ਕਾਂਗਰਸ ਪਾਰਟੀ ਨੇ ਸੂਬਾ ਸੰਗਠਨ ‘ਚ ਕੀਤਾ ਵੱਡਾ ਫੇਰਬਦਲ

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਸੂਬਾ ਸੰਗਠਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਕਾਂਗਰਸ ਨੇ ਅਰਾਧਨਾ ਮਿਸ਼ਰਾ ‘ਮੋਨਾ’ ਨੂੰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਸਹਾਰਨਪੁਰ ਤੋਂ ਸੀਨੀਅਰ ਨੇਤਾ ਇਮਰਾਨ ਮਸੂਦ ਨੂੰ ਪ੍ਰਦੇਸ਼ ਦਾ ਨਵਾਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਸਾਰੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਜੇ ਰਾਏ 17 ਅਗਸਤ 2023 ਤੋਂ ਯੂਪੀ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਸੰਗਠਨਾਤਮਕ ਫੇਰਬਦਲ ਦੇ ਹਿੱਸੇ ਵਜੋਂ, ਪਾਰਟੀ ਨੇ ਆਲੋਕ ਪ੍ਰਸਾਦ ਅਤੇ ਦੇਵੇਂਦਰ ਨਿਸ਼ਾਦ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਵਿਧਾਇਕ ਦਲ ਦੇ ਨਵੇਂ ਆਗੂ ਵਜੋਂ ਚੌਧਰੀ ਵਰਿੰਦਰ ਸਿੰਘ ਦੀ ਨਿਯੁਕਤੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਅਰਾਧਨਾ ਮਿਸ਼ਰਾ ‘ਮੋਨਾ’ ਖੁਦ ਸੰਭਾਲ ਰਹੇ ਸਨ।
ਅਰਾਧਨਾ ਮਿਸ਼ਰਾ ‘ਮੋਨਾ’ ਇਸ ਸਮੇਂ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਰਾਮਪੁਰ ਖਾਸ ਵਿਧਾਨ ਸਭਾ ਸੀਟ ਤੋਂ ਤਿੰਨ ਵਾਰ ਵਿਧਾਇਕ ਹਨ। ਉਹ ਪਹਿਲੀ ਵਾਰ 2014 ਦੀਆਂ ਉਪ ਚੋਣਾਂ ਵਿੱਚ ਵਿਧਾਇਕ ਚੁਣੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜਿੱਤ ਦਰਜ ਕੀਤੀ ਸੀ। ਅਰਾਧਨਾ ਮਿਸ਼ਰਾ ਸੀਨੀਅਰ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਮੋਦ ਤਿਵਾਰੀ ਦੀ ਬੇਟੀ ਹੈ। ਤਿਵਾੜੀ ਪਰਿਵਾਰ ਦਾ ਰਾਮਪੁਰ ਖਾਸ ਸੀਟ ‘ਤੇ ਲੰਬੇ ਸਮੇਂ ਤੋਂ ਦਬਦਬਾ ਰਿਹਾ ਹੈ, ਜਿੱਥੋਂ ਪ੍ਰਮੋਦ ਤਿਵਾੜੀ ਖੁਦ 9 ਵਾਰ ਵਿਧਾਇਕ ਰਹਿ ਚੁੱਕੇ ਹਨ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਾਜ ਦੀ ਰਾਜਨੀਤੀ ਵਿੱਚ ਸਰਗਰਮ ਰਹਿਣ ਵਾਲੀ ਅਰਾਧਨਾ ਮਿਸ਼ਰਾ ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਹੈ।
