📰 10/31/2026
ਮਨੋਰੰਜਨ📍 ਪੰਜਾਬ

ਪੇਟੀ ਦੀ ਬੁੱਕਲ ’ਚ ਸਾਂਭੀਆਂ ਹੋਈਆਂ ਯਾਦਾਂ

ਇਹ ਸੱਚ ਹੈ ਕਿ ਪੇਟੀ ਅੰਦਰਲੀ ਹਰ ਚੀਜ਼ ਬੀਤੇ ਵੇਲਿਆਂ ਦੀਆਂ ਰੌਣਕਾਂ ਚੇਤੇ ਕਰਵਾਉਂਦੀ ਹੈ। ਸਫ਼ਾਈ ਕਰਦਿਆਂ ਕਰਾਉਂਦਿਆਂ ਸੋਚਿਆ ਦੀਵਾਲੀ ਆ ਰਹੀ ਹੈ। ਬਰਸਾਤ ਲੰਘੀ ਹੈ ਕਿਉਂ ਨਾ ਪੇਟੀ ਵਾਲੇ ਕੱਪੜਿਆਂ ਨੂੰ ਵੀ ਧੁੱਪ ਲਵਾ ਲਈਏ।
ਪੇਟੀ ਦੀ ਬੁੱਕਲ ’ਚ ਸਾਂਭੀਆਂ ਹੋਈਆਂ ਯਾਦਾਂ

ਇਹ ਸੱਚ ਹੈ ਕਿ ਪੇਟੀ ਅੰਦਰਲੀ ਹਰ ਚੀਜ਼ ਬੀਤੇ ਵੇਲਿਆਂ ਦੀਆਂ ਰੌਣਕਾਂ ਚੇਤੇ ਕਰਵਾਉਂਦੀ ਹੈ। ਸਫ਼ਾਈ ਕਰਦਿਆਂ ਕਰਾਉਂਦਿਆਂ ਸੋਚਿਆ ਦੀਵਾਲੀ ਆ ਰਹੀ ਹੈ। ਬਰਸਾਤ ਲੰਘੀ ਹੈ ਕਿਉਂ ਨਾ ਪੇਟੀ ਵਾਲੇ ਕੱਪੜਿਆਂ ਨੂੰ ਵੀ ਧੁੱਪ ਲਵਾ ਲਈਏ।

ਉਦੋਂ ਜਿਵੇਂ ਆਮ ਕਰਕੇ ਮਾਵਾਂ ਆਖਦੀਆਂ ਹੁੰਦੀਆਂ ਸਨ, ‘ਕੁੜੀਆਂ ਨੂੰ ਪੜ੍ਹਾਈ ਦੇ ਨਾਲ ਹਰ ਕੰਮ ਆਉਣਾ ਜ਼ਰੂਰੀ ਹੈ।’ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਹੁੰਦਾ ਸੀ ਕਿ ਸਹੁਰੇ ਘਰ ਵਸਣਾ ਹੀ ਇਨ੍ਹਾਂ ਹੱਥੀਂ ਬਣਾਈਆਂ ਚੀਜ਼ਾਂ ਦੇ ਸਿਰ ’ਤੇ ਹੈ, ਪਰ ਸ਼ਾਇਦ ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ। ਵਸਾਉਣਾ ਤਾਂ ਸਲੀਕੇ ਨੇ ਹੁੰਦਾ ਹੈ। ਜੇ ਦੋਵੇਂ ਪਾਸੇ ਸਲੀਕਾ ਹੋਵੇ ਅਤੇ ਰਿਸ਼ਤਿਆਂ ਦੀ ਮਰਿਆਦਾ ਦਾ ਪਤਾ ਹੋਵੇ। ਕਿਸੇ ਸਮੇਂ ਪਿੱਛੇ ਹਟਣ ਦੀ ਹਿੰਮਤ ਹੋਵੇ, ਕਿਸੇ ਸਮੇਂ ਪਰਿਵਾਰ ਦੇ ਅੱਗੇ ਹੋ ਕੇ ਖੜ੍ਹਨ ਦੀ ਜੁਰੱਅਤ ਵੀ ਹੋਵੇ। ਆਪਣੇ ਆਪ ’ਤੇ ਐਨਾ ਕੁ ਕਾਬੂ ਰੱਖਣਾ ਆਉਂਦਾ ਹੋਵੇ ਕਿ ਮੁਆਫ਼ੀ ਮੰਗਣ ਮੰਗਾਉਣ ਵਾਲੀ ਨੌਬਤ ਹੀ ਨਾ ਆਵੇ। ਰੱਬ ਦੀ ਬਖ਼ਸ਼ੀ ਬਹੁਤ ਵੱਡੀ ਬਖ਼ਸ਼ਿਸ਼ ਜਿਹਦੇ ਸਿਰ ’ਤੇ ਅਸੀਂ ਦੁਨੀਆ ਘੁੰਮਾਉਣ ਦੇ ਮਨਸੂਬੇ ਬੰਨ੍ਹ ਲੈਂਦੇ ਹਾਂ। ਸਾਨੂੰ ਆਪਣੇ ਕੋਲ ਵੱਧ ਅਤੇ ਦੂਜਿਆਂ ਕੋਲ ਹਮੇਸ਼ਾ ਘੱਟ ਜਾਪਦੀ ਹੈ। ਇਸ ਪਿਆਰੀ ਜਿਹੀ ਅਕਲ ਨਾਮੀ ਅਦ੍ਰਿਸ਼ ਵਸਤੂ ਨੂੰ ਵਰਤ ਲਈਏ ਤਾਂ ਬਹੁਤੀਆਂ ਸਮੱਸਿਆਵਾਂ ਕੋਲ ਆ ਕੇ ਵੀ ਵਾਪਸ ਮੁੜ ਜਾਂਦੀਆਂ ਹਨ। ਭਾਵੇਂ ਅਕਲ ਦਿਸਦੀ ਨਹੀਂ, ਪਰ ਇਸ ਨੂੰ ਸਮੇਂ ਸਿਰ ਵਰਤਣ ਅਤੇ ਨਾ-ਵਰਤਣ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ।

