ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 24 ਅਕਤੂਬਰ 2026
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਟੋਡੀ ਬਾਣੀ ਭਗਤਾਂ ਕੀ ੴ ਸਤਿਗੁਰ ਪ੍ਰਸਾਦਿ ॥ ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ ਜਲ ਕੀ ਮਾਛੁਲੀ ਚਰੈ ਖਜੂਰਿ ॥1॥ ਕਾਂਇ ਰੇ ਬਕਬਾਦੁ ਲਾਇਓ ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥1॥ ਰਹਾਉ ॥ ਪੰਡਿਤੁ ਹੋਇ ਕੈ ਬੇਦੁ ਬਖਾਨੈ ॥ ਮੂਰਖੁ ਨਾਮਦੇਉ ਰਾਮਹਿ ਜਾਨੈ ॥2॥1॥
ਚਰੈ—ਚੜ੍ਹਦੀ ਹੈ, ਚੜ੍ਹਨ ਦਾ ਜਤਨ ਕਰਦੀ ਹੈ। ਖਜੂਰਿ—ਖਜੂਰ ਦੇ ਰੁੱਖ ਉੱਤੇ।1। ਬਕ ਬਾਦੁ—ਵਿਅਰਥ ਝਗੜਾ, ਬਹਿਸ। ਤਿਨਹਿ—ਤਿਨਹੀ, ਉਸੇ ਨੇ ਹੀ।1। ਬਖਾਨੈ—{ } ਵਿਸਥਾਰ ਨਾਲ ਵਿਚਾਰ ਕੇ ਸੁਣਾਉਂਦਾ ਹੈ।
ਅਰਥ:- ਕੋਈ ਮਨੁੱਖ ਆਖਦਾ ਹੈ (ਪਰਮਾਤਮਾ ਅਸਾਡੇ) ਨੇੜੇ (ਵੱਸਦਾ ਹੈ), ਕੋਈ ਆਖਦਾ ਹੈ (ਪ੍ਰਭੂ ਅਸਾਥੋਂ ਕਿਤੇ) ਦੂਰ (ਥਾਂ ਤੇ ਹੈ); (ਪਰ ਨਿਰਾ ਬਹਿਸ ਨਾਲ ਨਿਰਣਾ ਕਰ ਲੈਣਾ ਇਉਂ ਹੀ ਅਸੰਭਵ ਹੈ ਜਿਵੇਂ) ਪਾਣੀ ਵਿਚ ਰਹਿਣ ਵਾਲੀ ਮੱਛੀ ਖਜੂਰ ਉੱਤੇ ਚੜ੍ਹਨ ਦਾ ਜਤਨ ਕਰੇ (ਜਿਸ ਉੱਤੇ ਮਨੁੱਖ ਭੀ ਬੜੇ ਔਖੇ ਹੋ ਕੇ ਚੜ੍ਹਦੇ ਹਨ)।1। (ਰੱਬ ਨੇੜੇ ਹੈ ਕਿ ਦੂਰ ਜਿਸ ਬਾਰੇ ਆਪਣੀ ਵਿਦਿਆ ਦਾ ਵਿਖਾਵਾ ਕਰਨ ਲਈ) ਕਿਉਂ ਵਿਅਰਥ ਬਹਿਸ ਕਰਦੇ ਹੋ? ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਹੈ ਉਸ ਨੇ (ਆਪਣੇ ਆਪ ਨੂੰ) ਲੁਕਾਇਆ ਹੈ (ਭਾਵ, ਉਹ ਇਹਨਾਂ ਬਹਿਸਾਂ ਦੀ ਰਾਹੀਂ ਆਪਣੀ ਵਿੱਦਿਆ ਦਾ ਢੰਢੋਰਾ ਨਹੀਂ ਦੇਂਦਾ ਫਿਰਦਾ)।1। ਵਿੱਦਿਆ ਹਾਸਲ ਕਰ ਕੇ (ਬ੍ਰਾਹਮਣ ਆਦਿਕ ਤਾਂ) ਵੇਦ (ਆਦਿਕ ਧਰਮ-ਪੁਸਤਕਾਂ) ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ, ਪਰ ਮੂਰਖ ਨਾਮਦੇਵ ਸਿਰਫ਼ ਪਰਮਾਤਮਾ ਨੂੰ ਹੀ ਪਛਾਣਦਾ ਹੈ (ਕੇਵਲ ਪਰਮਾਤਮਾ ਨਾਲ ਹੀ ਉਸ ਦੇ ਸਿਮਰਨ ਦੀ ਰਾਹੀਂ ਸਾਂਝ ਪਾਂਦਾ ਹੈ)।2।1। ਸ਼ਬਦ ਦਾ ਭਾਵ:- ਵਿੱਦਿਆ ਦੇ ਬਲ ਨਾਲ ਪਰਮਾਤਮਾ ਦੀ ਹਸਤੀ ਬਾਰੇ ਬਹਿਸ ਕਰਨੀ ਵਿਅਰਥ ਉੱਦਮ ਹੈ; ਉਸ ਦੀ ਭਗਤੀ ਕਰਨਾ ਹੀ ਜ਼ਿੰਦਗੀ ਦਾ ਸਹੀ ਰਾਹ ਹੈ।1।
