ਦਿੱਲੀ ਹਵਾਈ ਅੱਡੇ ’ਤੇ ਤਿੰਨ ਘੰਟੇ ਰੋਕੇ ਗਏ ਮੁੱਖ ਮੰਤਰੀ ਮਾਨ, 50 ਹਜ਼ਾਰ ਦਾ ਚਾਲਾਨ

ਚੰਡੀਗੜ੍ਹ: ਫਰਾਂਸ ਤੋਂ ਵਾਪਸੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਕਰੀਬ ਤਿੰਨ ਘੰਟੇ ਰੋਕੇ ਜਾਣ ਦਾ ਮਾਮਲਾ ਸਿਆਸੀ ਹੰਗਾਮਾ ਬਣ ਗਿਆ ਹੈ। ਮੁੱਖ ਮੰਤਰੀ 19 ਅਕਤੂਬਰ ਦੀ ਦੇਰ ਰਾਤ ਕਰੀਬ 11 ਵਜੇ ਦਿੱਲੀ ਹਵਾਈ ਅੱਡੇ ਪਹੁੰਚੇ, ਜਿੱਥੇ ਕਸਟਮ ਅਧਿਕਾਰੀਆਂ ਨੇ ਸਾਮਾਨ ਦੇ ਬਹਾਨੇ ਉਨ੍ਹਾਂ ਨੂੰ ਕਈ ਘੰਟੇ ਰੋਕੀ ਰੱਖਿਆ।
‘ਆਪ’ ਬੁਲਾਰੇ ਬਲਤੇਜ ਪੰਨੂ ਮੁਤਾਬਕ, ਮੁੱਖ ਮੰਤਰੀ ਜਦੋਂ ਹਵਾਈ ਅੱਡੇ ਤੋਂ ਬਾਹਰ ਗੱਡੀ ਵਿੱਚ ਬੈਠ ਗਏ ਤਾਂ ਪਿੱਛੋਂ ਆਏ ਅਧਿਕਾਰੀਆਂ ਨੇ ਰੋਕ ਕੇ 50 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ। ਪੰਨੂ ਨੇ ਕਿਹਾ ਕਿ ਹਾਈ ਕੋਰਟ ਨੇ ਵਿਦੇਸ਼ ਦੌਰੇ ਦੌਰਾਨ ਮੁੱਖ ਮੰਤਰੀ ਨੂੰ ਬਣਦਾ ਪ੍ਰੋਟੋਕਾਲ ਦੇਣ ਦੇ ਹੁਕਮ ਦਿੱਤੇ ਸਨ, ਪਰ ਕੇਂਦਰ ਸਰਕਾਰ ਨੇ ਅਦਾਲਤੀ ਹੁਕਮਾਂ ਤੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਫਰਾਂਸ ਵਿੱਚ ਭਾਰਤੀ ਕੌਂਸਲੇਟ ਜਨਰਲ ਪ੍ਰੋਟੋਕਾਲ ਮੁਤਾਬਕ ਮੁੱਖ ਮੰਤਰੀ ਨੂੰ ਮਿਲਣ ਨਹੀਂ ਆਏ।
ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ‘ਐਕਸ’ ’ਤੇ ਦੱਸਿਆ ਕਿ ਇਜਾਜ਼ਤ ਤੋਂ ਵੱਧ ਸਾਮਾਨ ਤੇ ਪੈਸੇ ਲਿਆਉਣ ’ਤੇ ਮੁੱਖ ਮੰਤਰੀ ਤੋਂ ਘੰਟਿਆਂ ਬੱਧੀ ਪੁੱਛਗਿੱਛ ਹੋਈ, ਤੇ ਸੀਐੱਮਓ ਸਟਾਫ਼ ਸਮੇਤ ਉੱਚ ਅਧਿਕਾਰੀਆਂ ਦੀ ਬੈਗ ਵੈਰੀਫਿਕੇਸ਼ਨ ਦੇ ਹੁਕਮ ਵੀ ਹੋਏ। ਮਜੀਠੀਆ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ।
ਜ਼ਿਕਰਯੋਗ ਹੈ ਕਿ ਕੇਂਦਰੀ ਵਿਦੇਸ਼ ਮੰਤਰਾਲੇ ਨੇ ਮੁੱਖ ਮੰਤਰੀ ਦੇ ਫਰਾਂਸ ