ਸਬਜ਼ੀ ਲੈਣ ਨਿਕਲਿਆ ਅਨੁਰਾਗ, ਗੱਡੀ ਹਟਾਉਣ ਲਈ ਕਿਹਾ ਤਾਂ ਭੜਕੇ ਨੌਜਵਾਨ; ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਜਾਨਲੇਵਾ ਹਮਲਾ

ਜੰਮੂ ਦੇ ਬਨਤਾਲਾਬ ’ਚ ਗੱਡੀ ਹਟਾਉਣ ਲਈ ਕਹਿਣ ’ਤੇ 23 ਸਾਲਾ ਨੌਜਵਾਨ ਅਨੁਰਾਗ ਚਿਬ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਹਮਲੇ ’ਚ ਅਨੁਰਾਗ ਦੀਆਂ ਦੋਵੇਂ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਜੰਮੂ ਤੋਂ ਬਾਹਰ ਲਿਜਾਇਆ ਗਿਆ।
ਸ਼ਹਿਰ ਦੇ ਬਨਤਾਲਾਬ ਇਲਾਕੇ ’ਚ ਗੱਡੀ ਹਟਾਉਣ ਲਈ ਕਹਿਣ ’ਤੇ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ ਨੌਜਵਾਨਾਂ ਨੇ ਇੱਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਨੌਜਵਾਨ ਦੀਆਂ ਦੋਵੇਂ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਪਰਿਵਾਰਕ ਮੈਂਬਰ ਉਸ ਨੂੰ ਬਿਹਤਰ ਇਲਾਜ ਲਈ ਜੰਮੂ ਤੋਂ ਬਾਹਰ ਲੈ ਗਏ ਹਨ। ਜ਼ਖਮੀ ਨੌਜਵਾਨ ਦੀ ਪਛਾਣ 23 ਸਾਲਾ ਅਨੁਰਾਗ ਚਿਬ ਵਜੋਂ ਹੋਈ ਹੈ। ਉਸ ਨੇ ਹਮਲਾਵਰਾਂ ’ਚੋਂ ਇੱਕ ਦੀ ਪਛਾਣ ਅਰਜੁਨ ਵਜੋਂ ਕੀਤੀ ਹੈ। ਅਨੁਰਾਗ ਨੇ ਦੱਸਿਆ ਕਿ ਉਹ ਸ਼ਾਮ ਨੂੰ ਘਰੋਂ ਬਾਹਰ ਸਬਜ਼ੀ ਲੈਣ ਲਈ ਨਿਕਲਿਆ ਸੀ। ਸਬਜ਼ੀ ਦੀ ਦੁਕਾਨ ਉਸ ਦੇ ਘਰ ਦੇ ਨੇੜੇ ਹੀ ਹੈ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉੱਥੇ ਦੋ ਗੱਡੀਆਂ ਖੜ੍ਹੀਆਂ ਸਨ, ਜਿਨ੍ਹਾਂ ’ਚ 8 ਤੋਂ 10 ਨੌਜਵਾਨ ਸਵਾਰ ਸਨ। ਉਸ ਨੇ ਇੱਕ ਨੌਜਵਾਨ ਨੂੰ ਗੱਡੀ ਥੋੜ੍ਹੀ ਅੱਗੇ ਕਰਨ ਲਈ ਕਿਹਾ। ਇਸੇ ਦੌਰਾਨ ਗੱਡੀਆਂ ’ਚੋਂ ਸਾਰੇ ਨੌਜਵਾਨ ਬਾਹਰ ਆ ਗਏ ਤੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਵੀ ਕੱਢ ਲਏ। ਅਨੁਰਾਗ ਨੇ ਇੱਕ ਨੌਜਵਾਨ ਤੋਂ ਹਥਿਆਰ ਖੋਹ ਵੀ ਲਿਆ, ਪਰ ਦੂਜੇ ਨੌਜਵਾਨਾਂ ਨੇ ਉਸ ’ਤੇ ਵਾਰ ਕਰ ਦਿੱਤੇ। ਅਨੁਰਾਗ ਦੀਆਂ ਬਾਂਹਾਂ ’ਤੇ ਗੰਭੀਰ ਸੱਟਾਂ ਲੱਗੀਆਂ ਤੇ ਹਮਲਾਵਰ ਉਸ ਨੂੰ ਜ਼ਖਮੀ ਹਾਲਤ ’ਚ ਛੱਡ ਕੇ ਫਰਾਰ ਹੋ ਗਏ।
ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਅਨੁਰਾਗ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ। ਉਹ ਉਸ ਨੂੰ ਜੀਐੱਮਸੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਦੀਆਂ ਬਾਂਹਾਂ ਦੀ ਸਰਜਰੀ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਬਿਹਤਰ ਇਲਾਜ ਲਈ ਜੰਮੂ ਤੋਂ ਬਾਹਰ ਲੈ ਗਏ। ਉਧਰ, ਇਸ ਮਾਮਲੇ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਵਿੱਚੋਂ ਕੁਝ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਕਾਬੂ ਕਰਨ ਦੇ ਯਤਨ ਜਾਰੀ ਹਨ।
