ਸੱਭਿਆਚਾਰਕ ਗੀਤਾਂ ਦਾ ਰਚੇਤਾ ਗਾਮੀ ਸੰਗਤਪੁਰੀਆ
ਸੱਭਿਆਚਾਰਕ ਤੇ ਚੁਲਬੁਲੇ ਗੀਤ ਲਿਖਣ ਵਾਲੇ ਗਾਮੀ ਸੰਗਤਪੁਰੀਏ ਦੀ ਗੀਤਕਾਰੀ ਵਿੱਚ ਵੱਖਰੀ ਪਛਾਣ ਹੈ। ਤਵਿਆਂ ਦੇ ਯੁੱਗ ਤੋਂ ਲੈ ਕੇ ਕੈਸੇਟ ਕਲਚਰ ਤੱਕ ਉਸ ਦੇ ਸੈਂਕੜੇ ਗੀਤ ਰਿਕਾਰਡ ਹੋਏ ਹਨ।
ਲੁਧਿਆਣਾ-ਚੰਡੀਗੜ੍ਹ ਮਾਰਗ ’ਤੇ ਸਮਰਾਲੇ ਕੋਲ ਉਹਦਾ ਪਿੰਡ ਸੰਗਤਪੁਰਾ ਹੈ। ਸਕੂਲ, ਕਾਲਜ ਦੇ ਦਿਨਾਂ ਵਿੱਚ ਉਹ ਬਾਬੂ ਸਿੰਘ ਮਾਨ ਦੇ ਗੀਤ ਬੜੀ ਸ਼ਿੱਦਤ ਨਾਲ ਸੁਣਦਾ ਰਹਿੰਦਾ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਗੀਤ ਲਿਖਣ ਲੱਗ ਪਿਆ। ਗਾਮੀ ਦੇ ਇਲਾਕੇ ਦੇ ਹੀ ਇੱਕ ਕਲਾਕਾਰ ਰੱਬੀ ਬੈਰਪੁਰੀਆ ਦੇ ਡਰਾਮੇ ਪਿੰਡਾਂ ਵਿੱਚ ਕਾਫ਼ੀ ਪ੍ਰਚੱਲਿਤ ਸਨ। ਇਨ੍ਹਾਂ ਡਰਾਮਿਆਂ ਵਿੱਚ ਗਾਮੀ ਦੇ ਲਿਖੇ ਗੀਤ ਅਕਸਰ ਗਾਏ ਜਾਂਦੇ ਸਨ। ਜਦੋਂ ਗਾਮੀ ਲੁਧਿਆਣੇ ਕਾਲਜ ਵਿੱਚ ਦਾਖਲ ਹੋਇਆ ਤਾਂ ਬੱਸ ਅੱਡੇ ਮੂਹਰੇ ਪੱਗਾਂ ਰੰਗਦੇ ਮਿਰਜ਼ਾ ਸੰਗੋਵਾਲੀਆ ਨਾਲ ਉਸ ਦਾ ਮੇਲ ਹੋਇਆ ਤਾਂ ਗਾਮੀ ਨੇ ਵੀ ਆਪਣੇ ਗੀਤ ਉਸ ਨੂੰ ਵਿਖਾਏ। ਇਸ ਵਕਤ ਮਿਰਜ਼ੇ ਦੇ ਕਾਫ਼ੀ ਗੀਤ ਰਿਕਾਰਡ ਹੋ ਚੁੱਕੇ ਸਨ।
ਗੀਤ ਵੇਖ ਕੇ ਮਿਰਜ਼ੇ ਨੇ ਕਿਹਾ, ‘‘ਮੇਰੇ ਕੋਲ ਦੀਦਾਰ ਸੰਧੂ ਆਉਂਦਾ ਰਹਿੰਦਾ ਹੈ। ਮੈਂ ਉਸ ਨਾਲ ਗੱਲ ਕਰਾਂਗਾ।’’ ਇਸ ਤਰ੍ਹਾਂ ਗਾਮੀ ਦਾ ਮੇਲ ਦੀਦਾਰ ਸੰਧੂ ਨਾਲ ਹੋਇਆ। ਗਾਮੀ ਕਾਲਜ ਘੱਟ ਜਾਂਦਾ ਤੇ ਦੀਦਾਰ ਸੰਧੂ ਨਾਲ ਪ੍ਰੋਗਰਾਮਾਂ ’ਤੇ ਵੱਧ। ਜਦੋਂ ਕਦੇ ਸਮਾਂ ਮਿਲਦਾ ਤਾਂ ਇੱਕ-ਅੱਧਾ ਗੀਤ ਵੀ ਗਾ ਲੈਂਦਾ। ਲਗਭਗ ਇੱਕ ਸਾਲ ਉਹ ਦੀਦਾਰ ਕੋਲ ਰਿਹਾ। ਇਸੇ ਦੌਰਾਨ ਉਸ ਨੇ ਦੀਦਾਰ ਸੰਧੂ ਨੂੰ ਉਸਤਾਦ ਧਾਰ ਕੇ ਗਾਇਕੀ ਤੇ ਗੀਤਕਾਰੀ ਦੀਆਂ ਬਾਰੀਕੀਆਂ ਨੂੰ ਸਮਝਿਆ। ਦੀਦਾਰ ਸੰਧੂ ਕੋਲ ਕਰਨੈਲ ਗਿੱਲ ਅਕਸਰ ਆਉਂਦਾ ਰਹਿੰਦਾ ਸੀ। ਦੀਦਾਰ ਤੋਂ ਗੀਤ ਲੈਣ ਲਈ ਆਇਆ ਤਾਂ ਉਸ ਨੇ ਕਿਹਾ, ‘‘ਆਹ ਨਵਾਂ ਮੁੰਡਾ ਬਹੁਤ ਵਧੀਆ ਲਿਖਦਾ ਹੈ।’’ ਗਾਮੀ ਦੇ ਕੁਝ ਗੀਤ ਗਿੱਲ ਨੂੰ ਫਿੱਟ ਨਾ ਆਏ ਤੇ ਕੋਈ ਚੰਗਾ ਗੀਤ ਲਿਖਣ ਲਈ ਕਿਹਾ ਕਿਉਂਕਿ ਕਰਨੈਲ ਗਿੱਲ ਦੀ ਰਿਕਾਰਡਿੰਗ ਦੀ ਤਾਰੀਕ ਨੇੜੇ ਸੀ। ਗਾਮੀ ਨੇ ਰਾਤੋ-ਰਾਤ ਇੱਕ ਨਵਾਂ ਗੀਤ ਲਿਖ ਕੇ ਗਿੱਲ ਨੂੰ ਦੇ ਦਿੱਤਾ। ਦੋ ਕੁ ਹਫ਼ਤਿਆਂ ਵਿੱਚ ਇਹ ਗੀਤ ਰਿਕਾਰਡ ਹੋ ਕੇ ਮਾਰਕੀਟ ਵਿੱਚ ਆ ਗਿਆ ਤੇ ਇਹ ਤਵਾ ਖ਼ੂਬ ਵੱਜਿਆ। ਕਰਨੈਲ ਗਿੱਲ ਤੇ ਨਰਿੰਦਰ ਬੀਬਾ ਦੇ ਇਸ ਰਿਕਾਰਡ ਗੀਤ ਦੇ ਬੋਲ ਸਨ ‘ਲੱਡੂ ਖਾ ਕੇ ਤੁਰਦੀ ਬਣੀ।’
ਇਸ ਪਹਿਲੇ ਗੀਤ ਨਾਲ ਹੀ ਹੋਰ ਗਾਇਕ ਵੀ ਗਾਮੀ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਏ। ਫਿਰ ਮੁਹੰਮਦ ਸਦੀਕ ਨਾਲ ਸੰਪਰਕ ਹੋ ਗਿਆ ਤਾਂ ਉਨ੍ਹਾਂ ਨੇ ਗਾਮੀ ਦੇ ਕਾਫ਼ੀ ਗੀਤ ਰਿਕਾਰਡ ਕਰਵਾਏ। ਇਹ ਗੀਤ ਪਿੰਡਾਂ ਦੇ ਬਨੇਰਿਆਂ ’ਤੇ ਖ਼ੂਬ ਵੱਜੇ। ਸਾਰੇ ਗੀਤਾਂ ਦੀਆਂ ਤਰਜ਼ਾਂ ਇੱਕ-ਦੂਜੇ ਤੋਂ ਪਿਆਰੀਆਂ, ਦਿਲ ਨੂੰ ਟੁੰਬਣ ਵਾਲੀਆਂ ਸਨ। ਰਣਜੀਤ ਕੌਰ ਤੋਂ ਇਲਾਵਾ ਗਾਮੀ ਦੇ ਲਿਖੇ ਗੀਤਾਂ ਨੂੰ ਕਰਨੈਲ ਗਿੱਲ, ਬਿੰਦਾ ਕਲਾਲਮਾਜਰਾ ਤੇ ਹੋਰ ਕਈ ਗਾਇਕ ਜੋੜੀਆਂ ਨੇ ਰਿਕਾਰਡ ਕਰਵਾਇਆ ਹੈ।