ਖ਼ੈਰ ਵਾਪਸ ਪੇਟੀ ਵਾਲੇ ਸਾਮਾਨ ਦੀ ਗੱਲ ਕਰਦੇ ਹਾਂ। ਇਹ ਸਿਰਫ਼ ਇੱਕ ਘਰ ਦੀ ਪੇਟੀ ਦੀ ਗੱਲ ਨਹੀਂ ਪੰਜਾਬ ਦੇ ਬਹੁਤੇ ਘਰਾਂ ਦੀਆਂ ਪੇਟੀਆਂ ਦੀ ਗੱਲ ਹੈ। ਜਿਹੜੀਆਂ ਕੁੜੀਆਂ ਨੇ ਪੇਟੀਆਂ ਵਿਚਲਾ ਸਾਮਾਨ ਆਪਣੇ ਹੱਥੀਂ ਤਿਆਰ ਕੀਤਾ ਹੁੰਦੈ, ਉਨ੍ਹਾਂ ਅੰਦਰ ਰੀਝ ਵੀ ਹੁੰਦੀ ਹੈ ਕਿ ਉਨ੍ਹਾਂ ਦੇ ਸਹੁਨਰੇਪਣ ਦੀ ਥੋੜ੍ਹੀ ਬਹੁਤੀ ਤਾਰੀਫ਼ ਵੀ ਹੋਵੇ। ਤਿੰਨ-ਚਾਰ ਦਹਾਕੇ ਪਹਿਲਾਂ ਇਹ ਗੱਲਾਂ ਪਿੰਡਾਂ ਵਿੱਚ ਆਮ ਹੁੰਦੀਆਂ ਰਹੀਆਂ। ਵਿਆਹ ਕੇ ਲਿਆਂਦੀ ਨੂੰਹ ਦਾ ਦਾਜ ਵਿਖਾਇਆ ਜਾਂਦਾ। ਪੇਟੀ ਖੋਲ੍ਹਣ ਦੀ ਵੀ ਰਸਮ ਹੁੰਦੀ ਸੀ। ਸਭ ਤੋਂ ਪਹਿਲਾਂ ਪੇਟੀ ਖੁੱਲ੍ਹਾਈ ਦਾ ਸੂਟ ਨਣਦ ਨੂੰ ਦਿੱਤਾ ਜਾਂਦਾ ਸੀ। ਜੇ ਉਸ ਨੂੰ ਉਹ ਸੂਟ ਪਸੰਦ ਨਾ ਆਉਂਦਾ ਤਾਂ ਉਹ ਭਰਜਾਈ ਦੇ ਸੂਟਾਂ ਵਿੱਚ ਕੋਈ ਵੀ ਵਧੀਆ ਸੂਟ ਚੁੱਕਣ ਦਾ ਹੱਕ ਰੱਖਦੀ ਸੀ। ਵਿਆਹ ਤੋਂ ਦੂਜੇ-ਤੀਜੇ ਕੁ ਦਿਨ ਸਾਰਾ ਸਾਮਾਨ ਪੇਟੀਆਂ ਤੇ ਅਲਮਾਰੀਆਂ ਵਿੱਚੋਂ ਕੱਢ ਕੇ ਮੰਜਿਆਂ ’ਤੇ ਸਜਾ ਦਿੱਤਾ ਜਾਂਦਾ। ਰਿਸ਼ਤੇਦਾਰ ਵੀ ਵੇਖ ਲੈਂਦੇ ਅਤੇ ਪਿੰਡ ਦੀਆਂ ਕੁੜੀਆਂ ਵੀ, ਨਾਲੇ ਤਾਂ ਵਿਆਹ ਤੋਂ ਦੋ-ਤਿੰਨ ਦਿਨ ਪਹਿਲਾਂ ਇਕੱਠੇ ਕੀਤੇ ਮੰਜੇ ਬਿਸਤਰੇ ਪਛਾਣ ਕੇ ਲੈ ਜਾਂਦੀਆਂ, ਨਾਲੇ ਨਵੀਂ ਵਹੁਟੀ ਨੂੰ ਅਤੇ ਉਸ ਦਾ ਦਾਜ ਵੇਖ ਜਾਂਦੀਆਂ। ਹਰ ਚੀਜ਼ ਵੇਖਦੀਆਂ ਪੱਖੀਆਂ ਦੇ ਨਮੂਨੇ, ਝੋਲ਼ਿਆਂ ਦੇ, ਸਿਰ੍ਹਾਣਿਆਂ ਦੇ, ਦਰੀਆਂ ਚਾਦਰਾਂ ਦੇ, ਪੱਖੇ ਕੂਲਰਾਂ ਦੇ ਕਵਰ, ਕੰਧਾਂ ਉੱਤੇ ਸਜਾਈਆਂ ਜਾਣ ਵਾਲੀਆਂ ਕਢਾਈ ਕੀਤੀਆਂ ਜਾਂ ਫਿਰ ਸਿੱਪੀਆਂ ਸਿਤਾਰਿਆਂ ਨਾਲ ਸਜਾਏ ਰੁੱਖ, ਵੇਲ-ਬੂਟੇ, ਪੰਛੀਆਂ ਵਾਲੀਆਂ ਤਸਵੀਰਾਂ ਕੁਦਰਤ ਦੇ ਨੇੜੇ ਹੋਣ ਦੀ ਗਵਾਹੀ ਭਰਦੀਆਂ ਸਨ। ਇਸੇ ਤਰ੍ਹਾਂ ਦਰੀਆਂ ਦੇ ਨਮੂਨੇ ਚਿੱਟੇ ਫੁੱਲਾਂ ਵਾਲੀ ਨੂੰ ਕੱਦੂਆਂ ਦੀ ਵੇਲ, ਗੁਲਾਬੀ ਫੁੱਲਾਂ ਵਾਲੀ ਨੂੰ ਦੁਪਹਿਰ ਖਿੜੀ, ਮੋਰ, ਚਿੜੀਆਂ, ਤੋਤੇ, ਹਿਰਨ, ਸ਼ੇਰ, ਖ਼ਰਗੋਸ਼ ਆਦਿ ਹਰ ਤਰ੍ਹਾਂ ਦੇ ਨਮੂਨੇ ਬਹੁਤ ਸੋਹਣੇ ਰੰਗਾਂ ਵਿੱਚ ਮਿਲ ਜਾਂਦੇ ਸਨ। ਕਰੋਸ਼ੀਏ ਨਾਲ ਤਿਆਰ ਕੀਤਾ ਵੱਡੇ ਸ਼ੀਸ਼ੇ ਦਾ ਪਰਦਾ, ਪਰਾਤਾਂ, ਥਾਲਾਂ ਦੀਆਂ ਵੱਡੀਆਂ ਰੁਮਾਲਾਂ, ਸਵੈਟਰ, ਜੈਕੇਟ, ਕੋਟੀਆਂ ਆਦਿ। ਸਿਲਾਈਆਂ ਨਾਲ ਬੁਣੇ ਸਵੈਟਰ, ਕੋਟੀਆਂ ਆਦਿ ਤਾਂ ਮੁੰਡੇ ਦੇ ਸਾਰੇ ਪਰਿਵਾਰ ਲਈ ਵੱਖੋ-ਵੱਖਰੇ ਨਮੂਨੇ ਪਾ ਕੇ ਬਣਾਏ ਜਾਂਦੇ ਸਨ। ਨਾਪ ਵਿਚੋਲੇ ਜਾਂ ਵਿਚੋਲਣ ਨੂੰ ਪੁੱਛ ਲਿਆ ਜਾਂਦਾ। ਉਹ ਆਪਣਾ ਹਿਸਾਬ ਕਿਤਾਬ ਲਾ ਕੇ ਹੀ ਦੱਸ ਦਿਆ ਕਰਦੇ ਸਨ... ਮੁੰਡੇ ਦੇ ਭਾਈ ਦੀ ਕੱਦ-ਕਾਠੀ ਆਪਣੇ ਫਲਾਣੇ ਨਾਲ ਮਿਲਦੀ ਐ... ਮੁੰਡੇ ਦੀ ਭੈਣ ਜਮਾਂ ਫਲਾਣੀ ਕੁੜੀ ਵਰਗੀ ਐ। ਇਸੇ ਤਰ੍ਹਾਂ ਸਾਰੇ ਜੀਆਂ ਦਾ ਨਾਪ ਦੱਸ ਦਿੱਤਾ ਜਾਂਦਾ ਸੀ। ਇਹ ਸਭ ਕੁਝ ਕੁੜੀ ਦੀਆਂ ਭੈਣਾਂ, ਮਾਂ, ਭੂਆ, ਚਾਚੀਆਂ, ਤਾਈਆਂ, ਮਾਸੀਆਂ ਬਣਾ ਦਿੰਦੀਆਂ ਸਨ, ਪਰ ਉਹ ਸਾਰੇ ਨਮੂਨੇ ਵਿਆਹ ਵਾਲੀ ਕੁੜੀ ਇਸ ਲਈ ਸਿੱਖ ਲੈਂਦੀ ਸੀ ਕਿ ਜੇਕਰ ਸਹੁਰੇ ਪਿੰਡ ਦੀ ਕੁੜੀ ਕੋਈ ਨਮੂਨਾ ਲੈਣ ਆਵੇ ਤਾਂ ਉਹ ਉਸ ਨੂੰ ਵੀ ਸਿਖਾ ਸਕੇ।

ਜਦੋਂ ਕਿਸੇ ਨਵੀਂ ਨਵੇਲੀ ਦੀ ਦਰੀ ਦਾ ਨਮੂਨਾ ਲਿਆਂਦਾ ਜਾਂਦਾ ਤਾਂ ਉਸ ਦਰੀ ਨੂੰ ਪਾਰਦਰਸ਼ੀ ਮੋਮੀ ਕਾਗਜ਼ ਦੇ ਵੱਡੇ ਲਿਫ਼ਾਫ਼ੇ ਵਿੱਚ ਪਾ ਕੇ ਹੀ ਰੱਖਿਆ ਜਾਂਦਾ ਸੀ ਤਾਂ ਕਿ ਵਾਰ-ਵਾਰ ਹੱਥ ਲੱਗਣ ਨਾਲ ਦਰੀ ਮੈਲ਼ੀ ਨਾ ਹੋ ਜਾਵੇ। ਕਈ ਵਾਰ ਵਹੁਟੀ ਤਾਂ ਭਾਵੇਂ ਨਮੂਨੇ ਲਈ ਕਿਸੇ ਨੂੰ ਜਵਾਬ ਨਾ ਦਿੰਦੀ ਉਹਦੀ ਸੱਸ ਹੀ ਆਖ ਦਿੰਦੀ, ‘ਨਾ ਭਾਈ ਪੇਟੀ ਦੇ ਜਮਾਂ ਹੇਠਾਂ ਰੱਖੀਆਂ ਹੋਈਆਂ ਨੇ ਦਰੀਆਂ... ਐਨੇ ਕੱਪੜੇ ਪੇਟੀ ’ਚੋਂ ਬਾਹਰ ਕੱਢਣੇ ਧਰਨੇ ਔਖੇ ਨੇ... ਫੇਰ ਸੈੱਟ ਨ੍ਹੀਂ ਹੋਣੇ।’ ਕਈ ਸਹੁਰੇ ਪਰਿਵਾਰਾਂ ਨੂੰ ਚਾਅ ਹੁੰਦਾ ਸੀ ਕਿ ਉਨ੍ਹਾਂ ਦੀ ਨੂੰਹ ਦੇ ਸਹੁਨਰੀ ਹੋਣ ਦੀਆਂ ਗੱਲਾਂ ਹੋਣ ਅਤੇ ਪਰਿਵਾਰ ਦੀ ਸ਼ੋਭਾ ਵਧੇ। ਉਨ੍ਹਾਂ ਨੂੰ ਚਾਅ ਚੜ੍ਹਦਾ ਸੀ ਜੇ ਕੋਈ ਧੀ-ਭੈਣ ਨਮੂਨਾ ਲੈਣ ਆ ਜਾਂਦੀ। ਉਹ ਖ਼ੁਸ਼ੀ-ਖ਼ੁਸ਼ੀ ਦੇ ਦਿੰਦੇ ਸਨ।

ਕਢਾਈ ਕੀਤੀਆਂ ਜਾਂ ਕਰੋਸ਼ੀਏ ਨਾਲ ਬੁਣੀਆਂ ਵੱਡੀਆਂ ਰੁਮਾਲਾਂ ਉਸ ਵੇਲੇ ਸ਼ੋਭਾ ਵਧਾਉਂਦੀਆਂ- ਜਦੋਂ ਪਿੰਡ ਵਿੱਚ ਕੋਈ ਕਾਰਜ ਹੁੰਦਾ ਤਾਂ ਥਾਲ ਜਾਂ ਪਰਾਤ ਵਿੱਚ ਪਾ ਕੇ ਵਿਆਹ ਦੀ ਭਾਜੀ ਵੰਡਣੀ ਹੁੰਦੀ। ਜਦੋਂ ਗੁਰੂ ਘਰ ਕੋਈ ਦਿਹਾੜਾ ਮਨਾਇਆ ਜਾ ਰਿਹਾ ਹੁੰਦਾ ਤਾਂ ਵੀ ਥਾਲੀ ਜਾਂ ਪਰਾਤ ਵਿੱਚ ਸਮਰੱਥਾ ਅਨੁਸਾਰ ਅਨਾਜ ਪਾ ਕੇ ਵੱਡੀਆਂ ਰੁਮਾਲਾਂ ਨਾਲ ਹੀ ਢਕਿਆ ਹੁੰਦਾ ਸੀ। ਜਿਹੜਾ ਇਹ ਅਨਾਜ ਇਕੱਠਾ ਹੋ ਜਾਂਦਾ ਉਹ ਗ਼ਰੀਬਾਂ ਵਿੱਚ ਵੰਡ ਦਿੱਤਾ ਜਾਂਦਾ ਸੀ। ਇਹ ਰਿਵਾਜ ਵੀ ਹੁਣ ਤਕਰੀਬਨ ਖ਼ਤਮ ਈ ਹੋ ਗਏ। ਹੁਣ ਲੋਕ ਰੁਪਏ ਪੈਸਿਆਂ ਦਾ ਮੱਥਾ ਟੇਕਦੇ ਹਨ।

ਹੌਲੀ-ਹੌਲੀ ਇਹ ਵਿਖਾਲੇ ਦਾ ਰਿਵਾਜ ਘਟ ਗਿਆ। ਕੁੜੀਆਂ ਨੇ ਹੱਥੀਂ ਸਾਮਾਨ ਤਿਆਰ ਕਰਨਾ ਘਟਾ ਦਿੱਤਾ। ਉਹ ਪੜ੍ਹਾਈ ਵਾਲੇ ਪਾਸੇ ਆ ਗਈਆਂ।

ਮਾਪੇ ਵੀ ਸੋਚਣ ਲੱਗੇ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ। ਕਈ ਸਾਲਾਂ ਤੱਕ ਇਹ ਕੰਮ ਨਾਲੋ-ਨਾਲ ਚੱਲਦੇ ਰਹੇ। ਆਮ ਘਰਾਂ ਦੀਆਂ ਕੁੜੀਆਂ ਵੀ ਨੌਕਰੀਆਂ ਕਰਨ ਲੱਗੀਆਂ। ਫਿਰ ਦਿਮਾਗ਼ ਵਿੱਚ ਇਹ ਸੋਚ ਭਾਰੂ ਹੋਣੀ ਸ਼ੁਰੂ ਹੋ ਗਈ ਕਿ ਜਦੋਂ ਹਰ ਚੀਜ਼ ਮੁੱਲ ਮਿਲ ਜਾਂਦੀ ਹੈ ਫਿਰ ਐਨੀ ਮਿਹਨਤ ਕਰਨ ਦਾ ਕੀ ਫਾਇਦਾ। ਕੁੜੀਆਂ ਕੋਲ ਐਨਾ ਸਮਾਂ ਵੀ ਨਹੀਂ ਸੀ ਬਚਿਆ ਕਿ ਹੱਥ ਨਾਲ ਚੀਜ਼ਾਂ ਤਿਆਰ ਕਰ ਸਕਣ। ਬਾਜ਼ਾਰ ਨੂੰ ਵੀ ਇਹ ਗੱਲ ਸਮਝ ਆ ਗਈ ਕਿ ਐਨੀ ਛੇਤੀ ਰਿਵਾਜ ਨਹੀਂ ਮੁੱਕਦੇ ਹੁੰਦੇ। ਲੋੜ ਦੇ ਹਿਸਾਬ ਨਾਲ ਸਾਮਾਨ ਬਾਜ਼ਾਰਾਂ ਵਿੱਚ ਮਿਲਣ ਲੱਗ ਪਿਆ। ਸਿਆਣੇ ਵਪਾਰੀ ਦਾਅ ’ਤੇ ਹੁੰਦੇ ਹਨ ਕਿ ਕਿਹੜੀ ਲੋੜੀਂਦੀ ਚੀਜ਼ ਘਰਾਂ ਵਿੱਚ ਬਣਨੋਂ ਹਟ ਗਈ। ਲੋਕ ਬਾਜ਼ਾਰੋਂ ਮੁੱਲ ਖ਼ਰੀਦਣਗੇ।

