📰 11/04/2026
ਸਿਆਸਤ📍 ਪੰਜਾਬ

ਬ੍ਰਾਜ਼ੀਲ ’ਚ ਖੱਬੇ-ਪੱਖੀਆਂ ਦੀ ਵਾਪਸੀ

ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਮੁਲਕ ਬ੍ਰਾਜ਼ੀਲ ਵਿੱਚ 1964 ’ਚ ਅਮਰੀਕੀ ਸ਼ਹਿ ਪ੍ਰਾਪਤ ਫ਼ੌਜੀ ਤਖ਼ਤ ਪਲਟੇ ਰਾਹੀਂ ਲੋਕਾਂ ਵੱਲੋਂ ਚੁਣੇ ਰਾਸ਼ਟਰਪਤੀ ਜੋਆਓ ਗੂਲਾਰਟ ਦੀ ਸਰਕਾਰ ਡੇਗ ਦਿੱਤੀ ਗਈ ਸੀ।
ਬ੍ਰਾਜ਼ੀਲ ’ਚ ਖੱਬੇ-ਪੱਖੀਆਂ ਦੀ ਵਾਪਸੀ

ਲਾਤੀਨੀ ਅਮਰੀਕਾ ਦੇ ਸਭ ਤੋਂ ਵੱਡੇ ਮੁਲਕ ਬ੍ਰਾਜ਼ੀਲ ਵਿੱਚ 1964 ’ਚ ਅਮਰੀਕੀ ਸ਼ਹਿ ਪ੍ਰਾਪਤ ਫ਼ੌਜੀ ਤਖ਼ਤ ਪਲਟੇ ਰਾਹੀਂ ਲੋਕਾਂ ਵੱਲੋਂ ਚੁਣੇ ਰਾਸ਼ਟਰਪਤੀ ਜੋਆਓ ਗੂਲਾਰਟ ਦੀ ਸਰਕਾਰ ਡੇਗ ਦਿੱਤੀ ਗਈ ਸੀ।

ਪਹਿਲੇ ਗੇੜ ਦੀ ਹਾਰ ਮਗਰੋਂ ਲੂਲਾ ਦੀ ਚੋਣ ਮੁਹਿੰਮ ਅਮਰੀਕੀ ਦਖ਼ਲ ਦੀਆਂ ਚਿਤਾਵਨੀਆਂ ਤੋਂ ਹਟ ਕੇ ਸਿੱਧੀ ਲੋਕਾਂ ਦੀ ਰੋਟੀ-ਰੋਜ਼ੀ ਉੱਤੇ ਕੇਂਦਰਿਤ ਹੋ ਗਈ। ਗ਼ਰੀਬ ਪਰਿਵਾਰਾਂ ਨੂੰ ਨਕਦ ਸਹਾਇਤਾ ਰਾਸ਼ੀ ਦੇਣ ਵਾਲੀ ਬੋਲਸਾ ਫੈਮਿਲੀਆ (ਪਰਿਵਾਰਕ ਭੱਤਾ) ਯੋਜਨਾ ਵਿੱਚ ਵਾਧਾ, ਤਨਖ਼ਾਹ ਘਟਾਏ ਬਗ਼ੈਰ ਕੰਮ ਦੇ ਘੰਟੇ ਘਟਾਉਣਾ, ਕਰਜ਼ੇ ਦੇ ਜਾਲ ਵਿੱਚ ਫਸੇ ਪਰਿਵਾਰਾਂ ਨੂੰ ਵੱਡੀ ਰਾਹਤ ਦੇਣ, ਹਫ਼ਤੇ ਦੇ ਅਖ਼ੀਰ ’ਚ ਮੁਲਕ ਭਰ ਵਿੱਚ ਮੁਫ਼ਤ ਜਨਤਕ ਆਵਾਜਾਈ, ਪੰਜ ਹਜ਼ਾਰ ਰਿਆਲ ਤੱਕ ਦੀ ਆਮਦਨ ਨੂੰ ਆਮਦਨ ਕਰ ਤੋਂ ਛੋਟ, ਐਮਾਜ਼ੋਨ ਦੇ ਜੰਗਲਾਂ ਦੀ ਰਾਖੀ ਅਤੇ ਕੌਮੀ ਪ੍ਰਭੂਸੱਤਾ ਦੀ ਸੁਰੱਖਿਆ ਲੂਲਾ ਦੀ ਚੋਣ ਮੁਹਿੰਮ ਦੇ ਮੁੱਖ ਮੁੱਦੇ ਸਨ। ਪਹਿਲੇ ਗੇੜ ਵਿੱਚ ਲੱਖਾਂ ਵੋਟਰ, ਖ਼ਾਸ ਕਰਕੇ ਵਰਕਰਜ਼ ਪਾਰਟੀ ਦੇ ਗੜ੍ਹ ਉੱਤਰ-ਪੂਰਬੀ ਬ੍ਰਾਜ਼ੀਲ ਦੇ ਗ਼ਰੀਬ ਲੋਕ ਭਾਰੀ ਮੀਂਹ ਦੇ ਬਾਵਜੂਦ ਪੋਲਿੰਗ ਬੂਥਾਂ ਤੱਕ ਪਹੁੰਚੇ ਅਤੇ ਉਨ੍ਹਾਂ ਨੇ ਪੂਰੀ ਬਾਜ਼ੀ ਹੀ ਪਲਟ ਦਿੱਤੀ। ਦੂਜੇ ਪਾਸੇ, ਸੱਜੇ-ਪੱਖੀ ਲਿਬਰਲ ਪਾਰਟੀ ਦਾ ਉਮੀਦਵਾਰ ਫਲਾਵੀਓ ਅਪਰਾਧ ਅਤੇ ਸੁਰੱਖਿਆ ਦੇ ਮੁੱਦਿਆਂ ਉੱਤੇ ਸਖ਼ਤੀ, ਮੀਟ ਵਰਗੀਆਂ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਉੱਤੇ ਕੰਟਰੋਲ, ਖੁੱਲ੍ਹੀ ਮੰਡੀ ਪੱਖੀ ਸੁਧਾਰਾਂ ਅਤੇ ਅਮਰੀਕਾ ਨਾਲ ਨੇੜਲੇ ਸੁਰੱਖਿਆ ਸਬੰਧਾਂ ਦਾ ਹੋਕਾ ਦਿੰਦਾ ਰਿਹਾ।

ਉਸ ਨੇ ਟਰੰਪ ਤੋਂ ਮੰਗ ਕੀਤੀ ਕਿ ਬ੍ਰਾਜ਼ੀਲ ਦੇ ਗੈਂਗਾਂ ‘ਪੀ ਸੀ ਸੀ’ ਅਤੇ ‘ਕਮਾਂਡੋ ਵਰਮੇਲੋ’ ਨੂੰ ਦਹਿਸ਼ਤਗਰਦ ਜਥੇਬੰਦੀਆਂ ਐਲਾਨਿਆ ਜਾਵੇ, ਜੋ ਅਮਰੀਕੀ ਦਖ਼ਲ ਲਈ ਖੁੱਲ੍ਹਾ ਸੱਦਾ ਸੀ। ਉਹ ਆਪਣੇ ਪਿਤਾ ਜਾਇਰ ਬੋਲਸੋਨਾਰੋ ਦੀ ਸਿਆਸੀ ਵਿਰਾਸਤ ਨੂੰ ਅੱਗੇ ਤੋਰਨ ਦੇ ਨਾਂ ਉੱਤੇ ਚੋਣ ਲੜ ਰਿਹਾ ਸੀ। ਇਹ ਉਹੀ ਜਾਇਰ ਬੋਲਸੋਨਾਰੋ ਹੈ ਜਿਸ ਨੇ 2022 ਦੀ ਹਾਰ ਨੂੰ ਕਦੇ ਪ੍ਰਵਾਨ ਨਹੀਂ ਕੀਤਾ ਤੇ ਜਿਸ ਦੇ ਸਮਰਥਕਾਂ ਨੇ 8 ਜਨਵਰੀ 2023 ਨੂੰ ਬ੍ਰਾਜ਼ੀਲ ਦੀ ਸੰਸਦ, ਸੁਪਰੀਮ ਕੋਰਟ ਤੇ ਰਾਸ਼ਟਰਪਤੀ ਭਵਨ ਉੱਤੇ ਹੱਲਾ ਬੋਲਿਆ ਸੀ ਅਤੇ ਇਸ ਲਈ ਜਾਇਰ ਬੋਲਸੋਨਾਰੋ ਨੂੰ ਤਖ਼ਤ ਪਲਟੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੋਠ 27 ਸਾਲ ਦੀ ਸਜ਼ਾ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਦਨਾਮ ਬੈਂਕਰ ਡੇਨੀਅਲ ਵੋਰਕਾਰੋ ਤੋਂ ਪੈਸੇ ਮੰਗਣ ਦੀ ਲੀਕ ਹੋਈ ਰਿਕਾਰਡਿੰਗ ਅਤੇ ਪਰਿਵਾਰ ਦੇ ਅੰਦਰੂਨੀ ਕਲੇਸ਼ ਨੇ ਵੀ ਫਲਾਵੀਓ ਦੀ ਸਾਖ਼ ਨੂੰ ਖੋਰਾ ਲਾਇਆ ਹੈ।

ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਕਾਰਕ ਅਮਰੀਕੀ ਸਾਮਰਾਜ ਦਾ ਸ਼ਰ੍ਹੇਆਮ ਦਖ਼ਲ ਸੀ। 2025 ਵਿੱਚ ਟਰੰਪ ਨੇ ਬ੍ਰਾਜ਼ੀਲ ਉੱਤੇ 50 ਫ਼ੀਸਦੀ ਟੈਰਿਫ ਥੋਪ ਦਿੱਤਾ ਅਤੇ ਬੋਲਸੋਨਾਰੋ ਵਿਰੁੱਧ ਚੱਲ ਰਹੇ ਮੁਕੱਦਮੇ ਨਾਲ ਜੋੜਦਿਆਂ ਇਸ ਨੂੰ ‘ਵਿਚਹੰਟ’ ਕਰਾਰ ਦਿੱਤਾ। ਜੁਲਾਈ 2026 ਵਿੱਚ ਚੋਣਾਂ ਤੋਂ ਐਨ ਪਹਿਲਾਂ ਟਰੰਪ ਨੇ ਨਵੇਂ 25 ਫ਼ੀਸਦੀ ਟੈਰਿਫ਼ ਲਾ ਦਿੱਤੇ ਅਤੇ ਬ੍ਰਾਜ਼ੀਲੀ ਗੈਂਗਾਂ ਨੂੰ ਦਹਿਸ਼ਤਗਰਦ ਐਲਾਨਣ ਦਾ ਕਦਮ ਚੁੱਕਿਆ। ਫਲਾਵੀਓ ਵ੍ਹਾਈਟ ਹਾਊਸ ਜਾ ਕੇ ਟਰੰਪ ਅੱਗੇ ਟੈਰਿਫ ਦਾ ਫ਼ੈਸਲਾ ਚੋਣਾਂ ਤੋਂ ਬਾਅਦ ਕਰਨ ਲਈ ਹਾੜ੍ਹੇ ਕੱਢਦਾ ਰਿਹਾ। ਅਮਰੀਕੀ ਵਿਦੇਸ਼ ਵਿਭਾਗ ਨੇ ਬੋਲਸੋਨਾਰੋ ਪਰਿਵਾਰ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਬਾਕਾਇਦਾ ਮੁਹਿੰਮ ਚਲਾਈ ਪਰ ਇਨ੍ਹਾਂ ਸਾਮਰਾਜੀ ਚਾਲਾਂ ਨਾਲ ਲੂਲਾ ਦੀ ਥਾਂ ਬੋਲਸੋਨਾਰੋ ਪਰਿਵਾਰ ਦਾ ਨੁਕਸਾਨ ਹੋਇਆ।

ਸਰਵੇਖਣਾਂ ਵਿੱਚ ਜ਼ਿਆਦਾਤਰ ਬ੍ਰਾਜ਼ੀਲੀਆਂ ਨੇ ਟੈਰਿਫਾਂ ਲਈ ਫਲਾਵੀਓ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ 63 ਫ਼ੀਸਦੀ ਲੋਕਾਂ ਨੇ ਮੰਨਿਆ ਕਿ ਇਹ ਟੈਰਿਫ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰਨਗੇ। ਲੂਲਾ ਨੇ ਬੋਲਸੋਨਾਰੋ ਪਰਿਵਾਰ ਨੂੰ ਅਜਿਹੇ ਲੋਕਾਂ ਵਜੋਂ ਪੇਸ਼ ਕੀਤਾ, ਜੋ ਵਾਸ਼ਿੰਗਟਨ ਨੂੰ ਖ਼ੁਸ਼ ਕਰਨ ਲਈ ਮੁਲਕ ਦੇ ਹਿੱਤ ਗਹਿਣੇ ਰੱਖਣ ਨੂੰ ਤਿਆਰ ਹਨ। ਜਿੱਤ ਮਗਰੋਂ ਲੂਲਾ ਨੇ ਆਖਿਆ ਕਿ ਬ੍ਰਾਜ਼ੀਲ ਕਿਸੇ ਵਿਦੇਸ਼ੀ ਤਾਕਤ ਦਾ ਗੜ੍ਹ ਨਹੀਂ ਹੈ। ਇਹ ਲਾਤੀਨੀ ਅਮਰੀਕਾ ਨੂੰ ਆਪਣਾ ‘ਬਗੀਚਾ’ ਸਮਝਣ ਵਾਲੀ ਸਦੀਆਂ ਪੁਰਾਣੀ ਸਾਮਰਾਜੀ ਸੋਚ ਦੇ ਮੂੰਹ ਉੱਤੇ ਕਰਾਰੀ ਚਪੇੜ ਸੀ। ਚਿੱਲੀ ਵਾਂਗ ਬ੍ਰਾਜ਼ੀਲ ਵੀ ਨਵ-ਉਦਾਰਵਾਦੀ ਨੀਤੀਆਂ ਦੀ ਪ੍ਰਯੋਗਸ਼ਾਲਾ ਰਿਹਾ ਹੈ। ਜਾਇਰ ਬੋਲਸੋਨਾਰੋ ਦੇ ਰਾਜ (2019-22) ਦੌਰਾਨ ਸ਼ਿਕਾਗੋ ਸਕੂਲ ਦੇ ਪੜ੍ਹੇ ਅਰਥਸ਼ਾਸਤਰੀ ਪਾਓਲੋ ਗੁਏਦਸ ਦੀ ਅਗਵਾਈ ਹੇਠ ਪੈਨਸ਼ਨ ਸੁਧਾਰਾਂ ਦੇ ਨਾਂ ਉੱਤੇ ਕਿਰਤੀ ਲੋਕਾਂ ਦੇ ਬੁਢਾਪੇ ਦਾ ਸਹਾਰਾ ਖੋਹਿਆ, ਇਲੈਕਟ੍ਰੋਬ੍ਰਾਸ ਵਰਗੀਆਂ ਜਨਤਕ ਕੰਪਨੀਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਿਆ, ਕਿਰਤ ਕਾਨੂੰਨਾਂ ਨੂੰ ਹੋਰ ਢਿੱਲਾ ਕੀਤਾ ਅਤੇ ਐਮਾਜ਼ੋਨ ਜੰਗਲਾਂ ਨੂੰ ਖੇਤੀ-ਕਾਰੋਬਾਰੀ ਅਤੇ ਖਣਨ ਲੌਬੀ ਵੱਲੋਂ ਅੰਨ੍ਹੀ ਲੁੱਟ ਲਈ ਖੁੱਲ੍ਹਾ ਛੱਡ ਦਿੱਤਾ ਗਿਆ। ਬ੍ਰਾਜ਼ੀਲ ਦੀ ਸਿਆਸਤ ਵਿੱਚ ਇਸ ਗੱਠਜੋੜ ਨੂੰ ‘ਬਾਈਬਲ, ਬੀਫ ਅਤੇ ਬੁਲੇਟ’ ਭਾਵ ਕੱਟੜ ਧਾਰਮਿਕਤਾ, ਵੱਡੇ ਭੂਮੀਪਤੀ ਅਤੇ ਬੰਦੂਕ ਦਾ ਗੱਠਜੋੜ ਕਿਹਾ ਜਾਂਦਾ ਹੈ। ਫਲਾਵੀਓ ਇਸੇ ਵਿਰਾਸਤ ਦਾ ਵਾਰਿਸ ਸੀ। ਭਾਰਤ ਵਿੱਚ ਤਿੰਨ ਖੇਤੀ ਕਾਨੂੰਨ ਵੀ ਇਸੇ ਨਵ-ਉਦਾਰਵਾਦੀ ਸੋਚ ਦੀ ਦੇਣ ਸਨ, ਜਿਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਉੱਤੇ ਬੈਠ ਕੇ ਰੱਦ ਕਰਵਾਇਆ ਸੀ। ਬ੍ਰਾਜ਼ੀਲ ਦੇ ਲੋਕਾਂ ਨੇ ਵੀ ਇਹ ਮਾਰ ਆਪਣੇ ਪਿੰਡੇ ਉੱਤੇ ਹੰਢਾਈ ਹੈ।

ਸਾਮਰਾਜੀ ਵਿੱਤੀ ਸਰਮਾਇਆ ਕਿਸ ਧਿਰ ਨਾਲ ਖੜ੍ਹਾ ਸੀ ਇਹ ਪਹਿਲੇ ਗੇੜ ਤੋਂ ਬਾਅਦ ਹੀ ਸਾਫ਼ ਹੋ ਗਿਆ ਸੀ ਜਦੋਂ ਫਲਾਵੀਓ ਦੀ ਚੜ੍ਹਤ ਉੱਤੇ ਵਿੱਤੀ ਮੰਡੀਆਂ ਨੇ ਬਾਘੀਆਂ ਪਾਈਆਂ। ਟਰੰਪ ਨੇ ਵੀ ਇਸ ਨੂੰ ‘ਵੱਡੀ ਜਿੱਤ’ ਕਹਿ ਕੇ ਵਧਾਈ ਦਿੱਤੀ ਅਤੇ ਅਰਜਨਟੀਨਾ ਦਾ ਘੋਰ ਸੱਜੇ-ਪੱਖੀ ਰਾਸ਼ਟਰਪਤੀ ਮਿਲੇਈ ਤਾਂ ਖੁੱਲ੍ਹ ਕੇ ਫਲਾਵੀਓ ਦੇ ਹੱਕ ਵਿੱਚ ਪ੍ਰਚਾਰ ਕਰਨ ਬ੍ਰਾਜ਼ੀਲ ਆ ਪਹੁੰਚਿਆ। ਜਦੋਂ ਨਤੀਜੇ ਉਲਟ ਗਏ ਤਾਂ ਸੱਜੇ-ਪੱਖੀਆਂ ਦਾ ਲੋਕਤੰਤਰ ਵਿਰੋਧੀ ਚਿਹਰਾ ਮੁੜ ਨੰਗਾ ਹੋ ਗਿਆ। ਆਪਣੇ ਪਿਤਾ ਵਾਂਗ ਫਲਾਵੀਓ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਵੋਟਿੰਗ ਦਾ ਸਮਾਂ ਦੋ ਘੰਟੇ ਵਧਾਉਣ ਨੂੰ ਬਹਾਨਾ ਬਣਾ ਕੇ ਨਤੀਜੇ ਰੱਦ ਕਰਨ ਦੀ ਮੰਗ ਕੀਤੀ। ਟਰੰਪ ਨੇ ਨਤੀਜੇ ਉੱਤੇ ਧਾਂਦਲੀ ਦਾ ਰੌਲਾ ਪਾਇਆ। ਆਪਣੀ ਹਾਰ ਤੋਂ ਦੋ ਦਿਨ ਬਾਅਦ ਫਲਾਵੀਓ ਅਮਰੀਕਾ ਜਾ ਬੈਠਾ ਤੇ ਵਾਸ਼ਿੰਗਟਨ ਦੀ ਧਰਤੀ ਉੱਤੇ ਖੜ੍ਹ ਕੇ ਉਸ ਨੇ ਖ਼ੁਦ ਨੂੰ ‘ਅਸਲ ਚੁਣਿਆ ਹੋਇਆ ਰਾਸ਼ਟਰਪਤੀ’ ਐਲਾਨਿਆ। ਇਸ ਵਕਤ ਲੂਲਾ ਸਰਕਾਰ ਅੱਗੇ ਵੱਡੀਆਂ ਚੁਣੌਤੀਆਂ ਹਨ। ਪਹਿਲੀ, ਪਹਿਲੇ ਗੇੜ ਦੀਆਂ ਸੰਸਦੀ ਅਤੇ ਸੂਬਾਈ ਚੋਣਾਂ ਵਿੱਚ ਬੋਲਸੋਨਾਰੋਵਾਦ ਨੇ ਸੈਨੇਟ, ਹੇਠਲੇ ਸਦਨ ਅਤੇ ਸਭ ਤੋਂ ਵੱਧ ਵੋਟਰਾਂ ਵਾਲੇ ਤਿੰਨ ਸੂਬਿਆਂ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ ਹੈ। ਵਰਕਰਜ਼ ਪਾਰਟੀ ਕੋਲ ਕਾਂਗਰਸ ਵਿੱਚ ਬਹੁਮਤ ਨਹੀਂ ਅਤੇ ਭਲਾਈ ਭੱਤਿਆਂ ਵਿੱਚ 15 ਫ਼ੀਸਦੀ ਵਾਧੇ ਅਤੇ ਮੁਫ਼ਤ ਆਵਾਜਾਈ ਵਰਗੇ ਵਾਅਦਿਆਂ ਲਈ ਕਾਂਗਰਸ ਦੀ ਪ੍ਰਵਾਨਗੀ ਜ਼ਰੂਰੀ ਹੈ। ਦੂਜੀ, ਮੁਲਕ ਦਾ ਜਨਤਕ ਕਰਜ਼ਾ ਕੁੱਲ ਘਰੇਲੂ ਉਤਪਾਦ ਦੇ 80 ਫ਼ੀਸਦੀ ਤੋਂ ਟੱਪ ਚੁੱਕਾ ਹੈ ਅਤੇ ਰਿਕਾਰਡ 8 ਕਰੋੜ 40 ਲੱਖ ਬ੍ਰਾਜ਼ੀਲੀ ਕਰਜ਼ੇ ਦੀ ਪੰਡ ਹੇਠ ਦੱਬੇ ਕਿਸ਼ਤਾਂ ਤਾਰਨ ਤੋਂ ਅਸਮਰੱਥ ਹਨ। ਤੀਜੀ, ਮੁਲਕ ਦਾ ਸਨਅਤੀ ਢਾਂਚਾ ਦਹਾਕਿਆਂ ਤੋਂ ਖੋਰੇ ਦਾ ਸ਼ਿਕਾਰ ਹੈ ਅਤੇ ਨੌਜਵਾਨਾਂ ਦਾ ਵੱਡਾ ਹਿੱਸਾ ਕੱਚੀਆਂ ਨੌਕਰੀਆਂ ਵਿੱਚ ਫਸਿਆ ਹੋਇਆ ਹੈ।

