ਕਾਜ਼ੀਰੰਗਾ ਵਿੱਚ ਬੱਸ ਅਤੇ ਟਰੱਕ ਦੀ ਟੱਕਰ ’ਚ 24 ਮੌਤਾਂ; 20 ਹੋਰ ਜ਼ਖ਼ਮੀ
ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਨੇੜੇ ਸ਼ੁੱਕਰਵਾਰ ਨੂੰ ਇੱਕ ਮਿੰਨੀ ਬੱਸ ਅਤੇ ਕੰਟੇਨਰ ਟਰੱਕ ਦੀ ਆਹਮੋ-ਸਾਹਮਣੇ ਟੱਕਰ ਵਿੱਚ ਘੱਟੋ-ਘੱਟ 24 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਦੋ ਔਰਤਾਂ ਸ਼ਾਮਲ ਹਨ ਅਤੇ ਕਈ ਕਾਲਜ ਦੇ ਵਿਦਿਆਰਥੀ ਸਨ ਜੋ ਆਪਣੀਆਂ ਕਲਾਸਾਂ ਲਗਾ ਕੇ ਵਾਪਸ ਪਰਤ ਰਹੇ ਸਨ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਕੌਮੀ ਸ਼ਾਹਰਾਹ-715 ’ਤੇ ਕੋਹੋਰਾ ਰੇਂਜ ਵਿੱਚ ਹਾਥੀਕੁਲੀ ਟੀ ਅਸਟੇਟ ਨੇੜੇ ਰੰਗਾਜਾਨ ਵਿਖੇ ਉਦੋਂ ਵਾਪਰਿਆ, ਜਦੋਂ ਯਾਤਰੀ ਵਾਹਨ ਟਰੱਕ ਨਾਲ ਟਕਰਾ ਗਿਆ।
ਗੋਲਾਘਾਟ ਜ਼ਿਲ੍ਹੇ ਦੇ ਇੱਕ ਕਾਰਜਕਾਰੀ ਮੈਜਿਸਟਰੇਟ ਨੇ ਪੱਤਰਕਾਰਾਂ ਨੂੰ ਦੱਸਿਆ, "ਮੌਤਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਡਾਕਟਰਾਂ ਨੇ ਹਾਦਸੇ ਵਿੱਚ 23 ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਹੁਣ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।"
ਅਧਿਕਾਰੀ ਨੇ ਕਿਹਾ, "ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਪਹਿਲਾਂ ਹੀ ਨੌਂ ਐਂਬੂਲੈਂਸਾਂ ਕੰਮ ਕਰ ਰਹੀਆਂ ਹਨ। ਇੱਥੋਂ ਦੇ ਡਾਕਟਰਾਂ ਨੇ 20 ਵਿਅਕਤੀਆਂ ਨੂੰ ਅਗਲੇਰੇ ਇਲਾਜ ਲਈ ਜੋਰਹਾਟ ਰੈਫਰ ਕਰ ਦਿੱਤਾ ਹੈ।" ਪੁਲੀਸ ਨੇ ਦੱਸਿਆ ਕਿ ਮਿੰਨੀ ਬੱਸ ਗੋਲਾਘਾਟ ਤੋਂ ਨਗਾਓਂ ਜਾ ਰਹੀ ਸੀ, ਜਦੋਂ ਕਿ ਕੰਟੇਨਰ ਟਰੱਕ ਉੱਪਰੀ ਅਸਾਮ ਵੱਲ ਜਾ ਰਿਹਾ ਸੀ।
ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਉਹ ਦਿਨ ਵੇਲੇ ਕਾਜ਼ੀਰੰਗਾ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਤੋਂ ਬੇਹੱਦ ਦੁਖੀ ਹਨ।
ਉਨ੍ਹਾਂ ਅੱਗੇ ਕਿਹਾ, "ਇਸ ਨੁਕਸਾਨ ਦੇ ਪੈਮਾਨੇ ਨੇ ਸਾਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਮੇਰੀ ਹਮਦਰਦੀ ਹਰ ਉਸ ਪਰਿਵਾਰ ਨਾਲ ਹੈ ਜਿਸ ਨੇ ਆਪਣਾ ਕੋਈ ਪਿਆਰਾ ਗੁਆਇਆ ਹੈ। ਕੋਈ ਵੀ ਸ਼ਬਦ ਉਨ੍ਹਾਂ ਦਾ ਦਰਦ ਘੱਟ ਨਹੀਂ ਕਰ ਸਕਦਾ, ਪਰ ਮੈਂ ਚਾਹੁੰਦਾ ਹਾਂ ਕਿ ਉਹ ਇਹ ਜਾਣਨ ਕਿ ਉਹ ਇਕੱਲੇ ਨਹੀਂ ਹਨ। ਦੁੱਖ ਦੀ ਇਸ ਘੜੀ ਵਿੱਚ ਪੂਰਾ ਅਸਾਮ ਉਨ੍ਹਾਂ ਦੇ ਨਾਲ ਖੜ੍ਹਾ ਹੈ।"
ਸਰਮਾ ਨੇ ਕਿਹਾ ਕਿ ਹੁਣ ਸਭ ਤੋਂ ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਜ਼ਖ਼ਮੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਸਭ ਤੋਂ ਵਧੀਆ ਸੰਭਵ ਡਾਕਟਰੀ ਸਹਾਇਤਾ ਮਿਲੇ। ਉਨ੍ਹਾਂ ਕਿਹਾ, "ਮਾਣਯੋਗ ਮੰਤਰੀ ਅਤੁਲ ਬੋਰਾ (@) ਘਟਨਾ ਸਥਾਨ ’ਤੇ ਮੌਜੂਦ ਹਨ ਅਤੇ ਨਿੱਜੀ ਤੌਰ ’ਤੇ ਰਾਹਤ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਮੈਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਅਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਪ੍ਰਾਰਥਨਾ ਕਰਦਾ ਹਾਂ।"
ਗੋਲਾਘਾਟ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਅੱਗੇ ਦੱਸਿਆ ਕਿ ਬੈਠਣ ਦੀ ਸਮਰੱਥਾ ਤੋਂ ਵੱਧ ਸਵਾਰੀਆਂ ਬਿਠਾਉਣਾ ਅਤੇ ਕਾਜ਼ੀਰੰਗਾ ਨੈਸ਼ਨਲ ਪਾਰਕ ਨੇੜੇ ਨਿਰਧਾਰਤ ਰਫ਼ਤਾਰ ਸੀਮਾ ਤੋਂ ਤੇਜ਼ ਵਾਹਨ ਚਲਾਉਣਾ—ਇਸ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ।
ਵਧੀਕ ਜ਼ਿਲ੍ਹਾ ਕਮਿਸ਼ਨਰ ਜਿੰਟੂ ਬੋਰਾਹ ਨੇ ਦੱਸਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਰਾਤ ਸਮੇਂ ਵਿਸ਼ੇਸ਼ ਲਾਈਟਾਂ ਦਾ ਪ੍ਰਬੰਧ ਕਰਕੇ ਗੋਲਾਘਾਟ ਦੇ ਸ਼ਹੀਦ ਕੁਸ਼ਲ ਕੋਂਵਰ ਸਿਵਲ ਹਸਪਤਾਲ ਵਿੱਚ ਕਰਵਾਇਆ ਜਾਵੇਗਾ।
