📰 10/24/2026
ਮਨੋਰੰਜਨ📍 ਪੰਜਾਬ

ਵਿਕਰਮਜੀਤ ਵਿਰਕ: ਨਾਇਕ ਵੀ, ਖ਼ਲਨਾਇਕ ਵੀ

ਅਦਾਕਾਰ ਵਿਕਰਮਜੀਤ ਵਿਰਕ ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਇੱਕ ਜਾਣਿਆ-ਪਛਾਣਿਆ ਅਤੇ ਮਕਬੂਲ ਚਿਹਰਾ ਹੈ। ਪੰਜਾਬੀ ਫਿਲਮ ‘ਮਿੱਟੀ ਦੇ ਪੁੱਤ’ ਵਿੱਚ ਤੁਹਾਡੇ ਕਿਰਦਾਰ ਦੀ ਖ਼ੂਬ ਚਰਚਾ ਹੋ ਰਹੀ ਹੈ।
ਵਿਕਰਮਜੀਤ ਵਿਰਕ: ਨਾਇਕ ਵੀ, ਖ਼ਲਨਾਇਕ ਵੀ

ਅਦਾਕਾਰ ਵਿਕਰਮਜੀਤ ਵਿਰਕ ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਇੱਕ ਜਾਣਿਆ-ਪਛਾਣਿਆ ਅਤੇ ਮਕਬੂਲ ਚਿਹਰਾ ਹੈ।

ਪੰਜਾਬੀ ਫਿਲਮ ‘ਮਿੱਟੀ ਦੇ ਪੁੱਤ’ ਵਿੱਚ ਤੁਹਾਡੇ ਕਿਰਦਾਰ ਦੀ ਖ਼ੂਬ ਚਰਚਾ ਹੋ ਰਹੀ ਹੈ।

ਜੀ, ਮੈਂ ਮਿੱਟੀ ਦੇ ਪੁੱਤ ’ਚ ਜੰਗ ਸਿੰਘ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਸਮਿਆਂ ਦਾ ਦਲੇਰ ਬੰਦਾ ਹੈ। ਉਹ ਆਪਣੀ ਹਰ ਗੱਲ ’ਤੇ ਅੜਦਾ ਹੈ ਅਤੇ ਹਰ ਹਿੰਡ ਪੁਗਾਉਂਦਾ ਹੈ। ਸ਼ਾਇਦ ਹੁਣ ਲੋਕ ਸਿਆਣੇ ਹੋ ਗਏ ਹਨ ਅਤੇ ਜੇ ਕੋਈ ਝਗੜਾ ਹੋ ਜਾਵੇ ਤਾਂ ਕਹਿ ਦਿੰਦੇ ਹਨ ਕਿ ਚਲੋ ਛੱਡੋ ਆਪਾਂ ਕੀ ਲੈਣਾ, ਪਰ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਪੁਰਾਣੇ ਸਮਿਆਂ ’ਚ ਲੋਕਾਂ ਨੂੰ ਅੜੀ ਹੁੰਦੀ ਸੀ। ਉਹ ਲੋਕ ਕਿਸੇ ਦੀ ਕਹੀ ਗੱਲ ਬਰਦਾਸ਼ਤ ਨਹੀਂ ਕਰਦੇ ਸਨ। ਇਹ ਫਿਲਮ ਵੀ ਪੁਰਾਣੇ ਸਮਿਆਂ ’ਚ ਪਿੰਡਾਂ ’ਚ ਹੁੰਦੀਆਂ ਲੜਾਈਆਂ ’ਤੇ ਆਧਾਰਿਤ ਹੈ। ਉਨ੍ਹਾਂ ਦਿਨਾਂ ’ਚ ਲੋਕ ਇੱਕ-ਦੂਸਰੇ ਦਾ ਪਾਣੀ ਰੋਕ ਲੈਂਦੇ ਸਨ। ਜਦੋਂ ਕਿਸੇ ਦਾ ਕਤਲ ਹੋ ਜਾਂਦਾ ਸੀ ਤਾਂ ਪੀੜਤ ਧਿਰ ਇੰਤਜ਼ਾਰ ਕਰਦੀ ਸੀ ਕਿ ਕਦੋਂ ਮੁਲਜ਼ਮ ਜੇਲ੍ਹ ’ਚੋਂ ਬਾਹਰ ਆਵੇ ਤੇ ਉਸ ਤੋਂ ਬਦਲਾ ਲਿਆ ਜਾਵੇ।

ਪੰਜਾਬੀ ਫਿਲਮ ਇੰਡਸਟਰੀ ਨਾਲ ਮੈਂ ਕਾਫ਼ੀ ਸਮਾਂ ਪਹਿਲਾਂ ਜੁੜਨਾ ਚਾਹੁੰਦਾ ਸੀ, ਪਰ ਕੋਈ ਕਿਰਦਾਰ ਨਹੀਂ ਮਿਲਿਆ। ਉਂਜ ਮੈਂ 2012 ’ਚ ਇੱਕ ਪੰਜਾਬੀ ਫਿਲਮ ਕੀਤੀ ਸੀ, ਪਰ ਗੱਲ ਨਹੀਂ ਸੀ ਬਣੀ। ਫਿਰ 2020 ’ਚ ‘ਇੱਕ ਸੰਧੂ ਹੁੰਦਾ ਸੀ’ ਫਿਲਮ ਕੀਤੀ, ਜਿਸ ਨਾਲ ਮੈਂ ਅਸਲ ’ਚ ਪੰਜਾਬੀ ਫਿਲਮਾਂ ਵਾਲੇ ਪਾਸੇ ਆਇਆ। ਹੁਣ ਮੈਂ ਫਿਲਮ ‘ਥਾਣਾ ਸਦਰ’, ‘ਮੌੜ’, ‘ਮੇਰਾ ਬਾਬਾ ਨਾਨਕ’, ‘ਨਿਡਰ’, ‘ਨਿਸ਼ਾਨਾ’ ਤੇ ‘ਮਿੱਟੀ ਦੇ ਪੁੱਤ’ ਵਿੱਚ ਕੰਮ ਕੀਤਾ ਹੈ। ਮੈਂ ਕੰਮ ਘੱਟ ਕਰਨਾ ਪਸੰਦ ਕਰਦਾ ਹਾਂ, ਪਰ ਚੰਗਾ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਹਰ ਕਿਰਦਾਰ ਮੇਰੇ ’ਤੇ ਢੁੱਕਵਾਂ ਹੋਵੇ ਤੇ ਉਸ ਦੀ ਕਹਾਣੀ ਮਜ਼ਬੂਤ ਹੋਵੇ।

ਤੁਹਾਡਾ ਪਰਿਵਾਰਕ ਪਿਛੋਕੜ ਕੀ ਹੈ? ਹਰਿਆਣਾ ’ਚ ਜ਼ਿਆਦਾਤਰ ਪੰਜਾਬੀ ਪਰਿਵਾਰ ਪਾਕਿਸਤਾਨ ਤੋਂ ਆ ਕੇ ਵਸੇ ਹਨ।

ਹਾਂ ਜੀ, ਸਾਡਾ ਪਰਿਵਾਰ ਵੀ ਪਾਕਿਸਤਾਨ ਤੋਂ ਆ ਕੇ ਵੱਸਿਆ ਹੈ। ਮੈਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਅਤੇ ਇੱਥੇ ਜ਼ਿਆਦਾਤਰ ਪੰਜਾਬੀ ਪਰਿਵਾਰ ਵੰਡ ਵੇਲੇ ਹੀ ਆ ਕੇ ਵਸੇ ਸਨ। ਪਾਕਿਸਤਾਨ ’ਚ ਸਾਡਾ ਗੁੱਜਰਾਂਵਾਲਾ ਨੇੜੇ ਛੀਨਾ ਪਿੰਡ ਹੁੰਦਾ ਸੀ। ਸਾਡੇ ਖੇਤਰ ’ਚ ਲੋਕਾਂ ਨੂੰ ਅਣਵੰਡੇ ਪੰਜਾਬ ਦੇ ਪਿੰਡਾਂ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ, ਸਾਨੂੰ ਛੀਨਿਆਂ ਦਾ ਟੱਬਰ ਕਹਿੰਦੇ ਹਨ। ਸਾਡੀ ਪਿਛਲੇ ਪਿੰਡਾਂ ਨਾਲ ਹੀ ਇੱਥੇ ਪਛਾਣ ਹੈ।

ਤੁਹਾਡਾ ਫਿਲਮਾਂ ਵਿੱਚ ਜਾਣ ਦਾ ਸਬੱਬ ਕਿਵੇਂ ਬਣਿਆ ਅਤੇ ਸਭ ਤੋਂ ਪਹਿਲਾ ਪ੍ਰਾਜੈਕਟ ਕਿਹੜਾ ਸੀ?

ਮੈਂ ਫਿਲਮਾਂ ’ਚ ਜਾਣ ਤੋਂ ਪਹਿਲਾਂ ਮਾਡਲ ਬਣਨਾ ਚਾਹੁੰਦਾ ਸੀ। ਇਸ ਦੀ ਚੇਟਕ ਮੈਨੂੰ ਟੀਵੀ ਪ੍ਰੋਗਰਾਮ ਤੋਂ ਲੱਗੀ ਸੀ। ਉਦੋਂ ਮੈਂ ਪਿੰਡ ਪੜ੍ਹਦਾ ਸੀ ਤੇ ਮੇਰਾ ਕੱਦ ਕਰੀਬ ਛੇ ਫੁੱਟ ਸੀ। ਫਿਰ ਗਿਆਰਵੀਂ-ਬਾਰ੍ਹਵੀਂ ਲਈ ਕਰਨਾਲ ਦਾਖਲਾ ਲੈ ਲਿਆ। ਉਥੇ ਮੇਰੇ ਸ਼ਹਿਰੀ ਦੋਸਤ ਮੈਨੂੰ ਮਾਡਲਿੰਗ ਵਿੱਚ ਜਾਣ ਲਈ ਹੱਲਾਸ਼ੇਰੀ ਦਿੰਦੇ ਸਨ। ਉਹ ਕਹਿੰਦੇ ਸਨ ਕਿ ਤੇਰੀ ਦਿੱਖ ਫੈਸ਼ਨ ਮਾਡਲ ਵਰਗੀ ਹੈ ਤੇ ਤੁਹਾਨੂੰ ਉਸ ਪਾਸੇ ਜਾਣਾ ਚਾਹੀਦਾ ਹੈ। ਮੈਂ ਮਾਡਲਿੰਗ ’ਚ ਜਾਣ ਲਈ ਬਾਰ੍ਹਵੀਂ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਵਿੱਚ ਦਾਖਲਾ ਲੈ ਲਿਆ ਤੇ ਗ੍ਰੈਜੂਏਸ਼ਨ ਦੇ ਨਾਲ-ਨਾਲ ਤਿੰਨ ਸਾਲ ਮਾਡਲਿੰਗ ਕੀਤੀ। ਸਾਲ 2007 ’ਚ ਮੈਂ ਮੁੰਬਈ ਚਲਾ ਗਿਆ ਤੇ ਉਥੇ ਵੀ ਮਾਡਲਿੰਗ ਕਰਦਾ ਰਿਹਾ। 2010 ਵਿੱਚ ਪਹਿਲੀ ਹਿੰਦੀ ਫਿਲਮ ‘ਖੇਲੇਂ ਹਮ ਜੀ ਜਾਨ ਸੇ’ ਕੀਤੀ ਸੀ। ਉਂਜ, ਮੈਂ 2006 ਵਿੱਚ ਥੋੜ੍ਹਾ ਸਮਾਂ ਚੰਡੀਗੜ੍ਹ ਵੀ ਰਿਹਾ, ਜਿੱਥੇ ਮੈਂ ਮਲਕੀਤ ਸਿੰਘ ਰੌਣੀ ਨਾਲ ਪੰਜਾਬੀ ਸ਼ੋਅ ‘ਸੌਦੇ ਦਿਲਾਂ ਦੇ’ ਵੀ ਕੀਤਾ ਸੀ, ਜਿਸ ’ਚ ਮੇਰਾ ਮੁੱਖ ਕਿਰਦਾਰ ਸੀ। ਮੈਂ ਗਾਇਕ ਅਮਰਿੰਦਰ ਗਿੱਲ ਦੇ ਗੀਤ ‘ਜਾਂ ਰੱਬਾ ਸਾਡੀ ਜਾਨ ਨਿਕਲ ਜੇ...’ ਸਮੇਤ ਕਈ ਮਿਊਜ਼ਿਕ ਵੀਡਿਓਜ਼ ਵੀ ਕੀਤੀਆਂ।

ਤੁਸੀਂ ਜ਼ਿਆਦਾਤਰ ਫਿਲਮਾਂ ਵਿੱਚ ਖ਼ਲਨਾਇਕ ਦੀ ਭੂਮਿਕਾ ਨਿਭਾਈ ਹੈ। ਇਹ ਭੂਮਿਕਾ ਅੱਗੇ ਵੀ ਜਾਰੀ ਰਹੇਗੀ ਜਾਂ ਬਦਲਣ ਬਾਰੇ ਸੋਚ ਰਹੇ ਹੋ?

ਖ਼ਲਨਾਇਕ ਦਾ ਕਿਰਦਾਰ ਨਿਭਾਉਣ ਦਾ ਕੋਈ ਬਹੁਤਾ ਗੰਭੀਰ ਮਤਲਬ ਨਹੀਂ ਹੈ। ਅਸਲ ’ਚ ਫਿਲਮ ’ਚ ਕਰਨ ਵਾਲੇ ਦੋ ਕਿਰਦਾਰ ਹੁੰਦੇ ਹਨ, ਹੀਰੋ ਤੇ ਖ਼ਲਨਾਇਕ। ਕੁਝ ਫਿਲਮਾਂ ਹੁੰਦੀਆਂ ਹਨ, ਜਿਨ੍ਹਾਂ ’ਚ ਤੀਜਾ ਕਿਰਦਾਰ ਬਹੁਤ ਦਮਦਾਰ ਹੁੰਦਾ ਹੈ, ਉਹ ਖ਼ਲਨਾਇਕ ਜਾਂ ਕੋਈ ਹੋਰ ਵੀ ਹੋ ਸਕਦਾ ਹੈ, ਪਰ ਜੇਕਰ ਚੰਗਾ ਕਿਰਦਾਰ ਮਿਲਿਆ ਤਾਂ ਮੈਂ ਜ਼ਰੂਰ ਕਰਾਂਗਾ।

ਅਜਿਹਾ ਕੋਈ ਫਿਕਸ ਮਾਪਦੰਡ ਨਹੀਂ ਹੈ, ਪਰ ਮੈਂ ਸਭ ਤੋਂ ਪਹਿਲਾਂ ਫਿਲਮ ਦੀ ਕਹਾਣੀ ਦੇਖਦਾ ਹਾਂ। ਦੂਜੀ ਗੱਲ ਡਾਇਕਰੈਕਟਰ ਕੌਣ ਹੈ, ਟੀਮ ਕਿਹੜੀ ਹੈ, ਤੁਹਾਡੀ ਫਿਲਮ ਵਿੱਚ ਭੂਮਿਕਾ ਕੀ ਹੈ? ਇਹ ਸਭ ਗੱਲਾਂ ਮਾਅਨੇ ਰੱਖਦੀਆਂ ਹਨ। ਉਂਜ, ਮੈਨੂੰ ਇਨਸਾਨੀਅਤ ਪਸੰਦ ਬੰਦਿਆਂ ਨਾਲ ਕੰਮ ਕਰਕੇ ਚੰਗਾ ਲੱਗਦਾ ਹੈ, ਨਹੀਂ ਤਾਂ ਮੈਂ ਸਹਿਜ ਮਹਿਸੂਸ ਨਹੀਂ ਕਰਦਾ।

ਤੁਸੀਂ ਹਿੰਦੀ ਫਿਲਮ ‘ਡਰਾਈਵ’ ਵਿੱਚ ਮਰਹੂਮ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕੀਤਾ ਸੀ ਅਤੇ ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਰਿਹਾ?

