14 ਦਿਨ ਹਸਪਤਾਲ ‘ਚ ਰਹੇ ਟਿੰਨੂ ਆਨੰਦ, ਹੁਣ ਖੁਦ ਦੱਸਿਆ ਕਿਵੇਂ ਹੈ ਉਨ੍ਹਾਂ ਦਾ ਹਾਲ?

ਮੁੰਬਈ: ਮਸ਼ਹੂਰ ਅਦਾਕਾਰ ਅਤੇ ਫਿਲਮ ਨਿਰਮਾਤਾ ਟਿੰਨੂ ਆਨੰਦ, ਜੋ ਡਿੱਗਣ ਕਾਰਨ 5 ਪਸਲੀਆਂ ਟੁੱਟਣ ਅਤੇ ਫੇਫੜੇ ਵਿੱਚ ਸੱਟ ਲੱਗਣ ਕਾਰਨ ਜ਼ਖਮੀ ਹੋ ਗਏ ਸਨ, ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਹੁਣ ਉਹ ਘਰ ਵਿੱਚ ਸਿਹਤਯਾਬ ਹੋ ਰਹੇ ਹਨ।
ਆਨੰਦ ਨੂੰ ਵੀਰਵਾਰ ਨੂੰ ਮੁੰਬਈ ਦੇ ਉਪਨਗਰ ਸਥਿਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਅਮਿਤਾਭ ਬੱਚਨ ਦੀਆਂ ਫਿਲਮਾਂ ‘ਕਾਲੀਆ’, ‘ਸ਼ਹਿਨਸ਼ਾਹ’, ‘ਮੈਂ ਆਜ਼ਾਦ ਹਾਂ’ ਅਤੇ ‘ਮੇਜਰ ਸਾਬ੍ਹ’ ਦੇ ਨਿਰਦੇਸ਼ਨ ਲਈ ਮਸ਼ਹੂਰ ਆਨੰਦ ਨੇ ਦੱਸਿਆ, “ਮੈਂ 14 ਦਿਨਾਂ ਬਾਅਦ ਘਰ ਵਾਪਸ ਆ ਗਿਆ ਹਾਂ ਅਤੇ ਹੁਣ ਕਾਫ਼ੀ ਬਿਹਤਰ ਮਹਿਸੂਸ ਕਰ ਰਿਹਾ ਹਾਂ। ਮੈਨੂੰ ਉਦੋਂ ਤੱਕ ਬੈੱਡ ਰੈਸਟ ਕਰਨਾ ਪਵੇਗਾ, ਜਦੋਂ ਤੱਕ ਡਾਕਟਰ ਇਹ ਨਹੀਂ ਕਹਿ ਦਿੰਦੇ ਕਿ ਹੁਣ ਤੁਸੀਂ ਬਾਹਰ ਜਾ ਸਕਦੇ ਹੋ।”
ਉਨ੍ਹਾਂ ਕਿਹਾ, “ਮੈਂ ਰਾਤ ਨੂੰ ਤੁਰ ਰਿਹਾ ਸੀ ਅਤੇ ਲਾਈਟਾਂ ਬੰਦ ਸਨ। ਇਸੇ ਦੌਰਾਨ ਅਚਾਨਕ ਮੈਂ ਡਿੱਗ ਗਿਆ ਅਤੇ ਉਸ ਤੋਂ ਬਾਅਦ ਸੌਂ ਗਿਆ। ਅਗਲੀ ਸਵੇਰ ਮੈਨੂੰ ਪਤਾ ਲੱਗਿਆ ਕਿ ਮੇਰੀ ਹੱਡੀ ਟੁੱਟ ਗਈ ਹੈ, ਜਿਸ ਤੋਂ ਬਾਅਦ ਮੇਰੀ ਬੇਟੀ ਮੈਨੂੰ ਹਸਪਤਾਲ ਲੈ ਗਈ।”
ਉਨ੍ਹਾਂ ਅੱਗੇ ਦੱਸਿਆ ਕਿ ਸੀਟੀ ਸਕੈਨ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਦੀਆਂ 5 ਪਸਲੀਆਂ ਵਿੱਚ ਫ੍ਰੈਕਚਰ ਹੋਇਆ ਹੈ।
ਉਨ੍ਹਾਂ ਕਿਹਾ, “ਮੈਨੂੰ ਯਾਦ ਨਹੀਂ ਕਿ ਮੈਂ ਉਹ ਸਮਾਂ ਕਿਵੇਂ ਬਿਤਾਇਆ, ਪਰ ਹੁਣ ਮੈਂ ਠੀਕ ਹਾਂ।”
‘ਅਗਨੀਪਥ’, ‘ਖਿਲਾੜੀ’, ‘ਦਾਮਿਨੀ’, ‘ਕੋਹਰਾ’, ‘ਕ੍ਰਾਂਤੀਵੀਰ’, ‘ਤ੍ਰਿਮੂਰਤੀ’, ‘ਚਾਈਨਾ ਗੇਟ’, ‘ਸਾਥੀਆ’, ‘ਬਲਫਮਾਸਟਰ’, ‘ਸਾਹੋ’ ਅਤੇ ‘ਮੇਰੀ ਕ੍ਰਿਸਮਸ’ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਲਈ ਜਾਣੇ ਜਾਂਦੇ ਆਨੰਦ ਨੂੰ ਡਾਕਟਰਾਂ ਨੇ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ ਹੈ। ਉਹ ਘਰ ਵਿੱਚ ਹੀ ਫਿਜ਼ੀਓਥੈਰੇਪੀ ਕਰਵਾ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਮਹੀਨੇ ਉਹ ਦੱਖਣੀ ਭਾਰਤੀ ਭਾਸ਼ਾਵਾਂ ਦੀਆਂ ਆਪਣੀਆਂ ਦੋ ਫਿਲਮਾਂ ‘ਤੇ ਕੰਮ ਸ਼ੁਰੂ ਕਰ ਸਕਣਗੇ।
