📰 10/24/2026
ਮਨੋਰੰਜਨ📍 ਪੰਜਾਬ

ਤਿਉਹਾਰਾਂ ਦਾ ਅਧਿਆਤਮਕ ਸਫ਼ਰ

ਤਿਉਹਾਰਾਂ ਦਾ ਮੌਸਮ ਆਉਂਦਿਆਂ ਹੀ ਹਰ ਪਾਸੇ ਖ਼ੁਸ਼ੀਆਂ ਦੀ ਰੌਣਕ ਛਾ ਜਾਂਦੀ ਹੈ। ਨਰਾਤਿਆਂ ਤੋਂ ਸ਼ੁਰੂ ਹੋਇਆ ਇਹ ਸਫ਼ਰ ਦੁਸਹਿਰੇ ਦੀਆਂ ਰੌਣਕਾਂ ਵਿੱਚੋਂ ਲੰਘਦਾ ਹੋਇਆ ਦੀਵਾਲੀ ਦੀ ਜਗਮਗਾਹਟ ਤੱਕ ਪਹੁੰਚਦਾ ਹੈ।
ਤਿਉਹਾਰਾਂ ਦਾ ਅਧਿਆਤਮਕ ਸਫ਼ਰ

ਤਿਉਹਾਰਾਂ ਦਾ ਮੌਸਮ ਆਉਂਦਿਆਂ ਹੀ ਹਰ ਪਾਸੇ ਖ਼ੁਸ਼ੀਆਂ ਦੀ ਰੌਣਕ ਛਾ ਜਾਂਦੀ ਹੈ। ਨਰਾਤਿਆਂ ਤੋਂ ਸ਼ੁਰੂ ਹੋਇਆ ਇਹ ਸਫ਼ਰ ਦੁਸਹਿਰੇ ਦੀਆਂ ਰੌਣਕਾਂ ਵਿੱਚੋਂ ਲੰਘਦਾ ਹੋਇਆ ਦੀਵਾਲੀ ਦੀ ਜਗਮਗਾਹਟ ਤੱਕ ਪਹੁੰਚਦਾ ਹੈ।

ਇਨ੍ਹਾਂ ਤਿਉਹਾਰਾਂ ਨਾਲ ਜੁੜੇ ਮੇਲੇ, ਰਾਮਲੀਲ੍ਹਾ ਅਤੇ ਦੀਪਮਾਲਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਦਾ ਆਨੰਦ ਮਾਣਨਾ ਵੀ ਜ਼ਿੰਦਗੀ ਦਾ ਇੱਕ ਸੁਹਾਵਣਾ ਅਨੁਭਵ ਹੈ, ਪਰ ਕੀ ਅਸੀਂ ਕਦੇ ਇਨ੍ਹਾਂ ਤਿਉਹਾਰਾਂ ਦੇ ਬਾਹਰੀ ਰੰਗਾਂ ਜਾਂ ਕਰਮਕਾਂਡਾਂ ਤੋਂ ਪਰੇ ਜਾ ਕੇ ਇਨ੍ਹਾਂ ਦੇ ਅੰਦਰ ਲੁਕੇ ਅਧਿਆਤਮਕ ਸੰਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਕੀ ਨਰਾਤਿਆਂ ਤੋਂ ਦੀਵਾਲੀ ਤੱਕ ਦਾ ਪੂਰੇ ਇੱਕ ਮਹੀਨੇ ਦਾ ਇਹ ਸਫ਼ਰ ਸਿਰਫ਼ ਪੂਜਾ-ਪਾਠ, ਮੇਲਿਆਂ, ਮਠਿਆਈਆਂ ਅਤੇ ਦੀਵੇ ਬਾਲਣ ਤੱਕ ਹੀ ਸੀਮਤ ਹੈ ਜਾਂ ਇਸ ਵਿੱਚ ਮਨੁੱਖ ਦੇ ਜੀਵਨ ਨੂੰ ਬਦਲਣ ਦਾ ਕੋਈ ਡੂੰਘਾ ਰਹੱਸ ਵੀ ਛੁਪਿਆ ਹੋਇਆ ਹੈ? ਅਸਲ ਵਿੱਚ, ਇਹ ਤਿਉਹਾਰ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਆਪਣੇ ਜੀਵਨ ਨੂੰ ਅਧਿਆਤਮਕਤਾ ਦੀ ਰੌਸ਼ਨੀ ਨਾਲ ਭਰਨ ਦਾ ਸੁਨੇਹਾ ਦਿੰਦੇ ਹਨ।