ਇਸ ਹਾਲਤ ਵਿੱਚ ਲੂਲਾ ਸਰਕਾਰ ਅੱਗੇ ਵੀ ਉਹੀ ਦੁਬਿਧਾ ਹੈ, ਜੋ ਚਿੱਲੀ ਵਿੱਚ ਬੋਰਿਸ਼ ਅੱਗੇ ਸੀ। ਜੇ ਭਲਾਈ ਯੋਜਨਾਵਾਂ ਲਈ ਬੇਹੱਦ ਅਮੀਰਾਂ ਉੱਤੇ ਟੈਕਸ ਵਧਾਏ ਜਾਂਦੇ ਹਨ ਤਾਂ ਸਰਮਾਇਆ ਮੁਲਕ ਤੋਂ ਜਾਣ ਦਾ ਡਰ ਹੋਵੇਗਾ। ਜੇ ਵਿਦੇਸ਼ੀ ਨਿਵੇਸ਼ ਲਈ ਛੋਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਲੋਕ-ਪੱਖੀ ਵਾਅਦੇ ਕਾਗਜ਼ੀ ਬਿਆਨਬਾਜ਼ੀ ਰਹਿ ਜਾਣਗੇ। ਵੱਡੀਆਂ ਜਾਇਦਾਦਾਂ ਉੱਤੇ ਟੈਕਸ, ਸਨਅਤ ਵਿੱਚ ਜਨਤਕ ਨਿਵੇਸ਼ ਅਤੇ ਕੁਦਰਤੀ ਸਰੋਤਾਂ ਉੱਤੇ ਕੌਮੀ ਕੰਟਰੋਲ ਵਰਗੇ ਢਾਂਚਾਗਤ ਕਦਮਾਂ ਤੋਂ ਬਿਨਾਂ ਨਕਦ ਸਹਾਇਤਾ ਵਾਲੀਆਂ ਯੋਜਨਾਵਾਂ ਜ਼ਖ਼ਮ ਉੱਤੇ ਪੱਟੀ ਤਾਂ ਬਣ ਸਕਦੀਆਂ ਹਨ, ਮੱਲ੍ਹਮ ਨਹੀਂ। ਭੂ-ਸਿਆਸੀ ਪੱਖ ਤੋਂ ਲੂਲਾ ਦੀ ਜਿੱਤ ਦਾ ਅਰਥ ਬ੍ਰਾਜ਼ੀਲ ਦੀਆਂ ਹੱਦਾਂ ਤੋਂ ਕਿਤੇ ਵੱਡਾ ਹੈ। ਲੂਲਾ ਬ੍ਰਿਕਸ ਦੇ ਬਾਨੀਆਂ ਵਿੱਚੋਂ ਇੱਕ ਹੈ ਅਤੇ ਅੱਜ ਇਹ ਸਮੂਹ ਮਿਸਰ, ਇਥੋਪੀਆ, ਇਰਾਨ, ਸਾਊਦੀ ਅਰਬ, ਯੂ ਏ ਈ ਅਤੇ ਇੰਡੋਨੇਸ਼ੀਆ ਦੀ ਸ਼ਮੂਲੀਅਤ ਨਾਲ ਬ੍ਰਿਕਸ ਪਲੱਸ ਬਣ ਚੁੱਕਾ ਹੈ, ਜਿਸ ਨੂੰ ਟਰੰਪ ਡਾਲਰ ਦੀ ਚੌਧਰ ਅਤੇ ਅਮਰੀਕੀ ਸਰਦਾਰੀ ਲਈ ਵੰਗਾਰ ਸਮਝਦਾ ਹੈ। ਚੀਨ ਅੱਜ ਬ੍ਰਾਜ਼ੀਲ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਚੋਣ ਮੁਹਿੰਮ ਦੌਰਾਨ ਲੂਲਾ ਨੇ ਬ੍ਰਾਜ਼ੀਲ ਦੇ ਅਹਿਮ ਖਣਿਜਾਂ ਉੱਤੇ ਅਮਰੀਕੀ ਅੱਖ ਦੀ ਖੁੱਲ੍ਹ ਕੇ ਆਲੋਚਨਾ ਕੀਤੀ। ਭਵਿੱਖ ਦੀ ਤਕਨੀਕੀ ਦੌੜ ਵਿੱਚ ਇਹ ਖਣਿਜ ਨਵਾਂ ਤੇਲ ਹਨ ਤੇ ਸਾਮਰਾਜੀ ਤਾਕਤਾਂ ਇਨ੍ਹਾਂ ਉੱਤੇ ਵੀ ਉਸੇ ਤਰ੍ਹਾਂ ਕਬਜ਼ਾ ਕਰਨਾ ਚਾਹੁੰਦੀਆਂ ਹਨ ਜਿਵੇਂ ਉਸ ਨੇ ਚਿੱਲੀ ਦੇ ਤਾਂਬੇ ਉੱਤੇ ਕੀਤਾ ਸੀ। ਲੂਲਾ ਅੱਗੇ ਚੁਣੌਤੀ ਇਹ ਵੀ ਹੈ ਕਿ ਇਰਾਨ ਅਤੇ ਰੂਸ ਦੀ ਸ਼ਮੂਲੀਅਤ ਵਾਲੇ ਬ੍ਰਿਕਸ ਵਿੱਚ ਬ੍ਰਾਜ਼ੀਲ ਆਪਣੀ ਸੁਤੰਤਰ ਵਿਦੇਸ਼ ਨੀਤੀ ਬਚਾ ਕੇ ਰੱਖੇ ਅਤੇ ਚੀਨ ਦਾ ਵਪਾਰਕ ਪਿਛਲੱਗ ਬਣਨ ਤੋਂ ਵੀ ਬਚੇ।

ਇਸ ਜਿੱਤ ਦਾ ਲਾਤੀਨੀ ਅਮਰੀਕਾ ਲਈ ਵਿਸ਼ੇਸ਼ ਅਰਥ ਹੈ। ਕੁਝ ਸਾਲ ਪਹਿਲਾਂ ਜਿਸ ‘ਗੁਲਾਬੀ ਲਹਿਰ’ ਦੀ ਅੰਗੜਾਈ ਬਾਰੇ ਖੱਬੇ-ਪੱਖੀਆਂ ਵਿੱਚ ਹੁਲਾਸ ਸੀ, ਉਸ ਨੂੰ ਸੱਜੇ-ਪੱਖੀ ਜਵਾਰਭਾਟੇ ਨੇ ਪਿੱਛੇ ਧੱਕ ਦਿੱਤਾ ਸੀ। ਅਰਜਨਟੀਨਾ ਵਿੱਚ ਮਿਲੇਈ ਤੋਂ ਲੈ ਕੇ ਪੇਰੂ ਤੇ ਕੋਲੰਬੀਆ ਤੱਕ ਟਰੰਪ-ਪੱਖੀ ਸਰਕਾਰਾਂ ਆ ਗਈਆਂ ਅਤੇ ਚਿੱਲੀ ਵਿੱਚ ਵੀ ਉਹੀ ਖੋਸੇ ਅੰਤੋਨੀਓ ਕਾਸਤ ਸੱਤਾ ਵਿੱਚ ਆ ਗਿਆ, ਜਿਸ ਨੂੰ ਕਦੇ ਖੱਬੇ-ਪੱਖੀ ਨੌਜਵਾਨ ਗਾਬਰੀਅਲ ਬੋਰਿਸ਼ ਨੇ ਹਰਾਇਆ ਸੀ। ਇਸ ਹਨੇਰੇ ਵਿੱਚ ਬ੍ਰਾਜ਼ੀਲ ਦਾ ਫ਼ਤਵਾ ਸੱਜੇ-ਪੱਖੀ ਲਹਿਰ ਅੱਗੇ ਇੱਕ ਮਜ਼ਬੂਤ ਬੰਨ੍ਹ ਹੈ ਤੇ ਦੁਨੀਆ ਭਰ ਦੇ ਖੱਬਿਆਂ ਲਈ ਰੁਮਕਦੀ ਹਵਾ ਦਾ ਬੁੱਲ੍ਹਾ। ਭਾਰਤ ਲਈ ਵੀ ਇਹ ਜਿੱਤ ਅਹਿਮ ਹੈ। ਬ੍ਰਿਕਸ, ਭਾਰਤ-ਬ੍ਰਾਜ਼ੀਲ-ਦੱਖਣੀ ਅਫਰੀਕਾ ਦਾ ‘ਇਬਸਾ’ ਮੰਚ ਤੇ ਜੀ-20 ਦੋਵਾਂ ਮੁਲਕਾਂ ਨੂੰ ਜੋੜਦੇ ਹਨ ਅਤੇ ਦੋਵੇਂ ਟਰੰਪ ਦੀ ਟੈਰਿਫ ਨੀਤੀ ਦੇ ਸ਼ਿਕਾਰ ਹਨ। ਲਾਤੀਨੀ ਅਮਰੀਕੀ ਮੁਲਕਾਂ ਦੀ ਸਾਮਰਾਜ ਵਿਰੋਧੀ ਸੰਘਰਸ਼ ਦੀ ਆਪਣੀ ਸ਼ਾਨਾਂਮੱਤੀ ਵਿਰਾਸਤ ਹੈ। ਲੂਲਾ ਉਸ ਵਿਰਾਸਤ ਦਾ ਜਿਊਂਦਾ-ਜਾਗਦਾ ਹਿੱਸਾ ਹੈ। ਉਸ ਦੀ ਜਿੱਤ ਬ੍ਰਾਜ਼ੀਲ ਦੇ ਲੋਕਾਂ ਦੁਆਰਾ ਨਵ-ਉਦਾਰਵਾਦੀ ਨੀਤੀਆਂ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਉੱਤੇ ਦਿੱਤਾ ਗਿਆ ਸਿੱਧਾ ਪ੍ਰਤੀਕਰਮ ਹੈ। ਉਸ ਦੀ ਅਸਲ ਪਰਖ ਸਾਮਰਾਜੀ ਸਰਮਾਏ, ਦੇਸੀ ਸੱਜੇ-ਪੱਖੀ ਤਾਕਤਾਂ ਅਤੇ ਅਮਰੀਕੀ ਦਾਬੇ ਦੇ ਹੁੰਦਿਆਂ ਲੋਕਾਂ ਨਾਲ ਕੀਤੇ ਵਾਅਦਿਆਂ ਉੱਤੇ ਖਰਾ ਉਤਰਨ ਨਾਲ ਹੋਵੇਗੀ। ਇਉਂ ਬ੍ਰਾਜ਼ੀਲ ਅੰਦਰ ਸਾਮਰਾਜੀ ਦਖ਼ਲ ਅਤੇ ਉਸ ਦੇ ਪਿੱਠੂ ਸੱਜੇ-ਪੱਖੀਆਂ ਨੂੰ ਪਿਛਲਪੈਰੀਂ ਮੋੜਾ ਦੇਣ ਵਾਲਾ ਇਹ ਫ਼ਤਵਾ ਕੋਈ ਬੁਨਿਆਦੀ ਢਾਂਚਾਗਤ ਸਮਾਜਵਾਦੀ ਤਬਦੀਲੀ ਨਹੀਂ ਹੈ, ਪਰ ਸੱਜੇ-ਪੱਖੀ ਫਾਸ਼ੀਵਾਦੀ ਤਾਕਤਾਂ ਦੇ ਲੋਕ-ਮਾਰੂ ਰੱਥ ਨੂੰ ਵਕਤੀ ਤੌਰ ’ਤੇ ਠੱਲ੍ਹਣ ਵਾਲਾ ਹਾਂ-ਪੱਖੀ ਵਰਤਾਰਾ ਜ਼ਰੂਰ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵਿਖੇ ਬੀਬੀ ਬਲਜੀਤ ਕੌਰ ਖ਼ਾਲਸਾ ਜੀ ਦਾ ਕੀਰਤਨ ਦਰਬਾਰਪੜ੍ਹੋ →
ਮਾਸਟਰ ਮੋਹਨ ਲਾਲ ਦੇ ਪਾਰਟੀ ਬਦਲਣ ਦੀਆਂ ਚਰਚਾਵਾਂ ਦਾ ਪੁੱਤਰ ਨੇ ਕੀਤਾ ਖੰਡਨ, ਬੋਲੇ- ਸੱਚ ਨਹੀਂਪੜ੍ਹੋ →
ਦਿਵਿਤ ਔਲਖ ਦਾ ਅੰਤਿਮ ਸਸਕਾਰ, ਪੰਜਾਬ ਦੇ ਵੱਡੇ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦਾ ਜਲੰਧਰ ਵਿੱਚ ਅੰਤਿਮ ਸਸਕਾਰ ਹੋਇਆ। ਬੱਬੂ ਮਾਨ, ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਸਮੇਤ ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ।ਪੜ੍ਹੋ →
566 ਦਿਨਾਂ ਬਾਅਦ ਪੁੱਤਰ ਨੂੰ ਦੇਖਦੇ ਹੀ ਭੱਜੀ ਮਾਂ, ਘੁੱਟ ਕੇ ਲਾਇਆ ਗਲੇ; ਵਾਇਰਲਪੜ੍ਹੋ →
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲੀਆਂ 5 ਸਪੈਸ਼ਲ ਟਰੇਨਾਂਪੜ੍ਹੋ →
ਸ਼੍ਰੀਨਗਰ ਦੇ ਬਾਹਰੀ ਇਲਾਕੇ ਬੇਮੀਨਾ ’ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਹੋਈ ਮੌਤਪੜ੍ਹੋ →