📰 10/06/2026
ਪੰਜਾਬ📍 ਪੰਜਾਬ

ਲੰਮੀ ਹੁੰਦੀ ਗਰਮੀ ਦੀ ਰੁੱਤ: ਕੁਦਰਤ ਨਾਲ ਖਿਲਵਾੜ ਦਾ ਖ਼ਮਿਆਜ਼ਾ

ਅਸੀਂ ਧਰਤੀ ਵਾਸੀ ਵਾਤਾਵਰਨ ਦੀ ਤਬਾਹੀ ਕਰ ਕੇ ਆਪਣੀ ਮਨਪਸੰਦ ਦੁਨੀਆ ਸਿਰਜਣ ਦੀ ਕੋਸ਼ਿਸ਼ ਵਿੱਚ ਹਾਂ। ਅਸੀਂ ਸਹਿਜ, ਸਬਰ ਅਤੇ ਸ਼ੁਕਰ ਨੂੰ ਆਪਣੇ ਅੰਦਰੋਂ ਮਨਫ਼ੀ ਕਰ ਦਿੱਤਾ ਹੈ।
ਲੰਮੀ ਹੁੰਦੀ ਗਰਮੀ ਦੀ ਰੁੱਤ: ਕੁਦਰਤ ਨਾਲ ਖਿਲਵਾੜ ਦਾ ਖ਼ਮਿਆਜ਼ਾ

ਅਸੀਂ ਧਰਤੀ ਵਾਸੀ ਵਾਤਾਵਰਨ ਦੀ ਤਬਾਹੀ ਕਰ ਕੇ ਆਪਣੀ ਮਨਪਸੰਦ ਦੁਨੀਆ ਸਿਰਜਣ ਦੀ ਕੋਸ਼ਿਸ਼ ਵਿੱਚ ਹਾਂ। ਅਸੀਂ ਸਹਿਜ, ਸਬਰ ਅਤੇ ਸ਼ੁਕਰ ਨੂੰ ਆਪਣੇ ਅੰਦਰੋਂ ਮਨਫ਼ੀ ਕਰ ਦਿੱਤਾ ਹੈ।

ਬੇਲੋੜੀ ਸਮੱਗਰੀ ਦੇ ਵਾਤਾਵਰਣ ਪੱਖੀ ਢੰਗ ਨਾਲ ਨਿਪਟਾਰੇ ਦੀ ਬਜਾਏ ਉਸ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ। ਹਰ ਅੜਿੱਕੇ ਨੂੰ ਤੇਜ਼ੀ ਨਾਲ ਦੂਰ ਕਰਨ ਅਤੇ ਧਰਤੀ ਹੇਠਲੇ ਖਣਿਜਾਂ ਨੂੰ ਕੱਢਣ ਲਈ ਸ਼ਕਤੀਸ਼ਾਲੀ ਮਸ਼ੀਨਾਂ ਵਰਤੀਆਂ ਜਾ ਰਹੀਆਂ ਹਨ। ਪਹਾੜਾਂ ਨੂੰ ਪੱਧਰੇ ਕਰਨ ਲਈ ਖੁਦਾਈ ਕਰ ਕੇ ਉਨ੍ਹਾਂ ਨੂੰ ਉਡਾਇਆ ਜਾ ਰਿਹਾ ਹੈ। ਅੱਜ ਦੇ ਦੌਰ ਵਿੱਚ ਮਨੁੱਖ ਇਹ ਸਭ ਕੁਝ ਇੰਨਾ ਬੇਲਿਹਾਜ਼ ਹੋ ਕੇ ਕਰ ਰਿਹਾ ਹੈ ਜਿਵੇਂ ਇਹ ਧਰਤੀ ਸਿਰਫ਼ ਉਸ ਦੀ ਮਾਲਕੀ ਹੋਵੇ ਅਤੇ ਇਸ ’ਤੇ ਰਹਿਣ ਦਾ ਦੂਜੇ ਜੀਵਾਂ, ਪਸ਼ੂਆਂ, ਪੰਛੀਆਂ ਅਤੇ ਪਰਿੰਦਿਆਂ ਦਾ ਕੋਈ ਹੱਕ ਨਾ ਹੋਵੇ।

