ਮਿੱਟੀ ਦੇ ਡਲੇ ਸੁੱਟਣ ਵਾਲਾ ਭੂਤ
ਸਾਡੇ ਘਰ ਤੋਂ ਦੋ ਘਰ ਛੱਡ ਕੇ ਇੱਕ ਬਜ਼ੁਰਗ ਜੋੜਾ ਰਹਿੰਦਾ ਸੀ। ਅਸੀਂ ਉਨ੍ਹਾਂ ਨੂੰ ਰਤਨੀ ਤਾਈ ਤੇ ਸਿਮਰੂ ਤਾਇਆ ਆਖ ਕੇ ਬੁਲਾਉਂਦੇ ਸੀ।
ਇੱਕ ਵਾਰ ਉਨ੍ਹਾਂ ਸਾਹਮਣੇ ਇੱਕ ਐਸੀ ਸਮੱਸਿਆ ਆਣ ਖੜ੍ਹੀ ਹੋਈ, ਜਿਸ ਦਾ ਹੱਲ ਕਿਸੇ ਨੂੰ ਵੀ ਨਹੀਂ ਸੀ ਲੱਭ ਰਿਹਾ। ਰੋਜ਼ ਸ਼ਾਮ ਨੂੰ ਦਿਨ ਛਿਪਣ ਵੇਲੇ ਉਨ੍ਹਾਂ ਦੇ ਘਰ ਵਿੱਚ ਮਿੱਟੀ ਦੇ ਡਲੇ ਡਿੱਗਣ ਲੱਗਦੇ। ਇਹ ਸਭ ਬੜੇ ਦਿਨਾਂ ਤੱਕ ਚੱਲਦਾ ਰਿਹਾ। ਬਜ਼ੁਰਗ ਪ੍ਰੇਸ਼ਾਨ ਹੋ ਕੇ ਰੌਲਾ ਪਾਉਂਦੇ ਤਾਂ ਲੋਕ ਇੱਕਠੇ ਹੋ ਜਾਂਦੇ। ਪਰ ਪਤਾ ਨਾ ਲੱਗਦਾ ਕਿ ਇਹ ਕਿਵੇਂ ਹੋ ਰਿਹਾ ਸੀ। ਪਿੰਡ ’ਚ ਹਰ ਕੋਈ ਇਸ ਕੰਮ ਲਈ ਕਿਸੇ ਓਪਰੀ ਸ਼ੈਅ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਸੀ। ਤਾਇਆ ਵਿਚਾਰਾ ਕਦੇ ਕਿਸੇ ਦੀ ਸਲਾਹ ’ਤੇ ਪੀਰ ਕੋਲ ਜਾ ਪਹੁੰਚਦਾ ਤੇ ਕਦੇ ਕਿਸੇ ਝਾੜਾ ਕਰਨ ਵਾਲੇ ਕੋਲ। ਇਸ ਬਜ਼ੁਰਗ ਜੋੜੇ ਦੀ ਪ੍ਰੇਸ਼ਾਨੀ ਵੇਖ ਮੇਰੇ ਪਤੀ ਹਰਕੀਰਤ ਨੇ ਨਿਸ਼ਚਾ ਕੀਤਾ ਕਿ ਉਹ ਹਰ ਹਾਲਤ ਇਸ ਸਮੱਸਿਆ ਦਾ ਹੱਲ ਲੱਭਣਗੇ।
ਅਗਲੇ ਦਿਨ ਉਹ ਦਿਨ ਢਲਣ ਵੇੇਲੇ ਸਾਡੇ ਘਰ ਦੀ ਛੱਤ ’ਤੇ ਜਾ ਲੁਕੇ। ਰੋਜ਼ ਵਾਂਗ ਵਿਹੜੇ ਵਿੱਚ ਮਿੱਟੀ ਦੇ ਡਲੇ ਡਿੱਗਣ ਲਗ ਪਏ। ਹਰਕੀਰਤ ਨੂੰ ਇੱਕ ਪਰਛਾਵਾਂ ਨਜ਼ਰ ਆਇਆ, ਜਿਵੇਂ ਕੋਈ ਹੇਠਾਂ ਝੁਕ ਕੇ ਕੁਝ ਚੁੱਕ ਰਿਹਾ ਹੋਵੇ ਤੇ ਵੇਖਦੇ ਹੀ ਵੇਖਦੇ ਮਿੱਟੀ ਦਾ ਡਲਾ ਤਾਏ ਦੇ ਘਰ ਜਾ ਵੱਜਿਆ।