ਸੁਸ਼ਾਂਤ ਰਾਜਪੂਤ ਬੌਤਰ ਅਦਾਕਾਰ ਕਾਫ਼ੀ ਚੰਗਾ ਕੰਮ ਕਰ ਰਿਹਾ ਸੀ ਅਤੇ ਉਹ ਬਹੁਤ ਮਿਹਨਤੀ ਮੁੰਡਾ ਸੀ। ‘ਡਰਾਈਵ’ ਫਿਲਮ ਵਿੱਚ ਇੱਕ ਗੀਤ ਸੀ ‘ਮੱਖਣਾ’, ਜਿਸ ਦੀ ਸ਼ੂਟਿੰਗ ਲਈ ਅਸੀਂ ਇਜ਼ਰਾਈਲ ਗਏ ਸੀ। ਉਹ ਭਾਰਤ ਦੀ ਪਹਿਲੀ ਫਿਲਮ ਹੋਵੇਗੀ ਜਿਸ ਦਾ ਗੀਤ ਇਜ਼ਰਾਈਲ ’ਚ ਫਿਲਮਾਇਆ ਗਿਆ ਅਤੇ ਸਾਰੇ ਅਦਾਕਾਰਾਂ ਨੇ ਆਪਣੇ ਕੈਮਰਿਆਂ ’ਚ ਰਿਕਾਰਡਿੰਗ ਕੀਤੀ ਸੀ। ਇਹ ਮੇਰਾ ਸ਼ੂਟਿੰਗ ਦਾ ਅੱਜ ਤੱਕ ਸਭ ਤੋਂ ਚੰਗਾ ਅਨੁਭਵ ਹੈ। ਉਂਜ ਮੈਂ ਫਿਲਮ ‘ਏਕ: ਦਿ ਪਾਵਰ ਆਫ ਵਨ’, ‘ਡਰਾਈਵ’, ਤੇ ‘ਬੈਟਲ ਆਫ ਸਾਰਾਗੜ੍ਹੀ’ ਵਿੱਚ ਵੀ ਕੰਮ ਕੀਤਾ ਹੈ।

ਤੁਸੀਂ ਹਿੰਦੀ, ਤੇਲਗੂ ਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਪੰਜਾਬੀ ਸਿਨੇਮਾ ਇਨ੍ਹਾਂ ’ਚ ਫਿੱਟ ਕਿਵੇਂ ਬੈਠਦਾ ਹੈ ਅਤੇ ਤੁਸੀਂ ਤਰਜੀਹ ਕਿਸ ਭਾਸ਼ਾ ਵਾਲੀ ਫਿਲਮ ਨੂੰ ਦਿੰਦੇ ਹੋ?

ਮੈਨੂੰ ਤੇਲਗੂ ਭਾਸ਼ਾ ਬਹੁਤ ਘੱਟ ਆਉਂਦੀ ਹੈ ਤੇ ਉੱਥੇ ਕੰਮ ਕਰਨਾ ਵੀ ਔਖਾ ਲੱਗਦਾ ਹੈ, ਪਰ ਕੰਮ ਕਰਨ ਦਾ ਸਭ ਤੋਂ ਵੱਧ ਮਜ਼ਾ ਤੇਲਗੂ ’ਚ ਹੀ ਆਉਂਦਾ ਹੈ। ਉਹ ਬੰਦੇ ਸਮੇਂ ਦੇ ਬਹੁਤ ਪਾਬੰਦ ਹਨ ਤੇ ਹਰ ਬੰਦਾ ਆਪਣੇ ਕੰਮ ਨੂੰ ਬਾਖੂਬੀ ਜਾਣਦਾ ਹੈ। ਪਰ ‘ਮਿੱਟੀ ਦੇ ਪੁੱਤ’ ਵਿੱਚ ਮੈਨੂੰ ਕੰਮ ਕਰਕੇ ਬਹੁਤ ਚੰਗਾ ਲੱਗਿਆ ਕਿਉਂਕਿ ਸਾਰੀ ਟੀਮ ਸਮੇਂ ਦੀ ਪਾਬੰਦ ਸੀ। ਦੂਜੀ ਗੱਲ, ਜਿੱਥੇ ਮਾਹੌਲ ਵਧੀਆ ਹੁੰਦਾ ਹੈ ਤਾਂ ਉੱਥੇ ਪੇਸ਼ਕਾਰੀ ਵੀ ਚੰਗੀ ਹੁੰਦੀ ਹੈ। ਮੈਂ ਬਹੁਤ ਜਜ਼ਬਾਤੀ ਹਾਂ ਤੇ ਮੈਨੂੰ ਚੀਜ਼ਾਂ ਛੇਤੀ ਪ੍ਰਭਾਵਿਤ ਕਰਦੀਆਂ ਹਨ। ਮੈਂ ਕਈ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਵਿੱਚ ‘ਰੇਸ ਗੁਰ੍ਰਮ’, ‘ਆਗਡੂ’, ‘ਸ਼ੇਰ’, ‘ਰੁਦਰਮਾਦੇਵੀ’, ‘ਇਜ਼ਮ’, ‘ਡਾਇਰੈਕਟਰ ਸਾਰਾ ਨਗਰੂ’ ਅਤੇ ‘ਦਿ ਗੋਸਟ’ ਸ਼ਾਮਲ ਹਨ।

ਪੌਲੀਵੁੱਡ ਨੇ ਕਾਫ਼ੀ ਤਰੱਕੀ ਕੀਤੀ ਹੈ, ਪਰ ਇੰਜ ਲੱਗਦੈ ਜਿਵੇਂ ਪੰਜਾਬੀ ਫਿਲਮਾਂ ਲਈ ਵਿਸ਼ੇ ਮੁੱਕ ਗਏ ਹੋਣ। ਇੱਕ ਫਿਲਮ ਦੇ ਕਈ-ਕਈ ਭਾਗ ਬਣ ਰਹੇ ਹਨ?