ਗਾਮੀ ਦੇ ਉਨ੍ਹਾਂ ਗੀਤਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨੇ ਕਾਫ਼ੀ ਮਕਬੂਲੀਅਤ ਖੱਟੀ ਹੈ: ‘ਸੁੰਨੀ ਨਾ ਛੱਡਿਆ ਕਰ ਵੇ’, ‘ਮੁੰਡਾ ਨਿੱਤ ਪੁੱਛਦਾ ਏ ਮੇਰਾ ਹਾਲ ਕੁੜੇ’, ‘ਅੱਖ ਮਾਰ ਸੁਰਮਾ ਖਿੰਡਾਅ ਲਿਆ’ (ਮੁਹੰਮਦ ਸਦੀਕ/ਰਣਜੀਤ ਕੌਰ), ‘ਮਾਂ ਮੇਰੀ ਨੂੰ ਮਿਲਣ ਵਧਾਈਆਂ ਸੋਹਣਾ ਬੜਾ ਜਵਾਈ’ (ਸੁਰਿੰਦਰ ਛਿੰਦਾ/ਗੁਲਸ਼ਨ ਕੋਮਲ), ‘ਕਿੱਥੋਂ ਕੋਰਸ ਕਰਿਆ ਵੇ’ (ਕਰਤਾਰ ਰਮਲਾ/ਸੁਖਵੰਤ ਸੁੱਖੀ), ‘ਲੱਡੂ ਖਾ ਕੇ ਤੁਰਦੀ ਬਣੀ’ (ਕਰਨੈਲ ਗਿੱਲ/ਨਰਿੰਦਰ ਬੀਬਾ), ‘ਜੇ ਤੂੰ ਆਪ ਨੂੰ ਸ਼ੌਕੀਨ ਕਹਾਵੇ, ਮੈਂ ਵੀ ਕਿਹੜਾ ਘੱਟ ਮਿੱਤਰਾ’, ‘ਤੀਆਂ ਵਾਂਗੂੰ ਲੰਘਦੇ ਨੇ ਦਿਨ ਮਿੱਤਰਾ’ (ਕਰਨੈਲ ਗਿੱਲ/ਪ੍ਰੀਤੀ ਬਾਲਾ), ‘ਜੁੱਤੀ ਟੁੱਟਗੀ ਮਗਰ ਤੇਰੇ ਫਿਰਦੇ ਦੀ’ (ਕਰਨੈਲ ਗਿੱਲ/ਸਨੇਹ ਲਤਾ), ‘ਜੱਟੀ ਸੈਰ ਨੂੰ ਚੱਲੀ’ (ਕਰਨੈਲ ਗਿੱਲ/ਸੁਰਿੰਦਰ ਕੌਰ), ‘ਨੱਚਣੇ ਨੂੰ ਜੀਅ ਕਰਦਾ’ ਅਤੇ ‘ਮੈਂ ਕਾਲਜ ’ਚ ਪੜ੍ਹਦੀ’ (ਸਰਦੂਲ ਸਿਕੰਦਰ/ਅਮਰ ਨੂਰੀ) ਆਦਿ।
ਗਾਮੀ ਨੂੰ ਜਿੰਨੀ ਸ਼ੁਹਰਤ ਗੀਤਕਾਰੀ ਵਿੱਚ ਮਿਲੀ ਹੈ, ਓਨੀ ਗਾਇਕੀ ਵਿੱਚ ਨਹੀਂ। ਉਸ ਦਾ ਪਹਿਲਾ ਈ.ਪੀ. ਤਵਾ ਅਨੀਤਾ ਸਮਾਣਾ ਨਾਲ ‘ਐਬੀ ਹੋ ਗਿਆ ਰਕਾਨੇ’ ਮਾਰਕੀਟ ਵਿੱਚ ਆਇਆ ਸੀ। ਇਸ ਤਵੇ ਵਿੱਚ ਦੋ ਗੀਤ ਸੁਖਦੇਵ ਸਫਰੀ ਦੇ ਰਿਕਾਰਡ ਸਨ। ਇੱਕ ਹੋਰ ਰਿਕਾਰਡ ‘ਫੜੀਂ ਬੇਬੇ ਟੁੱਕ ਮੁੰਡਾ ਵੇਖ ਲੈਣਦੇ’ ਵੀ ਆਇਆ। ਬਾਅਦ ਵਿੱਚ ਇਸ ਗੀਤ ਨੂੰ ਕਾਫ਼ੀ ਗਾਇਕ ਜੋੜੀਆਂ ਨੇ ਸਟੇਜਾਂ ’ਤੇ ਬਹੁਤ ਗਾਇਆ। ਦਿੱਲੀ ਦੀ ਸੁਰੀਲੀ ਗਾਇਕਾ ਚੰਦਾ ਬਸੰਤ ਨਾਲ ਗਾਮੀ ਦੀ ਇੱਕ ਪੂਰੀ ਕੈਸੇਟ ‘ਗੀਤਾਂ ਭਰੀ ਕਹਾਣੀ’ ਵੀ ਰਿਕਾਰਡ ਹੋਈ ਹੈ। ਗਾਮੀ ਨੇ ਸਨੇਹ ਲਤਾ, ਸੁਖਵੰਤ ਸੁੱਖੀ, ਰਣਜੀਤ ਕੌਰ, ਹਰਨੀਤ ਨੀਤੂ, ਦਲਜੀਤ ਕੌਰ ਤੇ ਕਈ ਨਵੀਆਂ ਗਾਇਕਾਵਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਹਨ। ਅਨੇਕਾਂ ਸੰਸਥਾਵਾਂ ਉਸ ਦਾ ਮਾਣ ਸਨਮਾਨ ਕਰ ਚੁੱਕੀਆਂ ਹਨ।
ਨਵੇਂ ਗਾਇਕਾਂ ਤੇ ਗੀਤਕਾਰਾਂ ਬਾਰੇ ਗਾਮੀ ਦਾ ਕਹਿਣਾ ਹੈ, ‘‘ਬਹੁਤੇ ਗਾਇਕ ਤੇ ਗੀਤਕਾਰ ਪੁਰਾਣੇ ਗੀਤਾਂ ਦੀ ਭੰਨ ਤੋੜ ਕਰੀ ਜਾ ਰਹੇ ਹਨ। ਮੁਹੰਮਦ ਸਦੀਕ, ਦੀਦਾਰ ਸੰਧੂ ਤੇ ਚਮਕੀਲੇ ਦੀਆਂ ਕੰਪੋਜੀਸ਼ਨਾਂ ’ਤੇ ਗੀਤ ਲਿਖੇ ਤੇ ਗਾਏ ਜਾ ਰਹੇ ਹਨ। ਜਿਹੜਾ ਕਲਾਕਾਰ ਕੰਪੋਜੀਸ਼ਨ ਹੀ ਤਿਆਰ ਨਹੀਂ ਕਰ ਸਕਦਾ, ਉਹ ਹੋਰ ਕੀ ਕਰੇਗਾ। ਇਹੋ ਕਾਰਨ ਹੈ ਕਿ ਅਜੋਕੇ ਗੀਤਾਂ ਦੀ ਉਮਰ ਦਹਾਕਿਆਂ ’ਚ ਨਹੀਂ, ਸਗੋਂ ਮਹੀਨਿਆਂ ’ਚ ਹੀ ਖ਼ਤਮ ਹੋ ਜਾਂਦੀ ਹੈ।’’ ਗਾਮੀ ਨੇ ਕੁਝ ਸਮਾਂ ਕੋਆਪ੍ਰੇਟਿਵ ਸੁਸਾਇਟੀ ਵਿੱਚ ਨੌਕਰੀ ਵੀ ਕੀਤੀ ਹੈ, ਪਰ ਗਾਉਣ ਤੇ ਲਿਖਣ ਦੀ ਚੇਟਕ ਕਾਰਨ, ਉਸ ਨੇ ਨੌਕਰੀ ਛੱਡ ਲੁਧਿਆਣੇ ਵਿੱਚ ਆਪਣਾ ਦਫ਼ਤਰ ਖੋਲ੍ਹ ਲਿਆ ਸੀ। ਉਹ ਦਸ ਸਾਲ ਪਿੰਡ ਦਾ ਪੰਚ ਤੇ ਦਸ ਸਾਲ ਬਲਾਕ ਸੰਮਤੀ ਦਾ ਮੈਂਬਰ ਰਿਹਾ ਹੈ। ਜਲੰਧਰ ਦੂਰਦਰਸ਼ਨ ਤੋਂ ਗਾਮੀ ਇੱਕ ਪ੍ਰੋਗਰਾਮ ‘ਢੋਲ ਬੀਟ’ ਚਲਾਉਂਦਾ ਹੈ ਤੇ ਯੂ.ਐੱਸ.ਏ. ਤੋਂ ਚੱਲਦੇ ‘ਰੇਡੀਓ ਪੰਜਾਬ’ ਲਈ ਹੋਸਟ ਦਾ ਕੰਮ ਕਰਦਾ ਹੈ। ਪੰਜਾਬੀ ਦਾ ਇਹ ਗੀਤਕਾਰ ਸੁਰਿੰਦਰ ਕੌਰ ਨਾਲ ਵਿਆਹਿਆ ਹੋਇਆ ਹੈ। ਵੱਡਾ ਹਰਪ੍ਰੀਤ ਸਿੰਘ ਤੇ ਛੋਟਾ ਪਰਮਜੀਤ ਸਿੰਘ ਪੰਮਾ ਗਾਉਣ ਦਾ ਸ਼ੌਕ ਰੱਖਦਾ ਹੈ।