ਇਹ ਗੁਆਂਢੀਆਂ ਦੀ ਕੁੜੀ ਸੀ, ਪਰ ਹਰਕੀਰਤ ਨੇ ਹਾਲੇ ਕਿਸੇ ਨੂੰ ਦੱਸਣਾ ਮੁਨਾਸਿਬ ਨਾ ਸਮਝਿਆ। ਉਹ ਆਪਣੇ ਸ਼ੱਕ ਨੂੰ ਪੁਖ਼ਤਾ ਕਰਨ ਲਈ ਅਗਲੇ ਦਿਨ ਸਾਡੇ ਗੁਆਂਢੀ ਮਾਸਟਰ ਪ੍ਰੇਮ ਚੰਦ ਨੂੰ ਨਾਲ ਲੈ ਕੇ ਮੁੜ ਛੱਤ ’ਤੇ ਜਾ ਲੁਕੇ। ਉਸ ਦਿਨ ਵੀ ਕੁੜੀ ਡਲਾ ਸੁੱਟ ਕੇ ਅੰਦਰ ਜਾ ਵੜਦੀ ਤੇ ਥੋੜ੍ਹੀ ਦੇਰ ਬਾਅਦ ਬਾਹਰ ਆ ਕੇ ਮੁੜ ਇੰਜ ਹੀ ਕਰਦੀ। ਇਸ ਵਾਰ ਜਦੋਂ ਉਹ ਬਾਹਰ ਆਈ ਤਾਂ ਹਰਕੀਰਤ ਅਤੇ ਮਾਸਟਰ ਪ੍ਰੇਮ ਚੰਦ ਨੇ ਰੌਲਾ ਪਾ ਦਿੱਤਾ। ਕੁੜੀ ਘਬਰਾ ਕੇ ਆਪਣੇ ਘਰ ਅੰਦਰ ਭੱਜ ਗਈ ਤੇ ਮੁੜ ਬਾਹਰ ਨਾ ਆਈ। ਮਾਸਟਰ ਪ੍ਰੇਮ ਚੰਦ ਨੇ ਉਥੇ ਮੌਜੂਦ ਲੋਕਾਂ ਨੂੰ ਵੀ ਅੱਖੀਂ ਡਿੱਠਾ ਹਾਲ ਸੁਣਾਇਆ।
ਫ਼ੈਸਲਾ ਹੋਇਆ ਕਿ ਸਵੇਰੇ ਪੰਚਾਇਤ ਵਿੱਚ ਇਹ ਮਸਲਾ ਵਿਚਾਰਿਆ ਜਾਵੇਗਾ। ਅਗਲੇ ਦਿਨ ਪੰਚਾਇਤ ਜੁੜੀ ਤਾਂ ਸਾਰੀ ਗੱਲ ਖੋਲ੍ਹ ਕੇ ਸਾਹਮਣੇ ਰੱਖ ਦਿੱਤੀ ਗਈ। ਸਰਪੰਚ ਨੇ ਉਸੇ ਵੇਲੇ ਬੰਦਾ ਭੇਜ ਕੇ ਕੁੜੀ ਤੇ ਉਸ ਦੇ ਪਿਤਾ ਜੀਤ ਸਿੰਘ ਨੂੰ ਬੁਲਾ ਲਿਆ। ਜਦੋਂ ਜੀਤ ਸਿੰਘ ਨੂੰ ਉਸ ਦੀ ਲੜਕੀ ਵੱਲੋਂ ਮਾਰੇ ਜਾਂਦੇ ਮਿੱਟੀ ਦੇ ਡਲਿਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਅਗਿਆਨਤਾ ਜ਼ਾਹਿਰ ਕੀਤੀ, ਪਰ ਕਿਸੇ ਨੂੰ ਵੀ ਇਸ ਗੱਲ ’ਤੇ ਭਰੋਸਾ ਨਾ ਹੋਇਆ। ਜਦੋਂ ਹਰਕੀਰਤ ਤੇ ਮਾਸਟਰ ਜੀ ਨੇ ਕੁੜੀ ਨੂੰ ਇਸ ਬਾਰੇ ਥੋੜ੍ਹੀ ਸਖ਼ਤੀ ਨਾਲ ਪੁੱਛਿਆ ਤਾਂ ਉਹ ਸਭ ਮੰਨ ਗਈ। ਥੋੜ੍ਹੀ ਜਿਹੀ ਝਿੜਕ ਮਗਰੋਂ ਹੀ ਸਹਿਮ ਗਈ ਤੇ ਰੋਂਦੇ ਰੋਂਦੇ ਉਸ ਨੇ ਦੱਸਿਆ ਕਿ ਉਸ ਦੇ ਮਾਂ-ਪਿਓ ਨੇ ਹੀ ਉਸ ਨੂੰ ਅਜਿਹਾ ਕਰਨ ਲਈ ਕਿਹਾ ਸੀ ਤਾਂ ਜੋ ਬਜ਼ੁਰਗ ਜੋੜਾ ਪ੍ਰੇਸ਼ਾਨ ਹੋ ਕੇ ਘਰ ਖਾਲੀ ਕਰ ਜਾਵੇ। ਸਾਰੀ ਗੱਲ ਸਾਹਮਣੇ ਆਉਣ ਮਗਰੋਂ ਪੰਚਾਇਤ ਨੇ ਦੋਸ਼ੀ ਪਰਿਵਾਰ ਨੂੰ ਜੁਰਮਾਨਾ ਲਾਇਆ ਤੇ ਲਿਖਤ ਵਿੱਚ ਮੁਆਫ਼ੀਨਾਮਾ ਵੀ ਲਿਆ। ਬਜ਼ੁਰਗ ਜੋੜੇ ਨੇ ਸੁੱਖ ਦਾ ਸਾਹ ਲੈਂਦਿਆਂ ਹਰਕੀਰਤ ਤੇ ਮਾਸਟਰ ਜੀ ਦਾ ਧੰਨਵਾਦ ਕੀਤਾ।
