📰 10/31/2026
ਖੇਡਾਂ📍 ਪੰਜਾਬ

ਹਾਕੀ ਦਾ ਬਹੁਗੁਣਾ ਖਿਡਾਰੀ ਪਰਗਟ ਸਿੰਘ

ਦੁਨੀਆ ਦਾ ਮੰਨਿਆ ਦੰਨਿਆ ਫੁੱਲ ਬੈਕ। ਭਾਰਤੀ ਟੀਮਾਂ ਦਾ ਮੈਂਬਰ ਤੇ ਕੈਪਟਨ। ਪੰਜਾਬ ਦਾ ਖੇਡ ਡਾਇਰੈਕਟਰ ਤੇ ਖੇਡ ਮੰਤਰੀ। ਕਦੇ ਫੁੱਟਬਾਲ ਦੇ ਖਿਡਾਰੀ ਪੇਲੇ ਨੇ ਕੁਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਹਾਕੀ ਦਾ ਬਹੁਗੁਣਾ ਖਿਡਾਰੀ ਪਰਗਟ ਸਿੰਘ

ਦੁਨੀਆ ਦਾ ਮੰਨਿਆ ਦੰਨਿਆ ਫੁੱਲ ਬੈਕ। ਭਾਰਤੀ ਟੀਮਾਂ ਦਾ ਮੈਂਬਰ ਤੇ ਕੈਪਟਨ। ਪੰਜਾਬ ਦਾ ਖੇਡ ਡਾਇਰੈਕਟਰ ਤੇ ਖੇਡ ਮੰਤਰੀ।

ਕਦੇ ਫੁੱਟਬਾਲ ਦੇ ਖਿਡਾਰੀ ਪੇਲੇ ਨੇ ਕੁਲ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਚੌਹੀਂ ਕੂੰਟੀਂ ਪੇਲੇ ਪੇਲੇ ਹੋ ਗਈ ਸੀ। ਜਿਵੇਂ ਪੇਲੇ ਨੂੰ ਬ੍ਰਾਜ਼ੀਲ ਦਾ ਕਾਲਾ ਮੋਤੀ ਕਿਹਾ ਜਾਂਦਾ ਸੀ ਉਵੇਂ ਪਰਗਟ ਸਿੰਘ ਵੀ ਪੰਜਾਬ ਦਾ ਸੁੱਚਾ ਮੋਤੀ ਹੈ। ਜਿਵੇਂ ਪੇਲੇ ਬ੍ਰਾਜ਼ੀਲ ਸਰਕਾਰ ਦਾ ਮੰਤਰੀ ਬਣਿਆ ਉਵੇਂ ਪਰਗਟ ਸਿੰਘ ਵੀ ਪੰਜਾਬ ਸਰਕਾਰ ਦਾ ਮੰਤਰੀ ਬਣਿਆ।

ਪੰਜਾਬ ਨੇ ਐਸੇ ਸੂਰਮੇ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ, ਹਿੰਮਤ, ਦ੍ਰਿੜ ਇਰਾਦੇ ਤੇ ਲਾਮਿਸਾਲ ਪ੍ਰਤਿਭਾ ਨਾਲ ਦੁਨੀਆ ਭਰ ’ਚ ਆਪਣੀ ਵਿਸ਼ੇਸ਼ ਪਛਾਣ ਬਣਾਈ। ਗੱਲ ਭਾਵੇਂ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀ ਹੋਵੇ, ਖੇਤੀਬਾੜੀ ’ਚ ਇਨਕਲਾਬ ਲਿਆਉਣ ਵਾਲੇ ਕਿਸਾਨਾਂ ਦੀ ਹੋਵੇ ਜਾਂ ਖੇਡ ਮੈਦਾਨਾਂ ’ਚ ਜਿੱਤ ਦੇ ਝੰਡੇ ਝੁਲਾਉਣ ਵਾਲਿਆਂ ਦੀ ਹੋਵੇ, ਪੰਜਾਬੀਆਂ ਨੇ ਹਰ ਮੈਦਾਨ ਵਿੱਚ ਆਪਣੀ ਤਾਕਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਵਿੱਚ ਹੀ ਪਰਗਟ ਸਿੰਘ ਦਾ ਨਾਂ ਬੋਲਦਾ ਹੈ। ਉਸ ਨੇ ਹਾਕੀ ਦੀ ਖੇਡ ਨੂੰ ਆਪਣੇ ਕਰੀਅਰ ਦਾ ਅੰਗ ਬਣਾਇਆ। ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਸੈਂਕੜੇ ਗੋਲ ਕੀਤੇ ਤੇ ਸ਼ਾਨਦਾਰ ਜਿੱਤਾਂ ਜਿੱਤੀਆਂ। ਉਹ ਨਿਡਰ ਕਪਤਾਨ, ਪੈਨਲਟੀ ਕਾਰਨਰ ਦਾ ਮਾਹਿਰ, ਹਮਲਾਵਰ ਖਿਡਾਰੀ, ਅਨੁਸਾਸ਼ਨ ਦਾ ਪੱਕਾ ਤੇ ਨੌਜੁਆਨ ਪੀੜ੍ਹੀ ਦਾ ਪ੍ਰੇਰਨਾ ਸਰੋਤ ਰਿਹਾ ਹੈ। ਉਹਦੀ ਖ਼ਾਸੀਅਤ ਰਹੀ ਕਿ ਔਖੀਆਂ ਘੜੀਆਂ ਵਿੱਚ ਵੀ ਹਿੰਮਤ ਨਹੀਂ ਸੀ ਹਾਰਦਾ। ਹਾਕੀ ਦੇ ਮੈਦਾਨ ’ਚ ਜਦੋਂ ਉਹਦੀ ਟੀਮ ਦਬਾਅ ਹੇਠ ਹੁੰਦੀ ਤਾਂ ਉਹ ਹੌਸਲਾ ਦੇ ਕੇ ਸਾਥੀਆਂ ਨੂੰ ਵੰਗਾਰਦਾ। ਉਨ੍ਹਾਂ ’ਚ ਨਵਾਂ ਜੋਸ਼ ਭਰਦਾ। ਗੱਲ ਨਿਰੀ ਜਿੱਤ ਹਾਰ ਦੀ ਨਹੀਂ ਹੁੰਦੀ, ਹੌਸਲੇ ਨਾਲ ਖੇਡਣ ਦੀ ਵੀ ਹੁੰਦੀ ਹੈ। ਸਪੋਰਟਸਮੈਨ ਦੀ ਖੇਡ ਭਾਵਨਾ ਤੇ ਅਨੁਸ਼ਾਸਨ ’ਚ ਰਹਿਣ ਦੀ ਵੀ ਹੁੰਦੀ ਹੈ। ਪਰਗਟ ਅਨੁਸ਼ਾਸਨ ਦੀ ਪਾਲਣਾ ਕਰਨ ਵਾਲਾ ਖਿਡਾਰੀ ਸੀ।

