📰 11/05/2026
ਵਿਦੇਸ਼📍 ਪੰਜਾਬ

ਕੈਨੇਡਾ ਦੇ ਮਿੰਨੀ ਪੰਜਾਬ ਸਰੀ ਵਿੱਚ 20 ਸਾਲਾ ਸੁਹਾਨਾ ਗਿੱਲ ਨੇ ਰਚਿਆ ਇਤਿਹਾਸ, ਬਣੀ ਸ਼ਹਿਰ ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ

ਪੰਜਾਬੀ ਮੂਲ ਦੀ 20 ਸਾਲਾ ਸੁਹਾਨਾ ਗਿੱਲ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਹੈ। ਸੁਹਾਨਾ ਗਿੱਲ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿੰਨੀ ਪੰਜਾਬ ਕਹੇ ਜਾਣ ਵਾਲੇ ਸਰੀ ਸ਼ਹਿਰ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ (ਨਗਰ ਕੌਂਸਲਰ) ਬਣ ਗਈ ਹੈ।
ਕੈਨੇਡਾ ਦੇ ਮਿੰਨੀ ਪੰਜਾਬ ਸਰੀ ਵਿੱਚ 20 ਸਾਲਾ ਸੁਹਾਨਾ ਗਿੱਲ ਨੇ ਰਚਿਆ ਇਤਿਹਾਸ, ਬਣੀ ਸ਼ਹਿਰ ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ

ਪੰਜਾਬੀ ਮੂਲ ਦੀ 20 ਸਾਲਾ ਸੁਹਾਨਾ ਗਿੱਲ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਹੈ। ਸੁਹਾਨਾ ਗਿੱਲ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿੰਨੀ ਪੰਜਾਬ ਕਹੇ ਜਾਣ ਵਾਲੇ ਸਰੀ ਸ਼ਹਿਰ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ (ਨਗਰ ਕੌਂਸਲਰ) ਬਣ ਗਈ ਹੈ।

ਸਰੀ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਜਨਮੀ ਅਤੇ ਪਲੀ-ਵਧੀ ਸੁਹਾਨਾ ਗਿੱਲ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਆਪਣੀ ਹਾਈ ਸਕੂਲ ਦੀ ਪੜ੍ਹਾਈ ਤੈਅ ਸਮੇਂ ਤੋਂ ਦੋ ਸਾਲ ਪਹਿਲਾਂ ਹੀ ਪੂਰੀ ਕਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਵਿੱਚ ਦਾਖ਼ਲਾ ਲਿਆ ਅਤੇ 19 ਸਾਲ ਦੀ ਉਮਰ ਵਿੱਚ ਆਪਣੀ ਬੈਚਲਰ ਡਿਗਰੀ ਹਾਸਲ ਕਰ ਲਈ।

ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਉਨ੍ਹਾਂ ਨੇ 22 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦਿਆਂ ਵਿਮੈਨਜ਼ ਰਿਪ੍ਰਜ਼ੈਂਟੇਟਿਵ ਵਜੋਂ ਵੀ ਕੰਮ ਕੀਤਾ। ਸੁਹਾਨਾ ਨੇ ਮਿਸ ਬੀਸੀ 2023 ਦਾ ਖ਼ਿਤਾਬ ਵੀ ਆਪਣੇ ਨਾਮ ਕੀਤਾ ਹੈ।

ਸੁਹਾਨਾ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਹਨ। ਹਾਲਾਂਕਿ, ਮਾਲਵਾ ਵਿੱਚ ਉਨ੍ਹਾਂ ਦਾ ਜੱਦੀ ਪਿੰਡ ਜਾਂ ਸ਼ਹਿਰ ਕਿਹੜਾ ਹੈ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਉਹ ਸਾਲ 2000 ਵਿੱਚ ਕੈਨੇਡਾ ਜਾ ਕੇ ਵੱਸ ਗਏ ਸਨ। ਸੁਹਾਨਾ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਅਤੇ ਉਨ੍ਹਾਂ ਦੀ ਪਰਵਰਿਸ਼ ਵੀ ਉੱਥੇ ਹੀ ਹੋਈ। ਸੁਹਾਨਾ ਦੇ ਪਿਤਾ ਟਰਾਂਸਪੋਰਟਰ ਹਨ, ਜਦਕਿ ਉਨ੍ਹਾਂ ਦੀ ਮਾਂ ਘਰੇਲੂ ਔਰਤ ਹੈ। ਉਨ੍ਹਾਂ ਦਾ ਇੱਕ ਭਰਾ ਅਤੇ ਇੱਕ ਛੋਟੀ ਭੈਣ ਵੀ ਹੈ।

