📰 10/03/2026
ਮਨੋਰੰਜਨ📍 ਪੰਜਾਬ

ਤੂੰਬੇ-ਅਲਗੋਜ਼ੇ ਦੀ ਗਾਇਕੀ ਦਾ ਵਾਰਿਸ: ਨੇਕ ਖਾਂ

ਅਜੋਕੇ ਸਮੇਂ ਦੌਰਾਨ ਪੰਜਾਬੀ ਲੋਕ ਕਲਾਵਾਂ ਦੀ ਸਥਿਤੀ ਤਰਸਯੋਗ ਹੈ। ਲੋਕ ਕਲਾ ਦੀਆਂ ਜਿਨ੍ਹਾਂ ਸੰਗੀਤ ਵੰਨਗੀਆਂ ਦਾ ਸਮਾਜ ਵਿੱਚ ਕਦੇ ਬੋਲਬਾਲਾ ਹੁੰਦਾ ਸੀ, ਉਨ੍ਹਾਂ ਦਾ ਘੇਰਾ ਬਿਲਕੁਲ ਸੁੰਗੜ ਗਿਆ ਹੈ।
ਤੂੰਬੇ-ਅਲਗੋਜ਼ੇ ਦੀ ਗਾਇਕੀ ਦਾ ਵਾਰਿਸ: ਨੇਕ ਖਾਂ

ਅਜੋਕੇ ਸਮੇਂ ਦੌਰਾਨ ਪੰਜਾਬੀ ਲੋਕ ਕਲਾਵਾਂ ਦੀ ਸਥਿਤੀ ਤਰਸਯੋਗ ਹੈ। ਲੋਕ ਕਲਾ ਦੀਆਂ ਜਿਨ੍ਹਾਂ ਸੰਗੀਤ ਵੰਨਗੀਆਂ ਦਾ ਸਮਾਜ ਵਿੱਚ ਕਦੇ ਬੋਲਬਾਲਾ ਹੁੰਦਾ ਸੀ, ਉਨ੍ਹਾਂ ਦਾ ਘੇਰਾ ਬਿਲਕੁਲ ਸੁੰਗੜ ਗਿਆ ਹੈ।

