ਕੁਲਗਾਮ ਹਮਲੇ ’ਚ ਲਸ਼ਕਰ ਅਤਿਵਾਦੀ ਲਤੀਫ਼ ਭੱਟ ਦੀ ਸ਼ਮੂਲੀਅਤ; 200 ਸ਼ੱਕੀਆਂ ਤੋਂ ਪੁੱਛਗਿੱਛ
ਬੀਤੇ ਦਿਨੀਂ ਕੁਲਗਾਮ ਵਿੱਚ ਹੋਏ ਅਤਿਵਾਦੀ ਹਮਲੇ, ਜਿਸ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ, ਦੀ ਜਾਂਚ ਵਿੱਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਮੁਹੰਮਦ ਲਤੀਫ਼ ਭੱਟ ਦੀ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ ਗਿਆ ਹੈ। ਇਹ ਖਾਸ ਜਾਣਕਾਰੀ 'ਟ੍ਰਿਬਿਊਨ ਸਮੂਹ' ਨੂੰ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭੱਟ ਨੇ ਬੁੱਧਵਾਰ ਨੂੰ ਕੁਲਗਾਮ ਦੇ ਅਖਰਾਨ ਵਿਖੇ ਇਹ ਹਮਲਾ ਕੀਤਾ ਸੀ।
ਇਸ ਹਮਲੇ ਤੋਂ ਬਾਅਦ ਉਸ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਹਮਲੇ ਕਾਰਨ ਇੱਕ ਜਵਾਨ ਦੀ ਹਾਲਤ ਗੰਭੀਰ ਹੈ। ਸੂਤਰਾਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਭੱਟ ਦੀ ਤਸਵੀਰ ਦਿਖਾਈ ਗਈ, ਜਿਨ੍ਹਾਂ ਨੇ ਉਸ ਦੀ ਪਛਾਣ ਹਮਲੇ ਵਿੱਚ ਸ਼ਾਮਲ ਅਤਿਵਾਦੀ ਵਜੋਂ ਕੀਤੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਆਰਪੀਐਫ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਭੱਟ ਨੂੰ ਮੌਕੇ ਤੋਂ ਭੱਜਣ ਲਈ ਮਜਬੂਰ ਹੋਣਾ ਪਿਆ। ਸੂਤਰਾਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਭੱਟ ਦੇ ਨਾਲ ਇੱਕ ਹੋਰ ਅਤਿਵਾਦੀ ਵੀ ਸੀ ਅਤੇ ਅਗਲੇਰੀ ਜਾਂਚ ਜਾਰੀ ਹੈ।
ਭੱਟ ਕਥਿਤ ਤੌਰ 'ਤੇ ਦੱਖਣੀ ਕਸ਼ਮੀਰ ਵਿੱਚ ਪਹਿਲਾਂ ਹੋਏ ਹਮਲਿਆਂ ਵਿੱਚ ਵੀ ਸ਼ਾਮਲ ਰਿਹਾ ਹੈ, ਜਿਸ ਵਿੱਚ ਜੁਲਾਈ ਮਹੀਨੇ ਅਖਰਾਨ ਪਿੰਡ ਦੇ ਨੇੜੇ ਕੇਲਮ ਇਲਾਕੇ ਵਿੱਚ ਦੋ ਪਰਵਾਸੀ ਮਜ਼ਦੂਰਾਂ 'ਤੇ ਹੋਇਆ ਹਮਲਾ ਵੀ ਸ਼ਾਮਲ ਹੈ। ਭੱਟ ਨੂੰ ਘਾਟੀ ਵਿੱਚ ਬਚਿਆ ਹੋਇਆ ਇਕਲੌਤਾ ਅਤਿਵਾਦੀ ਮੰਨਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਪੁਲੀਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਸਰਗਰਮ ਸੀ ਅਤੇ ਉਸ ਨੇ ਕਥਿਤ ਤੌਰ 'ਤੇ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚੀ ਸੀ। ਪੁਲੀਸ ਨੇ ਇਹ ਵੀ ਕਿਹਾ ਹੈ ਕਿ ਭੱਟ ਨੂੰ ਕੁਝ ਵਿਦੇਸ਼ੀ ਅਤਿਵਾਦੀਆਂ ਦਾ ਸਮਰਥਨ ਮਿਲ ਰਿਹਾ ਸੀ।
