ਗੈਂਗਸਟਰਾਂ ਦਾ ਨੈੱਟਵਰਕ ਤਹਿਸ-ਨਹਿਸ
ਪੰਜਾਬ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਖ਼ਿਲਾਫ਼ ਪੁਲੀਸ ਦਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ। ‘ਗੈਂਗਸਟਰਾਂ ’ਤੇ ਵਾਰ’ ਸੰਗਠਿਤ ਅਪਰਾਧ ਦੀਆਂ ਜੜ੍ਹਾਂ ਤੱਕ ਪਹੁੰਚਣ ਵਾਲੀ ਲਗਾਤਾਰ ਚਲਦੀ ਮੁਹਿੰਮ ਦਾ ਰੂਪ ਲੈ ਚੁੱਕਾ ਹੈ। ਪੁਲੀਸ ਇੱਕ ਪਾਸੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਦੂਜੇ ਪਾਸੇ ਹਥਿਆਰਾਂ, ਨਸ਼ਿਆਂ, ਪੈਸਿਆਂ ਅਤੇ ਲੌਜਿਸਟਿਕਸ ਦੇ ਨੈੱਟਵਰਕ ਨੂੰ ਤੋੜਨ ’ਤੇ ਵੀ ਪੂਰਾ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਇਸ ਦੌਰਾਨ 74 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਅਤੇ ਵੱਡੀ ਗਿਣਤੀ ਵਿੱਚ ਹਥਿਆਰਾਂ ਦੀ ਬਰਾਮਦਗੀ ਇਸ ਕਾਰਵਾਈ ਦੇ ਵਿਆਪਕ ਪੈਮਾਨੇ ਬਾਰੇ ਸਪੱਸ਼ਟ ਕਰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਸੰਗਠਿਤ ਅਪਰਾਧ ਵਿਰੁੱਧ ਸਖ਼ਤ ਅਤੇ ਨਿਰੰਤਰ ਕਾਰਵਾਈ ਨੂੰ ਕਾਨੂੰਨ ਵਿਵਸਥਾ ਦੀ ਸਭ ਤੋਂ ਪ੍ਰਮੁੱਖ ਤਰਜੀਹ ਬਣਾਇਆ ਹੈ। ‘ਗੈਂਗਸਟਰਾਂ ’ਤੇ ਵਾਰ’ ਦੀ ਅਹਿਮ ਵਿਸ਼ੇਸ਼ਤਾ ਇਸ ਦਾ ਨੈੱਟਵਰਕ-ਕੇਂਦਰਿਤ ਰੂਪ ਹੈ।
ਪੁਲੀਸ ਦੀ ਕਾਰਵਾਈ ਵਿੱਚ ਸਿਰਫ਼ ਮੁੱਖ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਉਨ੍ਹਾਂ ਦੇ ਸੰਪਰਕਾਂ ਅਤੇ ਸਹਿਯੋਗੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਸਤ ਵਿੱਚ ਮੁਹਿੰਮ ਦੇ 200 ਦਿਨ ਪੂਰੇ ਹੋਣ ਤੱਕ ਪੁਲੀਸ ਨੇ 1,09,087 ਛਾਪੇਮਾਰੀਆਂ ਕੀਤੀਆਂ ਸਨ। ਇਸ ਦੌਰਾਨ 1,532 ਐਲਾਨੀਆ ਅਪਰਾਧੀ ਗ੍ਰਿਫ਼ਤਾਰ ਕੀਤੇ ਗਏ ਅਤੇ ਵੱਡੀ ਗਿਣਤੀ ਵਿੱਚ ਗੈਂਗਸਟਰਾਂ, ਉਨ੍ਹਾਂ ਦੇ ਸਹਿਯੋਗੀਆਂ ਅਤੇ ਲੋੜੀਂਦੇ ਅਪਰਾਧੀਆਂ ਵਿਰੁੱਧ ਕਾਰਵਾਈ ਕੀਤੀ ਗਈ।
