📰 11/04/2026
ਵਿਦੇਸ਼📍 ਪੰਜਾਬ

ਨਾਵਲਕਾਰ ਹਰਜੀਤ ਅਟਵਾਲ ਅਤੇ ਡਾ. ਗੁਰਪਾਲ ਸਿੰਘ ਸੰਧੂ ਨਾਲ ਰੂਬਰੂ

ਹਰਦਮ ਮਾਨ ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ), ਕੈਲੀਫੋਰਨੀਆ ਵੱਲੋਂ ਯੂਨੀਅਨ ਸਿਟੀ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਹਰਜੀਤ ਅਟਵਾਲ ਅਤੇ ਉੱਘੇ ਸਾਹਿਤ ਆਲੋਚਕ ਡਾ. ਗੁਰਪਾਲ ਸਿੰਘ ਸੰਧੂ ਨਾਲ ਵਿਸ਼ੇਸ਼ ਰੂ-ਬ-ਰੂ ਸਮਾਗਮ ਕਰਵਾਇਆ ਗਿਆ।
ਨਾਵਲਕਾਰ ਹਰਜੀਤ ਅਟਵਾਲ ਅਤੇ ਡਾ. ਗੁਰਪਾਲ ਸਿੰਘ ਸੰਧੂ ਨਾਲ ਰੂਬਰੂ

ਹਰਦਮ ਮਾਨ ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ), ਕੈਲੀਫੋਰਨੀਆ ਵੱਲੋਂ ਯੂਨੀਅਨ ਸਿਟੀ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਹਰਜੀਤ ਅਟਵਾਲ ਅਤੇ ਉੱਘੇ ਸਾਹਿਤ ਆਲੋਚਕ ਡਾ. ਗੁਰਪਾਲ ਸਿੰਘ ਸੰਧੂ ਨਾਲ ਵਿਸ਼ੇਸ਼ ਰੂ-ਬ-ਰੂ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਕੈਨੇਡਾ ਦੇ ਕਹਾਣੀਕਾਰ ਅਮਰਜੀਤ ਸਿੰਘ ਚਾਹਲ ਦੀ ਸ਼ਮੂਲੀਅਤ ਨੇ ਵੀ ਸਮਾਗਮ ਨੂੰ ਵਿਸ਼ੇਸ਼ ਸਾਹਿਤਕ ਰੰਗ ਬਖ਼ਸ਼ਿਆ। ਸਮਾਗਮ ਦੌਰਾਨ ਪੰਜਾਬੀ ਨਾਵਲ ਦੇ ਬਦਲਦੇ ਸਰੋਕਾਰਾਂ, ਪਰਵਾਸੀ ਜੀਵਨ ਦੀਆਂ ਹਕੀਕਤਾਂ, ਸਾਹਿਤਕ ਆਲੋਚਨਾ ਅਤੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਵਰਗੇ ਅਹਿਮ ਵਿਸ਼ਿਆਂ ਉੱਤੇ ਵਿਚਾਰ-ਚਰਚਾ ਹੋਈ।

ਸਮਾਗਮ ਦਾ ਸੰਚਾਲਨ ਕਰਦਿਆਂ ਵਿਪਸਾਅ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਮਹਿਮਾਨ ਸਾਹਿਤਕਾਰਾਂ ਦੀ ਜਾਣ-ਪਛਾਣ ਕਰਵਾਈ ਅਤੇ ਹਰਜੀਤ ਅਟਵਾਲ ਦੀ ਸਾਹਿਤਕ ਦੇਣ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅਟਵਾਲ ਪਿਛਲੇ 49 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਹੁਣ ਤੱਕ 16 ਨਾਵਲ, 9 ਕਹਾਣੀ-ਸੰਗ੍ਰਹਿ ਅਤੇ ਵੱਖ-ਵੱਖ ਸਾਹਿਤਕ ਵਿਧਾਵਾਂ ਨਾਲ ਸਬੰਧਤ 8 ਹੋਰ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ ਹੈ।

