ਕੇਂਦਰੀ ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਮਤਾ ਪਾਸ
ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰਨ ਅਤੇ ਪਰਿਵਾਰ ਦੀ ਬਜਾਏ ਰਾਸ਼ਟਰ ਪਹਿਲਾਂ ਦੀ ਰਾਜਨੀਤੀ ਦੀ ਹਮਾਇਤ ਕਰਨ 'ਤੇ ਉਨ੍ਹਾਂ ਦੀ ਪ੍ਰਸ਼ੰਸਾ ਵਿੱਚ ਇੱਕ ਮਤਾ ਪਾਸ ਕੀਤਾ।
ਆਕਾਸ਼ਵਾਣੀ ਭਵਨ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ, ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਧਰਨੇ 'ਤੇ ਬੈਠੇ ਹਨ, ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਤੇ ਵਿੱਚ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਜਰਾਤ ਵਿੱਚ ਅਤੇ ਫਿਰ ਭਾਰਤ ਦੇ ਪੀਐੱਮ ਵਜੋਂ ਸਰਕਾਰ ਦੇ ਮੁਖੀ ਵਜੋਂ ਇਤਿਹਾਸਕ 25 ਸਾਲਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤੀ ਗਈ।
ਵੈਸ਼ਨਵ ਨੇ ਕਿਹਾ ਕਿ ਪੀਐੱਮ ਦਾ ਸ਼ਾਸਨ ਭਾਰਤੀ ਲੋਕਤੰਤਰ ਦੀ ਪਰਿਪੱਕਤਾ ਦਾ ਸੰਕੇਤ ਹੈ ਅਤੇ ਲੋਕਾਂ ਦੁਆਰਾਂ ਉਨ੍ਹਾਂ ਨੂੰ ਵਾਰ-ਵਾਰ ਮਿਲਿਆ ਜਨ-ਫਤਵਾ ਉਨ੍ਹਾਂ ਦੇ ਪੱਕੇ ਵਿਸ਼ਵਾਸ ਦਾ ਸੰਕੇਤ ਹੈ।
"ਨਰਿੰਦਰ ਮੋਦੀ ਦਾ 25 ਸਾਲਾਂ ਦਾ ਸੇਵਾ ਰਿਕਾਰਡ ਜੀਵਤ ਭਾਰਤੀ ਲੋਕਤੰਤਰ ਦਾ ਸੰਕੇਤ ਹੈ ਜਿੱਥੇ ਇੱਕ ਮਾਮੂਲੀ ਪਿਛੋਕੜ ਵਾਲਾ ਵਿਅਕਤੀ ਉੱਠ ਕੇ ਪ੍ਰਧਾਨ ਮੰਤਰੀ ਬਣਿਆ।" ਉਨ੍ਹਾਂ ਅੱਗੇ ਕਿਹਾ ਕਿ ਦਸ ਨੁਕਤਿਆਂ ਵਾਲੇ ਮਤੇ ਵਿੱਚ ਕੋਵਿਡ ਅਤੇ ਪੱਛਮੀ ਏਸ਼ੀਆ ਯੁੱਧ ਵਰਗੇ ਵਿਸ਼ਵਵਿਆਪੀ ਸੰਕਟਾਂ ਦੌਰਾਨ ਫ਼ੈਸਲਾਕੁਨ ਲੀਡਰਸ਼ਿਪ, ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸੁਧਾਰਾਂ ਨੂੰ ਹੁਣ ਦੇਣ ਤੋਂ ਇਲਾਵਾ ਭਾਰਤ ਦੇ ਸਵੈ-ਮਾਣ ਅਤੇ ਆਤਮਨਿਰਭਰਤਾ ਨੂੰ ਉੱਚਾ ਚੁੱਕਣ ਲਈ ਪੀਐੱਮ ਮੋਦੀ ਦੀ ਸ਼ਲਾਘਾ ਕੀਤੀ ਗਈ ਹੈ।
ਵੈਸ਼ਨਵ ਨੇ ਕਿਹਾ ਕਿ ਮਤੇ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਕਿਵੇਂ ਪੀਐੱਮ ਮੋਦੀ ਨੇ ਰਾਜਨੀਤੀ ਵਿੱਚ ਰਾਸ਼ਟਰ ਪਹਿਲਾਂ ਦੀ ਪਹੁੰਚ ਨੂੰ ਅਪਣਾਇਆ ਜਦੋਂ ਕਿ ਪਿਛਲੀਆਂ ਸਰਕਾਰਾਂ ਪਰਿਵਾਰ ਪਹਿਲਾਂ ਦੀ ਪਹੁੰਚ ਅਪਣਾ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰ ਰਹੇ ਹਨ।