ਮੈਂ ਸਮਝਦਾ ਹਾਂ ਕਿ ਵਿਸ਼ੇ ਨਹੀਂ ਮੁੱਕੇ ਸਗੋਂ ਇਹ ਮੁੱਦੇ ਤੋਂ ਭਟਕਣ ਵਾਲੀ ਗੱਲ ਹੈ। ਕਈ ਵਾਰ ਆਪਾਂ ਸਮਝਦੇ ਹਾਂ ਕਿ ਆਪਣੀ ਫਲਾਣੀ ਫਿਲਮ ਹਿੱਟ ਹੋ ਗਈ ਸੀ ਤੇ ਇਸ ਫਿਲਮ ਦਾ ਨਾਮ ਵੀ ਉਸੇ ਦੇ ਨਾਂ ’ਤੇ ਰੱਖ ਲਈਏ ਕਿ ਲੋਕ ਦੇਖਣ ਆ ਜਾਣਗੇ, ਭਾਵੇਂ ਹੁਣ ਵਾਲੀ ਫਿਲਮ ਦਾ ਪਹਿਲੀ ਨਾਲ ਕੋਈ ਸਬੰਧ ਨਾ ਵੀ ਹੋਵੇ, ਪਰ ਇਸ ਗੱਲ ਦਾ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਅਤੇ ਹਰ ਫਿਲਮ ਦਾ ਨਾਮ ਕਹਾਣੀ ਦੇ ਹਿਸਾਬ ਨਾਲ ਹੀ ਰੱਖਣਾ ਚਾਹੀਦਾ ਹੈ।

ਜੇਕਰ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ’ਤੇ ਫਿਲਮ ਬਣਦੀ ਹੈ ਤਾਂ ਮੈਂ ਉਨ੍ਹਾਂ ਦਾ ਕਿਰਦਾਰ ਨਿਭਾਉਣਾ ਪਸੰਦ ਕਰਾਂਗਾ।

ਅੱਜਕੱਲ੍ਹ ਬੌਲੀਵੁੱਡ ਦੇ ਫਿਲਮਸਾਜ਼ ਪੰਜਾਬ ਦੀਆਂ ਕਹਾਣੀਆਂ ਤੇ ਪੰਜਾਬੀ ਬੈਕਡਰੌਪ ਨੂੰ ਤਵੱਜੋ ਦੇ ਰਹੇ ਹਨ, ਪਰ ਪੰਜਾਬੀ ਨਿਰਮਾਤਾ ਜਾਂ ਕਹਾਣੀਕਾਰ ਕਿਤੇ ਨਾ ਕਿਤੇ ਇਨ੍ਹਾਂ ਕਹਾਣੀਆਂ ਨੂੰ ਸਮਝ ਨਹੀਂ ਸਕੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ?

ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿਉਂਕਿ ਜਿਹੜੀ ਕਹਾਣੀ ਜਿੱਥੋਂ ਦੀ ਹੋਵੇ ਉੱਥੇ ਤਾਂ ਉਹ ਹੋਰ ਵੀ ਮਿਆਰੀ ਢੰਗ ਨਾਲ ਨਿਭਾਈ ਜਾ ਸਕਦੀ ਹੈ। ਪੰਜਾਬੀ ਫਿਲਮਾਂ ਵਿੱਚ ਕਿਰਦਾਰ ਤੋਂ ਲੈ ਕੇ ਹਰ ਚੀਜ਼ ਦੀ ਡੂੰਘਾਈ ਤੱਕ ਜਾਣਾ ਚਾਹੀਦਾ ਹੈ। ਦੂਜਾ ਕਾਰਨ ਛੇਤੀ-ਛੇਤੀ ਫਿਲਮਾਂ ਬਣਾਉਣਾ ਵੀ ਹੈ ਕਿਉਂਕਿ ਫਿਲਮ ਬਣਾਉਣਾ ਬਹੁਤ ਬਾਰੀਕੀ ਦਾ ਕੰਮ ਹੈ। ਇੱਕ ਫਿਲਮ ’ਤੇ ਪੰਜ ਮਹੀਨੇ ਭਾਵੇਂ ਵਧ ਲੱਗ ਜਾਣ, ਪਰ ਹਰ ਕਹਾਣੀ ਦੇ ਹਰ ਪਹਿਲੂ ਨੂੰ ਘੋਖਿਆ ਜਾਣਾ ਚਾਹੀਦਾ ਹੈ। ਜਦੋਂ ਆਪਾਂ ਸਾਲ ਵਿੱਚ 5-5 ਫਿਲਮਾਂ ਬਣਾਉਂਦੇ ਹਾਂ ਤਾਂ ਉਹ ਮਿਆਰ ਪੱਖੋਂ ਖੁੰਝ ਜਾਂਦੀਆਂ ਹਨ।

ਤੁਸੀਂ ਹਿੰਦੀ-ਚੀਨੀ ਫਿਲਮ ‘ਬੱਡੀਜ਼ ਇਨ ਇੰਡੀਆ’ ਵਿੱਚ ਵੀ ਕੰਮ ਕੀਤਾ ਹੈ ਅਤੇ ਉਹ ਤਜਰਬਾ ਕਿਵੇਂ ਰਿਹਾ?