ਹਾਕੀ ਦੀ ਖੇਡ ਵਿੱਚ ਜਿੰਨਾ ਮਾਣ ਸਨਮਾਨ ਪਰਗਟ ਸਿੰਘ ਨੂੰ ਮਿਲਿਆ ਸ਼ਾਇਦ ਹੀ ਕਿਸੇ ਹੋਰ ਖਿਡਾਰੀ ਨੂੰ ਮਿਲਿਆ ਹੋਵੇ। ਹਾਕੀ ਦਾ ਉਹ ਅਰਜਨ ਐਵਾਰਡੀ ਹੈ ਤੇ ਪਦਮ ਸ੍ਰੀ ਵੀ ਹੈ। ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਵੀ ਮਿਲੇ। ਜੇਕਰ ਉਹਦੇ ਸਾਰੇ ਮਾਨ ਸਨਮਾਨਾਂ ਦਾ ਵੇਰਵਾ ਦੇਣਾ ਹੋਵੇ ਤਾਂ ਵਰਕੇ ਭਰ ਜਾਣਗੇ। ਹੈਰਾਨੀ ਦੀ ਗੱਲ ਹੈ ਕਿ ਪਰਗਟ ਸਿੰਘ ਦੀ ਆਪਣੀ ਖੇਡ ਬਹੁਤ ਬੁਲੰਦ ਹੋਣ ਦੇ ਬਾਵਜੂਦ ਉਹਦੀਆਂ ਟੀਮਾਂ ਓਲੰਪਿਕ ਖੇਡਾਂ ’ਚ ਵੱਡੀਆਂ ਜਿੱਤਾਂ ਹਾਸਲ ਨਹੀਂ ਕਰ ਸਕੀਆਂ। ਉਹ ਤਿੰਨ ਓਲੰਪਿਕਸ ਖੇਡਿਆ, ਪਰ ਉਹਦੀ ਟੀਮ ਦੇ ਹੱਥ ਕੋਈ ਓਲੰਪਿਕ ਮੈਡਲ ਨਹੀਂ ਆਇਆ। ਕਿਤੇ ਉਹ ਬਲਬੀਰ ਸਿੰਘ ਹੋਰਾਂ ਦੇ ਦੌਰ ’ਚ ਖੇਡਦਾ ਤਾਂ ਉਹ ਵੀ ਓਲੰਪਿਕ ਖੇਡਾਂ ਦੀ ਗੋਲਡਨ ਹੈਟ੍ਰਿਕ ਮਾਰਦਾ।

