ਆਗਰਾ ‘ਚ ਕੰਟੇਨਰ ਤੇ ਡੰਪਰ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ , ਦੋ ਦੀ ਮੌਤ

ਆਗਰਾ: ਆਗਰਾ ‘ਚ ਅੱਜ ਸਵੇਰੇ ਇਕ ਕੰਟੇਨਰ ਅਤੇ ਡੰਪਰ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਦੋਹਾਂ ਵਾਹਨਾਂ ‘ਚ ਅੱਗ ਲੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਮੁਤਾਬਕ ਹਾਦਸਾ ਸਵੇਰੇ ਕਰੀਬ 6 ਵਜੇ ਖੰਡੌਲੀ ਥਾਣਾ ਖੇਤਰ ‘ਚ ਆਗਰਾ-ਅਲੀਗੜ੍ਹ ਹਾਈਵੇ ‘ਤੇ ਸ਼ਾਂਤੀ ਹਸਪਤਾਲ ਨੇੜੇ ਉਸ ਸਮੇਂ ਵਾਪਰਿਆ ਜਦੋਂ ਕੰਟੇਨਰ ਅਤੇ ਡੰਪਰ ਦੀ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਡੰਪਰ ਚਾਲਕ ਆਕਾਸ਼ (40) ਅਤੇ ਹੈਲਪਰ ਕਰੂਆ (35) ਅੱਗ ਦੀ ਲਪੇਟ ਵਿੱਚ ਆ ਗਏ ਅਤੇ ਦੋਵੇਂ ਝੁਲਸਣ ਕਾਰਨ ਦਮ ਤੋੜ ਗਏ। ਵਧੀਕ ਪੁਲਿਸ ਕਮਿਸ਼ਨਰ ਦੇਵੇਸ਼ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੰਟੇਨਰ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਅਤੇ ਇੱਕ ਮੋਟਰਸਾਈਕਲ ਸਵਾਰ ਵੀ ਜ਼ਖ਼ਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੁਮਾਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਹਾਦਸੇ ਕਾਰਨ ਹਾਈਵੇਅ ‘ਤੇ ਜਾਮ ਲੱਗ ਗਿਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਨੁਕਸਾਨੇ ਗਏ ਦੋਵੇਂ ਵਾਹਨਾਂ ਨੂੰ ਹਟਾ ਕੇ ਆਵਾਜਾਈ ਬਹਾਲ ਕੀਤੀ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