ਇਹ ਚੀਨੀ ਕਹਾਣੀ ਸੀ, ਜਿਸ ’ਚ ਕੁਝ ਚੀਨੀ ਲੋਕ ਭਾਰਤ ਆ ਜਾਂਦੇ ਹਨ। ਇੱਥੇ ਉਨ੍ਹਾਂ ਨਾਲ ਜੋ ਬੀਤਦੀ ਹੈ, ਇਹ ਉਸ ’ਤੇ ਆਧਾਰਿਤ ਸੀ। ਇਸ ਫਿਲਮ ਦਾ ਭਾਰਤ ’ਚ ਹੋਣ ਵਾਲਾ ਕੰਮ ਯਸ਼ਰਾਜ ਫਿਲਮਜ਼ ਨੇ ਕੀਤਾ ਸੀ। ਇਸ ਫਿਲਮ ਵਿੱਚ ਕੁਝ ਭਾਰਤੀ ਕਿਰਦਾਰ ਸਨ ਜਿਨ੍ਹਾਂ ’ਚ ਮੁੱਖ ਕਿਰਦਾਰ ਮੈਂ ਨਿਭਾਇਆ ਸੀ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰਾ ਸ਼ਰੁਤੀ ਸੋਢੀ ਤੇ ਹੋਰ ਅਹਿਮ ਭੂਮਿਕਾਵਾਂ ਵਿੱਚ ਸਨ। ਇੱਥੇ ਸ਼ੂਟਿੰਗ ਲਈ ਚੀਨ ਤੋਂ 200 ਮੈਂਬਰੀ ਦਲ ਆਇਆ ਸੀ। ਜਦੋਂ ਉਨ੍ਹਾਂ ਨੇ ਮੇਰੇ ਤੱਕ ਪਹੁੰਚ ਕੀਤੀ ਤਾਂ ਉਦੋਂ ਮੈਂ ਤੇਲਗੂ ਫਿਲਮ ਕਰ ਰਿਹਾ ਸੀ। ਮੈਂ ਉਨ੍ਹਾਂ ਦੇ ਕਿਰਦਾਰ ਵਿੱਚ ਫਿੱਟ ਬੈਠਦਾ ਸੀ। ਚੀਨ ਵਿੱਚ ਉਹ ਕਿਰਦਾਰ ਬਹੁਤ ਮਕਬੂਲ ਹੋਇਆ ਸੀ। ਉਨ੍ਹਾਂ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ। ਉਨ੍ਹਾਂ ਨੇ ਪੂਰੀ ਤਸੱਲੀ ਨਾਲ ਕੰਮ ਕੀਤਾ ਸੀ।

ਤੁਸੀਂ ਕਈ ਭਾਸ਼ਾਵਾਂ ਵਿੱਚ ਫਿਲਮਾਂ ਕੀਤੀਆਂ ਹਨ ਤੇ ਕੀ ਹਰਿਆਣਵੀਂ ਫਿਲਮ ਵੀ ਕਰੋਗੇ?

ਹਾਂ ਜੀ, ਬਿਲਕੁਲ ਜੇਕਰ ਚੰਗੀ ਕਹਾਣੀ ਮਿਲਦੀ ਹੈ ਤਾਂ ਮੈਂ ਹਰਿਆਣਵੀ ਜ਼ਰੂਰ ਕਰਾਂਗਾ। ਕਰਨਾਲ ਸਾਡੇ ਇਲਾਕੇ ’ਚ ਜ਼ਿਆਦਾਤਰ ਪੰਜਾਬੀ ਬੋਲੀ ਜਾਂਦੀ ਹੈ। ਉਂਜ, ਲੋਕ ਹਰਿਆਣਵੀ ਵੀ ਬੋਲਦੇ ਹਨ, ਪਰ ਜਾਟਾਂ ਦੇ ਪਿੰਡ ਬਹੁਤ ਘੱਟ ਹਨ। ਮੈਂ ਜਦੋਂ ਤੱਕ ਹਰਿਆਣੇ ’ਚ ਰਿਹਾ ਮੈਨੂੰ ਹਰਿਆਣਵੀ ਨਹੀਂ ਸੀ ਆਉਂਦੀ। ਦਿੱਲੀ ਯੂਨੀਵਰਸਿਟੀ ’ਚ ਜਾ ਕੇ ਮੇਰਾ ਵਾਹ ਜਾਟਾਂ ਨਾਲ ਪਿਆ ਤੇ ਫਿਰ ਮੈਂ ਹਰਿਆਣਵੀ ਬੋਲਣੀ ਸਿੱਖੀ। ਜੇਕਰ ਚੰਗੀ ਫਿਲਮ ਮਿਲੀ ਤਾਂ ਮੈਂ ਜ਼ਰੂਰ ਕਰਾਂਗਾ।

ਤੁਸੀਂ ਬੌਲੀਵੁੱਡ ਤੇ ਸਾਊਥ ਦੀਆਂ ਫਿਲਮਾਂ ਕਰਦੇ ਹੋ। ਉਹ ਪੰਜਾਬੀ ਫਿਲਮਾਂ ਨਾਲੋਂ ਕਿਵੇਂ ਵੱਖਰੀਆਂ ਹਨ ਤੇ ਕਿਹੜੀਆਂ ਸਮਾਨਤਾਵਾਂ ਹਨ?