ਪੰਜਾਬ ਦਾ ਔਸਤ ਤਾਪਮਾਨ ਮਈ ਵਿੱਚ ਵੱਧ ਤੋਂ ਵੱਧ 38 ਤੋਂ 42 ਡਿਗਰੀ ਸੈਲਸੀਅਸ ਹੁੰਦਾ ਸੀ। ਇਸੇ ਤਰ੍ਹਾਂ ਜੂਨ ਵਿੱਚ ਤਾਪਮਾਨ 40 ਤੋਂ 43 ਡਿਗਰੀ ਸੈਲਸੀਅਸ ਤੋਂ ਕਦੇ ਨਹੀਂ ਵਧਿਆ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਗਰਮੀ ਦਾ ਰਿਕਾਰਡ ਤੋੜ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਾਰ ਲੁਧਿਆਣਾ ਦਾ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਬਠਿੰਡਾ ਦਾ ਤਾਪਮਾਨ 46.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮਨੁੱਖ ਦੀ ਹੱਦੋਂ ਵੱਧ ਦਖ਼ਲਅੰਦਾਜ਼ੀ ਕੁਦਰਤ ਨੂੰ ਬਰਦਾਸ਼ਤ ਨਹੀਂ ਹੈ। ਇਸ ਦਾ ਖ਼ਮਿਆਜ਼ਾ ਮਨੁੱਖ ਸਮੇਤ ਧਰਤੀ ’ਤੇ ਰਹਿਣ ਵਾਲੀਆਂ ਸਭ ਜੀਵ-ਜਾਤੀਆਂ ਨੂੰ ਭੁਗਤਣਾ ਪੈ ਰਿਹਾ ਹੈ। ਵਾਤਾਵਰਨ ਲਗਾਤਾਰ ਗਰਮ ਹੋ ਰਿਹਾ ਹੈ, ਜਿਸ ਨੇ ਜੰਗਲਾਂ ਨੂੰ ਅੱਗ ਲੱਗਣ ਵਰਗੇ ਪ੍ਰਕੋਪਾਂ ਨੂੰ ਵਧਾ ਦਿੱਤਾ ਹੈ। ਵਾਤਾਵਰਨ ਵਿੱਚ ਵਧੀ ਗਰਮੀ ਕਾਰਨ ਧਰਤੀ ’ਤੇ ਹੀਟ ਵੇਵ (ਲੂ) ਦਾ ਸਮਾਂ ਲੰਮਾ ਹੋ ਰਿਹਾ ਹੈ। ਵਧੀ ਹੀਟ ਵੇਵ ਅਤੇ ਮਨੁੱਖਾਂ ਵੱਲੋਂ ਫੈਲਾਏ ਪ੍ਰਦੂਸ਼ਣ ਕਾਰਨ ਗਰਮੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਸਾਲ ਗਰਮੀ ਦੀ ਰੁੱਤ ਲੰਮੀ ਹੁੰਦੀ ਜਾ ਰਹੀ ਹੈ ਅਤੇ ਸਰਦੀਆਂ ਦਾ ਸਮਾਂ ਸੁੰਗੜਦਾ ਜਾ ਰਿਹਾ ਹੈ।

ਵਧੀ ਹੋਈ ਗਰਮੀ ਕਾਰਨ ਮਨੁੱਖਾਂ ਵਿੱਚ ਗੁਰਦਿਆਂ ਦੀਆਂ ਬਿਮਾਰੀਆਂ, ਦਿਲ ਦੇ ਦੌਰੇ, ਉੱਚ ਬਲੱਡ ਪ੍ਰੈੱਸ਼ਰ, ਸਟਰੋਕ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਬੱਚਿਆਂ ਅਤੇ ਬਜ਼ੁਰਗਾਂ ਉੱਤੇ ਇਸ ਦਾ ਸਭ ਤੋਂ ਵੱਧ ਮਾੜਾ ਅਸਰ ਪੈਂਦਾ ਹੈ। ਜਲਵਾਯੂ ਪਰਿਵਰਤਨ ਨੇ ਗਰਮ ਮੌਸਮ ਰਾਹੀਂ ਮਨੁੱਖੀ ਆਰਥਿਕਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੁਦਰਤੀ ਤਬਦੀਲੀਆਂ ਕਾਰਨ ਕੀਟਾਣੂਆਂ ਅਤੇ ਵਿਸ਼ਾਣੂਆਂ ਦਾ ਪ੍ਰਕੋਪ ਵਧ ਰਿਹਾ ਹੈ, ਜਿਸ ਨਾਲ ਸਿੱਧੇ ਤੌਰ ’ਤੇ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਵਧ ਰਹੀਆਂ ਹਨ। ਵਿਸ਼ਵ ਭਰ ਵਿੱਚ ਵਧਦੀ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦੀ ਦਰ ਵਿੱਚ ਵੀ ਵਾਧਾ ਹੋਣ ਲੱਗਿਆ ਹੈ।

