ਅੰਮ੍ਰਿਤਸਰ, ਅਣਗਹਿਲੀ ਅਤੇ ਆਵਾਜਾਈ
ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਦੇ 450 ਸਾਲ ਮੁਕੰਮਲ ਹੋਣ ਦੇ ਜਸ਼ਨ ਮਨਾਏ ਜਾ ਰਹੇ ਹਨ, ਪਰ ਇੱਥੋਂ ਦੇ ਵਸਨੀਕ ਅਤੇ ਸ਼ਰਧਾਲੂ ਅਜੇ ਵੀ ਇੱਕ ਭਰੋਸੇਯੋਗ ਜਨਤਕ ਆਵਾਜਾਈ ਪ੍ਰਣਾਲੀ ਦੀ ਉਡੀਕ ਕਰ ਰਹੇ ਹਨ।
ਨੌਂ ਰੂਟਾਂ ਉੱਤੇ 160 ਕਿਲੋਮੀਟਰ ਦੇ ਦਾਇਰੇ ਵਿੱਚ 100 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਾਜ਼ਾ ਤਜਵੀਜ਼ ਇੱਕ ਨਵਾਂ ਮੌਕਾ ਲੈ ਕੇ ਆਈ ਹੈ। ਧਾਰਮਿਕ ਅਸਥਾਨਾਂ, ਵਿੱਦਿਅਕ ਅਦਾਰਿਆਂ, ਹਸਪਤਾਲਾਂ, ਅਟਾਰੀ ਬਾਰਡਰ, ਹਵਾਈ ਅੱਡੇ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰਨਾਂ ਥਾਵਾਂ ਨੂੰ ਆਪਸ ਵਿੱਚ ਜੋੜਨਾ ਇੱਥੋਂ ਦੇ ਵਸਨੀਕਾਂ ਦੇ ਨਾਲ-ਨਾਲ ਸੈਲਾਨੀਆਂ ਲਈ ਵੀ ਸਫ਼ਰ ਨੂੰ ਸੁਖਾਲਾ ਬਣਾ ਸਕਦਾ ਹੈ। ਇਸ ਦੇ ਕਾਮਯਾਬ ਹੋਣ ਲਈ ਨਿਯਮਿਤ ਫੰਡਿੰਗ, ਲੋੜੀਂਦਾ ਸਟਾਫ਼, ਸਾਂਭ-ਸੰਭਾਲ, ਕਿਫ਼ਾਇਤੀ ਕਿਰਾਏ ਅਤੇ ਬੱਸਾਂ ਦੀਆਂ ਨਿਯਮਿਤ ਫੇਰੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਵੱਡੇ ਪੱਧਰ ਉੱਤੇ ਪ੍ਰਚਾਰੀ ਗਈ ਇੱਕ ਹੋਰ ਨਵੀਂ ਯੋਜਨਾ ਵੀ ਪਹਿਲੇ ਪ੍ਰੋਜੈਕਟਾਂ ਵਾਂਗ ਅਸਫ਼ਲ ਹੋਣ ਦਾ ਖ਼ਦਸ਼ਾ ਹੋ ਸਕਦਾ ਹੈ। ਅੰਮ੍ਰਿਤਸਰ ਲਈ ਇੱਕ ਅਜਿਹੀ ਸੰਪੂਰਨ ਸ਼ਹਿਰੀ ਆਵਾਜਾਈ ਯੋਜਨਾ ਦੀ ਲੋੜ ਹੈ, ਜਿਹੜੀ ਆਖ਼ਰੀ ਸਿਰੇ ਤੱਕ ਪਹੁੰਚ, ਪੈਦਲ ਚੱਲਣ ਵਾਲਿਆਂ ਲਈ ਸਹੂਲਤਾਂ ਅਤੇ ਟਰੈਫਿਕ ਪ੍ਰਬੰਧਨ ਨੂੰ ਵੀ ਹੱਲ ਕਰੇ। ਜਦੋਂ ਤੱਕ ਸੈਲਾਨੀ ਵੱਖ-ਵੱਖ ਥਾਵਾਂ ’ਤੇ ਆਉਣ-ਜਾਣ ਲਈ ਜੂਝਦੇ ਰਹਿਣਗੇ, ਉਦੋਂ ਤੱਕ ਅੰਮ੍ਰਿਤਸਰ ਦੀ ਸੈਰ-ਸਪਾਟਾ ਸਮਰੱਥਾ ਨੂੰ ਪੂਰੀ ਤਰ੍ਹਾਂ ਸਾਕਾਰ ਨਹੀਂ ਕੀਤਾ ਜਾ ਸਕਦਾ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਰਬਾਦ ਹੋਏ ਸਰਕਾਰੀ ਧਨ ਲਈ ਜਵਾਬਦੇਹੀ ਤੈਅ ਕਰੇ ਅਤੇ ਪ੍ਰਬੰਧਕੀ ਨਿਰੰਤਰਤਾ ਨੂੰ ਯਕੀਨੀ ਬਣਾਏ। ਅੰਮ੍ਰਿਤਸਰ ਵਰਗੇ ਇਤਿਹਾਸਕ ਅਤੇ ਧਾਰਮਿਕ ਅਹਿਮੀਅਤ ਵਾਲੇ ਸ਼ਹਿਰ ਨੂੰ ਇੱਕ ਭਰੋਸੇਯੋਗ ਜਨਤਕ ਆਵਾਜਾਈ ਪ੍ਰਣਾਲੀ ਜ਼ਰੂਰ ਮਿਲਣੀ ਚਾਹੀਦੀ ਹੈ। ਇਹ ਸੈਰ-ਸਪਾਟੇ ਨਾਲ ਜੁੜੀ ਅਜਿਹੀ ਸਹੂਲਤ ਹੈ, ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।