ਭਾਸ਼ਾ ਵੱਡੇ ਪੱਧਰ ’ਤੇ ਚੀਜ਼ਾਂ ਨੂੰ ਵੱਖਰਾ ਕਰ ਦਿੰਦੀ ਹੈ। ਭਾਸ਼ਾਵਾਂ ਦੇ ਨਾਲ-ਨਾਲ ਹਰ ਖੇਤਰ ਵਿੱਚ ਬੰਦੇ ਦਾ ਔਰਾ ਤੇ ਜੁੱਸਾ ਵੀ ਵੱਖਰਾ ਹੁੰਦਾ ਹੈ। ਸਾਊਥ ਵਾਲੇ ਬੰਦੇ ਬਹੁਤ ਨਿਮਰ ਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ। ਪੰਜਾਬੀ ਹੱਸਮੁੱਖ ਬਹੁਤ ਹਨ ਤੇ ਕੰਮ ਦੇ ਨਾਲ-ਨਾਲ ਹਾਸਾ ਠੱਠਾ ਕਰਦੇ ਰਹਿੰਦੇ ਹਨ। ਮੁੰਬਈ ’ਚ ਜੇਕਰ ਵੱਡੇ ਸਟਾਰ ਦੀ ਫਿਲਮ ਦੀ ਸ਼ੂਟਿੰਗ ਚੱਲਦੀ ਹੋਵੇ ਤਾਂ ਗਰੂਰ ਬਹੁਤ ਜ਼ਿਆਦਾ ਹੁੰਦਾ ਹੈ। ਉਂਜ, ਪੰਜਾਬੀ ਤੇ ਤੇਲਗੂ ਫਿਲਮਾਂ ’ਚ ਮਾਹੌਲ ਸਭ ਤੋਂ ਵਧੀਆ ਹੁੰਦਾ ਹੈ।

ਮੈਂ ਸਾਲ 2012 ਵਿੱਚ ਪਹਿਲੀ ਮਲਿਆਲਮ ਫਿਲਮ ‘ਕਾਸਾਨੋਵਾ’ ਕੀਤੀ ਸੀ ਤੇ ਇਹ ਮੇਰੀ ਪਹਿਲੀ ਸਾਊਥ ਇੰਡੀਅਨ ਫਿਲਮ ਸੀ। ਇਸ ਫਿਲਮ ਦਾ ਐਕਸ਼ਨ ਡਾਇਰੈਕਟਰ ਐਲਨ ਅਮੀਨ ਸੀ, ਜਿਸ ਨੇ ਫਿਲਮ ‘ਧੂਮ’ ਬਣਾਈ ਸੀ। ਇਸ ਫਿਲਮ ’ਚ ਚਾਰ ਡਾਕੂ ਹੁੰਦੇ ਹਨ, ਜਿਨ੍ਹਾਂ ’ਚ ਮੈਂ ਵੀ ਹੁੰਦਾ ਹਾਂ। ਇਹ ਤੀਹ ਮੰਜ਼ਿਲਾ ਇਮਾਰਤ ਦੇ ਸਿਖਰ ’ਤੇ ਰਹਿੰਦੇ ਹਨ। ਫਿਲਮ ’ਚ ਇੱਕ ਸੀਨ ਹੈ ਕਿ ਇਨ੍ਹਾਂ ਨੇ ਇਮਾਰਤਾਂ ਤੋਂ ਹੇਠਾਂ ਛਾਲ ਮਾਰਨੀ ਹੁੰਦੀ ਹੈ। ਜਦੋਂ ਉਨ੍ਹਾਂ ਨੇ ਮੈਨੂੰ ਇਹ ਦੱਸਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਮੈਨੂੰ ਉਚਾਈ ਤੋਂ ਡਰ ਲੱਗਦਾ ਤੇ ਮੈਂ ਤਾਂ ਹੇਠਾਂ ਦੇਖ ਵੀ ਨਹੀਂ ਸਕਦਾ। ਆਮ ਤੌਰ ’ਤੇ ਅਜਿਹੇ ਸੀਨ ਡੁਪਲੀਕੇਟ ਅਦਾਕਾਰਾਂ ਕੋਲੋਂ ਕਰਵਾਏ ਜਾਂਦੇ ਹਨ, ਪਰ ਮੈਂ ਇਹ ਕਰਨ ਤੋਂ ਨਾਂਹ ਕਰ ਦਿੱਤੀ। ਡਾਇਰੈਕਟਰ ਨੇ ਚਲਾਕੀ ਨਾਲ ਦੂਜੇ ਮੁੰਡਿਆਂ ਨੂੰ ਛਾਲ ਮਾਰਨ ਲਈ ਰਾਜ਼ੀ ਕਰ ਲਿਆ ਤੇ ਆਖਿਰ ਮੈਨੂੰ ਵੀ ਮੰਨਣਾ ਪਿਆ ਕਿਉਂਕਿ ਮੈਂ ਉਦੋਂ ਨਵਾਂ-ਨਵਾਂ ਸੀ। ਸ਼ੂਟਿੰਗ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ ਸਾਨੂੰ ਸਿਖ਼ਰ ’ਤੇ ਕੇਬਲ ਨਾਲ ਬੰਨ੍ਹ ਕੇ ਲਟਕਾਇਆ ਤਾਂ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਨੋਖਾ ਤਜਰਬਾ ਸੀ ਤੇ ਮੈਂ ਪੂਰੀ ਤਰ੍ਹਾਂ ਡਰ ਗਿਆ ਸੀ।

ਪੰਜਾਬੀ ਸਿਨੇਮਾ ਦੀ ਤਰੱਕੀ ਜਾਂ ਉਭਾਰ ਲਈ ਹੋਰ ਕੀ ਕੁਝ ਕਰਨ ਦੀ ਲੋੜ ਹੈ?