ਭਾਰਤੀ ਹਾਕੀ ਦੇ ਇਤਿਹਾਸ ਵਿੱਚ ਉਹਦਾ ਨਾਂ ਇਸ ਕਰਕੇ ਯਾਦ ਰੱਖਿਆ ਜਾਵੇਗਾ ਕਿ ਉਸ ਨੇ ਅਜਿਹੇ ਦੌਰ ’ਚ ਭਾਰਤੀ ਹਾਕੀ ਟੀਮਾਂ ਦੀ ਅਗਵਾਈ ਕੀਤੀ ਜਦੋਂ ਆਲਮੀ ਹਾਕੀ ’ਚ ਬੜੇ ਬਦਲਾਅ ਆ ਰਹੇ ਸਨ। ਹਾਕੀ ਕੁਦਰਤੀ ਘਾਹ ਵਾਲੇ ਮੈਦਾਨਾਂ ਤੋਂ ਮਸਨੂਈ ਘਾਹ ਦੇ ਆਸਟ੍ਰੋਟਰਫ ’ਤੇ ਖੇਡਣੀ ਸ਼ੁਰੂ ਹੋ ਗਈ ਸੀ। ਯੂਰੋਪੀਅਨ ਖਿਡਾਰੀਆਂ ਦੀ ਤੇਜ਼ ਰਫ਼ਤਾਰੀ ਤੇ ਜ਼ੋਰਦਾਰ ਹਿੱਟਕਾਰੀ ਦੀਆਂ ਤਕਨੀਕਾਂ ਹਿੰਦ-ਪਾਕਿ ਦੀ ਡ੍ਰਿਬਲਿੰਗ ਤੇ ਪਾਸਿੰਗ ’ਤੇ ਭਾਰੂ ਪੈ ਰਹੀਆਂ ਸਨ। ਭਾਰਤ ਨੇ 1928 ਤੋਂ 1980 ਦੀਆਂ ਓਲੰਪਿਕ ਖੇਡਾਂ ਤੱਕ 8 ਗੋਲਡ, 1 ਚਾਂਦੀ ਤੇ 2 ਕਾਂਸੀ ਦੇ ਮੈਡਲ ਜਿੱਤੇ ਸਨ, ਪਰ ਆਸਟ੍ਰੋਟਰਫ ’ਤੇ ਖੇਡਣ ਅਤੇ ਖੇਡ ਦੇ ਨਵੇਂ ਨਿਯਮ ਭਾਰਤੀ ਖਿਡਾਰੀਆਂ ਦੇ ਪੈਰ ਨਹੀਂ ਸਨ ਲੱਗਣ ਦੇ ਰਹੇ। ਫਿਰ ਵੀ 1980ਵਿਆਂ ਤੇ 1990ਵਿਆਂ ’ਚ ਹਾਕੀ ਦਾ ਸ਼ਾਇਦ ਹੀ ਕੋਈ ਵੱਡਾ ਟੂਰਨਾਮੈਂਟ ਹੋਵੇ ਜੋ ਪਰਗਟ ਸਿੰਘ ਨੇ ਜਿਗਰੇ ਨਾਲ ਨਾ ਖੇਡਿਆ ਹੋਵੇ। ਉਹ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਵੀ ਲੜਿਆ ਜੋ ਸੌੜੀ ਸਿਆਸਤ ਕਰਕੇ ਜਿੱਤ ਨਾ ਸਕਿਆ।

ਪਰਗਟ ਸਿੰਘ ਹਾਕੀ ਤੋਂ ਬਾਹਰੀ ਸਰਗਰਮੀਆਂ ਵਿੱਚ ਵੀ ਸ਼ਰੀਕ ਹੁੰਦਾ ਰਿਹਾ। ਉਸ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ ’ਚੋਂ 168 ਮੈਚਾਂ ਵਿੱਚ ਭਾਰਤੀ ਟੀਮਾਂ ਦਾ ਕਪਤਾਨ ਬਣਿਆ। ਉਸ ਨੇ ਚੈਂਪੀਅਨਜ਼ ਹਾਕੀ ਟਰਾਫੀ ਤੋਂ ਲੈ ਕੇ ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਸਭਨਾਂ ’ਚ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਬਣਿਆ ਤੇ ਇੰਟਰ-ਕਾਂਟੀਨੈਂਟਲ ਕੱਪ ਵੀ ਖੇਡਿਆ। ਭਾਰਤ ਦਾ ਉਹ ਇੱਕੋ-ਇੱਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਰਿਹਾ।

ਸਾਲ 2005 ’ਚ ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਬਣਿਆ। ਉਸ ਨੇ ਖੇਡ ਵਿਭਾਗ ’ਚ ਅਹਿਮ ਤਬਦੀਲੀਆਂ ਲਿਆਂਦੀਆਂ ਜਿਸ ਨਾਲ ਖੇਡਾਂ ਦਾ ਦਾਇਰਾ ਵਿਸ਼ਾਲ ਹੋਇਆ ਤੇ ਖੇਡਾਂ ਦਾ ਮਿਆਰ ਵੀ ਉੱਚਾ ਹੋਇਆ। ਉਸ ਨੇ ਵਿਸ਼ਵ ਪੱਧਰੀ ਹਾਕੀ ਮੈਚ ਪੰਜਾਬ ’ਚ ਕਰਾਏ। ਪਹਿਲਾਂ ਉਹ ਪੰਜਾਬ ਪੁਲੀਸ ਵਿੱਚ ਐੱਸ.ਪੀ. ਸੀ। ਅਪਰੈਲ 2010 ’ਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਪੰਜਾਬ ’ਚ ਹੋਇਆ ਤਾਂ ਉਸ ਨੇ ਮੇਰਾ ਸਾਥ ਮੰਗਿਆ। ਕਬੱਡੀ ਮੈਚਾਂ ਦੀ ਕੁਮੈਂਟਰੀ ਕਰਦਾ ਹੋਣ ਕਾਰਨ ਉਦੋਂ ਦੇਸ਼ ਵਿਦੇਸ਼ ਦੇ ਕਬੱਡੀ ਪ੍ਰਮੋਟਰਾਂ ਨਾਲ ਮੇਰੇ ਲਿੰਕ ਸਨ। ਵਿਸ਼ਵ ਕਬੱਡੀ ਕੱਪ ਦੀ ਖ਼ਾਸ ਖਿੱਚ ਪਾਕਿਸਤਾਨ ਦੀ ਟੀਮ ਸੱਦਣਾ ਸੀ। ਮੇਰੇ ਸਾਥੀ ਸੰਤੋਖ ਮੰਡੇਰ ਦਾ ਪਾਕਿਸਤਾਨ ਦੀ ਕਬੱਡੀ ਫੈਡਰੇਸ਼ਨ ਨਾਲ ਚੰਗਾ ਤਾਲ-ਮੇਲ ਸੀ। ਉਹ ਪਾਕਿਸਤਾਨ ਦੀ ਕਬੱਡੀ ਟੀਮ ਲਿਆਉਣ ’ਚ ਸਫਲ ਹੋ ਗਿਆ। ਕਬੱਡੀ ਕੱਪ ਦਾ ਡਾਇਰੈਕਟਰ ਕਬੱਡੀ ਦਾ ਸਾਬਕਾ ਕੋਚ ਤੇ ਜ਼ਿਲ੍ਹਾ ਖੇਡ ਅਫ਼ਸਰ ਦੇਵੀ ਦਿਆਲ ਬਣਾਇਆ ਗਿਆ। ਮੈਨੂੰ ਕੁਮੈਂਟਰੀ ਟੀਮ ਦੇ ਕੋਆਰਡੀਨੇਟਰ ਦੀ ਜ਼ਿਮਮੇਵਾਰੀ ਸੌਂਪੀ ਗਈ।

ਉਦੋਂ ਮੈਨੂੰ ਦੋ ਹਫ਼ਤੇ ਪਰਗਟ ਸਿੰਘ ਨਾਲ ਨੇੜਿਓਂ ਵਿਚਰਨ ਦਾ ਮੌਕਾ ਮਿਲਿਆ। ਮੈਂ ਮਹਿਸੂਸ ਕੀਤਾ ਕਿ ਉਹਦੇ ’ਚ ਕੰਮ ਕਰਨ ਦੀ ਅਥਾਹ ਸ਼ਕਤੀ ਹੈ ਤੇ ਉਸ ਨੂੰ ਹੋਰਨਾਂ ਤੋਂ ਵੀ ਕੰਮ ਲੈਣਾ ਆਉਂਦੈ। ਕਬੱਡੀ ਵਿਸ਼ਵ ਕੱਪ ਦੀ ਕਾਮਯਾਬੀ ਪਿੱਛੇ ਪਰਗਟ ਸਿੰਘ ਦੀ ਪ੍ਰਤਿਭਾ, ਉਤਸ਼ਾਹ, ਦੂਰਦ੍ਰਿਸ਼ਟੀ ਤੇ ਕੁਝ ਕਰ ਵਿਖਾਉਣ ਦਾ ਜਜ਼ਬਾ ਸੀ। ਮੱਖਣ ਸਿੰਘ ਹਕੀਮਪੁਰੀਆਂ ਤੇ ਦਰਸ਼ਨ ਬੜੀ ਵਰਗੇ ਕਬੱਡੀ ਦੇ ਕੁਮੈਂਟੇਟਰ ਸਭ ਚੜ੍ਹਦੇ ਤੋਂ ਚੜ੍ਹਦੇ ਸਨ। ਹਾਕੀ ਖੇਡਣ ਤੋਂ ਰਿਟਾਇਰ ਹੋ ਕੇ ਪਰਗਟ ਸਿੰਘ ਨੇ ਹਾਕੀ ਦਾ ਮੈਗਜ਼ੀਨ ਕੱਢਿਆ ਜੋ ਬਾਅਦ ਵਿੱਚ ਬੰਦ ਹੋ ਗਿਆ। ਉਹ ਅਖ਼ਬਾਰਾਂ ਦਾ ਖੇਡ ਰਿਪੋਰਟਰ ਰਿਹਾ ਤੇ ਕੁਮੈਂਟੇਟਰ ਵੀ। ਉਸ ਦੀਆਂ ਵਿਸ਼ਲੇਸ਼ਣੀ ਟਿੱਪਣੀਆਂ ’ਚ ਖੇਡ-ਮੁਹਾਰਤ ਪਰੋਈ ਹੁੰਦੀ। ਜਿਹੜੇ ਅਧਿਕਾਰੀ ਹਾਕੀ ਪ੍ਰਤੀ ਸੁਹਿਰਦ ਨਾ ਹੁੰਦੇ ਉਹ ਉਨ੍ਹਾਂ ਦੀ ਡਟ ਕੇ ਆਲੋਚਨਾ ਕਰਦਾ। ਉਹਦੇ ਸੁਭਾਅ ’ਚ ਸੱਚੀ ਗੱਲ ਮੂੰਹ ’ਤੇ ਕਹਿਣ ਦੀ ਦਲੇਰੀ ਹੈ ਭਾਵੇਂ ਉਸ ਦਾ ਨਿੱਜੀ ਨੁਕਸਾਨ ਵੀ ਕਿਉਂ ਨਾ ਹੁੰਦਾ ਹੋਵੇ। ਦਬੰਗ ਸੁਭਾਅ ਹੋਣ ਕਰਕੇ ਉਸ ਨੇ ਆਪਣੀ ਖੇਡ ਦਾ ਨੁਕਸਾਨ ਕਰਵਾਇਆ ਵੀ ਤੇ ਉਸ ਨੂੰ ਤਿੰਨ ਸਾਲ ਭਾਰਤੀ ਹਾਕੀ ਟੀਮਾਂ ਤੋਂ ਲਾਂਭੇ ਰਹਿਣਾ ਪਿਆ। ਇਹ ਉਸ ਦੀ ਖੇਡ ਕਲਾ ਦਾ ਹੀ ਕਮਾਲ ਸੀ ਕਿ ਹਾਕੀ ਅਧਿਕਾਰੀਆਂ ਨੂੰ ਮੁੜ ਕੇ ਉਸ ਨੂੰ ਟੀਮ ਵਿੱਚ ਪਾਉਣਾ ਪਿਆ।

