📰 11/04/2026
ਦੇਸ਼📍 ਪੰਜਾਬ

ਸਿੱਖ ਕਤਲੇਆਮ ਭਾਰਤ ਦੀ ਰੂਹ ’ਤੇ ਕਾਲਾ ਧੱਬਾ, ਸਿੱਖ ਕਦੇ ਨਾ ਭੁੱਲਣ ਇਹ ਜ਼ਖ਼ਮ: ਰਵੀ ਸ਼ੰਕਰ ਪ੍ਰਸਾਦ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ 1984 ਦੇ ਸਿੱਖ ਕਤਲੇਆਮ ਨੂੰ ਦੇਸ਼ ਦੀ ਰੂਹ ’ਤੇ ਇੱਕ ਨਾ ਮਿਟਣ ਵਾਲਾ ਕਾਲਾ ਧੱਬਾ ਕਰਾਰ ਦਿੱਤਾ ਹੈ।
ਸਿੱਖ ਕਤਲੇਆਮ ਭਾਰਤ ਦੀ ਰੂਹ ’ਤੇ ਕਾਲਾ ਧੱਬਾ, ਸਿੱਖ ਕਦੇ ਨਾ ਭੁੱਲਣ ਇਹ ਜ਼ਖ਼ਮ: ਰਵੀ ਸ਼ੰਕਰ ਪ੍ਰਸਾਦ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ 1984 ਦੇ ਸਿੱਖ ਕਤਲੇਆਮ ਨੂੰ ਦੇਸ਼ ਦੀ ਰੂਹ ’ਤੇ ਇੱਕ ਨਾ ਮਿਟਣ ਵਾਲਾ ਕਾਲਾ ਧੱਬਾ ਕਰਾਰ ਦਿੱਤਾ ਹੈ। ਚੰਡੀਗੜ੍ਹ ਵਿਖੇ ਪਾਰਟੀ ਵੱਲੋਂ ਕਰਵਾਏ ਗਏ ‘ਜ਼ਖ਼ਮ 84’ ਕਨਕਲੇਵ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਦੇ ‘ਜਦੋਂ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ’ ਵਾਲੇ ਬਿਆਨ ’ਤੇ ਸਿੱਧੇ ਸਵਾਲ ਕੀਤੇ। ਉਨ੍ਹਾਂ ਪੁੱਛਿਆ ਕਿ ਗਾਂਧੀ ਪਰਿਵਾਰ ਨੇ ਇਸ ਵਹਿਸ਼ੀਆਨਾ ਕਤਲੇਆਮ ਲਈ ਅੱਜ ਤੱਕ ਦੇਸ਼ ਅਤੇ ਸਿੱਖ ਕੌਮ ਤੋਂ ਮੁਆਫ਼ੀ ਕਿਉਂ ਨਹੀਂ ਮੰਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖ ਕੌਮ ਨੂੰ 1984 ਦੇ ਇਹ ਜ਼ਖ਼ਮ ਕਦੇ ਨਹੀਂ ਭੁੱਲਣੇ ਚਾਹੀਦੇ ਅਤੇ ਰਾਹੁਲ ਗਾਂਧੀ ਨੂੰ ਅੱਜ ਪੰਜਾਬ ਦੀ ਧਰਤੀ ਸੰਗਰੂਰ ਵਿੱਚ ਰੈਲੀ ਕਰਦਿਆਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।

ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਨੂੰ 1984 ਦੇ ਕਤਲੇਆਮ ’ਤੇ ਜਨਤਕ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ। ਭਾਜਪਾ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਚੋਣ ਸੁਧਾਰਾਂ ’ਤੇ ਬਹਿਸ ਕਰਨ ਦੇ ਸ਼ੌਕੀਨ ਹਨ, ਪਰ ਉਨ੍ਹਾਂ ਨੂੰ ਰਵੀ ਸ਼ੰਕਰ ਪ੍ਰਸਾਦ, ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਜਾਂ ਪੀੜਤ ਬੀਬੀ ਨਿਰਪ੍ਰੀਤ ਕੌਰ ਵਿੱਚੋਂ ਕਿਸੇ ਵੀ ਇੱਕ ਨਾਲ ਖੁੱਲ੍ਹੇ ਮੰਚ ’ਤੇ ਬਹਿਸ ਕਰਨੀ ਚਾਹੀਦੀ ਹੈ। ਪ੍ਰਸਾਦ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਜ਼ਿੰਦਾ ਸਾੜਿਆ ਤੇ ਕਤਲ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੂਚਨਾ ਤੇ ਪ੍ਰਸਾਰਨ ਮੰਤਰੀ ਹੁੰਦਿਆਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਰਾਜੀਵ ਗਾਂਧੀ ਦੇ ਵਿਵਾਦਤ ਬਿਆਨ ਵਾਲੀ ਵੀਡੀਓ ਦੂਰਦਰਸ਼ਨ ਦੇ ਪੁਰਾਲੇਖ (ਆਰਕਾਈਵਜ਼) ਵਿੱਚੋਂ ਗ਼ਾਇਬ ਕਰ ਦਿੱਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਸਖ਼ਤ ਹਦਾਇਤਾਂ ਦੇ ਕੇ ਬਰਾਮਦ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਏਅਰ ਮਾਰਸ਼ਲ ਅਰਜਨ ਸਿੰਘ ਅਤੇ ਆਈ.ਕੇ. ਗੁਜਰਾਲ ਵਰਗੀਆਂ ਸਤਿਕਾਰਤ ਸ਼ਖ਼ਸੀਅਤਾਂ ਨੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਗ੍ਰਹਿ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੂੰ ਫ਼ੌਜ ਬੁਲਾਉਣ ਦੀ ਬੇਨਤੀ ਕੀਤੀ ਸੀ, ਪਰ ਉਸ ਵੇਲੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਕਨਕਲੇਵ ਦੌਰਾਨ ਆਰ.ਪੀ. ਸਿੰਘ ਨੇ ਕਿਹਾ ਕਿ ਪੀੜਤਾਂ ਅਤੇ ਸਿੱਖ ਨੁਮਾਇੰਦਿਆਂ ਨੇ ਰਾਹੁਲ ਗਾਂਧੀ ਨੂੰ 1 ਨਵੰਬਰ ਨੂੰ ਦਿੱਲੀ ਵਿੱਚ ਰੈਲੀ ਨਾ ਕਰਨ ਦੀ ਅਪੀਲ ਕੀਤੀ ਸੀ ਕਿਉਂਕਿ ਇਸੇ ਦਿਨ 42 ਸਾਲ ਪਹਿਲਾਂ ਕਤਲੇਆਮ ਸ਼ੁਰੂ ਹੋਇਆ ਸੀ, ਪਰ ਕਾਂਗਰਸ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਂਗਰਸ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਪਾਰਟੀ ਵਿੱਚੋਂ ਬਾਹਰ ਨਹੀਂ ਕੱਢਦੀ, ਉਸ ਨੂੰ ‘ਇਨਸਾਫ਼ ਰੈਲੀ’ ਕਰਨ ਦਾ ਕੋਈ ਇਖ਼ਲਾਕੀ ਹੱਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਟਾਈਟਲਰ ਨੇ ਪੁਲ ਬੰਗਸ਼ ਗੁਰਦੁਆਰਾ ਸਾਹਿਬ ਬਾਹਰ ਭੀੜ ਦੀ ਅਗਵਾਈ ਕੀਤੀ ਅਤੇ ਕਮਲ ਨਾਥ ਗੁਰਦੁਆਰਾ ਰਕਾਬ ਗੰਜ ਸਾਹਿਬ ਬਾਹਰ ਮੌਜੂਦ ਸਨ, ਜਿੱਥੇ ਪਾਣੀ ਤੇ ਲੰਗਰ ਦੀ ਸੇਵਾ ਕਰ ਰਹੇ ਸੋਹਣ ਸਿੰਘ ਤੇ ਅਵਤਾਰ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਸੈਮ ਪਿਤਰੋਦਾ ਦੇ ‘ਜੋ ਹੋਇਆ ਸੋ ਹੋਇਆ’ ਵਾਲੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਕਾਂਗਰਸ ਦੀ ਸਿੱਖਾਂ ਪ੍ਰਤੀ ਅਸਲ ਮਾਨਸਿਕਤਾ ਨੂੰ ਦਰਸਾਉਂਦਾ ਹੈ।

ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਦਿੱਲੀ ਵਿੱਚ ਜੋ ਵਾਪਰਿਆ ਉਹ ਦੰਗੇ ਨਹੀਂ ਸਗੋਂ ਯੋਜਨਾਬੱਧ ਨਸਲਕੁਸ਼ੀ ਸੀ। ਉਨ੍ਹਾਂ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ 31 ਅਕਤੂਬਰ 1984 ਦੀ ਅੱਧੀ ਰਾਤ ਤੱਕ 5,000 ਫ਼ੌਜੀ ਜਵਾਨ ਤਿਆਰ ਸਨ, ਪਰ ਉਨ੍ਹਾਂ ਨੂੰ ਕਾਰਵਾਈ ਦੀ ਹਰੀ ਝੰਡੀ ਨਹੀਂ ਦਿੱਤੀ ਗਈ। ਢਿੱਲੋਂ ਨੇ ਸਵਾਲ ਕੀਤਾ ਕਿ ਰਾਹੁਲ ਗਾਂਧੀ ਸੰਗਰੂਰ ਰੈਲੀ ਵਿੱਚ ਕਿਸ ਨੂੰ ਇਨਸਾਫ਼ ਦੇਣ ਦੀ ਗੱਲ ਕਰ ਰਹੇ ਹਨ। ਪ੍ਰਸਾਦ ਨੇ ਅੱਗੇ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਦੌਰਾਨ ਦੋਸ਼ੀਆਂ ਖ਼ਿਲਾਫ਼ ਸੁਹਿਰਦਤਾ ਨਾਲ ਕੇਸ ਨਹੀਂ ਲੜੇ ਗਏ ਅਤੇ ਨਰਿੰਦਰ ਮੋਦੀ ਸਰਕਾਰ ਬਣਨ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਗਠਨ ਮਗਰੋਂ ਹੀ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਅਤੇ ਟਾਈਟਲਰ ਖ਼ਿਲਾਫ਼ ਦੋਸ਼ ਤੈਅ ਹੋ ਸਕੇ। ਉਨ੍ਹਾਂ ਕਿਹਾ ਕਿ ਹੱਥ ਵਿੱਚ ਸੰਵਿਧਾਨ ਚੁੱਕ ਕੇ ਘੁੰਮਣ ਵਾਲੇ ਰਾਹੁਲ ਗਾਂਧੀ 1984 ਵਿੱਚ ਮਾਰੇ ਗਏ ਸਿੱਖਾਂ ਦੇ ਜਿਊਣ ਦੇ ਅਧਿਕਾਰ (ਧਾਰਾ 21) ਬਾਰੇ ਚੁੱਪ ਕਿਉਂ ਹਨ। ਉਨ੍ਹਾਂ ਕਿਹਾ ਕਿ ਇਹ ਜ਼ਖ਼ਮ ਉਦੋਂ ਹੀ ਭਰਨਗੇ ਜਦੋਂ ਹਰ ਦੋਸ਼ੀ ਨੂੰ ਸਜ਼ਾ ਮਿਲੇਗੀ।

ਇਸ ਅੰਕ ਦੀਆਂ ਹੋਰ ਖ਼ਬਰਾਂ

ਸਿੱਖ ਰਿਲੀਜੀਅਸ ਸੋਸਾਇਟੀ ਪੈਲਾਟਾਈਨ ਵਿਖੇ ਬੀਬੀ ਬਲਜੀਤ ਕੌਰ ਖ਼ਾਲਸਾ ਜੀ ਦਾ ਕੀਰਤਨ ਦਰਬਾਰਪੜ੍ਹੋ →
ਮਾਸਟਰ ਮੋਹਨ ਲਾਲ ਦੇ ਪਾਰਟੀ ਬਦਲਣ ਦੀਆਂ ਚਰਚਾਵਾਂ ਦਾ ਪੁੱਤਰ ਨੇ ਕੀਤਾ ਖੰਡਨ, ਬੋਲੇ- ਸੱਚ ਨਹੀਂਪੜ੍ਹੋ →
ਦਿਵਿਤ ਔਲਖ ਦਾ ਅੰਤਿਮ ਸਸਕਾਰ, ਪੰਜਾਬ ਦੇ ਵੱਡੇ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦਾ ਜਲੰਧਰ ਵਿੱਚ ਅੰਤਿਮ ਸਸਕਾਰ ਹੋਇਆ। ਬੱਬੂ ਮਾਨ, ਗਿੱਪੀ ਗਰੇਵਾਲ ਅਤੇ ਜੈਜ਼ੀ ਬੀ ਸਮੇਤ ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ।ਪੜ੍ਹੋ →
566 ਦਿਨਾਂ ਬਾਅਦ ਪੁੱਤਰ ਨੂੰ ਦੇਖਦੇ ਹੀ ਭੱਜੀ ਮਾਂ, ਘੁੱਟ ਕੇ ਲਾਇਆ ਗਲੇ; ਵਾਇਰਲਪੜ੍ਹੋ →
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲੀਆਂ 5 ਸਪੈਸ਼ਲ ਟਰੇਨਾਂਪੜ੍ਹੋ →
ਸ਼੍ਰੀਨਗਰ ਦੇ ਬਾਹਰੀ ਇਲਾਕੇ ਬੇਮੀਨਾ ’ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਹੋਈ ਮੌਤਪੜ੍ਹੋ →