ਸੁਹਾਨਾ ਲੰਬੇ ਸਮੇਂ ਤੋਂ ਨੌਜਵਾਨਾਂ ਦੇ ਅਧਿਕਾਰਾਂ, ਵਾਤਾਵਰਣ ਦੀ ਸੁਰੱਖਿਆ ਅਤੇ ਲਿੰਗਕ ਸਮਾਨਤਾ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਬਲੂਅਰ ਐਂਡ ਗ੍ਰੀਨਰ ਨਾਮਕ ਯੂਥ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ, ਜੋ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਬਾਰੇ ਲੋਕਾਂ ਨੂੰ ਜਾਗਰੂਕ ਕਰਦਾ ਹੈ।

ਰੀਅਲ ਅਸਟੇਟ ਖੇਤਰ ਵਿੱਚ ਕੰਮ ਕਰਨ ਦੌਰਾਨ ਸੁਹਾਨਾ ਨੇ ਸਰੀ ਵਿੱਚ ਘਰਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਅਤੇ ਪੰਜਾਬ ਤੋਂ ਉੱਥੇ ਜਾ ਕੇ ਵੱਸਣ ਵਾਲੇ ਨਵੇਂ ਪਰਿਵਾਰਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਬਹੁਤ ਨੇੜਿਓਂ ਸਮਝਿਆ।

ਸੁਹਾਨਾ ਗਿੱਲ ਨੇ 17 ਅਕਤੂਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਸਾਬਕਾ ਮੇਅਰ ਡਗ ਮੈਕਲਮ ਦੀ ਅਗਵਾਈ ਵਾਲੇ ਸੇਫ ਸਰੀ ਅਲਾਇੰਸ ਦੇ ਉਮੀਦਵਾਰ ਵਜੋਂ ਚੋਣ ਲੜੀ। ਉਨ੍ਹਾਂ ਦਾ ਚੋਣ ਪ੍ਰਚਾਰ ਸਰੀ ਸ਼ਹਿਰ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਨਾਲ ਜੁੜੇ ਅਹਿਮ ਮੁੱਦਿਆਂ ਤੇ ਕੇਂਦਰਿਤ ਸੀ। ਇਨ੍ਹਾਂ ਵਿੱਚ ਕਿਫਾਇਤੀ ਰਿਹਾਇਸ਼, ਮਜ਼ਬੂਤ ਬੁਨਿਆਦੀ ਢਾਂਚਾ, ਸੁਰੱਖਿਅਤ ਮਾਹੌਲ, ਬਿਹਤਰ ਜਨਤਕ ਆਵਾਜਾਈ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਮੁੱਖ ਮੁੱਦੇ ਸਨ। ਸਰੀ ਵਿੱਚ ਵੱਡੀ ਗਿਣਤੀ ਵਿੱਚ ਰਹਿਣ ਵਾਲੇ ਪੰਜਾਬੀਆਂ ਅਤੇ ਨੌਜਵਾਨ ਵਰਗ ਨੇ ਉਨ੍ਹਾਂ ਦਾ ਸਾਥ ਦਿੱਤਾ।

ਸੁਹਾਨਾ ਗਿੱਲ ਨੂੰ ਕੁੱਲ 27,820 ਵੋਟਾਂ ਮਿਲੀਆਂ। ਉਹ 20.7 ਫ਼ੀਸਦੀ ਵੋਟਾਂ ਹਾਸਲ ਕਰਕੇ ਚੁਣੇ ਗਏ 8 ਕੌਂਸਲਰਾਂ ਵਿੱਚੋਂ ਪੰਜਵੇਂ ਸਥਾਨ ਤੇ ਰਹੀ। ਚੋਣਾਂ ਵਿੱਚ ਮੇਅਰ ਅਤੇ ਕੌਂਸਲਰ ਦੇ ਅਹੁਦਿਆਂ ਲਈ ਵੱਖ-ਵੱਖ ਪਾਰਟੀਆਂ ਦੇ 22 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ ਕੁੱਲ 8 ਕੌਂਸਲਰ ਚੁਣੇ ਜਾਣੇ ਸਨ।

ਕੌਂਸਲਰ ਚੁਣੇ ਜਾਣ ਤੋਂ ਬਾਅਦ ਸੁਹਾਨਾ ਨੇ ਦੱਸਿਆ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਦੇਖਿਆ ਕਿ ਸਰੀ ਸ਼ਹਿਰ ਦੀ ਆਬਾਦੀ ਅਤੇ ਜਨਸੰਖਿਆ ਦਾ ਸਰੂਪ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਪਰ ਉੱਥੋਂ ਦੀ ਸਿਟੀ ਕੌਂਸਲ ਵਿੱਚ ਨੌਜਵਾਨਾਂ ਅਤੇ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਨ ਵਾਲਾ ਕੋਈ ਨਹੀਂ ਸੀ।