ਇੱਕ ਸਮਾਂ ਇਹੋ ਜਿਹਾ ਵੀ ਆਇਆ ਸੀ ਜਦੋਂ ਸਾਡੀਆਂ ਦਾਦੀਆਂ ਤੇ ਨਾਨੀਆਂ ਨੂੰ ਲਾਲ ਖੱਦਰ ਤੇ ਕਢਾਈ ਕੀਤੇ ਬਾਗ਼, ਫੁਲਕਾਰੀਆਂ ਵਾਧੂ ਲੱਗਣ ਲੱਗ ਪਏ। ਪਿੰਡੋਂ ਸ਼ਹਿਰ ਵਸੀਆਂ ਬੀਬੀਆਂ ਨੇ ਇੱਕ ਦੋ ਵਾਰ ਨੱਕ ਚੜ੍ਹਾ ਕੇ ਆਖ ਦਿੱਤਾ, ‘ਹੁਣ ਇਨ੍ਹਾਂ ਨੂੰ ਕੌਣ ਸਿਆਣਦਾ ਐ?’ ਉਨ੍ਹਾਂ ਵਿਚਾਰੀਆਂ ਨੇ ਸੋਚਿਆ... ਚਲੋ ਇਨ੍ਹਾਂ ਦਾ ਕੁਝ ਤਾਂ ਬਣਾਈਏ... ਰਜ਼ਾਈਆਂ, ਤਲਾਈਆਂ (ਗਦੈਲੇ) ਬਣਾਉਣ ਲਈ ਵਰਤ ਲਿਆ। ਵੀਹ ਵੀਹ ਗਜ਼ ਕੱਪੜਾ ਲਾ ਕੇ ਬਣਾਏ ਘੱਗਰੇ ਜਿਨ੍ਹਾਂ ਨੂੰ ਦੇਖ ਕੇ ਲੋਕ ਗੀਤਾਂ ਦੀਆਂ ਹੇਕਾਂ ਲੱਗਦੀਆਂ ਸਨ;

ਜਦੋਂ ਇਨ੍ਹਾਂ ਬਾਗ਼, ਫੁਲਕਾਰੀਆਂ ਅਤੇ ਘੱਗਰਿਆਂ ਦਾ ਕੁਝ ਨਾ ਕੁਝ ਬਣਾ ਲਿਆ ਤਾਂ ਉੱਡਦੀਆਂ-ਉੱਡਦੀਆਂ ਗੱਲਾਂ ਸੁਣਨ ਨੂੰ ਮਿਲਣ ਲੱਗੀਆਂ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਹੱਥ ਦੀਆਂ ਬਣੀਆਂ ਚੀਜ਼ਾਂ ਬੜੀਆਂ ਮਹਿੰਗੀਆਂ ਵਿਕਦੀਆਂ ਨੇ। ਜਿਨ੍ਹਾਂ ਨੇ ਇਨ੍ਹਾਂ ਨੂੰ ਕਿਸੇ ਲੇਖੇ ਲਾ ਦਿੱਤਾ ਸੀ ਉਨ੍ਹਾਂ ਨੂੰ ਪਛਤਾਵਾ ਹੋਣ ਲੱਗਿਆ।