ਨੇਕ ਖਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੋਹਟਬੱਦੀ ਵਿਖੇ ਮੁਸਲਿਮ ਘੁਮਿਆਰ ਪਰਿਵਾਰ ਵਿੱਚ 15 ਜੂਨ 1976 ਨੂੰ ਪਿਤਾ ਫ਼ਜ਼ਲਦੀਨ ਅਤੇ ਮਾਤਾ ਸਦੀਕਨ ਦੇ ਘਰ ਹੋਇਆ। ਮਾਪਿਆਂ ਦੀਆਂ ਅੱਠ ਔਲਾਦਾਂ, ਚਾਰ ਪੁੱਤਰ ਅਤੇ ਚਾਰ ਧੀਆਂ ਵਿੱਚੋਂ ਉਹ ਸਭ ਤੋਂ ਛੋਟਾ ਹੈ। ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਉਸ ਨੇ ਕੇਵਲ ਪੰਜ ਜਮਾਤਾਂ ਹੀ ਪਾਸ ਕੀਤੀਆਂ। ਇਸ ਤੋਂ ਅੱਗੇ ਪੜ੍ਹਾਈ ਨੂੰ ਅਲਵਿਦਾ ਕਹਿ ਦਿੱਤੀ। ਬਚਪਨ ਤੋਂ ਹੀ ਉਸ ਦਾ ਸੰਗੀਤ ਵੱਲ ਝੁਕਾਅ ਹੋ ਗਿਆ ਸੀ। ਦਰਅਸਲ, ਉਸ ਨੂੰ ਗੁੜ੍ਹਤੀ ਹੀ ਸੰਗੀਤ ਦੀ ਮਿਲੀ, ਕਿਉਂਕਿ ਪਿਤਾ ਫ਼ਜ਼ਲਦੀਨ ਇੱਕ ਨਾਮੀ ਗਾਇਕ ਸੀ। ਉਹ ਫ਼ਜ਼ਲਾ ਲੋਹਟਬੱਦੀ ਵਾਲਾ ਕਰਕੇ ਜਾਣਿਆ ਜਾਂਦਾ ਸੀ। ਨੇਕ ਖਾਂ ਦੇ ਦੋਵੇਂ ਵੱਡੇ ਭਰਾ ਗੁਲਜ਼ਾਰ ਮੁਹੰਮਦ ਅਤੇ ਰਾਮ ਖਾਂ ਪਿਤਾ ਜੀ ਦੀ ਅਗਾਵਈ ਵਿੱਚ ਗਾਉਂਦੇ ਸਨ। ਗੁਲਜ਼ਾਰ ਮੁਹੰਮਦ ਅਲਗੋਜ਼ੇ ਵਜਾਉਂਦਾ ਸੀ ਅਤੇ ਰਾਮ ਖਾਂ ਤੂੰਬਾ ਵਾਦਕ ਪਾਛੂ ਸੀ। ਬਾਅਦ ਵਿੱਚ ਗੁਲਜ਼ਾਰ ਮੁਹੰਮਦ ਮਸਕਟ ਚਲਾ ਗਿਆ ਸੀ। ਸਕੂਲ ਪੜ੍ਹਦੇ ਸਮੇਂ ਨੇਕ ਮੁਹੰਮਦ ਸਕੂਲ ਦੀ ਬਾਲ ਸਭਾ ਵਿੱਚ ਗੀਤ ਗਾਉਣ ਲੱਗ ਪਿਆ ਸੀ। ਘਰ ਵਿੱਚ ਜਦੋਂ ਪਿਤਾ ਜੀ ਅਤੇ ਵੱਡੇ ਭਰਾ ਅਭਿਆਸ ਕਰਦੇ ਸਨ ਤਾਂ ਨੇਕ ਵੀ ਉਨ੍ਹਾਂ ਕੋਲ ਬੈਠਾ ਗੁਣਗੁਣਾਉਂਦਾ ਰਹਿੰਦਾ ਸੀ। ਇਸ ਤਰ੍ਹਾਂ ਹੌਲੀ ਹੌਲੀ ਉਸ ਨੂੰ ਕਈ ਰਚਨਾਵਾਂ ਯਾਦ ਹੋ ਗਈਆਂ। ਪੜ੍ਹਾਈ ਛੱਡਣ ਤੋਂ ਬਾਅਦ ਉਹ ਪਸ਼ੂ ਚਾਰਨ ਅਤੇ ਘਰ ਦੇ ਹੋਰ ਨਿੱਕੇ ਮੋਟੇ ਕੰਮ ਕਰਨ ਲੱਗ ਪਿਆ। ਭਾਵੇਂ ਲੰਮਾ ਸਮਾਂ ਉਹ ਗਾਇਕੀ ਵਾਲੇ ਪਾਸੇ ਨਹੀਂ ਪਿਆ, ਪ੍ਰੰਤੂ ਘਰ ਦੇ ਮਾਹੌਲ ਕਾਰਨ ਸੰਗੀਤ ਉਸ ਦੇ ਅੰਦਰ ਵਸਦਾ ਗਿਆ।

ਨੇਕ ਖਾਂ ਦੇ ਪੱਕੇ ਤੌਰ ’ਤੇ ਗਾਇਕੀ ਵੱਲ ਆਉਣ ਦਾ ਵੀ ਇੱਕ ਸਬੱਬ ਬਣਿਆ। ਪਿਤਾ ਫ਼ਜ਼ਲਦੀਨ ਨੂੰ ਨੇੜਲੇ ਪਿੰਡ ਜੌਹਲਾਂ ਤੋਂ ਅਖਾੜੇ ਦੀ ਸਾਈ ਆਈ ਹੋਈ ਸੀ। ਸਾਥੀ ਰਹਿਮਾ ਨਾਰੋਮਾਜਰੇ ਵਾਲਾ ਉਨ੍ਹਾਂ ਕੋਲ ਪਿੰਡ ਨਹੀਂ ਪਹੁੰਚਿਆ। ਪਿਤਾ ਜੀ ਨੇ ਨੇਕ ਖਾਂ ਨੂੰ ਕਿਹਾ, ‘‘ਜੇ ਅੱਜ ਨਾ ਗਏ ਤਾਂ ਪਿੰਡ ਵਾਲੇ ਲੋਕ ਨਾਰਾਜ਼ ਹੋ ਜਾਣਗੇ ਅਤੇ ਬੇਇੱਜ਼ਤੀ ਹੋਵੇਗੀ। ਇਸ ਲਈ ਤੂੰ ਨਾਲ ਚੱਲ, ਤੂੰ ਬਸ ਖੜ੍ਹਾ ਰਹੀਂ। ਮੈਂ ਆਪ ਹੀ ਤੂੰਬਾ ਵਜਾਵਾਂਗਾ ਅਤੇ ਗਾਵਾਂਗਾ।’’ ਸੋ ਨੇਕ ਉਨ੍ਹਾਂ ਦੇ ਨਾਲ ਚਲਾ ਗਿਆ। ਗਾਉਣ ਤਾਂ ਉਸ ਦੇ ਅੰਦਰ ਹੈ ਹੀ ਸੀ, ਸੋ ਉਸ ਨੇ ਸਾਥ ਦੇਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਦੀ ਝਿਜਕ ਖ਼ਤਮ ਹੋ ਗਈ। ਇੰਨੇ ਸਮੇਂ ਵਿੱਚ ਰਹਿਮਾ ਵੀ ਉੱਥੇ ਪਹੁੰਚ ਗਿਆ ਸੀ। ਨੇਕ ਨੂੰ ਗਾਉਂਦਾ ਸੁਣ ਕੇ ਰਹਿਮੇ ਨੇ ਫ਼ਜ਼ਲਦੀਨ ਨੂੰ ਕਿਹਾ ਕਿ ਹੁਣ ਮੁੰਡੇ ਨੂੰ ਨਾਲ ਹੀ ਰੱਖਣਾ ਹੈ। ਇਸ ਤਰ੍ਹਾਂ ਨੇਕ ਦਾ ਕਸਬੀ ਤੌਰ ’ਤੇ ਗਾਇਕੀ ਵਿੱਚ ਪ੍ਰਵੇਸ਼ ਹੋ ਗਿਆ। ਫਿਰ ਉਸ ਨੂੰ ਐਸੀ ਲਗਨ ਲੱਗੀ ਕਿ ਕੁਝ ਸਮੇਂ ਵਿੱਚ ਹੀ ਉਸ ਨੇ ਤੂੰਬਾ ਵਜਾਉਣਾ ਸਿੱਖ ਲਿਆ ਅਤੇ ਗੁਜ਼ਾਰੇ ਜੋਗਾ ‘ਗੌਣ’ ਵੀ ਕੰਠ ਕਰ ਲਿਆ।