ਡਾ. ਗੁਰਪਾਲ ਸਿੰਘ ਸੰਧੂ ਨੇ ਹਰਜੀਤ ਅਟਵਾਲ ਦੀ ਨਾਵਲਕਾਰੀ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਦੇ ਜੀਵਨ, ਸੰਘਰਸ਼ਾਂ ਅਤੇ ਸਮਾਜਿਕ ਤਬਦੀਲੀਆਂ ਨੂੰ ਨਾਵਲ ਵਿਧਾ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਚਿਤਰਿਆ ਹੈ। ‘ਰੇਤ’, ‘ਸਵਾਰੀ’, ‘ਸਾਊਥ ਹਾਲ’, ‘ਮੋਰ ਉਡਾਰੀ’ ਅਤੇ ‘ਘਰ’ ਉਨ੍ਹਾਂ ਦੀਆਂ ਜ਼ਿਕਰਯੋਗ ਰਚਨਾਵਾਂ ਹਨ। ਉਨ੍ਹਾਂ ਦੇ ਇਤਿਹਾਸਕ ਨਾਵਲ ਵੀ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਨਾਵਲ ‘ਘਰ’ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਲੇਖਕ ਨੇ ਘਰ ਦੀ ਰਵਾਇਤੀ ਪਰਿਭਾਸ਼ਾ ਤੋਂ ਅੱਗੇ ਜਾ ਕੇ ਇਸ ਸੰਕਲਪ ਨੂੰ ਵਧੇਰੇ ਡੂੰਘੇ ਅਤੇ ਵਿਸ਼ਾਲ ਅਰਥ ਦਿੱਤੇ ਹਨ। ਇਸ ਰਚਨਾ ਦਾ ਪੰਜਾਬ ਯੂਨੀਵਰਸਿਟੀ ਦੇ ਬੀ.ਏ. ਭਾਗ ਪਹਿਲੇ ਦੇ ਪਾਠਕ੍ਰਮ ਵਿੱਚ ਸ਼ਾਮਲ ਹੋਣਾ ਵੀ ਇਸ ਦੀ ਸਾਹਿਤਕ ਪ੍ਰਮਾਣਿਕਤਾ ਦਾ ਸਬੂਤ ਹੈ।

ਆਪਣੇ ਸਾਹਿਤਕ ਜੀਵਨ ਬਾਰੇ ਗੱਲ ਕਰਦਿਆਂ ਹਰਜੀਤ ਅਟਵਾਲ ਨੇ ਦੱਸਿਆ ਕਿ ਪੜ੍ਹਨ ਦੀ ਰੁਚੀ ਉਨ੍ਹਾਂ ਅੰਦਰ ਵਿਦਿਆਰਥੀ ਜੀਵਨ ਤੋਂ ਹੀ ਪੈਦਾ ਹੋ ਗਈ ਸੀ। ਅਖ਼ਬਾਰ ‘ਦੇਸ ਪਰਦੇਸ’ ਵਿੱਚ ਕਹਾਣੀਕਾਰ ਵਜੋਂ ਪਛਾਣ ਬਣਨ ਦੇ ਬਾਵਜੂਦ ਉਨ੍ਹਾਂ ਦੀ ਦਿਲਚਸਪੀ ਨਾਵਲ ਲਿਖਣ ਵੱਲ ਸੀ। ਉਨ੍ਹਾਂ ਦੱਸਿਆ ਕਿ 1982 ਵਿੱਚ ਲਿਖਿਆ ਆਪਣਾ ਪਹਿਲਾ ਨਾਵਲ ਛੇ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਹੀ ਰੱਦ ਕਰ ਦਿੱਤਾ ਸੀ। ਇਸ ਤਜਰਬੇ ਨੇ ਉਨ੍ਹਾਂ ਨੂੰ ਨਾਵਲ ਲਿਖਣ ਲਈ ਹੋਰ ਤਿਆਰੀ ਅਤੇ ਅਧਿਐਨ ਕਰਨ ਵੱਲ ਪ੍ਰੇਰਿਆ। ਇਸ ਤੋਂ ਬਾਅਦ ਨਿਰੰਤਰ ਸਾਧਨਾ ਅਤੇ ਲਿਖਣ ਦੀ ਲਗਨ ਨਾਲ ਉਨ੍ਹਾਂ ਨੇ ਅਜਿਹੀਆਂ ਰਚਨਾਵਾਂ ਪਾਠਕਾਂ ਸਾਹਮਣੇ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ।

ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਵੈ-ਜੀਵਨੀਆਂ ਦੇ ਅਧਿਐਨ ਨੇ ਉਨ੍ਹਾਂ ਦੀ ਸੋਚ ਅਤੇ ਲੇਖਣੀ ਨੂੰ ਨਵੀਂ ਦਿਸ਼ਾ ਦਿੱਤੀ। ਆਪਣੀ ਸਿਰਜਣਾਤਮਕ ਯਾਤਰਾ ਵਿੱਚ ਜੀਵਨ ਸਾਥਣ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲਿਖਣ ਪ੍ਰਕਿਰਿਆ ਵਿੱਚ ਹਮੇਸ਼ਾ ਭਰਪੂਰ ਸਹਿਯੋਗ ਮਿਲਦਾ ਰਿਹਾ ਹੈ, ਹਾਲਾਂਕਿ ਪਿਛਲੇ ਦਸ ਸਾਲਾਂ ਤੋਂ ਉਨ੍ਹਾਂ ਦੀ ਜੀਵਨ ਸਾਥਣ ਦੀ ਬਿਮਾਰੀ ਕਾਰਨ ਉਨ੍ਹਾਂ ਦੇ ਸਿਰਜਣਾਤਮਕ ਕਾਰਜ ਉੱਤੇ ਵੀ ਅਸਰ ਪਿਆ ਹੈ। ਇੰਗਲੈਂਡ ਵਿੱਚ ‘ਅਦਾਰਾ ਸ਼ਬਦ’ ਅਤੇ ‘ਸ਼ਬਦ’ ਮੈਗਜ਼ੀਨ ਰਾਹੀਂ ਪੰਜਾਬੀ ਸਾਹਿਤ ਦੀ ਸੇਵਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਅਜੇ ਵੀ ਲਗਾਤਾਰ ਲਿਖ ਰਹੇ ਹਨ ਅਤੇ ਉਨ੍ਹਾਂ ਦਾ ਨਵਾਂ ਨਾਵਲ ‘ਸੁਣਿ ਸਖੀਏ’ ਪ੍ਰਕਾਸ਼ਿਤ ਹੋ ਚੁੱਕਾ ਹੈ।

ਡਾ. ਗੁਰਪਾਲ ਸਿੰਘ ਸੰਧੂ ਨਾਲ ਆਪਣੀ ਲੰਮੀ ਸਾਂਝ ਦਾ ਜ਼ਿਕਰ ਕਰਦਿਆਂ ਅਟਵਾਲ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਪਿਛਲੇ 25 ਸਾਲਾਂ ਤੋਂ ਜਾਣਦੇ ਹਨ ਅਤੇ ਉਨ੍ਹਾਂ ਦੀ ਸੰਗਤ ਵਿੱਚ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਇੱਕ ਅਹਿਮ ਗੱਲ ਸਾਂਝੀ ਕਰਦਿਆਂ ਕਿਹਾ ਕਿ ਵੱਡਾ ਇਨਸਾਨ ਉਹ ਹੁੰਦਾ ਹੈ, ਜਿਸ ਦੇ ਕੋਲ ਬੈਠਾ ਦੂਜਾ ਵਿਅਕਤੀ ਕਦੇ ਵੀ ਆਪਣੇ ਆਪ ਨੂੰ ਛੋਟਾ ਮਹਿਸੂਸ ਨਾ ਕਰੇ। ਉਨ੍ਹਾਂ ਅਨੁਸਾਰ ਇਹ ਗੁਣ ਡਾ. ਸੰਧੂ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਹਿੱਸਾ ਹੈ।