ਪੇਟੀ ਵਿੱਚ ਪਿੱਤਲ ਦੇ ਵੱਡੇ-ਵੱਡੇ ਭਾਂਡੇ- ਪਰਾਤ, ਦੇਗਾ, ਬਾਲਟੀ, ਪਤੀਲਾ, ਕੜਾਹੀ, ਥਾਲ ਆਦਿ ਵੀ ਆਪਣੇ ਵੱਲ ਧਿਆਨ ਖਿੱਚਦੇ ਹਨ। ਇਹ ਵੱਡੇ ਭਾਂਡੇ ਸੰਯੁਕਤ ਪਰਿਵਾਰਾਂ ਦੀ ਜ਼ਰੂਰਤ ਹੁੰਦੇ ਸਨ। ਜਦੋਂ ਪਰਿਵਾਰ ਛੋਟੇ ਹੋ ਗਏ ਤਾਂ ਇਨ੍ਹਾਂ ਦੀ ਵਰਤੋਂ ਘਟ ਗਈ ਜਾਂ ਫਿਰ ਜਦੋਂ ਕੋਈ ਸਮਾਗਮ ਹੁੰਦਾ ਉਦੋਂ ਕੱਢੇ ਜਾਂਦੇ। ਇਨ੍ਹਾਂ ਵੱਡੇ ਭਾਂਡਿਆਂ ਨਾਲ ਦੂਜੇ ਪਰਿਵਾਰਾਂ ਨਾਲ ਸਾਂਝ ਬਣੀ ਰਹਿੰਦੀ ਸੀ। ਜਿਹੜੇ ਘਰ ਨੂੰ ਵੀ ਲੋੜ ਹੁੰਦੀ ਬੜੇ ਹੱਕ ਨਾਲ ਮੰਗ ਲਿਆਉਂਦੇ ਸਨ। ਜਦੋਂ ਦਾ ਪੈਲੇਸ ਕਲਚਰ ਸ਼ੁਰੂ ਹੋਇਆ ਉਦੋਂ ਦੀ ਇਨ੍ਹਾਂ ਦੀ ਜ਼ਰੂਰਤ ਵੀ ਘਟ ਗਈ। ਇਨ੍ਹਾਂ ਦੀ ਥਾਂ ’ਤੇ ਆਧੁਨਿਕ ਭਾਂਡਿਆਂ ਜਾਂ ਮਸ਼ੀਨਾਂ ਨੇ ਲੈ ਲਈ।

ਮੁੱਕਦੀ ਗੱਲ ਤਾਂ ਇਹ ਹੈ ਕਿ ਕਿਸੇ ਸਮੇਂ ਜਿਹੜੀਆਂ ਚੀਜ਼ਾਂ ਜਾਨ ਤੋਂ ਵੱਧ ਪਿਆਰੀਆਂ ਜਾਪਦੀਆਂ ਸਨ, ਅੱਜ ਉਹ ਬੇਲੋੜੀਆਂ ਬਣ ਕੇ ਰਹਿ ਗਈਆਂ। ਹੁਣ ਇਨ੍ਹਾਂ ਨੂੰ ਕੌਣ ਪੁੱਛਦੈ ਜਾਂ ਹੁਣ ਇਨ੍ਹਾਂ ਨੂੰ ਕੌਣ ਸਿਆਣਦੈ... ਆਖ-ਆਖ ਕੇ ਇਨ੍ਹਾਂ ਨੂੰ ਅਹਿਮੀਅਤ ਦੇਣ ਵਾਲਿਆਂ ਨੂੰ ਵੀ ਹੀਣ ਭਾਵਨਾ ਦਾ ਸ਼ਿਕਾਰ ਬਣਾ ਦਿੱਤਾ ਹੈ। ਪੁਰਾਣੇ ਵੇਲੇ ਦੀਆਂ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਜਾਂ ਹੱਥੀਂ ਤਿਆਰ ਕੀਤਾ ਸਿਲਾਈ ਕਢਾਈ ਬੁਣਾਈ ਦਾ ਸਾਮਾਨ ਹੁਣ ਦਾਦੀਆਂ-ਨਾਨੀਆਂ ਦੀਆਂ ਪੇਟੀਆਂ ਵਿੱਚੋਂ ਉਦੋਂ ਹੀ ਬਾਹਰ ਆਉਂਦਾ ਹੈ ਜਦੋਂ ਕਿਸੇ ਸਟੇਜ ’ਤੇ ਵਿਖਾਇਆ ਜਾਣਾ ਹੋਵੇ ਤਾਂ ਕਿ ਇਹ ਭੁਲੇਖਾ ਪੈਂਦਾ ਰਹੇ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

