ਜਦੋਂ ਇਸ਼ਾਰਿਆਂ ਦੀ ਭਾਸ਼ਾ ਕੰਮ ਆਈ
ਗੁਆਚੀ ਗਾਂ ਵਾਂਗ ਇਧਰ-ਉਧਰ ਟੱਕਰਾਂ ਮਾਰਦੇ ਫਿਰੀਏ, ਪਰ ਥਹੁ-ਪਤਾ ਕੋਈ ਨਾ ਲੱਗੇ। ਗੱਲ ਹੈ ਤਾਂ ਪੁਰਾਣੀ, ਪਰ ਧੁਰ ਅੰਦਰ ਤੱਕ ਉੱਕਰੀ ਹੋਈ ਹੈ। ਅਸੀਂ ਇੱਕ ਵਿਦਿਅਕ ਵਫ਼ਦ ਵਿੱਚ ਚੈੱਕੋਸਲੋਵਾਕੀਆ ਗਏ ਸਾਂ।
ਸਾਰਾ ਦਿਨ ਸਿੱਖਿਆ ਨਾਲ ਸਬੰਧਿਤ ਸੈਮੀਨਾਰ, ਭਾਸ਼ਣ ਅਤੇ ਚਰਚਾਵਾਂ ਚੱਲਦੀਆਂ ਰਹਿੰਦੀਆਂ। ਦੁਪਹਿਰ ਦੇ ਖਾਣੇ ਦੀ ਛੁੱਟੀ ਹੁੰਦੀ। ਸ਼ਾਮ ਨੂੰ ਪੰਜ ਵਜੇ ਸਭ ਜਣੇ ਵਿਹਲੇ ਹੋ ਜਾਂਦੇ, ਫਿਰ ਘੁੰਮਣ-ਫਿਰਨ ਦੀ ਪੂਰੀ ਖੁੱਲ੍ਹ ਹੁੰਦੀ। ਪਰ ਦੁਭਾਸ਼ੀਏ ਦੀ ਸੇਵਾ ਸਿਰਫ਼ ਸਬੰਧਿਤ ਸਮਾਗਮਾਂ ਸਮੇਂ ਹੀ ਮਿਲਦੀ ਸੀ, ਸ਼ਾਮ ਨੂੰ ਉਹ ਚਲੀ ਜਾਂਦੀ। ਅਸੀਂ ਚੈਕੋਸਲੋਵਾਕੀਆ ਦੀ ਰਾਜਧਾਨੀ ਪਰਾਗ ਘੁੰਮਣ-ਫਿਰਨ ਜਾਂਦੇ। ਉੱਥੇ ਇੱਕ ਵਿਸ਼ਾਲ ਡਿਪਾਰਟਮੈਂਟਲ ਸਟੋਰ ਸੀ। ਉਸ ਥਾਂ ਜਾਣ ਲਈ ਮੈਂ ਇੱਕ ਰਾਹ ਦੀ ਨਿਸ਼ਾਨੀ ਰੱਖੀ ਹੋਈ ਸੀ। ਉਸ ਰਸਤੇ ਚੱਲ ਕੇ ਮੈਂ ਬੜੇ ਆਰਾਮ ਨਾਲ ਅੱਪੜ ਜਾਂਦਾ ਸੀ।
ਪਰ ਇੱਕ ਦਿਨ ਮੇਰਾ ਇੱਕ ਸਾਥੀ ਜ਼ਿੱਦ ਕਰਨ ਲੱਗ ਪਿਆ ਕਿ ਉਸ ਨੂੰ ਇੱਕ ਸ਼ਾਰਟ-ਕੱਟ ਦਾ ਪਤਾ ਹੈ ਤੇ ਉਸ ਪੈਂਡੇ ਪੈ ਕੇ ਜਲਦੀ ਪਹੁੰਚਿਆ ਜਾ ਸਕਦਾ ਹੈ। ਮੈਂ ਬੜਾ ਸਮਝਾਇਆ ਕਿ ਸ਼ਾਰਟ-ਕੱਟ ਬਹੁਤੇ ਚੰਗੇ ਨਹੀਂ ਹੁੰਦੇ, ਨਾ ਰਾਹਾਂ ਦੇ ਤੇ ਨਾ ਹੀ ਜ਼ਿੰਦਗੀ ਦੇ। ਜੇ ਸ਼ਾਰਟ-ਕੱਟ ‘ਕੱਟ-ਸ਼ਾਰਟ’ ਹੋ ਗਿਆ ਤਾਂ ਸਿਆਪਾ ਪੈ ਜਾਵੇਗਾ। ਜੇ ਆਪਾਂ ਭੁੱਲ ਗਏ ਤਾਂ ਲੈਣੇ ਦੇ ਦੇਣੇ ਪੈ ਜਾਣਗੇ, ਕਿਉਂਕਿ ਰਾਹ ਦੱਸਣ ਲਈ ਦੁਭਾਸ਼ੀਆ ਤਾਂ ਨਾਲ ਹੈ ਨਹੀਂ ਸੀ। ਪਰ ਉਹ ਨਾ ਮੰਨਿਆ, ਸਗੋਂ ਉਸਨੇ ਮੈਨੂੰ ਮਨਾ ਲਿਆ। ਤੇ ਹੋਇਆ ਓਹੀ ਜਿਸ ਦਾ ਡਰ ਸੀ, ਅਸੀਂ ਰਾਹ ਭੁੱਲ ਗਏ!