ਬਤੌਰ ਸਪੋਰਟਸ ਡਾਇਰੈਕਟਰ ਖੇਡਾਂ ਦੀ ਚੰਗੀ ਭਲੀ ਸੇਵਾ ਕਰਦੇ ਨੂੰ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਉਹਦੇ ਆਕਾਵਾਂ ਨੇ ਅਸਤੀਫ਼ਾ ਦੁਆ ਕੇ ਚੋਣ ਸਿਆਸਤ ’ਚ ਲੈ ਆਂਦਾ। ਉਨ੍ਹਾਂ ਦਾ ਮਕਸਦ ਵਿਰੋਧੀ ਪਾਰਟੀ ਤੋਂ ਜਲੰਧਰ ਛਾਉਣੀ ਦੀ ਸੀਟ ਖੋਹਣ ਦਾ ਸੀ। ਪਰਗਟ ਸਿੰਘ ਨੇ ਸੀਟ ਜਿੱਤ ਦਿੱਤੀ। ਜਿਨ੍ਹਾਂ ਨੇ ਉਸ ਤੋਂ ਖੇਡਾਂ ਦੀ ਹੋਰ ਸੇਵਾ ਲੈਣੀ ਸੀ ਉਨ੍ਹਾਂ ਨੇ ਐਡੇ ਮਹਾਨ ਖਿਡਾਰੀ ਤੋਂ ਲੋਕ ਸੰਪਰਕ ਦਾ ਕੰਮ ਹੀ ਲਿਆ। ਤੋੜ ਵਿਛੋੜਾ ਤਾਂ ਫੇਰ ਪੈਣਾ ਈ ਸੀ। ਪਰਗਟ ਸਿੰਘ ਹੁਣ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਿਆ ਹੈ।

ਪਹਿਲਾਂ ਪਹਿਲ ਓਲੰਪਿਕ ਪੱਧਰ ਦੀ ਹਾਕੀ ਨਾਲ ਧਿਆਨ ਚੰਦ ਦਾ ਨਾਂ ਜੁੜਿਆ ਸੀ। ਫਿਰ ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਸੁਰਜੀਤ ਸਿੰਘ ਹੋਰਾਂ ਦੇ ਨਾਂ ਜੁੜਦੇ ਗਏ। ਵੀਹਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਪਰਗਟ-ਪਰਗਟ ਹੁੰਦੀ ਰਹੀ। ਹਾਕੀ ਤੇ ਪਰਗਟ ਐਸੇ ਜੁੜਵੇਂ ਨਾਂ ਬਣ ਗਏ ਜਿਵੇਂ ਮੁੱਕੇਬਾਜ਼ੀ ਤੇ ਮੁਹੰਮਦ ਅਲੀ ਜਾਂ ਫੁੱਟਬਾਲ ਤੇ ਜਰਨੈਲ। ਹਾਕੀ ਹੀਰ ਹੈ ਤੇ ਪਰਗਟ ਉਸ ਦਾ ਰਾਂਝਾ। ਰਾਂਝੇ ਨੇ ਬਾਰਾਂ ਵਰ੍ਹੇ ਮੱਝਾਂ ਚਾਰੀਆਂ, ਪਰਗਟ ਨੇ ਵੀਹ ਵਰ੍ਹੇ ਹਾਕੀ ਖੇਡੀ। ਹਾਕੀ ਖੇਡ-ਖੇਡ ਉਸ ਨੇ ਸੈਂਕੜੇ ਗੇਂਦਾਂ ਤੇ ਦਰਜਨਾਂ ਹਾਕੀਆਂ ਹੰਢਾਈਆਂ ਅਤੇ ਅਨੇਕ ਖੇਡ ਮੈਦਾਨ ਆਪਣੀਆਂ ਪੈੜਾਂ ਨਾਲ ਘਸਾਏ। ਕੁਮੈਂਟਰੀ ਕਰਨ ਵਾਲਿਆਂ ਨੇ ਪਰਗਟ ਸਿੰਘ ਦਾ ਨਾਂ ਹਜ਼ਾਰਾਂ ਵਾਰ ਹਵਾ ਦੀਆਂ ਤਰੰਗਾਂ ਵਿੱਚ ਗੁੰਜਾਇਆ।