ਇਸੇ ਸੰਦਰਭ ਵਿੱਚ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਡਾ. ਸੰਧੂ ਦੀ ਵਿਦਵਤਾ, ਸਾਦਗੀ ਅਤੇ ਨਿੱਘੇ ਸੁਭਾਅ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋਏ ਡਾ. ਸੰਧੂ ਨੇ ਆਲੋਚਨਾ ਦੀਆਂ ਸੱਤ ਪੁਸਤਕਾਂ ਲਿਖਣ ਤੋਂ ਇਲਾਵਾ ਤਿੰਨ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੈ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਵਿਦਵਤਾ ਦੇ ਨਾਲ-ਨਾਲ ਸਹਿਜਤਾ, ਸਹਿਯੋਗ ਅਤੇ ਮਨੁੱਖੀ ਸਾਂਝ ਨੂੰ ਵੀ ਬਰਾਬਰ ਮਹੱਤਵ ਦਿੰਦੇ ਹਨ। ਉਨ੍ਹਾਂ ਦੀ ਸੇਵਾ-ਮੁਕਤੀ ਮੌਕੇ ਹਰਜੀਤ ਅਟਵਾਲ ਵੱਲੋਂ ਸੰਪਾਦਿਤ ਪੁਸਤਕ ‘ਆਪਣਾ ਆਪਣਾ ਗੁਰਪਾਲ’ ਇਸ ਸਤਿਕਾਰ ਅਤੇ ਸਨੇਹ ਦਾ ਪ੍ਰਮਾਣ ਹੈ।

ਇਸ ਉਪਰੰਤ ਡਾ. ਗੁਰਪਾਲ ਸਿੰਘ ਸੰਧੂ ਨੇ ਆਪਣੇ ਜੀਵਨ ਦੇ ਸੰਘਰਸ਼, ਅਕਾਦਮਿਕ ਸਫ਼ਰ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਨਾਲ ਆਪਣੀ ਸਾਂਝ ਵਧਾਉਣ, ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਰਚਾਉਣ ਅਤੇ ਸਾਹਿਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਉਪਰਾਲੇ ਕਰਨ। ਉਨ੍ਹਾਂ ਦਾ ਇਹ ਵਿਚਾਰ ਸਾਹਿਤ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਸਾਰਥਕ ਸਬੰਧ ਮਜ਼ਬੂਤ ਕਰਨ ਦੀ ਲੋੜ ਨੂੰ ਉਜਾਗਰ ਕਰਦਾ ਸੀ।

ਕਹਾਣੀਕਾਰ ਅਮਰਜੀਤ ਸਿੰਘ ਚਾਹਲ ਨੇ ਆਪਣੀ ਕਹਾਣੀ-ਕਲਾ ਅਤੇ ਪ੍ਰਕਾਸ਼ਿਤ ਕਹਾਣੀ-ਸੰਗ੍ਰਹਿਆਂ ਬਾਰੇ ਗੱਲ ਕਰਦਿਆਂ ਸਾਹਿਤਕ ਆਲੋਚਨਾ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਉਸਾਰੂ ਆਲੋਚਨਾ ਲੇਖਕ ਦੀ ਸਿਰਜਣਾਤਮਕ ਸਮਰੱਥਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਅਜੋਕੇ ਸਾਹਿਤਕ ਮਾਹੌਲ ਵਿੱਚ ਆਲੋਚਨਾ ਦੀ ਬਜਾਏ ਵਿਆਖਿਆ ਅਤੇ ਪ੍ਰਸ਼ੰਸਾ ਨੂੰ ਵਧੇਰੇ ਮਹੱਤਵ ਦਿੱਤਾ ਜਾ ਰਿਹਾ ਹੈ। ਲੇਖਕਾਂ ਵੱਲੋਂ ਸਿਰਫ਼ ਤਾਰੀਫ਼ ਸੁਣਨ ਦੀ ਪ੍ਰਵਿਰਤੀ ਸਾਹਿਤਕ ਮਿਆਰ ਦੇ ਵਿਕਾਸ ਵਿੱਚ ਰੁਕਾਵਟ ਬਣ ਸਕਦੀ ਹੈ।