ਜਦੋਂ ਮਨੋਰਥ ਪੈਸਾ ਕਮਾਉਣਾ ਜਾਂ ਵੱਡਾ ਬੰਦਾ ਬਣਨਾ ਨਹੀਂ ਹੋਵੇਗਾ ਤਾਂ ਪੰਜਾਬੀ ਸਿਨੇਮਾ ਤਰੱਕੀ ਕਰੇਗਾ। ਜਦੋਂ ਅਸੀਂ ਕਾਮਯਾਬ ਹੋ ਜਾਂਦੇ ਹਾਂ ਤਾਂ ਸਾਡੀ ਸਮਾਜ ਪ੍ਰਤੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਚੰਗਾ ਕੰਮ ਕਰੀਏ। ਇਸ ਲਈ ਫਿਲਮਾਂ ਘੱਟ ਕਰੋ, ਪਰ ਮਿਆਰੀ ਕਰੋ। ਸਾਲ ਵਿੱਚ ਇੱਕ ਜਾਂ ਦੋ ਫਿਲਮਾਂ ਹੀ ਕਰੋ। ਦੂਜੀ ਗੱਲ, ਨਵੇਂ ਹੁਨਰ ਨੂੰ ਮੌਕਾ ਦਿਓ, ਨਵੇਂ ਕਹਾਣੀਕਾਰਾਂ ਤੱਕ ਪਹੁੰਚ ਕਰੋ। ਇੱਕ ਅਜਿਹਾ ਰਾਹ ਹੋਵੇ, ਜਿਸ ਰਾਹੀਂ ਨਵੇਂ ਲੋਕ ਤੁਹਾਡੇ ਕੋਲ ਪਹੁੰਚ ਕਰ ਸਕਣ। ਜਦੋਂ ਕਿਸੇ ਦੀ ਇੱਕ ਫਿਲਮ ਚੱਲ ਜਾਂਦੀ ਹੈ ਤਾਂ ਉਹ ਉਸੇ ਪੈਟਰਨ ’ਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਇੰਜ ਨਹੀਂ ਹੋਣਾ ਚਾਹੀਦਾ, ਇਸ ਨਾਲ ਕੰਮ ’ਚ ਨਿਘਾਰ ਆ ਜਾਂਦਾ ਹੈ। ਕਾਮਯਾਬੀ ਲਈ ਜੋਖ਼ਮ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਕੋਈ ਫਿਲਮ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕ ਇਹੋ ਜਿਹੀਆਂ ਫਿਲਮਾਂ ਹੀ ਪਸੰਦ ਕਰਦੇ ਹਨ, ਜਦੋਂਕਿ ਲੋਕ ਹਮੇਸ਼ਾ ਨਵਾਂ ਦੇਖਣਾ ਚਾਹੁੰਦੇ ਹਨ। ਜਦੋਂ ਆਪਾਂ ਭੱਜ ਦੌੜ ਛੱਡ ਕੇ ਰੀਝ ਨਾਲ ਕੰਮ ਕਰਾਂਗੇ ਤਾਂ ਪੰਜਾਬੀ ਸਿਨੇਮਾ ਜ਼ਰੂਰ ਤਰੱਕੀ ਕਰੇਗਾ।

ਇਸ ਅੰਕ ਦੀਆਂ ਹੋਰ ਖ਼ਬਰਾਂ

ਝੋਟਾ ਕਤਲ ਕਾਂਡ ਰਾਜ ਭਵਨ ਪਹੁੰਚਿਆ: ਅਕਾਲੀ ਵਫ਼ਦ ਨੇ ਰਾਜਪਾਲ ਤੋਂ ਮੰਗੀ ਮੁੱਖ ਮੰਤਰੀ ਮਾਨ ਦੀ ਬਰਖ਼ਾਸਤਗੀਪੜ੍ਹੋ →
ਮਜ਼ਦੂਰ ਦੀ ਪਤਨੀ ’ਤੇ ਬਰਸੀ ਕਿਸਮਤ, 7 ਰੁਪਏ ਖਰਚ ਕੇ ਬਣ ਗਈ 1 ਕਰੋੜ ਦੀ ਮਾਲਕਣਪੜ੍ਹੋ →
ਦਰਬਾਰ ਸਾਹਿਬ ਵਿਖੇ 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਹੋਵੇਗੀ ਦੀਪਮਾਲਾਪੜ੍ਹੋ →
ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਨਾਤਨ ਸੇਵਾ ਸਮਿਤੀ ਦੇ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨਪੜ੍ਹੋ →
ਨੋਇਡਾ ਦੇ ਸੈਕਟਰ 125 ’ਚ ਲੱਗੀ ਭਿਆਨਕ ਅੱਗ, 1 ਵਿਅਕਤੀ ਦੀ ਹੋਈ ਮੌਤਪੜ੍ਹੋ →
ਬੱਸ ਮੁਲਾਜ਼ਮਾਂ ਦੀ ਹੜਤਾਲ ’ਤੇ ਸਸਪੈਂਸ, ਸਰਕਾਰ ਦੇ ਲਿਖਤੀ ਹੁਕਮਾਂ ਦੀ ਉਡੀਕਪੜ੍ਹੋ →