ਕੋਟਕਪੂਰਾ 'ਚ ਪੀਆਰਟੀਸੀ ਬੱਸ ਦੀ ਟੱਕਰ ਨਾਲ ਸਕੂਟਰੀ ਸਵਾਰ ਨਰਸਿੰਗ ਵਿਦਿਆਰਥਣ ਜ਼ਖਮੀ

ਕੋਟਕਪੂਰਾ ਦੇ ਫਰੀਦਕੋਟ ਰੋਡ 'ਤੇ ਬੁੱਧਵਾਰ ਸਵੇਰੇ ਪੀਆਰਟੀਸੀ ਬੱਸ ਅਤੇ ਸਕੂਟਰੀ ਵਿਚਕਾਰ ਹੋਈ ਟੱਕਰ ਦੌਰਾਨ ਸਕੂਟਰੀ ਸਵਾਰ ਨਰਸਿੰਗ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ ਜਸ਼ਨਪ੍ਰੀਤ ਕੌਰ ਕੋਟਕਪੂਰਾ ਦੇ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਜੀਐਨਐਮ ਦੀ ਪੜ੍ਹਾਈ ਕਰ ਰਹੀ ਹੈ ਅਤੇ ਇਨ੍ਹੀਂ ਦਿਨੀਂ ਪਿੰਡ ਢਾਬ ਗੁਰੂ ਕੀ ਵਿਖੇ ਆਪਣੇ ਮਾਮਾ ਰਣਜੀਤ ਸਿੰਘ ਦੇ ਘਰ ਰਹਿ ਰਹੀ ਸੀ। ਉਹ ਹਰ ਰੋਜ਼ ਸਕੂਟਰੀ ਰਾਹੀਂ ਕਾਲਜ ਆਉਂਦੀ-ਜਾਂਦੀ ਸੀ। ਬੁੱਧਵਾਰ ਸਵੇਰੇ ਵੀ ਉਹ ਸਕੂਟਰੀ 'ਤੇ ਸਵਾਰ ਹੋ ਕੇ ਕਾਲਜ ਜਾ ਰਹੀ ਸੀ। ਜਦੋਂ ਉਹ ਫਰੀਦਕੋਟ ਰੋਡ ਉਤੇ ਗਾਂਧੀ ਗਰਲਜ਼ ਕਾਲਜ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਸ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਉਹ ਸੜਕ 'ਤੇ ਡਿੱਗ ਪਈ ਅਤੇ ਕਾਫੀ ਸੱਟਾਂ ਲੱਗੀਆਂ।
ਮੌਕੇ ਉਤੇ ਮੌਜੂਦ ਲੋਕਾਂ ਨੇ ਜ਼ਖਮੀ ਵਿਦਿਆਰਥਣ ਨੂੰ ਤੁਰਤ ਸਿਵਲ ਹਸਪਤਾਲ ਕੋਟਕਪੂਰਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ।
ਸੂਚਨਾ ਮਿਲਣ 'ਤੇ ਥਾਣਾ ਸਿਟੀ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚੀ। ਇਸ ਸਬੰਧੀ ਏਐਸਆਈ ਸਲਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਬੱਸ ਅਤੇ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