ਸਾਲ 2010 ਵਿੱਚ ਪਿੰਡ ਧੌਲੇ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਵੱਲੋਂ ਕਰਵਾਏ ਲੋਕ ਸੰਗੀਤ ਮੇਲੇ ਵਿੱਚ ਉਸ ਨੇ ਆਪਣੇ ਪਿਤਾ ਜੀ ਨਾਲ ਬਕਾਇਦਾ ਅਖਾੜਾ ਲਾਇਆ। ਉੱਥੇ ਇਨ੍ਹਾਂ ਦੀ ਕੁਝ ਰਿਕਾਰਡਿੰਗ ਵੀ ਹੋਈ, ਜੋ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਰਿਲੀਜ਼ ਕੀਤੀ ਵੀਡੀਓ ਕੈਸੇਟ ਵਿੱਚ ਸ਼ਾਮਲ ਹੈ। ਇਸ ਤੋਂ ਬਾਅਦ ਕਈ ਸਾਲ ਉਸ ਨੇ ਆਪਣੇ ਪਿਤਾ ਜੀ ਦੀ ਅਗਵਾਈ ਵਿੱਚ ਲਗਾਤਾਰ ਗਾਇਆ। ਕਰੋਨਾ ਦੌਰਾਨ ਉਮਰ ਦੇ ਤਕਾਜ਼ੇ ਅਤੇ ਸਿਹਤ ਢਿੱਲੀ ਮੱਠੀ ਰਹਿਣ ਕਾਰਨ ਫ਼ਜ਼ਲਦੀਨ ਘਰ ਬੈਠ ਗਿਆ ਅਤੇ ਨੇਕ ਖਾਂ ਨੇ ਬਤੌਰ ਆਗੂ ਜ਼ਿੰਮੇਵਾਰੀ ਸੰਭਾਲ ਲਈ। ਉਸ ਦੇ ਗਰੁੱਪ ਵਿੱਚ ਭਿੰਦਰ ਪੱਖੋਵਾਲੀਆ ਤੂੰਬੇ ’ਤੇ ਅਤੇ ਅਵਤਾਰ ਕਲੇਰ ਜੋੜੀ ’ਤੇ ਸ਼ਾਮਲ ਸਨ। ਛੇ-ਸੱਤ ਮਹੀਨੇ ਇਹ ਦੋਵੇਂ ਨੇਕ ਖਾਂ ਦਾ ਸਾਥ ਨਿਭਾਉਂਦੇ ਰਹੇ। ਬਾਅਦ ਵਿੱਚ ਹੰਢਿਆ ਹੋਇਆ ਤਜਰਬੇਕਾਰ ਤੂੰਬਾ ਵਾਦਕ ਪ੍ਰਤਾਪ ਸਿੰਘ ਦੇਤਵਾਲੀਆ ਅਤੇ ਜੋੜੀ ਵਾਦਕ ਜਾਇਬ ਪੱਖੋਵਾਲੀਆ ਨੇ ਲੰਮਾ ਸਮਾਂ ਸਾਥ ਨਿਭਾਇਆ। ਜਾਇਬ ਦੀ ਮੌਤ ਤੋਂ ਬਾਅਦ ਨੇਕ ਦਾ ਵੱਡਾ ਭਰਾ ਗੁਲਜ਼ਾਰ ਮੁਹੰਮਦ ਜੋੜੀ ’ਤੇ ਸਾਥ ਦੇ ਰਿਹਾ ਹੈ।

ਨੇਕ ਹੁਰੀਂ ਵੀ ਆਮ ਤੂੰਬੇ ਅਲਗੋਜ਼ੇ ਵਾਲੇ ਗਾਇਕਾਂ ਵਾਂਗ ਪੂਰਨ, ਕੌਲਾਂ, ਸੱਸੀ, ਮਿਰਜ਼ਾ, ਜਿਉਣਾ ਮੌੜ, ਦੁੱਲਾ ਆਦਿ ਗਾਥਾਵਾਂ ਗਾਉਂਦੇ ਹਨ। ਉਸ ਦੇ ਪੂਰਨ ਦੀ ਲੜੀ, ਇੱਕ ਅਖਾੜੇ ਜਿੰਨੀ ਕੌਲਾਂ, ਇੱਕ ਇੱਕ ਅਖਾੜੇ ਜੋਗੀ ਸੱਸੀ ਅਤੇ ਮਿਰਜ਼ਾ ਕੰਠ ਹਨ। ਇਸ ਤੋਂ ਇਲਾਵਾ ਦੁੱਲੇ ਅਤੇ ਜਿਉਣੇ ਮੌੜ ਦੀਆਂ ਗਾਥਾਵਾਂ ਸਰੋਤਿਆਂ ਦੀ ਮੰਗ ’ਤੇ ਸੁਣਾਈਆਂ ਜਾਂਦੀਆਂ ਹਨ। ਪੰਜਾਹ ਦੇ ਲਗਭਗ ਵੱਖ-ਵੱਖ ਲੋਕ ਗਾਥਾਵਾਂ ਨਾਲ ਸਬੰਧਤ ‘ਰੰਗ’ ਵੀ ਉਸ ਨੂੰ ਯਾਦ ਹਨ।