ਮੈਂ ਝੁੰਜਲਾਹਟ ਵਿੱਚ ਆ ਕੇ ਉਸ ਨੂੰ ਬੜੀਆਂ ਖਰੀਆਂ-ਖੋਟੀਆਂ ਸੁਣਾਈਆਂ। ਉਹ ਖਿੜੇ ਮੱਥੇ ਸਭ ਕੁਝ ਆਪਣੀ ਝੋਲੀ ਪੁਆਈ ਗਿਆ, ਕਿਉਂਕਿ ਗ਼ਲਤੀ ਤਾਂ ਉਸ ਦੀ ਹੀ ਸੀ। ਸਾਨੂੰ ਡੌਰ-ਭੌਰ ਫਿਰਦਿਆਂ ਦੇਖ ਕੇ ਕੁਝ ਲੋਕ ਸਾਡੇ ਆਲੇ-ਦੁਆਲੇ ਇਕੱਠੇ ਹੋ ਗਏ। ਬਾਹਰਲੇ ਮੁਲਕਾਂ ਵਿੱਚ ਇਸ ਕਿਸਮ ਦਾ ਚਲਨ ਬਹੁਤ ਘੱਟ ਹੈ; ਲੋਕ ਨਾ ਤਾਂ ਤੁਹਾਡੇ ਵੱਲ ਬਿਟਰ-ਬਿਟਰ ਝਾਕਦੇ ਹਨ ਤੇ ਨਾ ਹੀ ਝੁਰਮਟ ਪਾਉਂਦੇ ਹਨ। ਹਰ ਜਣਾ ਆਪੋ-ਆਪਣੇ ਕੰਮਾਂ-ਕਾਰਾਂ ਵਿੱਚ ਮਸ਼ਗੂਲ ਰਹਿੰਦਾ ਹੈ ਜਾਂ ਵਾਹੋ-ਦਾਹੀ ਆਪਣੇ ਰਸਤੇ ਲੰਘ ਜਾਂਦਾ ਹੈ।
ਲੋਕ ਤਾਂ ਇਕੱਠੇ ਹੋ ਗਏ ਪਰ ਕੋਈ ਵੀ ਕਿਸੇ ਦੀ ਗੱਲ ਨਾ ਸਮਝੇ। ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਸਾਨੂੰ ਚੈੱਕ। ਆਖ਼ਰ ਇਸ਼ਾਰਿਆਂ ਦੀ ਭਾਸ਼ਾ ਸਾਡੇ ਕੰਮ ਆਈ। ਜਿਵੇਂ 'ਬੌਡੀ ਲੈਂਗੂਏਜ' ਹੁੰਦੀ ਹੈ, ਇਵੇਂ ਹੀ ਇਸ਼ਾਰਿਆਂ (ਸਾਈਨ ਲੈਂਗੂਏਜ) ਦੀ ਭਾਸ਼ਾ ਵੀ ਹੁੰਦੀ ਹੈ। ਆਪਾਂ ਅਕਸਰ ਦੇਖਦੇ ਹਾਂ ਕਿ ਸੁਣਨ ਤੋਂ ਅਸਮਰੱਥ ਵਿਅਕਤੀਆਂ ਲਈ ਖ਼ਬਰਾਂ ਵੀ ਇਸ਼ਾਰਿਆਂ ਨਾਲ ਦਿਖਾਈਆਂ ਜਾਂਦੀਆਂ ਹਨ। ਹਵਾਈ ਜਹਾਜ਼ਾਂ ਵਿੱਚ ਉਡਾਣ ਭਰਨ ਤੋਂ ਪਹਿਲਾਂ ਸੁਰੱਖਿਆ ਸਬੰਧੀ ਜਾਣਕਾਰੀ ਦਿੰਦੇ ਸਮੇਂ ਵੀ ਮੌਖਿਕ ਬੋਲੀ ਦੇ ਨਾਲ-ਨਾਲ ਇਸ਼ਾਰਿਆਂ ਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।