ਪੰਜਾਬ ਵਿੱਚ ਦਿਲ ਦੇ ਦੌਰੇ ਅਤੇ ਸਾਹ/ਛਾਤੀ ਦੇ ਰੋਗਾਂ ਨਾਲ ਵੱਡੀ ਗਿਣਤੀ ਵਿੱਚ ਲੋਕ ਮਰਨ ਲੱਗੇ ਹਨ। ਇਸ ਤਰ੍ਹਾਂ ਜਲਵਾਯੂ ਪਰਿਵਰਤਨ ਅਤੇ ਪ੍ਰਦੂਸ਼ਣ ਹੁਣ ਸਾਡੀ ਜਾਨ ਲਈ ਵੱਡਾ ਖ਼ਤਰਾ ਬਣ ਗਏ ਹਨ। ਤਾਪਮਾਨ ਵਧਣ ਨਾਲ ਜਿੱਥੇ ਫ਼ਸਲੀ ਵਿਭਿੰਨਤਾ ਪ੍ਰਭਾਵਿਤ ਹੋਈ ਹੈ, ਉੱਥੇ ਸਾਡੀਆਂ ਫ਼ਸਲਾਂ ਦਾ ਝਾੜ 15 ਤੋਂ 30 ਫ਼ੀਸਦੀ ਤੱਕ ਘਟ ਗਿਆ ਹੈ। ਜਦੋਂ ਮੌਸਮੀ ਢਾਂਚੇ ਵਿੱਚ ਤਬਦੀਲੀ ਆਉਂਦੀ ਹੈ ਤਾਂ ਫ਼ਸਲ ਨੂੰ ਜਦੋਂ ਮੀਂਹ ਦੀ ਲੋੜ ਹੁੰਦੀ ਹੈ, ਉਸ ਸਮੇਂ ਮੀਂਹ ਨਹੀਂ ਪੈਂਦਾ ਅਤੇ ਜੇਕਰ ਪੈਂਦਾ ਹੈ ਤਾਂ ਬੇਹਿਸਾਬਾ ਪੈਂਦਾ ਹੈ। ਜਦੋਂ ਫ਼ਸਲਾਂ ਨੂੰ ਨਮੀ ਦੀ ਲੋੜ ਹੁੰਦੀ ਹੈ ਤਾਂ ਮੌਸਮ ਖ਼ੁਸ਼ਕ ਹੋ ਜਾਂਦਾ ਹੈ।

ਸਾਲਾਂ ਤੋਂ ਉੱਚੇ ਪਹਾੜੀ ਸਥਾਨਾਂ ’ਤੇ ਜੰਮੀ ਬਰਫ਼ ਪਿਘਲ ਰਹੀ ਹੈ, ਜਿਸ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਘਟ ਰਹੇ ਹਨ। ਇਸ ਨਾਲ ਭਵਿੱਖ ਵਿੱਚ ਭਾਰੀ ਹੜ੍ਹ, ਬੇਮੌਸਮੇ ਮੀਂਹ ਅਤੇ ਕੁਦਰਤੀ ਮੌਸਮੀ ਚੱਕਰ ਵਿੱਚ ਵੱਡੀ ਉਥਲ-ਪੁਥਲ ਹੋ ਸਕਦੀ ਹੈ। ਮੌਸਮੀ ਤਬਦੀਲੀਆਂ ਨਾਲ ਧਰਤੀ ਦਾ ਜਨ-ਜੀਵਨ ਅਤੇ ਜੰਗਲੀ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗੇ ਹਨ। ਸਾਨੂੰ ਸਭ ਨੂੰ ਬੜੀ ਸ਼ਿੱਦਤ ਨਾਲ ਇਹ ਸਮਝਣ ਦੀ ਲੋੜ ਹੈ ਕਿ ਇਹ ਧਰਤੀ ਸਿਰਫ਼ ਮਨੁੱਖ ਦੀ ਮਲਕੀਅਤ ਨਹੀਂ ਹੈ ਸਗੋਂ ਇਸ ’ਤੇ ਰਹਿਣ-ਸਹਿਣ, ਵਧਣ-ਫੁੱਲਣ ਅਤੇ ਵਿਕਾਸ ਕਰਨ ਦਾ ਬਾਕੀ ਜੀਵ-ਜਾਤੀਆਂ, ਪਸ਼ੂਆਂ, ਪਰਿੰਦਿਆਂ, ਰੁੱਖਾਂ, ਜੰਗਲਾਂ ਅਤੇ ਬਨਸਪਤੀ ਨੂੰ ਵੀ ਬਰਾਬਰ ਦਾ ਹੱਕ ਹੈ।

ਇਹ ਧਰਤੀ ਸਾਡੇ ਵਡੇਰਿਆਂ ਵੱਲੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਅਮਾਨਤ ਹੈ। ਊਰਜਾ ਪੈਦਾ ਕਰਨ ਅਤੇ ਇਸ ਦੀ ਖਪਤ ਕਰਨ ਵਾਲੇ ਸਾਧਨਾਂ ਦੀ ਮੰਗ ਨਿਰੰਤਰ ਵਧ ਰਹੀ ਹੈ। ਵਧੀ ਗਰਮੀ ਦੇ ਮੱਦੇਨਜ਼ਰ ਸਾਡੀ ਹਰ ਸਰਗਰਮੀ ਧਰਤੀ ਦੇ ਜਲਵਾਯੂ ਨੂੰ ਧਿਆਨ ਵਿੱਚ ਰੱਖ ਕੇ ਹੋਣੀ ਚਾਹੀਦੀ ਹੈ। ਕੋਲੇ, ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਘਟਾਈ ਜਾਣੀ ਚਾਹੀਦੀ ਹੈ ਅਤੇ ਜਿੱਥੇ ਸੰਭਵ ਹੋਵੇ, ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