ਹੁਣ ਤੱਕ ਨੇਕ ਖਾਂ ਜਰਗ, ਛਪਾਰ, ਜਗਰਾਵਾਂ ਦੀ ਰੋਸ਼ਨੀ, ਭਾਈ ਕੇ ਫਫੜੇ, ਤਖ਼ਤੂ ਪੁਰਾ, ਕੋਟ ਗੰਗੂ ਰਾਏ, ਨੰਦਪੁਰ ਕਲੌੜ, ਭਿਖੀਵਿੰਡ, ਵੱਛੋਆਣਾ, ਫੱਤਾ ਝੁਨੀਰ ਆਦਿ ਬਹੁਤ ਸਾਰੇ ਮੇਲਿਆਂ ’ਤੇ ਆਪਣੀ ਹਾਜ਼ਰੀ ਲੁਆ ਚੁੱਕਾ ਹੈ। ਮੇਲਿਆਂ ਤੋਂ ਇਲਾਵਾ ਇਨ੍ਹਾਂ ਨੂੰ ਪਿੰਡ ਸਾਂਝੇ ਪ੍ਰੋਗਰਾਮਾਂ ’ਤੇ ਵੀ ਬੁਲਾਇਆ ਜਾਂਦਾ ਹੈ। ਹੁਣ ਤਾਂ ਬਹੁਤ ਸਾਰੇ ਸਿਆਣੇ ਬੰਦੇ ਇਨ੍ਹਾਂ ਨੂੰ ਆਪਣੇ ਬੱਚਿਆਂ ਦੇ ਵਿਆਹਾਂ ਆਦਿ ਦੇ ਪ੍ਰੋਗਰਾਮਾਂ ’ਤੇ ਵੀ ਬੁਲਾਉਣ ਲੱਗ ਪਏ ਹਨ।

ਨੇਕ ਖਾਂ ਹੋਰਾਂ ਦੀ ਭਾਵੇਂ ਕੋਈ ਵਿਧੀਵਤ ਤਰੀਕੇ ਨਾਲ ਰਿਕਾਰਡਿੰਗ ਨਹੀਂ ਹੋਈ, ਪ੍ਰੰਤੂ ਯੂ-ਟਿਊਬ ਚੈਨਲਾਂ ’ਤੇ ਉਨ੍ਹਾਂ ਦੀਆਂ ਰਚਨਾਵਾਂ ਸੁਣੀਆਂ ਜਾ ਸਕਦੀਆਂ ਹਨ। ਪੂਰਨ ਦੀ ਗਾਥਾ ਨਾਲ ਸਬੰਧਤ ਇੱਕ ਰਚਨਾ ਇੱਥੇ ਨਮੂਨੇ ਵਜੋਂ ਪੇਸ਼ ਹੈ;

‘ਜਿਸ ਵੇਲੇ ਜੋਗੀ ਬਣਿਆ ਪੂਰਨ ਭਗਤ, ਗੁਰੂ ਗੋਰਖ ਨਾਥ ਦੇ ਆਦੇਸ਼ ’ਤੇ ਆਪਣੇ ਮਾਪਿਆਂ ਨੂੰ ਮਿਲਣ ਸਿਆਲਕੋਟ ਆਉਂਦਾ ਹੈ। ਉਹ ਆ ਕੇ ਬਾਗ਼ ਵਿੱਚ ਆਸਣ ਲਾ ਲੈਂਦਾ ਹੈ। ਬਾਗ਼ ਦਾ ਰਖ਼ਵਾਲਾ ਕਿਸ਼ਨਾ ਪੰਡਤ ਉਸ ਨੂੰ ਬੁਰਾ ਭਲਾ ਕਹਿ ਕੇ ਬਾਗ਼ ਵਿੱਚੋਂ ਬਾਹਰ ਜਾਣ ਲਈ ਕਹਿੰਦਾ ਹੈ ਤਾਂ ਪੂਰਨ ਕੀ ਜਵਾਬ ਕਰਦਾ ਹੈ;