ਮੈਨੂੰ ਕੌਮਾਂਤਰੀ ਪੱਧਰ ’ਤੇ ਪ੍ਰਵਾਨਿਤ ਤੇ ਸਟੀਕ ਸਾਈਨ ਲੈਂਗੂਏਜ ਤਾਂ ਨਹੀਂ ਸੀ ਆਉਂਦੀ, ਪਰ ਮੇਰੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਸੁਣਾਈ ਨਹੀਂ ਸੀ ਦਿੰਦਾ; ਇਸ ਲਈ ਉਸ ਨਾਲ ਇਸ਼ਾਰਿਆਂ ਵਿੱਚ ਗੱਲਾਂ ਕਰਨ ਦਾ ਤਜਰਬਾ ਸੀ, ਜੋ ਇੱਥੇ ਕੰਮ ਆ ਗਿਆ।
ਮੇਰੇ ਕੋਲ ਇੱਕ ਟੈਡੀ ਬੀਅਰ ਸੀ ਜੋ ਮੈਂ ਆਪਣੀ 4-5 ਸਾਲ ਦੀ ਬੇਟੀ ਅਨੂ ਲਈ ਉੱਥੋਂ ਹੀ ਖ਼ਰੀਦਿਆ ਸੀ। ਮੈਂ ਉਸ ਖਿਡੌਣੇ ਵੱਲ ਇਸ਼ਾਰਾ ਕਰਕੇ ਫਿਰ ਆਪਣੇ ਅੰਗੂਠੇ ਤੇ ਨਾਲ ਦੀ ਉਂਗਲ ਨਾਲ ਇੰਝ ਤੁਣਕਾ ਜਿਹਾ ਮਾਰਿਆ ਜਿਵੇਂ ਖੇਡ ਦੇ ਮੈਦਾਨ ਵਿੱਚ ਟਾਸ ਕਰਨ ਵੇਲੇ ਅੰਪਾਇਰ ਸਿੱਕਾ ਉਛਾਲਣ ਸਮੇਂ ਕਰਦੇ ਹਨ (ਯਾਨੀ ਪੈਸੇ/ਖ਼ਰੀਦਦਾਰੀ ਦਾ ਇਸ਼ਾਰਾ)।
ਭੀੜ ਵਿੱਚੋਂ ਇੱਕ ਜਣਾ ਸਮਝ ਗਿਆ ਕਿ ਮੈਂ ਚੀਜ਼ਾਂ-ਵਸਤਾਂ ਖ਼ਰੀਦਣ ਵਾਲੀ ਥਾਂ ਬਾਰੇ ਪੁੱਛ ਰਿਹਾ ਹਾਂ। ਉਸ ਨੇ ਸਾਡੇ ਦੋਵਾਂ ਦੀਆਂ ਬਾਹਾਂ ਫੜੀਆਂ ਤੇ ਸਾਨੂੰ ਥੋੜ੍ਹਾ ਜਿਹਾ ਘੁਮਾ ਕੇ ਸਬੰਧਿਤ ਸਥਾਨ ਵੱਲ ਇਸ਼ਾਰੇ ਨਾਲ ਦੱਸਿਆ।
ਜਨਾਬ, ਅਸੀਂ ਡਿਪਾਰਟਮੈਂਟਲ ਸਟੋਰ ਦੇ ਪਿਛਵਾੜੇ ਹੀ ਗੁਆਚੇ ਖੜ੍ਹੇ ਸਾਂ!
