ਤਾਂ ਤੁਸੀਂ ਨਹੀਂ ਹੋ ?': ਸੁਣਵਾਈ ਦੌਰਾਨ ਹਾਈ ਕੋਰਟ ਵੱਲੋਂ ਆਗੂਆਂ ਨੂੰ ਸਵਾਲ
ਕਾਕਰੋਚ ਜਨਤਾ ਪਾਰਟੀ ਦੇ ਆਗੂ ਸੌਰਵ ਦਾਸ (ਖੱਬੇ) ਅਤੇ ਆਸ਼ੂਤੋਸ਼ ਰਾਂਕਾ। ਫ਼ੋਟੋ: ਪੀ.ਟੀ.ਆਈ. ਫਾਈਲ ਫ਼ੋਟੋ
ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ‘ਕਾਕਰੋਚ ਜਨਤਾ ਪਾਰਟੀ’ ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਵੱਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਦੌਰਾਨ ਅਹਿਮ ਸਵਾਲ ਉਠਾਏ। ਅਦਾਲਤ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਅਮਨ-ਸ਼ਾਂਤੀ ਬਣਾਏ ਰੱਖਣ ਲਈ ਦਿੱਤੇ ਗਏ ਮੁਚੱਲਕੇ (ਬਾਂਡ) ਦੇ ਅਗਲੇ ਹੀ ਦਿਨ ਉਸ ਦੀ ਉਲੰਘਣਾ ਕੀਤੀ ਸੀ।
ਜਸਟਿਸ ਸੁਬਰਾਮੋਨੀਅਮ ਪ੍ਰਸਾਦ ਨੇ ਵਕੀਲ ਨੂੰ ਸਮਝਾਇਆ ਕਿ 10 ਅਕਤੂਬਰ ਨੂੰ ਭਰ ਕੇ ਦਿੱਤਾ ਗਿਆ ਮੁਚੱਲਕਾ (ਬਾਂਡ) ਅਗਲੇ ਹੀ ਦਿਨ, ਯਾਨੀ 11 ਅਕਤੂਬਰ ਨੂੰ ਤੋੜ ਦਿੱਤਾ ਗਿਆ ਸੀ। ਜੱਜ ਸਾਹਿਬ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਾਈ ਕੋਰਟ ਸਿਰਫ਼ ਅੰਤਿਮ ਫ਼ੈਸਲੇ ਨੂੰ ਨਹੀਂ, ਸਗੋਂ ਉਸ ਨੂੰ ਲੈਣ ਦੇ ਤਰੀਕੇ ਦੀ ਜਾਂਚ ਕਰਦੀ ਹੈ, ਜਦੋਂ ਤੱਕ ਕਿ ਉਹ ਫ਼ੈਸਲਾ ਬਹੁਤ ਹੀ ਜ਼ਿਆਦਾ ਗ਼ਲਤ ਨਾ ਹੋਵੇ। ਅਦਾਲਤ ਨੇ ਸਵਾਲ ਕੀਤਾ ਕਿ ਜਦੋਂ ਇਨ੍ਹਾਂ ਆਗੂਆਂ ਨੇ ਜੰਤਰ-ਮੰਤਰ ’ਤੇ ਝੰਡਾ ਲਹਿਰਾ ਕੇ ਦੂਜੀ ਵਾਰ ਬਾਂਡ ਦੀ ਉਲੰਘਣਾ ਕੀਤੀ ਹੈ, ਤਾਂ ਅਧਿਕਾਰੀਆਂ ਕੋਲ ਸਖ਼ਤ ਸਬੂਤ ਮੰਗਣ ਦਾ ਪੂਰਾ ਅਧਿਕਾਰ ਹੈ।
ਸੁਣਵਾਈ ਦੌਰਾਨ ਜਸਟਿਸ ਪ੍ਰਸਾਦ ਨੇ ਆਗੂਆਂ ਦੀ ਉਮਰ ਪੁੱਛੀ। ਜਦੋਂ ਵਕੀਲ ਨੇ ਦੱਸਿਆ ਕਿ ਦਾਸ 27 ਸਾਲ ਅਤੇ ਰਾਂਕਾ 31 ਸਾਲ ਦੇ ਹਨ, ਤਾਂ ਜੱਜ ਨੇ ਹੱਸਦਿਆਂ ਟਿੱਪਣੀ ਕੀਤੀ, “ਤਾਂ ਤੁਸੀਂ ਜੈੱਨ-ਜ਼ੀ ਨਹੀਂ ਹੋ?” ਉਨ੍ਹਾਂ ਕਿਹਾ, ਹਾਲਾਂਕਿ ਪ੍ਰਦਰਸ਼ਨ ਵਿੱਚ ਨੌਜਵਾਨ ਸ਼ਾਮਲ ਹਨ, ਪਰ ਹੁਣ ਉਨ੍ਹਾਂ ਦੇ ਮੁੱਦੇ ਬਦਲਦੇ ਪ੍ਰਤੀਤ ਹੋ ਰਹੇ ਹਨ ਅਤੇ ਉਹ ‘ਸੱਤਾ ਬਦਲਣ’ ਦੀਆਂ ਗੱਲਾਂ ਕਰ ਰਹੇ ਹਨ। ਆਖ਼ਰਕਾਰ, ਦੋਵਾਂ ਆਗੂਆਂ ਨੇ ਆਪਣੀ ਇਹ ਅਰਜ਼ੀ ਵਾਪਸ ਲੈ ਲਈ।
ਇਹ ਆਗੂ 13 ਅਕਤੂਬਰ ਨੂੰ ਜੰਤਰ-ਮੰਤਰ ਦੇ ਗੇਟ ਤੋਂ ਟੱਪ ਕੇ ਅੰਦਰ ਦਾਖ਼ਲ ਹੋਣ ਕਾਰਨ ਗ੍ਰਿਫ਼ਤਾਰ ਕੀਤੇ ਗਏ ਸਨ। ਇਸ ਤੋਂ ਇਲਾਵਾ, ਨੇ ਪੁਲੀਸ ’ਤੇ ਜ਼ਮਾਨਤ ਵਿੱਚ ਰੋੜੇ ਅਟਕਾਉਣ ਦੇ ਦੋਸ਼ ਲਗਾਏ ਸਨ, ਪਰ ਅਦਾਲਤੀ ਰਿਕਾਰਡ ਦੱਸਦਾ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਜ਼ਮਾਨਤੀਆਂ ਦੇ ਦਸਤਾਵੇਜ਼ਾਂ ਅਤੇ ਪਛਾਣ ਵਿੱਚ ਵੱਡੀਆਂ ਖ਼ਾਮੀਆਂ ਸਨ। ਪਹਿਲੇ ਦੋ ਜ਼ਮਾਨਤੀਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਸਨ, ਜਦਕਿ ਦੂਜੇ ਦੋ ਜ਼ਮਾਨਤੀਆਂ ਦੇ ਆਧਾਰ ਕਾਰਡਾਂ ਦੀਆਂ ਫ਼ੋਟੋਆਂ ਮੇਲ ਨਹੀਂ ਖਾਧੀਆਂ ਅਤੇ ਉਹ ਆਗੂਆਂ ਬਾਰੇ ਮੁੱਢਲੀ ਜਾਣਕਾਰੀ ਵੀ ਨਹੀਂ ਦੇ ਸਕੇ।