ਪੁਲੀਸ ਦਾ ਜ਼ੋਰ ਸਿਰਫ਼ ਘਟਨਾ ਵਾਪਰਨ ਤੋਂ ਬਾਅਦ ਕਾਰਵਾਈ ’ਤੇ ਹੀ ਨਹੀਂ ਸਗੋਂ ਸੰਭਾਵੀ ਅਪਰਾਧੀ ਨੈੱਟਵਰਕ ਦੀ ਪਛਾਣ ਅਤੇ ਨਿਗਰਾਨੀ ’ਤੇ ਵੀ ਹੈ। ਸੰਗਠਿਤ ਅਪਰਾਧ ਨੂੰ ਮਜ਼ਬੂਤੀ ਦੇਣ ਵਾਲੇ ਹਥਿਆਰਾਂ ਅਤੇ ਨਸ਼ਿਆਂ ਦੇ ਨੈੱਟਵਰਕ ’ਤੇ ਕਾਰਵਾਈ ਇਸ ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ। ਦੋ ਸੌ ਦਿਨਾਂ ਦੀ ਕਾਰਵਾਈ ਵਿੱਚ ਪੁਲੀਸ ਨੇ 990 ਗ਼ੈਰ-ਕਾਨੂੰਨੀ ਹਥਿਆਰਾਂ, 2739 ਕਾਰਤੂਸਾਂ, 315 ਮੈਗਜ਼ੀਨਾਂ ਅਤੇ 15 ਹੈਂਡ ਗਰਨੇਡਾਂ ਸਮੇਤ ਹੋਰ ਹਥਿਆਰ ਤੇ ਵਿਸਫੋਟਕ ਬਰਾਮਦ ਕੀਤੇ ਸਨ।
ਇਸੇ ਅਰਸੇ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਇਨ, ਅਫ਼ੀਮ, ਭੁੱਕੀ ਅਤੇ ਲੱਖਾਂ ਨਸ਼ੀਲੀਆਂ ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ। ਮੁਹਿੰਮ ਦੀ ਕਾਰਵਾਈ ਨੂੰ ਖ਼ੁਫ਼ੀਆ ਸੂਚਨਾਵਾਂ, ਮੈਪ ਕੀਤੇ ਗਏ ਟਿਕਾਣਿਆਂ, ਤਕਨੀਕ ਆਧਾਰਿਤ ਪੁਲੀਸਿੰਗ ਅਤੇ ਵੱਖ-ਵੱਖ ਪੱਧਰਾਂ ਦੇ ਤਾਲਮੇਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪੁਲੀਸ ਲਈ ਇਹ ਤਰੀਕਾ ਇਸ ਲਈ ਵੀ ਅਹਿਮ ਹੈ ਕਿਉਂਕਿ ਸੰਗਠਿਤ ਅਪਰਾਧ ਦੇ ਨੈੱਟਵਰਕ ਅਕਸਰ ਇੱਕ ਥਾਂ ਤੱਕ ਸੀਮਿਤ ਨਹੀਂ ਰਹਿੰਦੇ। ਅਜਿਹੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਕਾਰਵਾਈ ਕਰਨ ਨਾਲ ਨੈੱਟਵਰਕਾਂ ਦੇ ਆਪਸੀ ਸੰਪਰਕ ਅਤੇ ਸੁਰੱਖਿਅਤ ਟਿਕਾਣਿਆਂ ਦੀ ਪਛਾਣ ਆਸਾਨ ਹੋ ਜਾਂਦੀ ਹੈ। ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਇਸ ਲੜਾਈ ਵਿੱਚ ਪੁਲੀਸ ਦੇ ਨਾਲ-ਨਾਲ
ਆਮ ਲੋਕਾਂ ਦੀ ਭੂਮਿਕਾ ਵੀ ਬੇਹੱਦ ਅਹਿਮ ਹੈ। ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਹੈਲਪ ਲਾਈਨ 93946-93946 ਰਾਹੀਂ ਲੋੜੀਂਦੇ ਅਪਰਾਧੀਆਂ, ਗੈਂਗਸਟਰਾਂ ਜਾਂ ਅਪਰਾਧਿਕ ਗਤੀਵਿਧੀਆਂ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
