ਮੰਗਵੇਂ ਸਾਈਕਲ ਦਾ ਪੁਆੜਾ
ਗੱਲ 1981 ਦੀ ਹੈ ਜਦੋਂ ਮੈਂ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸਧਾਰ ਤੋਂ ਬੀ ਐੱਡ ਪਾਸ ਕਰਕੇ ਲੁਧਿਆਣਾ ’ਚ ਲੂੰਬਾ ਟੈਲੀਵਿਜ਼ਨ ਟਰੇਨਿੰਗ ਇੰਸਟੀਚਿਊਟ ਤੋਂ 6 ਮਹੀਨਿਆਂ ਦਾ ਕੋਰਸ ਕਰਨ ਲੱਗਾ।
ਮੈਂ ਲੁਧਿਆਣਾ ਬੱਸ ਅੱਡੇ ਨੇੜੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸਾਂ। ਮੇਰਾ ਦੋਸਤ ਜਸਵਿੰਦਰ ਸਿੰਘ ਗਿੱਲ, ਖੇਤੀਬਾੜੀ ਯੂਨੀਵਰਸਿਟੀ ਵਿੱਚ ਐੱਮ ਐੱਸ ਸੀ ਦੀ ਪੜ੍ਹਾਈ ਕਰ ਰਿਹਾ ਸੀ। ਇੱਕ ਦਿਨ ਮੈਂ ਆਪਣੇ ਦੋਸਤ ਨੂੰ ਖੇਤੀਬਾੜੀ ਯੂਨੀਵਰਸਿਟੀ ਵਿੱਚ ਮਿਲਣ ਜਾਣ ਲਈ, ਮੇਰੇ ਨਾਲ ਰਹਿੰਦੇ ਲੜਕੇ ਤੋਂ ਸਾਈਕਲ ਮੰਗ ਕੇ ਲੈ ਗਿਆ। ਜਦੋਂ ਮੈਂ ਯੂਨੀਵਰਸਿਟੀ ਪਹੁੰਚਿਆ ਤਾਂ ਇੱਕ ਚੌਕ ’ਤੇ ਖਲੋਤੇ ਨੌਜਵਾਨ ਨੇ ਮੈਨੂੰ ਰੋਕ ਕੇ ਪੁੱਛਿਆ, ‘‘ਇਹ ਸਾਈਕਲ ਤੇਰਾ ਹੈ’’ ਤਾਂ ਮੇਰੇ ਮੂੰਹੋਂ ਸੁਭਾਵਿਕ ਹੀ ‘ਹਾਂ’ ਕਹਿ ਹੋ ਗਿਆ। ਉਸ ਨੇ ਮੈਨੂੰ ਕਿਹਾ ਕਿ ਆਪਣਾ ਸਾਈਕਲ ਮੇਰੇ ਨਾਲ ਥਾਣੇ ਲੈ ਕੇ ਚੱਲ। ਕਾਰਨ ਇਹ ਸੀ ਕਿ ਕੁਝ ਚਿਰ ਪਹਿਲਾਂ ਉਸਦਾ ਸਾਈਕਲ ਚੋਰੀ ਹੋ ਗਿਆ ਸੀ ਤੇ ਉਸ ਨੇ ਆਪਣਾ ਸਾਈਕਲ ਪਛਾਣ ਲਿਆ ਸੀ। ਮੈਂ ਉਸ ਨੂੰ ਅਸਲੀਅਤ ਦੱਸੀ ਕਿ ਇਹ ਸਾਈਕਲ ਮੈਂ ਕਿਸੇ ਲੜਕੇ ਤੋਂ ਮੰਗ ਕੇ ਲਿਆਇਆ ਹਾਂ। ਪਰ ਉਹ ਮੇਰੀ ਗੱਲ ਸੁਣ ਹੀ ਨਹੀਂ ਰਿਹਾ ਸੀ ਅਤੇ ਥਾਣੇ ਚੱਲਣ ਲਈ ਜ਼ੋਰ ਪਾ ਰਿਹਾ ਸੀ। ਉਹ ਨੌਜਵਾਨ ਮੇਰੇ ਨਾਲੋਂ ਸਰੀਰਕ ਤੌਰ ’ਤੇ ਤਕੜਾ ਸੀ। ਮੇਰੇ ਇਹ ਕਹਿਣ ’ਤੇ ਕਿ ਮੈਂ ਤੈਨੂੰ ਉਸ ਲੜਕੇ ਦੀ ਬਾਂਹ ਫੜਾ ਦਿਆਂਗਾ ਤਾਂ ਉਹ ਮੇਰੇ ਨਾਲ ਚੱਲਣ ਲਈ ਸਹਿਮਤ ਹੋ ਗਿਆ। ਮੈਂ ਸਾਈਕਲ ’ਤੇ ਉਸ ਦੇ ਅੱਗੇ-ਅੱਗੇ ਚੱਲਦਾ ਹੋਇਆ ਆਰਤੀ ਸਿਨੇਮਾ ਦੇ ਸਾਹਮਣੇ ਉਸ ਦੁਕਾਨ ’ਤੇ ਪਹੁੰਚਿਆ, ਜਿੱਥੇ ਸਾਈਕਲ ਦਾ ਮਾਲਕ ਲੜਕਾ ਆਪਣੀ ਟੈਲੀਵਿਜ਼ਨ ਟਰੇਨਿੰਗ ਤੋਂ ਬਾਅਦ ਕੰਮ ਕਰਦਾ ਸੀ। ਮੈਂ ਸਾਈਕਲ ਨੂੰ ਸਟੈਂਡ ਅਤੇ ਜਿੰਦਰਾ ਲਾ ਕੇ ਦੁਕਾਨ ਦੇ ਅੰਦਰ ਬੈਠੇ ਦੁਕਾਨ ਦੇ ਮਾਲਕ ਨੂੰ ਉਸ ਲੜਕੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਿਆ ਕਿ ਹੁਣੇ ਆ ਜਾਂਦਾ ਹੈ। ਮੈਂ ਸਾਈਕਲ ਦੀ ਚਾਬੀ ਮਾਲਕ ਨੂੰ ਫੜਾਈ ਅਤੇ ਦੱਸਿਆ ਕਿ ਮੈਂ ਉਸ ਤੋਂ ਸਾਈਕਲ ਮੰਗ ਕੇ ਲੈ ਗਿਆ ਸੀ। ਸਾਈਕਲ ਦੇ ਅਸਲੀ ਮਾਲਕ ਨੂੰ ਮੈਂ ਕਿਹਾ ਕਿ ਭਾਈ ਤੂੰ ਆਪਣੇ ਸਾਈਕਲ ਕੋਲ ਬੈਠ, ਇਸਦਾ ਨਕਲੀ ਮਾਲਕ ਹੁਣੇ ਆ ਜਾਂਦਾ ਹੈ ਫਿਰ ਉਸ ਨਾਲ ਜੋ ਮਰਜ਼ੀ ਵਰਤਾਅ ਕਰੀਂ। ਇਸ ਤਰ੍ਹਾਂ ਮੈਨੂੰ ਅਚਨਚੇਤ ਆਈ ਬਿਪਤਾ ਤੋਂ ਨਿਜਾਤ ਮਿਲੀ। ਉਸ ਦਿਨ ਮੈਂ ਸਹੁੰ ਪਾ ਲਈ ਕਿ ਜੇਕਰ ਕੋਈ ਚੀਜ਼ ਮੰਗਵੀਂ ਲਿਜਾਣੀ ਹੋਵੇ ਤਾਂ ਭਰੋਸੇਯੋਗ ਵਿਅਕਤੀ ਤੋਂ ਲਓ।