ਹੀਟ ਵੇਵ (ਲੂ) ਤੋਂ ਭਾਵ ਅਜਿਹੀ ਸਥਿਤੀ ਤੋਂ ਹੈ ਜਦੋਂ ਤਪਦੀਆਂ ਹਵਾਵਾਂ ਵਗਦੀਆਂ ਹਨ। ਪਹਿਲਾਂ ਇਨ੍ਹਾਂ ਦਾ ਸਮਾਂ ਔਸਤਨ 10 ਤੋਂ 15 ਦਿਨ ਰਿਹਾ ਹੈ, ਪਰ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਇਹ ਦਿਨ ਵਧ ਕੇ 54 ਤੱਕ ਪਹੁੰਚ ਗਏ ਹਨ। ਵਿਸ਼ਵ ਭਰ ਵਿੱਚ ਤਾਪਮਾਨ 1.5 ਡਿਗਰੀ ਸੈਲਸੀਅਸ ਵਧ ਗਿਆ ਹੈ, ਜਿਸ ਨਾਲ ਹੀਟ ਵੇਵ ਦੇ ਦਿਨਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਧਰਤੀ ਦੇ ਅਨਮੋਲ ਸਾਧਨਾਂ ਦੀ ਸੋਚ-ਸਮਝ ਕੇ ਵਰਤੋਂ ਕਰੀਏ। ਦੁਨੀਆ ਭਰ ਦੀਆਂ ਸਰਕਾਰਾਂ ਨੂੰ ਧਰਤੀ ਦੇ ਵਧ ਰਹੇ ਤਾਪਮਾਨ ਪ੍ਰਤੀ ਗੰਭੀਰ ਹੋਣ ਅਤੇ ਲੰਮੇ ਸਮੇਂ ਲਈ ਠੋਸ ਨੀਤੀਆਂ ਬਣਾ ਕੇ ਸਰਗਰਮੀ ਨਾਲ ਕੰਮ ਕਰਨ ਦੀ ਲੋੜ ਹੈ। ਵੱਧ ਤੋਂ ਵੱਧ ਬੂਟੇ ਲਗਾ ਕੇ ਇਸ ਗੰਭੀਰ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਹਾਈਕੋਰਟ ਦਾ ਵੱਡਾ ਫ਼ੈਸਲਾ: ਸੀਐਮ ਮਾਨ ਦੇ ਓਐਸਡੀ ਖ਼ਿਲਾਫ਼ ਐਫਆਈਆਰ ਦੇ ਹੁਕਮ, ਜਾਂਚ ਸੀਬੀਆਈ ਨੂੰਪੜ੍ਹੋ →
ਜਲੰਧਰ ਸ਼ਹਿਰ ਦੇ ਤਿੰਨ ਵੱਡੇ ਹੋਟਲਾਂ ‘ਤੇ ਆਬਕਾਰੀ ਵਿਭਾਗ ਦੀ ਟੀਮ ਨੇ ਮਾਰਿਆ ਛਾਪਾਪੜ੍ਹੋ →
ਡੀ.ਏ. ਮਾਮਲੇ ’ਚ ਹਾਈਕੋਰਟ ਸਖ਼ਤਪੜ੍ਹੋ →
ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦਾ ਵਫ਼ਦ, ਪਾਰਟੀ ਰਜਿਸਟ੍ਰੇਸ਼ਨ ਦਾ ਚੁੱਕਿਆ ਮੁੱਦਾਪੜ੍ਹੋ →
ਡੀਏ ਬਕਾਏ ਮਾਮਲੇ 'ਚ ਮੁੱਖ ਸਕੱਤਰ ਨੂੰ ਦਾ ਨੋਟਿਸ, 9 ਅਕਤੂਬਰ ਨੂੰ ਨਿੱਜੀ ਪੇਸ਼ੀ ਦੇ ਹੁਕਮਪੜ੍ਹੋ →
ਅਸਾਮ ‘ਚ ਤੇਜ਼ ਰਫ਼ਤਾਰ ਕਾਰ ਰੇਲਿੰਗ ਨਾਲ ਟਕਰਾਉਣ ਨਾਲ ਤਿੰਨ ਲੋਕਾਂ ਦੀ ਹੋਈ ਮੌਤਪੜ੍ਹੋ →