ਸਮਾਗਮ ਦੇ ਸਾਹਿਤਕ ਸੈਸ਼ਨ ਵਿੱਚ ਪ੍ਰਿੰਸੀਪਲ ਹਰਨੇਕ ਸਿੰਘ ਨੇ ਆਪਣੀ ਮਿੰਨੀ ਕਹਾਣੀ ‘ਮਹਿਕ’ ਸੁਣਾਈ। ਇਸ ਤੋਂ ਬਾਅਦ ਹੋਏ ਕਵੀ ਦਰਬਾਰ ਵਿੱਚ ਅਮਰਜੀਤ ਜੌਹਲ, ਮੁਕੇਸ਼ ਸ਼ਰਮਾ, ਪ੍ਰਿੰਸੀਪਲ ਹਰਨੇਕ ਸਿੰਘ, ਗੁਲਸ਼ਨ ਦਿਆਲ, ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਕੌਰ ਸੋਹੀ, ਬਲਦੇਵ ਬਾਵਾ, ਸੁਰਜੀਤ ਸਖੀ ਅਤੇ ਡਾ. ਸੁਖਵਿੰਦਰ ਕੰਬੋਜ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ।

ਅੰਤ ਵਿੱਚ ਵਿਪਸਾਅ ਵੱਲੋਂ ਹਰਜੀਤ ਅਟਵਾਲ, ਡਾ. ਗੁਰਪਾਲ ਸਿੰਘ ਸੰਧੂ ਅਤੇ ਅਮਰਜੀਤ ਸਿੰਘ ਚਾਹਲ ਨੂੰ ਸਨਮਾਨ-ਚਿੰਨ੍ਹ ਵਜੋਂ ਸ਼ਾਲਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਲਾਜ ਨੀਲਮ ਸੈਣੀ ਨੇ ਹਰਜੀਤ ਅਟਵਾਲ ਨੂੰ ਆਪਣਾ ਨਾਵਲ ‘ਅਲਵਿਦਾ! ਇਸ ਸਾਹਿਤਕ ਮਿਲਣੀ ਵਿੱਚ ਮਹਿੰਗਾ ਸਿੰਘ ਸਰਪੰਚ, ਜੋਤੀ ਸਵੈਚ, ਗੁਰਪ੍ਰੀਤ ਅਤੇ ਬਲਵਿੰਦਰ ਕੋਹਲੀ, ਲਖਵੀਰ ਸਿੰਘ, ਰਵਿੰਦਰ ਕੌਰ, ਰਿੰਮੀ ਸੰਧੂ, ਜੇ. ਸੰਧੂ, ਅਭਿਤਾਬ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਅਤੇ ਬੁੱਧੀਜੀਵੀ ਹਾਜ਼ਰ ਸਨ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵਿਖੇ ਬੀਬੀ ਬਲਜੀਤ ਕੌਰ ਖ਼ਾਲਸਾ ਜੀ ਦਾ ਕੀਰਤਨ ਦਰਬਾਰਪੜ੍ਹੋ →
ਮਾਸਟਰ ਮੋਹਨ ਲਾਲ ਦੇ ਪਾਰਟੀ ਬਦਲਣ ਦੀਆਂ ਚਰਚਾਵਾਂ ਦਾ ਪੁੱਤਰ ਨੇ ਕੀਤਾ ਖੰਡਨ, ਬੋਲੇ- ਸੱਚ ਨਹੀਂਪੜ੍ਹੋ →
ਦਿਵਿਤ ਔਲਖ ਦਾ ਅੰਤਿਮ ਸਸਕਾਰ, ਪੰਜਾਬ ਦੇ ਵੱਡੇ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦਾ ਜਲੰਧਰ ਵਿੱਚ ਅੰਤਿਮ ਸਸਕਾਰ ਹੋਇਆ। ਬੱਬੂ ਮਾਨ, ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਸਮੇਤ ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ।ਪੜ੍ਹੋ →
566 ਦਿਨਾਂ ਬਾਅਦ ਪੁੱਤਰ ਨੂੰ ਦੇਖਦੇ ਹੀ ਭੱਜੀ ਮਾਂ, ਘੁੱਟ ਕੇ ਲਾਇਆ ਗਲੇ; ਵਾਇਰਲਪੜ੍ਹੋ →
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲੀਆਂ 5 ਸਪੈਸ਼ਲ ਟਰੇਨਾਂਪੜ੍ਹੋ →
ਸ਼੍ਰੀਨਗਰ ਦੇ ਬਾਹਰੀ ਇਲਾਕੇ ਬੇਮੀਨਾ ’ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਹੋਈ ਮੌਤਪੜ੍ਹੋ →