ਨਰਾਤਿਆਂ ਤੋਂ ਦੀਵਾਲੀ ਤੱਕ ਦਾ ਅਧਿਆਤਮਕ ਰਹੱਸ ਕੀ ਹੈ? ਅਸਲ ਵਿੱਚ ਨਰਾਤਿਆਂ ਦੇ ਨੌਂ ਦਿਨਾਂ ਦੌਰਾਨ ਮਾਤਾ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਜਿਸ ਰਾਹੀਂ ਮਾਂ ਦੁਰਗਾ ਦੇ ਹਰ ਇੱਕ ਰੂਪ ਵਿੱਚੋਂ ਸਾਨੂੰ ਹਰ ਰੋਜ਼ ਇੱਕ ਨਵਾਂ ਸੰਦੇਸ਼ ਮਿਲਦਾ ਹੈ। ਦੂਜੇ ਪਾਸੇ, ਇਨ੍ਹਾਂ ਦਿਨਾਂ ਵਿੱਚ ਰਾਮਲੀਲ੍ਹਾ ਰਾਹੀਂ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਦੀ ਕਥਾ ਵੀ ਪੇਸ਼ ਕੀਤੀ ਜਾਂਦੀ ਹੈ। ਹਰ ਰਾਤ ਰਾਮਾਇਣ ਦੇ ਕਿਸੇ ਪ੍ਰਸੰਗ ਨੂੰ ਨਾਟਕੀ ਰੂਪ ਵਿੱਚ ਦਿਖਾਇਆ ਜਾਂਦਾ ਹੈ। ਹਰ ਦਿਨ ਦੇ ਕਾਂਡ ਵਿੱਚ ਵੀ ਕੋਈ ਨਾ ਕੋਈ ਸੰਦੇਸ਼ ਮਿਲਦਾ ਹੈ। ਫਿਰ ਦਸਵੇਂ ਦਿਨ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ ਦਾ ਦਹਿਨ ਕਰਕੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਸ ਤੋਂ ਵੀਹ ਦਿਨ ਬਾਅਦ ਸ੍ਰੀ ਰਾਮ ਜੀ ਦੇ ਅਯੁੱਧਿਆ ਪਰਤਣ ਦੀ ਖ਼ੁਸ਼ੀ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਅਤੇ ਦੀਵੇ ਜਗਾ ਕੇ ਹਨੇਰੇ ਨੂੰ ਰੌਸ਼ਨੀ ਵਿੱਚ ਬਦਲਣ ਦਾ ਪ੍ਰਤੀਕਾਤਮਕ ਦ੍ਰਿਸ਼ ਸਿਰਜਿਆ ਜਾਂਦਾ ਹੈ।

ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਜੇਕਰ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਸਮਝਿਆ ਜਾਵੇ ਤਾਂ ਇਹ ਮਨੁੱਖ ਦੇ ਅੰਦਰ ਚੱਲਣ ਵਾਲੇ ਸੰਘਰਸ਼ ਦੀ ਕਹਾਣੀ ਜਾਪਦੀਆਂ ਹਨ। ਸ੍ਰੀ ਰਾਮ ਦਾ ਜੀਵਨ ਸਾਨੂੰ ਔਕੜਾਂ ਦਾ ਸਾਹਮਣਾ ਕਰਨ, ਸੱਚ ਦੇ ਮਾਰਗ ਉੱਤੇ ਚੱਲਣ ਅਤੇ ਧਰਮ ਤੇ ਮਰਿਆਦਾ ਦੀ ਰੱਖਿਆ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਸ ਕਥਾ ਵਿੱਚ ਆਉਣ ਵਾਲੀਆਂ ਘਟਨਾਵਾਂ ਜਾਂ ਮੁਸ਼ਕਲਾਂ ਮਨੁੱਖੀ ਜੀਵਨ ਦੀਆਂ ਚੁਣੌਤੀਆਂ ਦਾ ਪ੍ਰਤੀਕ ਬਣਦੀਆਂ ਹਨ।