ਪਰਗਟ ਸਿੰਘ ਦੀ ਬਾਲ ਟੈਕਲਿੰਗ, ਡਰਿਬਲਿੰਗ, ਗੋਲ ਦਾਗਣ, ਗੱਲ ਕੀ ਸੰਪੂਰਨ ਹਾਕੀ ਸ਼ੈਲੀ ਦਾ ਕੋਈ ਜੋੜ ਨਹੀਂ ਸੀ। ਉਹ ਫੁੱਲ ਬੈਕ ਖੇਡਦਾ ਹੋਇਆ ਵੀ ਆਪਣੀ ਗੋਲ ਲਾਈਨ ਤੋਂ ਗੇਂਦ ਲੈ ਕੇ ਸੱਤ-ਅੱਠ ਖਿਡਾਰੀਆਂ ਨੂੰ ਝਕਾਨੀ ਦਿੰਦਾ ਵਿਰੋਧੀ ਧਿਰ ਸਿਰ ਗੋਲ ਕਰ ਦਿੰਦਾ ਸੀ। ਉਸ ਦੀ ਅਜਿਹੀ ਤਕਨੀਕ ਦਰਸ਼ਕਾਂ ਨੂੰ ਚਕਾਚੌਂਧ ਕਰਦੀ ਰਹੀ ਤੇ ਅਸ਼-ਅਸ਼ ਕਰਵਾਉਂਦੀ ਰਹੀ। ਖੇਡ ਮਾਹਿਰਾਂ ਨੇ ਉਸ ਨੂੰ ਸਰਬ ਕਲਾ ਸੰਪੂਰਨ ਹਾਕੀ ਖਿਡਾਰੀ ਦੀ ਉਪਾਧੀ ਦਿੱਤੀ। ਚੰਡੀਗੜ੍ਹ ਤੇ ਦਿੱਲੀ ਦੇ ਖੇਡ ਪੱਤਰਕਾਰਾਂ ਨੇ ਉਸ ਨੂੰ ਦੇਸ਼ ਦਾ ਸਰਵੋਤਮ ਖਿਡਾਰੀ ਐਲਾਨਿਆ।

ਪਰਗਟ ਸਿੰਘ ਮਿੱਠਾਪੁਰ ਦਾ ਜੰਮਪਲ ਹੈ ਜਿੱਥੇ ਜੰਮਦੇ ਬੱਚਿਆਂ ਨੂੰ ਹਾਕੀ ਖੇਡਣ ਦੀ ਗੁੜ੍ਹਤੀ ਮਿਲਦੀ ਹੈ। ਹਾਕੀ ਦੇ ਘਰ ਸੰਸਾਰਪੁਰ ਦੇ ਨੇੜੇ ਹੀ ਹੈ ਪਿੰਡ ਮਿੱਠਾਪੁਰ। ਉਸ ਪਿੰਡ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ’ਚ 5 ਮਾਰਚ 1965 ਨੂੰ ਉਸ ਦਾ ਜਨਮ ਹੋਇਆ। ਪਰਗਟ ਨੇ ਬਚਪਨ ’ਚ ਹੀ ਹਾਕੀ ਫੜ ਲਈ ਤੇ ਲੱਗਾ ਟੱਲੇ ਲਾਉਣ। ਮਿੱਠਾਪੁਰ ਦੇ ਸਕੂਲ ਵਿੱਚ ਹਾਕੀ ਖੇਡਣ ਦਾ ਮਾਹੌਲ ਸੀ ਜਿਸ ਕਰਕੇ ਪਰਗਟ ਸਿੰਘ ਸਕੂਲ ਵੱਲੋਂ ਹਾਕੀ ਖੇਡਣ ਲੱਗ ਪਿਆ। ਮਿੱਠਾਪੁਰੋਂ ਪੜ੍ਹ ਕੇ ਜਲੰਧਰ ਪੜ੍ਹਨ ਲੱਗਾ। ਜਲੰਧਰ ਹਾਕੀ ਦੀ ਰਾਜਧਾਨੀ ਹੈ ਜਿੱਥੇ ਖੇਡਾਂ ਦਾ ਸਾਮਾਨ ਹੀ ਨਹੀਂ ਬਣਦਾ, ਖੇਡਾਂ ਦੇ ਖਿਡਾਰੀ ਵੀ ਚੰਡੇ ਤਰਾਸ਼ੇ ਜਾਂਦੇ ਹਨ। ਸਕੂਲਾਂ ਕਾਲਜਾਂ ਤੋਂ ਬਿਨਾਂ ਕਈ ਕੌਮੀ ਅਦਾਰਿਆਂ ਦੀਆਂ ਹਾਕੀ ਟੀਮਾਂ ਦਾ ਜਲੰਧਰ ਹੈੱਡਕੁਆਟਰ ਹੈ। ਉੱਥੇ ਹਰੇਕ ਮੋੜ ’ਤੇ ਹਾਕੀ ਓਲੰਪੀਅਨ ਮਿਲਦੇ ਹਨ। ਪਰਗਟ ਸਿੰਘ ਲਾਇਲਪੁਰ ਖਾਲਸਾ ਕਾਲਜ ਵਿੱਚ ਪੜ੍ਹਨ ਲੱਗਾ ਤੇ ਅਠਾਰਾਂ ਸਾਲ ਦੀ ਉਮਰੇ ਭਾਰਤ ਵੱਲੋਂ ਕੈਨੇਡਾ ਦਾ ਜੂਨੀਅਰ ਵਰਲਡ ਕੱਪ ਖੇਡਿਆ।