ਕਹਿੰਦੇ ਨੇ ਕੁਦਰਤ ਦੀ ਬਣਾਈ ਹਰੇਕ ਚੀਜ਼ ਗੋਲ ਦਾਇਰੇ ਵਿੱਚ ਘੁੰਮਦੀ ਹੈ। ਇਸੇ ਤਰ੍ਹਾਂ ਸਮੇਂ ਦਾ ਚੱਕਰ ਚੱਲਦਾ ਹੈ। ਕੁਝ ਕੁ ਵਰ੍ਹਿਆਂ ਬਾਅਦ ਕਈ ਰਿਵਾਜ ਫਿਰ ਪਰਤ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਖ਼ਤਮ ਹੋਇਆ ਸਮਝ ਲੈਂਦੇ ਹਾਂ। ਬਾਗ਼ ਫੁਲਕਾਰੀਆਂ ਦੀ ਫਿਰ ਪੁੱਛ ਹੋਣ ਲੱਗੀ ਹੈ, ਪਰ ਹੁਣ ਇਹ ਕੰਮ ਹਰ ਘਰ ਵਿੱਚ ਨਹੀਂ ਹੁੰਦਾ ਸਗੋਂ ਬਾਜ਼ਾਰ ਦੀਆਂ ਵਸਤਾਂ ਬਣ ਕੇ ਰਹਿ ਗਿਆ ਹੈ। ਪੇਟੀਆਂ ਦਾ ਰਿਵਾਜ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ਦੇ ਘਰਾਂ ਵਿੱਚ ਹਨ, ਉਹ ਵੀ ਸੋਚਦੇ ਹਨ ਕਿ ਇਹ ਘਰਾਂ ਵਿੱਚ ਵੱਧ ਥਾਂ ਘੇਰਦੀਆਂ ਹਨ। ਹੁਣ ਕੁੜੀਆਂ ਕੋਲ ਹੱਥੀਂ ਸਾਮਾਨ ਤਿਆਰ ਕਰਨ ਦਾ ਸਮਾਂ ਨਹੀਂ, ਫਿਰ ਪੇਟੀਆਂ ਦੀ ਵੀ ਕੀ ਲੋੜ ਹੈ।

ਧੁੱਪ ਲਵਾਉਂਦਿਆਂ ਹੱਥੀਂ ਬਣਾਈਆਂ ਸਾਰੀਆਂ ਚੀਜ਼ਾਂ ਨਾਲ ਜੁੜੀਆਂ ਗੱਲਾਂ ਵੀ ਚੇਤਿਆਂ ਦੀ ਚੰਗੇਰ ਵਿੱਚੋਂ ਭੁੜਕ-ਭੁੜਕ ਅੱਖਾਂ ਸਾਹਮਣਿਉਂ ਲੰਘਦੀਆਂ ਰਹੀਆਂ। ਇਨ੍ਹਾਂ ਖ਼ਿਆਲਾਂ ਦੀਆਂ ਰੌਣਕਾਂ ਵਿੱਚ ਘੁੰਮਦੇ-ਘੁੰਮਾਉਂਦੇ ਪੇਟੀ ਦਾ ਢੱਕਣ ਬੰਦ ਕਰਨ ਤੋਂ ਬਾਅਦ ਵੀ ਮਨ ਪਿਛਲੀਆਂ ਯਾਦਾਂ ਵਿੱਚ ਉਡਾਰੀਆਂ ਭਰਦਾ ਰਿਹਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਕੀ ਸੈਰ ਕਰਨ ਨਾਲ ਕੰਟਰੋਲ ਰਹਿੰਦੀ ਹੈ ਬਲੱਡ ਸ਼ੂਗਰ?ਪੜ੍ਹੋ →
ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਨੂੰ ਘਰ ਚ ਕੀਤਾ ਨਜ਼ਰਬੰਦਪੜ੍ਹੋ →
ਪਹਿਲੀ ਸੂਚੀ ਵਿੱਚ ਅੰਮ੍ਰਿਤਸਰ ਤੋਂ 'ਆਪ' ਦੇ 2 ਵਿਧਾਇਕਾਂ ਨੂੰ ਟਿਕਟ, ਧਾਲੀਵਾਲ ਬੋਲੇ- 25,000 ਵੋਟਾਂ ਦੇ ਫਰਕ ਨਾਲ ਜਿੱਤਣਗੇ, ਨਿੱਜਰ ਨੇ ਪਾਇਆ ਭੰਗੜਾਪੜ੍ਹੋ →
ਪੰਜਾਬ ‘ਚ ਪਟਾਕੇ ਚਲਾਉਣ ਦਾ ਸਮਾਂ ਹੋਇਆ ਨਿਰਧਾਰਿਤਪੜ੍ਹੋ →
ਆਮ ਆਦਮੀ ਪਾਰਟੀ ਵਲੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਮੁੜ ਟਿਕਟ ਮਿਲਣ ’ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰਪੜ੍ਹੋ →
ਮਹਿਲ ਕਲਾਂ ਵਿਖੇ ਭੇਤਭਰੀ ਹਾਲਤ 'ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼ਪੜ੍ਹੋ →