ਇਸੇ ਤਰ੍ਹਾਂ ਨਰਾਤਿਆਂ ਦੌਰਾਨ ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਨਾ ਵੀ ਸਾਨੂੰ ਇਸੇ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਮਨੁੱਖ ਦੇ ਅੰਦਰ ਅਨੇਕਾਂ ਸ਼ਕਤੀਆਂ ਮੌਜੂਦ ਹਨ। ਲੋੜ ਸਿਰਫ਼ ਇਨ੍ਹਾਂ ਨੂੰ ਪਛਾਣਨ ਅਤੇ ਸਹੀ ਦਿਸ਼ਾ ਵਿੱਚ ਵਰਤਣ ਦੀ ਹੈ। ਜੇਕਰ ਅਸੀਂ ਇਨ੍ਹਾਂ ਸ਼ਕਤੀਆਂ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇ ਸਕੀਏ ਤਾਂ ਆਪਣੇ ਅੰਦਰਲੇ ਵਿਕਾਰਾਂ ਨਾਲ ਲੜਨਾ ਅਤੇ ਉਨ੍ਹਾਂ ਉੱਤੇ ਜਿੱਤ ਹਾਸਲ ਕਰਨਾ ਸੰਭਵ ਹੋ ਸਕਦਾ ਹੈ। ਦੁਸਹਿਰੇ ਦੇ ਦਿਨ ਰਾਵਣ ਦੇ ਦਸ ਸਿਰਾਂ ਵਾਲੇ ਪੁਤਲੇ ਨੂੰ ਸਾੜ ਕੇ ਅਸੀਂ ਬਦੀ ਉੱਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਾਂ, ਪਰ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਸਦੀਆਂ ਤੋਂ ਹਰ ਸਾਲ ਰਾਵਣ ਦੇ ਪੁਤਲੇ ਸਾੜੇ ਜਾ ਰਹੇ ਹਨ ਤਾਂ ਕੀ ਮਨੁੱਖ ਦੇ ਅੰਦਰ ਵਸਦੀ ਬੁਰਾਈ ਵੀ ਉਸੇ ਅਨੁਪਾਤ ਵਿੱਚ ਘਟ ਰਹੀ ਹੈ? ਜੇਕਰ ਅਜਿਹਾ ਨਹੀਂ ਹੋ ਰਿਹਾ ਤਾਂ ਸਾਨੂੰ ਇਸ ਤਿਉਹਾਰ ਦੇ ਅਸਲ ਸੰਦੇਸ਼ ਨੂੰ ਸਮਝਣ ਦੀ ਲੋੜ ਹੈ। ਰਾਵਣ ਦਾ ਪੁਤਲਾ ਸਾੜਨਾ ਇੱਕ ਕਰਮਕਾਂਡੀ ਕਿਰਿਆ ਹੈ, ਪਰ ਮਨੁੱਖ ਦੇ ਅੰਦਰ ਬੈਠੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਵੈਰ ਅਤੇ ਅਗਿਆਨਤਾ ਵਰਗੇ ਵਿਕਾਰਾਂ ਦਾ ਨਾਸ਼ ਕਰਨਾ ਹੀ ਇਸ ਪ੍ਰਤੀਕ ਦਾ ਅਸਲ ਮਨੋਰਥ ਹੈ। ਜੇਕਰ ਅਸੀਂ ਹਰ ਸਾਲ ਰਾਵਣ ਦੇ ਪੁਤਲੇ ਨੂੰ ਸਾੜਦੇ ਹਾਂ, ਪਰ ਆਪਣੇ ਅੰਦਰ ਪਲ ਰਹੇ ਹੰਕਾਰ, ਨਫ਼ਰਤ, ਲਾਲਚ ਅਤੇ ਦੂਜਿਆਂ ਪ੍ਰਤੀ ਮਾੜੀ ਭਾਵਨਾ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਕੋਈ ਯਤਨ ਨਹੀਂ ਕਰਦੇ ਤਾਂ ਇਹ ਤਿਉਹਾਰ ਸਿਰਫ਼ ਬਾਹਰੀ ਦਿਖਾਵੇ ਤੱਕ ਹੀ ਸੀਮਤ ਰਹਿ ਜਾਂਦਾ ਹੈ।

ਦਰਅਸਲ, ਮਨੁੱਖ ਦਾ ਸਭ ਤੋਂ ਵੱਡਾ ਵੈਰੀ ਉਸ ਦੇ ਅੰਦਰ ਬੈਠਾ ਵਿਕਾਰਾਂ ਦਾ ਸਮੂਹ ਹੈ। ਇਹ ਵਿਕਾਰ ਹੌਲੀ-ਹੌਲੀ ਉਸ ਦੀ ਸੋਚ, ਸਮਝ ਅਤੇ ਵਿਹਾਰ ਉੱਤੇ ਕਬਜ਼ਾ ਕਰ ਲੈਂਦੇ ਹਨ। ਮਨੁੱਖ ਦੂਜਿਆਂ ਦੀਆਂ ਕਮੀਆਂ ਲੱਭਣ ਵਿੱਚ ਤਾਂ ਪੂਰੀ ਤਾਕਤ ਲਾ ਦਿੰਦਾ ਹੈ, ਪਰ ਆਪਣੇ ਅੰਦਰ ਦੀਆਂ ਕਮੀਆਂ ਵੱਲ ਦੇਖਣ ਤੋਂ ਕਤਰਾਉਂਦਾ ਹੈ। ਦੂਜਿਆਂ ਨੂੰ ਬਦਲਣ ਦੀ ਇੱਛਾ ਰੱਖਣ ਵਾਲਾ ਮਨੁੱਖ ਜੇਕਰ ਪਹਿਲਾਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ ਤਾਂ ਉਸ ਦੇ ਜੀਵਨ ਵਿੱਚ ਅਸਲ ਤਬਦੀਲੀ ਆ ਸਕਦੀ ਹੈ। ਇਸ ਲਈ ਦੁਸਹਿਰੇ ਦਾ ਅਸਲ ਅਰਥ ਸਿਰਫ਼ ਰਾਵਣ ਦੇ ਪੁਤਲੇ ਨੂੰ ਅੱਗ ਲਾਉਣਾ ਨਹੀਂ, ਸਗੋਂ ਆਪਣੇ ਅੰਦਰ ਬੈਠੀਆਂ ਬੁਰਾਈਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਸੰਕਲਪ ਲੈਣਾ ਹੈ।

ਨਰਾਤਿਆਂ ਦੌਰਾਨ ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਕਈ ਘਰਾਂ ਵਿੱਚ ਕੰਜਕਾਂ ਨੂੰ ਬੁਲਾ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ। ਇਹ ਸ਼ਰਧਾ ਦਾ ਪ੍ਰਗਟਾਵਾ ਹੈ, ਪਰ ਇਸ ਸ਼ਰਧਾ ਦੀ ਸਾਰਥਕਤਾ ਉਦੋਂ ਹੀ ਹੈ ਜਦੋਂ ਅਸੀਂ ਔਰਤ ਨੂੰ ਅਸਲ ਜੀਵਨ ਵਿੱਚ ਵੀ ਬਣਦਾ ਸਤਿਕਾਰ ਦੇਈਏ। ਸੱਚੀ ਪੂਜਾ ਸਿਰਫ਼ ਮੱਥਾ ਟੇਕਣ ਜਾਂ ਰਸਮ ਨਿਭਾਉਣ ਵਿੱਚ ਨਹੀਂ, ਸਗੋਂ ਆਪਣੇ ਵਿਹਾਰ ਰਾਹੀਂ ਉਸ ਸਤਿਕਾਰ ਨੂੰ ਪ੍ਰਗਟਾਉਣ ਵਿੱਚ ਹੈ ਜਿਸ ਦੀ ਅਸੀਂ ਧਾਰਮਿਕ ਤੌਰ ’ਤੇ ਗੱਲ ਕਰਦੇ ਹਾਂ।

