ਜਲੰਧਰ: ਪੁਲਿਸ ਵਾਹਨ ਨੇ ਕਈ ਗੱਡੀਆਂ ਨੂੰ ਮਾਰੀ ਟੱਕਰ, ਮੁਲਾਜ਼ਮ ‘ਤੇ ਨਸ਼ੇ ‘ਚ ਹੋਣ ਦੇ ਲੱਗੇ ਇਲਜ਼ਾਮ , ਵੀਡੀਓ ਵਾਇਰਲ

ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵਾਹਨ ਤੋਂ ਬਾਹਰ ਆਉਣ ਲਈ ਕਿਹਾ, ਪਰ ਉਹ ਕਥਿਤ ਤੌਰ 'ਤੇ ਵਾਹਨ ਦੇ ਅੰਦਰ ਹੀ ਬੈਠੇ ਰਹੇ। ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਨਾਲ ਵੀਡੀਓ ਰਿਕਾਰਡਿੰਗ ਸ਼ੁਰੂ ਕਰ ਦਿੱਤੀ। ਵੀਡੀਓ 'ਚ ਲੋਕ ਪੁਲਿਸ ਮੁਲਾਜ਼ਮਾਂ ਤੋਂ ਘਟਨਾ ਸਬੰਧੀ ਸਵਾਲ-ਜਵਾਬ ਕਰਦੇ ਨਜ਼ਰ ਆ ਰਹੇ ਹਨ।
ਸੋਮਵਾਰ ਦੇਰ ਰਾਤ ਜਲੰਧਰ ਦੇ ਭੋਗਪੁਰ ‘ਚ ਇੱਕ ਸਰਕਾਰੀ ਪੁਲਿਸ ਵਾਹਨ ਵੱਲੋਂ ਕਈ ਗੱਡੀਆਂ ਨੂੰ ਟੱਕਰ ਮਾਰਨ ਦਾ ਕਥਿਤ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਵਾਹਨ ਨੂੰ ਘੇਰ ਲਿਆ ਤੇ ਮੌਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।
ਇਲਜ਼ਾਮ ਲਗਾਇਆ ਪੁਲਿਸ ਦੇ ਸਰਕਾਰੀ ਵਾਹਨ ਨੇ ਭੋਗਪੁਰ ‘ਚ ਤਿੰਨ-ਚਾਰ ਗੱਡੀਆਂ ਨੂੰ ਟੱਕਰ ਮਾਰੀ। ਟੱਕਰ ਕਾਰਨ ਇੱਕ ਵਾਹਨ ਦਾ ਟਾਇਰ ਵੀ ਫਟਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਉਨ੍ਹਾਂ ਨੇ ਪੁਲਿਸ ਵਾਹਨ ਨੂੰ ਘੇਰ ਲਿਆ।
ਮੌਕੇ ਤੇ ਮੌਜੂਦ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਵਾਹਨ ‘ਚ ਸਵਾਰ ਮੁਲਾਜ਼ਮ ਕਥਿਤ ਤੌਰ ਨਸ਼ੇ ‘ਚ ਸਨ ਅਤੇ ਵਾਹਨ ਨੂੰ ਠੀਕ ਤਰੀਕੇ ਨਾਲ ਕੰਟਰੋਲ ਨਹੀਂ ਕਰ ਪਾ ਰਹੇ ਸਨ। ਹਾਲਾਂਕਿ, ਪੁਲਿਸ ਮੁਲਾਜ਼ਮਾਂ ਦੇ ਨਸ਼ੇ ‘ਚ ਹੋਣ ਸਬੰਧੀ ਇਲਜ਼ਾਮਾਂ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਹੰਗਾਮਾ ਵਧਣ ਤੋਂ ਬਾਅਦ ਸਥਾਨਕ ਲੋਕਾਂ ਨੇ ਸਬੰਧਤ ਥਾਣੇ ਦੇ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ। ਫਿਲਹਾਲ ਪੁਲਿਸ ਵਾਹਨ ਵੱਲੋਂ ਗੱਡੀਆਂ ਨੂੰ ਟੱਕਰ ਮਾਰਨ ਤੇ ਪੁਲਿਸ ਮੁਲਾਜ਼ਮਾਂ ਦੇ ਕਥਿਤ ਤੌਰ ਤੇ ਨਸ਼ੇ ‘ਚ ਹੋਣ ਦੇ ਇਲਜ਼ਾਮਾਂ ਨੂੰ ਲੈ ਕੇ ਪੁਲਿਸ ਦੀ ਜਾਂਚ ਅਤੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।
