📰 09/30/2026
ਪੰਜਾਬ📍 ਪੰਜਾਬ

ਓਮ ਜੈ ਜਗਦੀਸ਼ ਹਰੇ’ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਨੂੰ ਯਾਦ ਕਰਦਿਆਂ

ਅੱਜ ਦੁਨੀਆ ਵਿੱਚ ਮੰਦਰਾਂ ਤੇ ਘਰਾਂ ’ਚ ‘ਓਮ ਜੈ ਜਗਦੀਸ਼ ਹਰੇ’ ਆਰਤੀ ਪੂਰੀ ਸ਼ਰਧਾ ਨਾਲ ਗਾਈ ਜਾਂਦੀ ਹੈ ਜਿਸ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਸਨ, ਜਿਨ੍ਹਾਂ ਦਾ ਜਨਮ 30 ਸਤੰਬਰ 1837 ਨੂੰ ਪੰਜਾਬ ਦੇ ਕਸਬੇ ਫਿਲੌਰ ਵਿਖੇ ਹੋਇਆ।
ਓਮ ਜੈ ਜਗਦੀਸ਼ ਹਰੇ’ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਨੂੰ ਯਾਦ ਕਰਦਿਆਂ

ਅੱਜ ਦੁਨੀਆ ਵਿੱਚ ਮੰਦਰਾਂ ਤੇ ਘਰਾਂ ’ਚ ‘ਓਮ ਜੈ ਜਗਦੀਸ਼ ਹਰੇ’ ਆਰਤੀ ਪੂਰੀ ਸ਼ਰਧਾ ਨਾਲ ਗਾਈ ਜਾਂਦੀ ਹੈ ਜਿਸ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਸਨ, ਜਿਨ੍ਹਾਂ ਦਾ ਜਨਮ 30 ਸਤੰਬਰ 1837 ਨੂੰ ਪੰਜਾਬ ਦੇ ਕਸਬੇ ਫਿਲੌਰ ਵਿਖੇ ਹੋਇਆ।

ਪੰਡਿਤ ਸ਼ਰਧਾ ਰਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦੀ ਬਹੁਪੱਖੀ ਵਿਦਵਤਾ ਸੀ। ਉਨ੍ਹਾਂ ਨੇ ਸੰਸਕ੍ਰਿਤ, ਹਿੰਦੀ, ਫ਼ਾਰਸੀ, ਉਰਦੂ ਅਤੇ ਪੰਜਾਬੀ ਦਾ ਡੂੰਘਾ ਅਧਿਐਨ ਕੀਤਾ। ਜੋਤਿਸ਼ ਦੇ ਗਿਆਤਾ ਪਿਤਾ ਜੈਦਿਆਲ ਦੇ ਪ੍ਰਭਾਵ ਕਾਰਨ ਉਨ੍ਹਾਂ ਦੇ ਅੰਦਰ ਬਚਪਨ ਵਿੱਚ ਹੀ ਧਾਰਮਿਕ ਅਤੇ ਵਿਦਿਆ ਪ੍ਰਤੀ ਵਿਸ਼ੇਸ਼ ਰੁਚੀ ਪੈਦਾ ਹੋ ਗਈ ਸੀ। ਉਹ ਧਾਰਮਿਕ ਗ੍ਰੰਥਾਂ, ਪੁਰਾਣਾਂ, ਮਹਾਭਾਰਤ ਅਤੇ ਰਾਮਾਇਣ ਦੇ ਪ੍ਰਸਿੱਧ ਵਿਆਖਿਆਕਾਰ ਬਣੇ। ਉਹ ਸਿਰਫ਼ ਕਿਤਾਬੀ ਵਿਦਵਾਨ ਨਹੀਂ ਸਨ, ਸਗੋਂ ਕਥਾਵਾਂ ਅਤੇ ਜਨਤਕ ਵਿਆਖਿਆਨ ਰਾਹੀਂ ਲੋਕਾਂ ਵਿੱਚ ਵਿਚਰਦੇ ਸਨ। ਉਨ੍ਹਾਂ ਦੇ ਸੰਵਾਦਾਂ ਵਿੱਚ ਧਰਮ ਦੇ ਨਾਲ-ਨਾਲ ਸਮਾਜਿਕ ਚੇਤਨਾ ਵੀ ਭਾਰੂ ਹੁੰਦੀ ਸੀ। ਉੱਨੀਵੀਂ ਸਦੀ ਦਾ ਪੰਜਾਬ ਬ੍ਰਿਟਿਸ਼ ਰਾਜ ਦੇ ਪਸਾਰ, ਇਸਾਈ ਮਿਸ਼ਨਰੀਆਂ ਦੀ ਸਰਗਰਮੀ, ਛਪਾਈ ਦੀ ਨਵੀਂ ਤਕਨਾਲੋਜੀ ਅਤੇ ਧਰਮ ਤੇ ਸਮਾਜਿਕ ਸੁਧਾਰਾਂ ਵਰਗੀਆਂ ਵੱਡੀਆਂ ਤਬਦੀਲੀਆਂ ਵਿੱਚੋਂ ਲੰਘ ਰਿਹਾ ਸੀ। ਇਸ ਬਦਲਦੇ ਮਾਹੌਲ ਵਿੱਚ ਪੰਡਿਤ ਸ਼ਰਧਾ ਰਾਮ ਨੇ ਇੱਕ ਮੋਹਰੀ ਜਨਤਕ ਵਕਤਾ ਅਤੇ ਲੇਖਕ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਨੇ ਲੁਧਿਆਣਾ ਵਿੱਚ ਸੰਸਕ੍ਰਿਤ ਅਤੇ ਫ਼ਾਰਸੀ ਦੀ ਸਿੱਖਿਆ ਲਈ ‘ਹਿੰਦੂ ਸਕੂਲ’ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਧਾਰਮਿਕ-ਸਮਾਜਿਕ ਸਾਹਿਤ ਦੇ ਪ੍ਰਸਾਰ ਲਈ ਸਰਗਰਮ ਰਹੇ।

ਉੱਨੀਵੀਂ ਸਦੀ ਵਿੱਚ ਧਰਮ ਕੇਵਲ ਮੰਦਰਾਂ ਤੱਕ ਸੀਮਤ ਨਹੀਂ ਸੀ, ਸਗੋਂ ਸਮਾਜਿਕ ਪਛਾਣ ਅਤੇ ਸਿੱਖਿਆ ਦਾ ਹਿੱਸਾ ਬਣ ਰਿਹਾ ਸੀ। ਸ਼ਰਧਾ ਰਾਮ ਨੇ ਇਸ ਬਦਲਾਅ ਨੂੰ ਸਮਝਦਿਆਂ ਆਪਣੀ ਵਾਣੀ ਵਿੱਚ ਸਮਾਜਿਕ ਚਿੰਤਨ ਨੂੰ ਵੀ ਜੋੜਿਆ। ਉਨ੍ਹਾਂ ਦੀਆਂ ਸਰਗਰਮੀਆਂ ਕਾਰਨ ਬ੍ਰਿਟਿਸ਼ ਪ੍ਰਸ਼ਾਸਨ ਨੇ ਵੀ ਉਨ੍ਹਾਂ ਵੱਲ ਧਿਆਨ ਦਿੱਤਾ ਅਤੇ ਇਤਿਹਾਸਕ ਵੇਰਵਿਆਂ ਅਨੁਸਾਰ 1865 ਦੇ ਆਸ-ਪਾਸ ਉਨ੍ਹਾਂ ਨੂੰ ਬ੍ਰਿਟਿਸ਼-ਵਿਰੋਧੀ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਫਿਲੌਰ ਤੋਂ ਅਸਥਾਈ ਤੌਰ ’ਤੇ ਬਾਹਰ ਵੀ ਕੀਤਾ ਗਿਆ।