ਨਰਾਤਿਆਂ ਤੋਂ ਦੁਸਹਿਰੇ ਤੱਕ ਦਸ ਦਿਨ ਅਸੀਂ ਆਪਣੇ ਮਨ ਦੀ ਸ਼ੁੱਧੀ ਲਈ ਪਾਠ ਪੂਜਾ ਕਰਕੇ ਦਸ ਬੁਰਾਈਆਂ ਨੂੰ ਦੂਰ ਕਰਦੇ ਹਾਂ। ਇਸ ਤੋਂ ਬਾਅਦ ਅਤੇ ਦੀਵਾਲੀ ਆਉਣ ਤੋਂ ਪਹਿਲਾਂ ਅਸੀਂ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਾਂ। ਕੰਧਾਂ ਨੂੰ ਰੰਗ ਰੋਗਨ ਕਰਵਾਉਂਦੇ ਹਾਂ, ਪੁਰਾਣੇ ਸਾਮਾਨ ਨੂੰ ਠੀਕ ਕਰਦੇ ਹਾਂ ਅਤੇ ਘਰ ਦੇ ਕੋਨੇ-ਕੋਨੇ ਨੂੰ ਚਮਕਾਉਣ ਦਾ ਯਤਨ ਕਰਦੇ ਹਾਂ। ਬਰਸਾਤਾਂ ਤੋਂ ਬਾਅਦ ਮੌਸਮ ਵਿੱਚ ਬਦਲਾਅ ਆਉਣ ਨਾਲ ਕੀੜੇ ਮਕੌੜੇ ਖ਼ਤਮ ਹੋ ਜਾਂਦੇ ਹਨ ਜਿਸ ਕਰਕੇ ਘਰ ਦੀਆਂ ਸੁਆਣੀਆਂ ਖੱਲਾਂ ਖੂੰਜੇ ਸਾਫ਼ ਕਰਦੀਆਂ ਹਨ, ਬਰਸਾਤਾਂ ਨਾਲ ਖ਼ਰਾਬ ਹੋਈਆਂ ਘਰਾਂ ਦੀਆਂ ਕੰਧਾਂ ਨੂੰ ਰੰਗ ਰੋਗਨ ਕਰਕੇ ਫਿਰ ਤੋਂ ਸ਼ਿੰਗਾਰਿਆ ਜਾਂਦਾ ਹੈ। ਸਭ ਦੀ ਇੱਛਾ ਹੁੰਦੀ ਹੈ ਕਿ ਦੀਵਾਲੀ ਵਾਲੇ ਦਿਨ ਉਨ੍ਹਾਂ ਦਾ ਘਰ ਸਾਫ਼-ਸੁਥਰਾ ਅਤੇ ਰੌਸ਼ਨ ਦਿਖਾਈ ਦੇਵੇ, ਪਰ ਕੀ ਅਸੀਂ ਕਦੇ ਆਪਣੇ ਮਨ ਦੇ ਕੋਨਿਆਂ ਵਿੱਚ ਜਮ੍ਹਾਂ ਹੋਈ ਮੈਲ ਨੂੰ ਸਾਫ਼ ਕਰਨ ਬਾਰੇ ਵੀ ਸੋਚਿਆ ਹੈ? ਜਿਸ ਤਰ੍ਹਾਂ ਘਰ ਦੇ ਕੋਨਿਆਂ ਵਿੱਚ ਇਕੱਠੀ ਹੋਈ ਧੂੜ ਨੂੰ ਸਾਫ਼ ਕਰਨਾ ਜ਼ਰੂਰੀ ਹੈ, ਉਸੇ ਤਰ੍ਹਾਂ ਮਨ ਵਿੱਚ ਜਮ੍ਹਾਂ ਹੋਈ ਨਫ਼ਰਤ, ਈਰਖਾ, ਵੈਰ-ਵਿਰੋਧ ਅਤੇ ਹੰਕਾਰ ਨੂੰ ਦੂਰ ਕਰਨਾ ਵੀ ਜ਼ਰੂਰੀ ਹੈ। ਘਰ ਦੀਆਂ ਕੰਧਾਂ ਨੂੰ ਰੰਗ ਕਰਵਾਉਣ ਨਾਲ ਘਰ ਦੀ ਦਿੱਖ ਬਦਲ ਜਾਂਦੀ ਹੈ, ਪਰ ਮਨੁੱਖ ਦੀ ਸ਼ਖ਼ਸੀਅਤ ਉਸ ਦੇ ਵਿਚਾਰਾਂ ਅਤੇ ਕਰਮਾਂ ਨਾਲ ਨਿੱਖਰਦੀ ਹੈ। ਬਾਹਰਲੀ ਸਫ਼ਾਈ ਸਾਨੂੰ ਸੁੰਦਰਤਾ ਦਾ ਅਹਿਸਾਸ ਕਰਵਾਉਂਦੀ ਹੈ, ਜਦੋਂਕਿ ਅੰਦਰਲੀ ਸਫ਼ਾਈ ਸਾਨੂੰ ਸਹੀ ਜੀਵਨ ਜਿਊਣ ਦੀ ਦਿਸ਼ਾ ਦਿੰਦੀ ਹੈ।

