ਫਿਰੋਜ਼ਪੁਰ ‘ਚ ਅਨੋਖਾ ਰੋਸ ਪ੍ਰਦਰਸ਼ਨ, ਫੂਡ ਇੰਸਪੈਕਟਰ ਅਭਿਨਵ ਖੋਸਲਾ ਦੀ ਵਾਪਸੀ ਲਈ ਨੈਸ਼ਨਲ ਹਾਈਵੇ ਜਾਮ

ਆਗੂਆਂ ਨੇ ਕਿਹਾ ਕਿ ਇੱਕ ਅਜਿਹੇ ਅਧਿਕਾਰੀ, ਜੋ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰ ਰਿਹਾ ਸੀ, ਦਾ ਤਬਾਦਲਾ ਕਰਨਾ ਤੇ ਉਸ ਖ਼ਿਲਾਫ਼ ਕਾਰਵਾਈ ਕਰਨਾ ਠੀਕ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਭਿਨਵ ਖੋਸਲਾ ਨੂੰ ਮੁੜ ਫਿਰੋਜ਼ਪੁਰ 'ਚ ਤਾਇਨਾਤ ਕੀਤਾ ਜਾਵੇ ਤੇ ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਜਾਵੇ।
ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ‘ਚ ਅੱਜ ਇੱਕ ਅਨੋਖਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਸਮਾਜਸੇਵੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ ‘ਚ ਤਾਇਨਾਤ ਰਹੇ ਫੂਡ ਇੰਸਪੈਕਟਰ ਅਭਿਨਵ ਖੋਸਲਾ ਦੀ ਮੁੜ ਤਾਇਨਾਤੀ ਤੇ ਬਹਾਲੀ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਖਾਸ ਗੱਲ ਇਹ ਰਹੀ ਕਿ ਇਹ ਪ੍ਰਦਰਸ਼ਨ ਕਿਸੇ ਅਧਿਕਾਰੀ ਖ਼ਿਲਾਫ਼ ਨਹੀਂ, ਸਗੋਂ ਉਸ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ।
ਅਭਿਨਵ ਖੋਸਲਾ ਫਿਰੋਜ਼ਪੁਰ ‘ਚ ਫੂਡ ਇੰਸਪੈਕਟਰ ਵਜੋਂ ਤਾਇਨਾਤ ਰਹੇ ਹਨ। ਉਨ੍ਹਾਂ ਵੱਲੋਂ ਮਿਲਾਵਟਖੋਰੀ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦਿਆਂ ਕਈ ਦੁਕਾਨਾਂ ਤੋਂ ਸੈਂਪਲ ਭਰੇ ਗਏ ਸਨ। ਇਸ ਤੋਂ ਇਲਾਵਾ ਬਾਹਰੀ ਰਾਜਾਂ ਤੇ ਵੱਖ-ਵੱਖ ਸ਼ਹਿਰਾਂ ਤੋਂ ਫਿਰੋਜ਼ਪੁਰ ਪਹੁੰਚਣ ਵਾਲੀਆਂ ਮਿਠਾਈਆਂ ਦੀ ਵੀ ਜਾਂਚ ਕੀਤੀ ਜਾਂਦੀ ਰਹੀ। ਮਿਲਾਵਟਖੋਰੀ ਖ਼ਿਲਾਫ਼ ਉਨ੍ਹਾਂ ਦੀਆਂ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਸਿੰਘਮ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ ਸੀ।
ਹਾਲਾਂਕਿ, ਬਾਅਦ ‘ਚ ਅਭਿਨਵ ਖੋਸਲਾ ਦਾ ਫਿਰੋਜ਼ਪੁਰ ਤੋਂ ਤਰਨਤਾਰਨ ਤਬਾਦਲਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਿਭਾਗ ਵੱਲੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਵੀ ਕੀਤਾ ਗਿਆ। ਇਸ ਦੇ ਵਿਰੋਧ ‘ਚ ਹੁਣ ਕਿਸਾਨ ਜਥੇਬੰਦੀਆਂ ਤੇ ਸਮਾਜਸੇਵੀਆਂ ਵੱਲੋਂ ਉਨ੍ਹਾਂ ਨੂੰ ਮੁੜ ਫਿਰੋਜ਼ਪੁਰ ਤਾਇਨਾਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਪ੍ਰਦਰਸ਼ਨਕਾਰੀਆਂ ਵੱਲੋਂ ਫਿਰੋਜ਼ਪੁਰ ਦੀ ਸੱਤ ਨੰਬਰ ਚੁੰਗੀ ਵਿਖੇ ਧਰਨਾ ਲਗਾਇਆ ਗਿਆ। ਇਹ ਥਾਂ ਫਾਜ਼ਿਲਕਾ, ਅਬੋਹਰ ਤੇ ਸ੍ਰੀਗੰਗਾਨਗਰ ਸਮੇਤ ਜਲੰਧਰ, ਲੁਧਿਆਣਾ, ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚੰਡੀਗੜ੍ਹ ਵੱਲ ਜਾਣ ਵਾਲੇ ਮੁੱਖ ਮਾਰਗਾਂ ਨੂੰ ਜੋੜਦੀ ਹੈ। ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਧਰਨੇ ਦੌਰਾਨ ਕਿਸਾਨ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਮਹਿਮਾ ਤੇ ਅਦਾਕਾਰ ਤੇ ਸਮਾਜਸੇਵੀ ਆਗੂ ਗੁਰਨਾਮ ਗਾਮਾ ਨੇ ਕਿਹਾ ਕਿ ਉਨ੍ਹਾਂ ਦਾ ਇਹ ਧਰਨਾ ਮਿਲਾਵਟਖੋਰੀ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਅਭਿਨਵ ਖੋਸਲਾ ਨੇ ਫਿਰੋਜ਼ਪੁਰ ‘ਚ ਮਿਲਾਵਟਖੋਰੀ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਤੇ ਲੋਕ ਉਨ੍ਹਾਂ ਦੇ ਕੰਮ ਤੋਂ ਸੰਤੁਸ਼ਟ ਸਨ।