ਨੇਕ ਖਾਂ ਦੇ ਪਿਤਾ ਫ਼ਜ਼ਲਦੀਨ ਲੰਬਾ ਸਮਾਂ ਇਸ ਗਾਇਕੀ ਦਾ ਪ੍ਰਸਾਰ ਕਰਕੇ ਅੰਤ 27 ਨਵੰਬਰ 2024 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਏ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਫ਼ਜ਼ਲਦੀਨ ਨੂੰ 2020 ਦੇ ਸ਼੍ਰੋਮਣੀ ਪੁਰਸਕਾਰ ਲਈ ਚੁਣਿਆ ਗਿਆ ਸੀ, ਪ੍ਰੰਤੂ ਛੇ ਸਾਲਾਂ ਦੇ ਇਹ ਪੁਰਸਕਾਰ ਅਜੇ ਤੱਕ ਨਹੀਂ ਦਿੱਤੇ ਗਏ। ਕਈ ਹੋਰ ਨਾਮਜ਼ਦ ਉਮੀਦਵਾਰਾਂ ਵਾਂਗ ਫ਼ਜ਼ਲਦੀਨ ਹੁਰੀਂ ਵੀ ਇਸ ਪੁਰਸਕਾਰ ਨੂੰ ਉਡੀਕਦੇ ਉਡੀਕਦੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਅੱਜਕੱਲ੍ਹ ਨੇਕ ਖਾਂ ਦੇ ਗਰੁੱਪ ਵਿੱਚ ਜੋੜੀ ’ਤੇ ਵੱਡਾ ਭਰਾ ਗੁਲਜ਼ਾਰ ਮੁਹੰਮਦ, ਤੂੰਬੇ ’ਤੇ ਡਾ. ਰਣਜੀਤ ਰਾਣਾ ਦੁਆਬੇ ਵਾਲਾ ਅਤੇ ਪਾਛੂ ਨੇਕ ਖਾਂ ਦਾ ਭਾਣਜਾ ਰੁਲਦੂ ਖਾਂ ਮਾਂਗੇਵਾਲ (ਬਰਨਾਲਾ) ਸ਼ਾਮਲ ਹਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਗਰਾਓਂ ਚ ਆਸਟ੍ਰੇਲੀਆ ਭੇਜਣ ਦੇ ਨਾਂ ਤੇ ਮਾਰੀ 22 ਲੱਖ ਦੀ ਠੱਗੀ, ਏਜੰਟ ਨੇ ਦਿੱਤਾ ਜਾਅਲੀ ਵੀਜ਼ਾ; 3 ਖਿਲਾਫ਼ ਮਾਮਲਾ ਦਰਜਪੜ੍ਹੋ →
ਪੰਜਾਬ ਦਾ ਅਧੂਰਾ ਏਜੰਡਾਪੜ੍ਹੋ →
ਤੜਕਸਾਰ ਹੀ ਐਕਸ਼ਨ ‘ਚ ਅੰਮ੍ਰਿਤਸਰ ਪੁਲਿਸ, ਆਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ; 6 ਹਿਰਾਸਤ ‘ਚ ਲਏਪੜ੍ਹੋ →
ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਜਥੇਦਾਰ ਝੀਂਡਾ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਿਆ ਮੰਗ ਪੱਤਰਪੜ੍ਹੋ →
ਏਸ਼ੀਆਈ ਖੇਡਾਂ ਦੇ ਮੈਡਲਿਸਟ ਗੁਰਿੰਦਰਵੀਰ ਸਿੰਘ ਦਾ ਪਿੰਡ ਪੱਤੀਆਲ ਪਹੁੰਚਣ ਤੇ ਭਰਵਾਂ ਸਵਾਗਤ, ਪੰਚਾਇਤ ਨੇ ਕੀਤਾ ਵਿਸ਼ੇਸ਼ ਸਨਮਾਨਪੜ੍ਹੋ →
ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ ਹੋਈ 70 ਹਜਾਰ ਮੀਟਰਿਕ ਟਨ ਝੋਨੇ ਦੀ ਖ਼ਰੀਦ - ਕਟਾਰੂਚੱਕਪੜ੍ਹੋ →