ਦੀਵਾਲੀ ਉੱਤੇ ਘਿਓ ਦੇ ਦੀਵੇ ਜਗਾਉਣ ਦੀ ਪਰੰਪਰਾ ਵੀ ਆਪਣੇ ਅੰਦਰ ਡੂੰਘਾ ਸੰਦੇਸ਼ ਸਮੋਈ ਬੈਠੀ ਹੈ। ਦੀਵਾ ਹਨੇਰੇ ਨੂੰ ਦੂਰ ਕਰਕੇ ਚਾਨਣ ਫੈਲਾਉਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਗਿਆਨ, ਸੱਚਾਈ ਅਤੇ ਚੰਗੇ ਵਿਚਾਰਾਂ ਦਾ ਚਾਨਣ ਹੋਣਾ ਚਾਹੀਦਾ ਹੈ ਤਾਂ ਜੋ ਅਗਿਆਨਤਾ ਦਾ ਹਨੇਰਾ ਦੂਰ ਹੋ ਸਕੇ। ਅਧਿਆਤਮਕ ਦ੍ਰਿਸ਼ਟੀ ਤੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਅਤੇ ਉਸ ਦੀ ਯਾਦ ਮਨ ਨੂੰ ਸ਼ਾਂਤੀ, ਸੰਜਮ ਅਤੇ ਸਹੀ ਰਾਹ ਉੱਤੇ ਚੱਲਣ ਦੀ ਪ੍ਰੇਰਨਾ ਦੇ ਸਕਦੇ ਹਨ। ਦੀਵਿਆਂ ਦੀਆਂ ਲੜੀਆਂ ਨਾਲ ਘਰ ਅਤੇ ਗਲੀਆਂ ਰੌਸ਼ਨ ਹੋ ਜਾਂਦੀਆਂ ਹਨ, ਪਰ ਜੇਕਰ ਸਾਡਾ ਮਨ ਹੀ ਨਫ਼ਰਤ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਡੁੱਬਿਆ ਰਹੇ ਤਾਂ ਬਾਹਰਲੀ ਰੌਸ਼ਨੀ ਸਾਡੇ ਜੀਵਨ ਨੂੰ ਪੂਰੀ ਤਰ੍ਹਾਂ ਰੌਸ਼ਨ ਨਹੀਂ ਕਰ ਸਕਦੀ। ਅਸਲ ਦੀਵਾਲੀ ਉਦੋਂ ਹੁੰਦੀ ਹੈ ਜਦੋਂ ਮਨੁੱਖ ਦੇ ਅੰਦਰ ਗਿਆਨ ਦਾ ਦੀਵਾ ਜਗਦਾ ਹੈ, ਉਸ ਦੀ ਸੋਚ ਵਿੱਚੋਂ ਬੁਰਾਈ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਉਸ ਦੇ ਵਿਹਾਰ ਵਿੱਚ ਦਇਆ, ਪਿਆਰ, ਸਹਿਣਸ਼ੀਲਤਾ ਤੇ ਨਿਮਰਤਾ ਦਾ ਚਾਨਣ ਫੈਲਦਾ ਹੈ।