ਪਰਗਟ ਸਿੰਘ ਦਾ ਕੱਦ-ਕਾਠ ਬਹੁਤਾ ਉੱਚਾ ਲੰਮਾ ਨਹੀਂ ਤੇ ਨਾ ਹੀ ਹਾਕੀ ਦੀ ਖੇਡ ਲਈ ਵੱਡੇ ਕੱਦ-ਕਾਠ ਦੀ ਲੋੜ ਹੈ। ਧਿਆਨ ਚੰਦ, ਊਧਮ ਸਿੰਘ ਤੇ ਧੰਨਰਾਜ ਪਿੱਲੇ ਵਰਗੇ ਸਭ ਸਮੱਧਰ ਕੱਦਾਂ ਵਾਲੇ ਖਿਡਾਰੀ ਸਨ। ਪਰਗਟ ਸਿੰਘ ਪੰਜ ਫੁੱਟ ਅੱਠ ਨੌਂ ਇੰਚ ਉੱਚਾ ਤੇ ਸੱਤਰ ਬਹੱਤਰ ਕਿਲੋ ਭਾਰਾ ਹੈ। ਨੈਣ-ਨਕਸ਼ ਤਿੱਖੇ ਤੇ ਰੰਗ ਰਤਾ ਸਾਂਵਲਾ ਹੈ। ਉਸ ਨੂੰ ਖੇਡਣ ਨਾਲ ਗਾਉਣ ਦਾ ਵੀ ਸ਼ੌਕ ਸੀ। ਜੇ ਉਹ ਹਾਕੀ ਨੂੰ ਆਪਣੀ ਪੇਸ਼ਾਵਰ ਖੇਡ ਨਾ ਬਣਾਉਂਦਾ ਤਾਂ ਸੰਭਵ ਸੀ ਉਹ ਦੂਜਾ ਮਲਕੀਤ ਸਿੰਘ ਗੋਲਡਨ ਸਟਾਰ ਹੁੰਦਾ।

ਸਾਲ 1985 ’ਚ ਉਹ ਭਾਰਤੀ ਹਾਕੀ ਟੀਮ ਵੱਲੋਂ ਚੈਂਪੀਅਨਜ਼ ਟਰਾਫੀ ਖੇਡਿਆ। 1986 ਦੀਆਂ ਏਸ਼ਿਆਈ ਖੇਡਾਂ ’ਚ ਫਿਰ ਭਾਰਤੀ ਹਾਕੀ ਟੀਮ ਵੱਲੋਂ ਖੇਡਿਆ। ਸਿਓਲ-1988 ਦੀਆਂ ਓਲੰਪਿਕ ਖੇਡਾਂ ’ਚ ਵੀ ਉਹ ਭਾਰਤੀ ਟੀਮ ਦਾ ਮੈਂਬਰ ਸੀ। 1992 ਦੀਆਂ ਓਲੰਪਿਕ ਖੇਡਾਂ ਵਿੱਚ ਉਸ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ 1986 ਤੇ 1990 ਦੇ ਹਾਕੀ ਵਿਸ਼ਵ ਕੱਪ ਵੀ ਖੇਡਿਆ। 1990 ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। 1996 ਦੀਆਂ ਓਲੰਪਿਕ ਖੇਡਾਂ ਐਟਲਾਂਟਾ ’ਚ ਹੋਈਆਂ ਤਾਂ ਪਰਗਟ ਸਿੰਘ ਨੂੰ ਦੂਜੀ ਵਾਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿੱਚ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ। ਉਹ ਚੈਂਪੀਅਨਜ਼ ਟਰਾਫੀ ਦੇ ਚਾਰ ਟੂਰਨਾਮੈਂਟ ਖੇਡਿਆ।

ਪਹਿਲਾਂ ਉਹ ਰੇਲ ਕੋਚ ਫੈਕਟਰੀ ’ਚ ਭਰਤੀ ਹੋਇਆ ਸੀ, ਫਿਰ ਪੰਜਾਬ ਅਲਕਲੀਜ਼ ਦੀ ਟੀਮ ਵਿੱਚ ਆ ਗਿਆ। ਫਿਰ ਉਸ ਨੂੰ ਪੰਜਾਬ ਪੁਲੀਸ ਨੇ ਸਿੱਧਾ ਡੀ.ਐੱਸ.ਪੀ. ਭਰਤੀ ਕਰ ਲਿਆ। ਫਿਰ ਸਪੋਰਟਸ ਡਾਇਰੈਕਟਰ ਬਣ ਕੇ ਸਕੂਲਾਂ-ਕਾਲਜਾਂ ਦੇ ਖੇਡ ਵਿੰਗਾਂ ਨੂੰ ਮੁੜ ਸਰਗਰਮ ਕੀਤਾ। ਖੇਡ ਸਾਮਾਨ ਪਿੰਡਾਂ ’ਚ ਪਹੁੰਚਾਇਆ ਤੇ ਕੋਚ ਤਾਇਨਾਤ ਕੀਤੇ।

