਨੇ ਨਹਿਰ ‘ਤੇ ਮਿੱਟੀ ਪਾਉਣ ਦਾ ਠੇਕਾ ਲਿਆ ਸੀ। ਬੀਤੇ ਦਿਨ ਉਹ ਟਰੈਕਟਰ-ਟਰਾਲੀ ਵਿੱਚ ਮਿੱਟੀ ਭਰ ਕੇ ਬੰਗੋਵਾਨੀ ਵੱਲ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਟਰਾਲੀ ਦਾ ਐਕਸਲ ਅਚਾਨਕ ਟੁੱਟ ਗਿਆ, ਜਿਸ ਕਾਰਨ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੇਤਾਂ ਵਿੱਚ ਪਲਟ ਗਿਆ।
ਹਾਦਸੇ ਦੇ ਦੌਰਾਨ ਗੁਰਵਿੰਦਰ ਸਿੰਘ ਨੇ ਟਰੈਕਟਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮਿੱਟੀ ਨਾਲ ਭਰੀ ਟਰਾਲੀ ਉਸ ਉੱਤੇ ਡਿੱਗ ਪਈ। ਮਿੱਟੀ ਹੇਠ ਦੱਬ ਜਾਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਹਾਦਸੇ ਕਾਰਨ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