ਸਮਾਜ ਵਿੱਚ ਲੋਕਾਂ ਦੇ ਮਨਾਂ ਵਿੱਚ ਧਾਰਮਿਕ ਤਿਉਹਾਰਾਂ ਨੂੰ ਮਨਾਉਣ ਲਈ ਬਹੁਤ ਉਤਸ਼ਾਹ ਦਿਖਾਈ ਦਿੰਦਾ ਹੈ। ਲੋਕ ਪੂਜਾ-ਪਾਠ ਕਰਦੇ ਹਨ, ਵਰਤ ਰੱਖਦੇ ਹਨ, ਮੇਲਿਆਂ ਵਿੱਚ ਜਾਂਦੇ ਹਨ, ਰਾਵਣ ਦੇ ਪੁਤਲੇ ਸਾੜਦੇ ਹਨ ਅਤੇ ਦੀਵਾਲੀ ਉੱਤੇ ਦੀਵੇ ਜਗਾਉਂਦੇ ਹਨ। ਇਹ ਸਾਰੀਆਂ ਪਰੰਪਰਾਵਾਂ ਸਾਡੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਦਾ ਹਿੱਸਾ ਹਨ। ਇਨ੍ਹਾਂ ਨੂੰ ਨਿਭਾਉਣ ਨਾਲ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਕਿਸੇ ਦੇ ਮਨ ਵਿੱਚ ਖਿੜਾਓ ਉਤਪੰਨ ਹੁੰਦਾ ਹੈ, ਪਰ ਇਨ੍ਹਾਂ ਦਾ ਮਕਸਦ ਸਿਰਫ਼ ਰਸਮਾਂ ਪੂਰੀਆਂ ਕਰਨਾ ਨਹੀਂ ਹੋਣਾ ਚਾਹੀਦਾ। ਅਧਿਆਤਮਕਤਾ ਸਿਰਫ਼ ਮੰਦਰਾਂ ਵਿੱਚ ਮੱਥਾ ਟੇਕਣ, ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਜਾਂ ਕਿਸੇ ਵਿਸ਼ੇਸ਼ ਦਿਨ ਪੂਜਾ ਕਰਨ ਤੱਕ ਸੀਮਤ ਨਹੀਂ ਹੈ। ਇਹ ਜੀਵਨ ਜਿਊਣ ਦੀ ਇੱਕ ਅਜਿਹੀ ਦ੍ਰਿਸ਼ਟੀ ਹੈ ਜਿਸ ਵਿੱਚ ਮਨੁੱਖ ਆਪਣੇ ਵਿਚਾਰਾਂ, ਬੋਲਾਂ ਅਤੇ ਕਰਮਾਂ ਨੂੰ ਸ਼ੁੱਧ ਕਰਨ ਦਾ ਯਤਨ ਕਰਦਾ ਹੈ। ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨਾ, ਕਿਸੇ ਨਾਲ ਧੋਖਾ ਨਾ ਕਰਨਾ, ਲੋੜਵੰਦ ਦੀ ਸਹਾਇਤਾ ਕਰਨੀ, ਆਪਣੇ ਗੁੱਸੇ ਨੂੰ ਸੰਜਮ ਵਿੱਚ ਰੱਖਣਾ ਅਤੇ ਆਪਣੇ ਅੰਦਰ ਹੰਕਾਰ ਦੀ ਥਾਂ ਨਿਮਰਤਾ ਪੈਦਾ ਕਰਨੀ ਵੀ ਅਧਿਆਤਮਕ ਜੀਵਨ ਦੇ ਮਹੱਤਵਪੂਰਨ ਅੰਗ ਹਨ।