ਉਹ ਨੌਜਵਾਨਾਂ, ਵਿਦਿਆਰਥੀਆਂ ਅਤੇ ਆਮ ਕੰਮਕਾਜੀ ਪਰਿਵਾਰਾਂ ਦੀਆਂ ਸਮੱਸਿਆਵਾਂ ਜਿਵੇਂ ਕਿਫਾਇਤੀ ਰਿਹਾਇਸ਼, ਪਬਲਿਕ ਟ੍ਰਾਂਸਪੋਰਟ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਮੁੱਦੇ ਸਿੱਧੇ ਪ੍ਰਸ਼ਾਸਨ ਦੇ ਸਾਹਮਣੇ ਉਠਾਉਣਾ ਚਾਹੁੰਦੀ ਸੀ। ਇਸੇ ਕਾਰਨ ਉਨ੍ਹਾਂ ਨੇ ਚੋਣ ਲੜਨ ਦਾ ਫ਼ੈਸਲਾ ਕੀਤਾ।

ਚੋਣ ਪ੍ਰਚਾਰ ਦੌਰਾਨ ਸੁਹਾਨਾ ਗਿੱਲ ਨੇ ਕਿਹਾ ਸੀ ਕਿ ਕੈਨੇਡਾ ਅਤੇ ਸਰੀ ਸ਼ਹਿਰ ਦੇ ਵਿਕਾਸ ਵਿੱਚ ਪੰਜਾਬੀਆਂ ਅਤੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਨੌਜਵਾਨਾਂ ਨੂੰ ਸਿਰਫ਼ ਭਵਿੱਖ ਦੇ ਵੋਟਰ ਮੰਨ ਕੇ ਨਹੀਂ ਛੱਡਿਆ ਜਾ ਸਕਦਾ, ਸਗੋਂ ਸ਼ਹਿਰ ਨਾਲ ਜੁੜੇ ਉਨ੍ਹਾਂ ਫ਼ੈਸਲਿਆਂ ਵਿੱਚ ਵੀ ਉਨ੍ਹਾਂ ਦੀ ਸਿੱਧੀ ਅਤੇ ਸਾਰਥਕ ਭਾਗੀਦਾਰੀ ਹੋਣੀ ਚਾਹੀਦੀ ਹੈ, ਜਿਨ੍ਹਾਂ ਦਾ ਅਸਰ ਆਉਣ ਵਾਲੇ ਕਈ ਦਹਾਕਿਆਂ ਤੱਕ ਉਨ੍ਹਾਂ ਦੀ ਜ਼ਿੰਦਗੀ ਅਤੇ ਭਵਿੱਖ ਤੇ ਪਵੇਗਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਜਾਰਜੀਆ 'ਚ ਇਤਿਹਾਸ: ਜੋਤ ਸਿੰਘ ਬਣੇ ਪਹਿਲੇ ਸਿੱਖ ਵਿਧਾਇਕਪੜ੍ਹੋ →
ਮਾਨਸਾ ਕੋਰਟ ਨੇ ਨਾਭਾ ਜੇਲ੍ਹ ਨੂੰ ਭੇਜੇ ਆਰਡਰ, ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਹੋਣਗੇ ਰਿਹਾਅਪੜ੍ਹੋ →
ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ’ਚ ਮੌਤ, ਪੇਕੇ ਪਰਿਵਾਰ ਨੇ ਪਤੀ 'ਤੇ ਲਗਾਏ ਇਲਜ਼ਾਮਪੜ੍ਹੋ →
ਮਾਨਸਾ ‘ਚ ਦਲਜੀਤ ਦਾ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ, ਭੈਣ ਨੇ ਚੁੱਕੀ ਅਰਥੀਪੜ੍ਹੋ →
ਪੁਰਾਣੀ ਗੱਡੀ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਮਿਲੇਗੀ ਰਾਹਤ, ਮਾਲਕੀ ਟ੍ਰਾਂਸਫਰ ਕਰਨਾ ਹੋਵੇਗਾ ਆਸਾਨਪੜ੍ਹੋ →
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 16 ਮੁਲਜ਼ਮ ਗ੍ਰਿਫ਼ਤਾਰ; 34 ਕਿਲੋ ਹੈਰੋਇਨ, ਗੰਨਾਂ ਤੇ ਹੈਂਡ ਗ੍ਰਨੇਡ ਬਰਾਮਦਪੜ੍ਹੋ →