ਲਗਪਗ 1870 ਦੇ ਆਸ-ਪਾਸ ਰਚੀ ਗਈ ਆਰਤੀ ‘ਓਮ ਜੈ ਜਗਦੀਸ਼ ਹਰੇ’ ਨੇ ਪੰਡਿਤ ਸ਼ਰਧਾ ਰਾਮ ਨੂੰ ਸਦਾ ਲਈ ਅਮਰ ਕਰ ਦਿੱਤਾ। ਇਸ ਆਰਤੀ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਸਰਲਤਾ ਅਤੇ ਸਿੱਧੀ ਭਾਸ਼ਾ ਹੈ, ਜਿਸ ਕਰਕੇ ਇਹ ਵਿਦਵਾਨਾਂ ਦੀਆਂ ਕਿਤਾਬਾਂ ਵਿੱਚ ਬੰਦ ਰਹਿਣ ਦੀ ਬਜਾਏ ਆਮ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਈ। ਭਾਵੇਂ ਇਹ ਪਦਬੰਧ ਪੁਰਾਣੀ ਭਗਤੀ ਪਰੰਪਰਾ ਨਾਲ ਜੁੜਿਆ ਹੈ, ਪਰ ਸ਼ਰਧਾ ਰਾਮ ਨੇ ਇਸ ਨੂੰ ਆਮ ਮਨੁੱਖ ਦੀ ਬੋਲੀ ਵਿੱਚ ਢਾਲ ਕੇ ਘਰ-ਘਰ ਤੱਕ ਪਹੁੰਚਾਇਆ। ਪਰ ਉਨ੍ਹਾਂ ਦੀ ਕਲਮ ਇੱਥੇ ਹੀ ਨਹੀਂ ਰੁਕੀ। ਉਨ੍ਹਾਂ ਨੇ ‘ਸਿੱਖਾਂ ਦੇ ਰਾਜ ਦੀ ਵਿਥਿਆ’, ‘ਪੰਜਾਬੀ ਬਾਤਚੀਤ’, ‘ਧਰਮ ਕਸੌਟੀ’, ‘ਸਤ ਧਰਮ ਮੁਕਤਾਵਲੀ’, ‘ਧਰਮ ਸੰਵਾਦ’, ‘ਧਰਮ ਰੱਖਿਆ’, ‘ਸਤਿਆਮ੍ਰਿਤ ਪ੍ਰਵਾਹ’, ‘ਸ਼ਤੋਪਦੇਸ਼’ ਅਤੇ ‘ਭਾਗਯਵਤੀ’ ਵਰਗੀਆਂ ਅਹਿਮ ਰਚਨਾਵਾਂ ਲਿਖ ਕੇ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ।

ਇਨ੍ਹਾਂ ਵਿੱਚੋਂ 1877 ਵਿੱਚ ਰਚੀ ਅਤੇ 1888 ਵਿੱਚ ਪ੍ਰਕਾਸ਼ਿਤ ਨਾਵਲ ‘ਭਾਗਯਵਤੀ’ ਦਾ ਵਿਸ਼ੇਸ਼ ਸਥਾਨ ਹੈ। ਸਾਹਿਤਿਕ ਇਤਿਹਾਸ ਵਿੱਚ ਬਹਿਸਾਂ ਤੋਂ ਬਾਅਦ ਕਈ ਵਿਦਵਾਨਾਂ ਨੇ ਇਸ ਨੂੰ ਹਿੰਦੀ ਦਾ ਪਹਿਲਾ ਉਪਨਿਆਸ ਮੰਨਿਆ ਹੈ। ਇਸ ਦੀ ਅਸਲ ਮਹੱਤਤਾ ਸਿਰਫ਼ ਪਹਿਲੇ ਹੋਣ ਵਿੱਚ ਨਹੀਂ, ਸਗੋਂ ਇਸ ਗੱਲ ਵਿੱਚ ਹੈ ਕਿ ਇਸ ਨੇ ਇਸਤਰੀ ਸਿੱਖਿਆ, ਪਰਿਵਾਰਕ ਨੈਤਿਕਤਾ, ਔਰਤਾਂ ਦੀ ਸਥਿਤੀ ਅਤੇ ਆਤਮ-ਨਿਰਭਰਤਾ ਵਰਗੇ ਅਹਿਮ ਸਮਾਜਿਕ ਮੁੱਦਿਆਂ ਨੂੰ ਆਪਣੀ ਕਥਾ ਦਾ ਕੇਂਦਰ ਬਣਾਇਆ। ਨਾਇਕਾ ਦੀ ਮੁਸ਼ਕਲ ਹਾਲਾਤ ਵਿੱਚ ਆਪਣੀ ਸਮਝ ਨਾਲ ਜੀਵਨ ਸੰਭਾਲਣ ਦੀ ਗੱਲ ਉਸ ਸਮੇਂ ਦੇ ਸਮਾਜਿਕ ਸੰਦਰਭ ਵਿੱਚ ਬਹੁਤ ਵੱਡਾ ਸੁਨੇਹਾ ਸੀ। ‘ਸਿੱਖਾਂ ਦੇ ਰਾਜ ਦੀ ਵਿਥਿਆ’ ਅਤੇ ‘ਪੰਜਾਬੀ ਬਾਤਚੀਤ’ ਵਰਗੀ ਰਚਨਾ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਪੰਜਾਬੀ ਭਾਸ਼ਾ ਅਤੇ ਸਮਾਜ ਨਾਲ ਡੂੰਘੇ ਰਿਸ਼ਤੇ ਦੀ ਸੱਚੀ ਗਵਾਹ ਹੈ। ਇੱਕ ਪਾਸੇ ਉਹ ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਂਦੇ ਹਨ ਅਤੇ ਦੂਜੇ ਪਾਸੇ ਪੰਜਾਬੀ ਵਾਰਤਕ ਨੂੰ ਵੀ ਆਪਣੀ ਕਲਮ ਨਾਲ ਮਜ਼ਬੂਤ ਕਰਦੇ ਹਨ। ਇਹ ਦੋਹਰਾ ਯੋਗਦਾਨ ਉਨ੍ਹਾਂ ਨੂੰ ਪੰਜਾਬ ਦੀ ਬਹੁਭਾਸ਼ੀ ਅਤੇ ਬਹੁ-ਸੱਭਿਆਚਾਰਕ ਵਿਰਾਸਤ ਦਾ ਮਾਣਮੱਤਾ ਪ੍ਰਤੀਨਿਧ ਬਣਾਉਂਦਾ ਹੈ। ਉਨ੍ਹਾਂ ਦੀ ਅਸਲ ਪਛਾਣ ਆਪਣੇ ਸਮੇਂ ਨੂੰ ਡੂੰਘਾਈ ਨਾਲ ਸਮਝਣ ਵਾਲੇ ਲੇਖਕ ਵਜੋਂ ਸੀ। ਅੱਜ ਦੇ ਡਿਜੀਟਲ ਯੁੱਗ ਵਿੱਚ ਜਦੋਂ ਅਸੀਂ ‘ਕੰਟੈਂਟ’ ਅਤੇ ‘ਕਮਿਊਨੀਕੇਸ਼ਨ’ ਦੀ ਗੱਲ ਕਰਦੇ ਹਾਂ ਤਾਂ ਉਨ੍ਹਾਂ ਦੀ ਵਿਰਾਸਤ ਸਾਨੂੰ ਇਹ ਅਹਿਮ ਸਬਕ ਦਿੰਦੀ ਹੈ ਕਿ ਜਦੋਂ ਕੋਈ ਵਿਚਾਰ ਲੋਕਾਂ ਦੀ ਆਪਣੀ ਭਾਸ਼ਾ ਵਿੱਚ ਪਹੁੰਚਦਾ ਹੈ ਤਾਂ ਉਹ ਸਿਰਫ਼ ਕਿਤਾਬ ਦਾ ਹਿੱਸਾ ਨਹੀਂ ਰਹਿੰਦਾ ਸਗੋਂ ਸਮਾਜ ਦੀ ਸਾਂਝੀ ਯਾਦ ਬਣ ਜਾਂਦਾ ਹੈ।

ਉਨ੍ਹਾਂ ਦੇ ਨਿੱਜੀ ਜੀਵਨ ਵਿੱਚ ਵੀ ਪੰਜਾਬ ਦੀ ਅਸਲ ਬਹੁ-ਸੱਭਿਆਚਾਰਕ ਤਸਵੀਰ ਝਲਕਦੀ ਹੈ, ਉਨ੍ਹਾਂ ਦਾ ਵਿਆਹ ਮਹਿਤਾਬ ਕੌਰ ਨਾਮੀ ਸਿੱਖ ਇਸਤਰੀ ਨਾਲ ਹੋਇਆ ਸੀ, ਜੋ ਉਸ ਸਮੇਂ ਦੇ ਸਮਾਜਿਕ ਤਾਣੇ-ਬਾਣੇ ਦੀ ਅਨੋਖੀ ਵਿਭਿੰਨਤਾ ਨੂੰ ਦਰਸਾਉਂਦਾ ਹੈ। ਪਰ ਕਿਸਮਤ ਦੀ ਵਿਡੰਬਨਾ ਵੇਖੋ ਕਿ ਜਿਸ ਇਨਸਾਨ ਦੇ ਸ਼ਬਦਾਂ ਨੇ ਕਰੋੜਾਂ ਲੋਕਾਂ ਨੂੰ ਬੋਲਣ ਅਤੇ ਗਾਉਣ ਦੀ ਤਾਕਤ ਦਿੱਤੀ, ਉਸ ਨੂੰ ਆਪਣੀ ਜ਼ਿੰਦਗੀ ਲਈ ਕੇਵਲ 43 ਸਾਲ ਹੀ ਮਿਲੇ। 24 ਜੂਨ 1881 ਨੂੰ ਲਾਹੌਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਭਾਵੇਂ ਉਨ੍ਹਾਂ ਦਾ ਜੀਵਨ ਛੋਟਾ ਸੀ, ਪਰ ਉਨ੍ਹਾਂ ਦੀ ਰਚਨਾ ਦਾ ਸਫ਼ਰ ਬਹੁਤ ਲੰਮਾ ਅਤੇ ਲਾਸਾਨੀ ਸਾਬਤ ਹੋਇਆ।

ਫਿਲੌਰ ਵਿੱਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਮਾਰਕ ਅਤੇ ਯਾਦਗਾਰੀ ਉਪਰਾਲੇ ਕੀਤੇ ਗਏ ਹਨ, ਜੋ ਇਹ ਯਾਦ ਕਰਵਾਉਂਦੇ ਹਨ ਕਿ ਉਨ੍ਹਾਂ ਦੀ ਜਨਮਭੂਮੀ ਉਨ੍ਹਾਂ ਨੂੰ ਆਪਣੀ ਵਿਰਾਸਤ ਦਾ ਅਨਿੱਖੜਵਾਂ ਅੰਗ ਮੰਨਦੀ ਹੈ। ਫਿਰ ਵੀ, ਅਸਲ ਯਾਦਗਾਰ ਕੋਈ ਪੱਥਰ ਜਾਂ ਬੁੱਤ ਨਹੀਂ ਹੁੰਦੀ, ਸਗੋਂ ਉਹ ਸ਼ਬਦ ਹੁੰਦੇ ਹਨ ਜੋ ਪੀੜ੍ਹੀਆਂ ਦੀ ਜ਼ੁਬਾਨ ’ਤੇ ਹਮੇਸ਼ਾ ਜਿਊਂਦੇ ਰਹਿਣ। ਇਸ ਅਰਥ ਵਿੱਚ ਪੰਡਿਤ ਸ਼ਰਧਾ ਰਾਮ ਦੀ ਸਭ ਤੋਂ ਵੱਡੀ ਯਾਦਗਾਰ ‘ਓਮ ਜੈ ਜਗਦੀਸ਼ ਹਰੇ’ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਦੋਂ ਇਸ ਆਰਤੀ ਦੀ ਧੁਨੀ ਗੂੰਜਦੀ ਹੈ ਤਾਂ ਉਸ ਵਿੱਚ ਫਿਲੌਰ ਦੀ ਮਿੱਟੀ ਦੀ ਖ਼ੁਸ਼ਬੂ ਅਤੇ ਪੰਜਾਬ ਦੀ ਇਤਿਹਾਸਕ ਰੂਹ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ।

ਅੱਜ ਉਨ੍ਹਾਂ ਦੀ ਜੈਅੰਤੀ ’ਤੇ ਸਾਨੂੰ ਆਪਣੇ ਆਪ ਤੋਂ ਇਹ ਗੰਭੀਰ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਅਸੀਂ ਆਪਣੀ ਇਸ ਅਨਮੋਲ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਸਹੀ ਢੰਗ ਨਾਲ ਪਹੁੰਚਾ ਰਹੇ ਹਾਂ। ਕੀ ਅੱਜ ਦੀ ਪੀੜ੍ਹੀ ਜਾਣਦੀ ਹੈ ਕਿ ਵਿਸ਼ਵ-ਪ੍ਰਸਿੱਧ ਆਰਤੀ ਦੇ ਰਚੇਤਾ ਦਾ ਜਨਮ ਪੰਜਾਬ ਦੀ ਇਸੇ ਧਰਤੀ ’ਤੇ ਹੋਇਆ ਸੀ? ਜਿਹੜੀਆਂ ਕੌਮਾਂ ਆਪਣੇ ਰਚਨਾਕਾਰਾਂ ਨੂੰ ਭੁੱਲ ਜਾਂਦੀਆਂ ਹਨ, ਉਹ ਹੌਲੀ-ਹੌਲੀ ਆਪਣੀ ਸੱਭਿਆਚਾਰਕ ਪਛਾਣ ਵੀ ਗੁਆ ਬੈਠਦੀਆਂ ਹਨ। 30 ਸਤੰਬਰ ਕੇਵਲ ਇੱਕ ਜਨਮ ਤਾਰੀਖ ਨਹੀਂ ਹੈ, ਸਗੋਂ ਪੰਜਾਬ ਦੀ ਉਸ ਮਿੱਟੀ ਨੂੰ ਸਿਜਦਾ ਕਰਨ ਦਾ ਦਿਨ ਹੈ ਜਿਸ ਨੇ ਇੱਕ ਅਜਿਹਾ ਮਹਾਨ ਸਪੂਤ ਪੈਦਾ ਕੀਤਾ ਜਿਸ ਦੀ ਸੁਰ-ਤਾਲ ਅੱਜ ਵੀ ਪੰਜਾਬ ਤੋਂ ਹੱਦਾਂ ਪਾਰ ਕਰਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਗੂੰਜ ਰਹੀ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਮੇਰਠ ਦੇ ਨੀਲੇ ਡਰਮ ਕੇਸ ‘ਚ ਅਦਾਲਤ ਦਾ ਵੱਡਾ ਫੈਸਲਾ, ਮੁਸਕਾਨ ਅਤੇ ਸਾਹਿਲ ਆਰੋਪੀ ਕਰਾਰਪੜ੍ਹੋ →
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀਪੜ੍ਹੋ →
ਕੁਰੂਕਸ਼ੇਤਰ ’ਚ ਤਿੰਨ ਮੰਜ਼ਿਲਾ ਦੁਕਾਨ ’ਚ ਅਚਾਨਕ ਲੱਗੀ ਭਿਆਨਕ ਅੱਗਪੜ੍ਹੋ →
ਚਾਵਲਾ ਵਿਵਾਦ: ਸੰਸਥਾ ਦੀ ਪਾਰਦਰਸ਼ਤਾ ਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਹਰ ਪੱਧਰ ਦੀ ਨਿਰਪੱਖ ਜਾਂਚ ਲਈ ਤਿਆਰ : ਧਾਮੀਪੜ੍ਹੋ →
ਯਾਤਰੀਆਂ ਦੀਆਂ ਸ਼ਿਕਾਇਤਾਂ ‘ਤੇ ਸੁਝਾਵਾਂ ਲਈ ਸ਼ੁਰੂ ਹੋਈ ਪਹਿਲ, ਚੈੱਕ-ਇਨ ਤੋਂ ਪਾਰਕਿੰਗ ਤੱਕ ਲਿਆ ਜਾਵੇਗਾ ਫੀਡਬੈਕਪੜ੍ਹੋ →
ਐਸਜੀਪੀਸੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ‘ਚੋਂ ਮਿੱਠੂ ਕਾਹਨੇਕੇ ਨੂੰ ਕੀਤਾ ਬਾਹਰ, ਜਾਂਚ ਦੀ ਮੰਗ ਨੂੰ ਲੈ ਕੇ ਸੀਐਮ ਨੂੰ ਮਿਲੇ ਸੀਪੜ੍ਹੋ →