ਨਰਾਤਿਆਂ ਤੋਂ ਦੀਵਾਲੀ ਤੱਕ ਦਾ ਸਫ਼ਰ ਸਿਰਫ਼ ਇੱਕ ਮਹੀਨੇ ਦੇ ਤਿਉਹਾਰਾਂ ਦਾ ਸਫ਼ਰ ਨਹੀਂ, ਸਗੋਂ ਆਪਣੇ ਅੰਦਰ ਝਾਤੀ ਮਾਰਨ, ਬੁਰਾਈਆਂ ਨੂੰ ਪਛਾਣਨ, ਚੰਗਿਆਈਆਂ ਨੂੰ ਅਪਣਾਉਣ ਅਤੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਦਾ ਪ੍ਰਤੀਕਾਤਮਕ ਸਫ਼ਰ ਵੀ ਹੈ। ਜਿੱਥੇ ਨਰਾਤੇ ਸਾਨੂੰ ਅੰਦਰਲੀਆਂ ਸ਼ਕਤੀਆਂ ਜਗਾਉਣ ਦੀ ਪ੍ਰੇਰਨਾ ਦਿੰਦੇ ਹਨ ਉੱਥੇ ਹੀ ਦੁਸਹਿਰਾ ਵਿਕਾਰਾਂ ਉੱਤੇ ਜਿੱਤ ਦਾ ਸੰਦੇਸ਼ ਦਿੰਦਾ ਹੈ ਅਤੇ ਦੀਵਾਲੀ ਅੰਦਰ ਗਿਆਨ ਤੇ ਚਾਨਣ ਪੈਦਾ ਕਰਨ ਦਾ ਪ੍ਰਤੀਕ ਬਣਦੀ ਹੈ। ਸਾਨੂੰ ਤਿਉਹਾਰਾਂ ਦੀਆਂ ਖ਼ੁਸ਼ੀਆਂ ਜ਼ਰੂਰ ਮਨਾਉਣੀਆਂ ਚਾਹੀਦੀਆਂ ਹਨ, ਮੇਲਿਆਂ ਦਾ ਆਨੰਦ ਵੀ ਮਾਣਨਾ ਚਾਹੀਦਾ ਹੈ ਅਤੇ ਆਪਣੀਆਂ ਪਰੰਪਰਾਵਾਂ ਨੂੰ ਵੀ ਸੰਭਾਲ ਕੇ ਰੱਖਣਾ ਚਾਹੀਦਾ ਹੈ, ਪਰ ਇਸ ਦੇ ਨਾਲ-ਨਾਲ ਇਨ੍ਹਾਂ ਦੇ ਅਧਿਆਤਮਕ ਸੰਦੇਸ਼ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਵੀ ਜ਼ਰੂਰੀ ਹੈ। ਰਾਵਣ ਦੇ ਪੁਤਲੇ ਹਰ ਸਾਲ ਸੜਦੇ ਰਹਿਣ, ਪਰ ਨਾਲ ਹੀ ਸਾਡੇ ਅੰਦਰਲੇ ਰਾਵਣ ਵਾਲਾ ਪੁਤਲਾ ਵੀ ਸੜਨਾ ਚਾਹੀਦਾ ਹੈ। ਹਰ ਸਾਲ ਦੀਵੇ ਜਗਾਉਂਦੇ ਰਹਿਣ ਤੋਂ ਭਾਵ ਸਾਨੂੰ ਆਪਣੇ ਮਨ ਵਿੱਚ ਗਿਆਨ ਦਾ ਦੀਵਾ ਜਗਾਉਂਦੇ ਰਹਿਣਾ ਚਾਹੀਦਾ ਹੈ।

ਇਸ ਅੰਕ ਦੀਆਂ ਹੋਰ ਖ਼ਬਰਾਂ

ਝੋਟਾ ਕਤਲ ਕਾਂਡ ਰਾਜ ਭਵਨ ਪਹੁੰਚਿਆ: ਅਕਾਲੀ ਵਫ਼ਦ ਨੇ ਰਾਜਪਾਲ ਤੋਂ ਮੰਗੀ ਮੁੱਖ ਮੰਤਰੀ ਮਾਨ ਦੀ ਬਰਖ਼ਾਸਤਗੀਪੜ੍ਹੋ →
ਮਜ਼ਦੂਰ ਦੀ ਪਤਨੀ ’ਤੇ ਬਰਸੀ ਕਿਸਮਤ, 7 ਰੁਪਏ ਖਰਚ ਕੇ ਬਣ ਗਈ 1 ਕਰੋੜ ਦੀ ਮਾਲਕਣਪੜ੍ਹੋ →
ਦਰਬਾਰ ਸਾਹਿਬ ਵਿਖੇ 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਹੋਵੇਗੀ ਦੀਪਮਾਲਾਪੜ੍ਹੋ →
ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਨਾਤਨ ਸੇਵਾ ਸਮਿਤੀ ਦੇ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨਪੜ੍ਹੋ →
ਨੋਇਡਾ ਦੇ ਸੈਕਟਰ 125 ’ਚ ਲੱਗੀ ਭਿਆਨਕ ਅੱਗ, 1 ਵਿਅਕਤੀ ਦੀ ਹੋਈ ਮੌਤਪੜ੍ਹੋ →
ਬੱਸ ਮੁਲਾਜ਼ਮਾਂ ਦੀ ਹੜਤਾਲ ’ਤੇ ਸਸਪੈਂਸ, ਸਰਕਾਰ ਦੇ ਲਿਖਤੀ ਹੁਕਮਾਂ ਦੀ ਉਡੀਕਪੜ੍ਹੋ →