ਉਸ ਦਾ ਵਿਆਹ ਸਾਬਕਾ ਸਪੀਕਰ ਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਦਰਬਾਰਾ ਸਿੰਘ ਦੀ ਧੀ ਬਰਿੰਦਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਹਰਤਾਸ਼ ਤੇ ਹਰਨੂਰ ਹਨ। ਉਹ ਉਸ ਸਮੇਂ ਦੀ ਉਡੀਕ ਵਿੱਚ ਹੈ ਜਦੋਂ ਭਾਰਤੀ ਹਾਕੀ ਟੀਮਾਂ ਮੁੜ ਓਲੰਪਿਕ ਖੇਡਾਂ ਤੇ ਵਿਸ਼ਵ ਕੱਪ ਦੇ ਜਿੱਤ-ਮੰਚਾਂ ਉਤੇ ਚੜ੍ਹਨ। ਬੇਸ਼ੱਕ ਉਹ ਤਿੰਨ ਵਾਰ ਐੱਮਐੱਲਏ ਬਣਿਆ, ਪਰ ਬੁਨਿਆਦੀ ਤੌਰ ’ਤੇ ਖਿਡਾਰੀ ਹੀ ਹੈ। ਨਾ ਉਸ ਨੂੰ ਲਾਰੇ ਲਾਉਣੇ ਆਏ, ਨਾ ਠੱਗੀ ਠੋਰੀ ਕਰਨੀ ਆਈ ਤੇ ਨਾ ਖੁਸ਼ਾਮਦ ਕਰਨੀ। ਅਜਿਹੇ ਬੰਦੇ ਦਾ ਅਜੋਕੇ ਰਾਜ ਭਾਗ ਵਿੱਚ ਕੀ ਬਣਨਾ ਸੀ? ਸਰਕਾਰਾਂ ਨੇ ਉਹਤੋਂ ਖੇਡਾਂ ਦਾ ਕੋਈ ਕੰਮ ਨਾ ਲਿਆ ਜਿਸ ਵਿੱਚ ਉਹ ਮਾਹਿਰ ਸੀ। ਨਾ ਉਹਦੇ ਹਲਕੇ ਦਾ ਕੁਝ ਸੰਵਾਰਿਆ ਗਿਆ ਹਾਲਾਂਕਿ ਸੰਵਾਰਨ ਵਾਲਾ ਬਹੁਤ ਕੁਝ ਹੈ। ਦੋਸਤ ਮਿੱਤਰ ਤੇ ਖਿਡਾਰੀ ਮਿਹਣੇ ਮਾਰਨ ਲੱਗੇ, ਭਾਅ ਜੀ ਕਿੱਥੇ ਫਸ ਗਏ? ਸ਼ੁਕਰ ਹੈ ਪ੍ਰਧਾਨ ਬਣ ਕੇ ਉਹ ਫਿਰ ਚੜ੍ਹਦੀ ਕਲਾ ’ਚ ਹੋਇਆ ਲੱਗਦੈ। ਦੁਆ ਹੈ, ਪਰਗਟ, ਪਰਗਟ ਹੀ ਰਹੇ।

ਇਸ ਅੰਕ ਦੀਆਂ ਹੋਰ ਖ਼ਬਰਾਂ

ਕੀ ਸੈਰ ਕਰਨ ਨਾਲ ਕੰਟਰੋਲ ਰਹਿੰਦੀ ਹੈ ਬਲੱਡ ਸ਼ੂਗਰ?ਪੜ੍ਹੋ →
ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਨੂੰ ਘਰ ਚ ਕੀਤਾ ਨਜ਼ਰਬੰਦਪੜ੍ਹੋ →
ਪਹਿਲੀ ਸੂਚੀ ਵਿੱਚ ਅੰਮ੍ਰਿਤਸਰ ਤੋਂ 'ਆਪ' ਦੇ 2 ਵਿਧਾਇਕਾਂ ਨੂੰ ਟਿਕਟ, ਧਾਲੀਵਾਲ ਬੋਲੇ- 25,000 ਵੋਟਾਂ ਦੇ ਫਰਕ ਨਾਲ ਜਿੱਤਣਗੇ, ਨਿੱਜਰ ਨੇ ਪਾਇਆ ਭੰਗੜਾਪੜ੍ਹੋ →
ਪੰਜਾਬ ‘ਚ ਪਟਾਕੇ ਚਲਾਉਣ ਦਾ ਸਮਾਂ ਹੋਇਆ ਨਿਰਧਾਰਿਤਪੜ੍ਹੋ →
ਆਮ ਆਦਮੀ ਪਾਰਟੀ ਵਲੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਮੁੜ ਟਿਕਟ ਮਿਲਣ ’ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰਪੜ੍ਹੋ →
ਮਹਿਲ ਕਲਾਂ ਵਿਖੇ ਭੇਤਭਰੀ ਹਾਲਤ 'ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼ਪੜ੍ਹੋ →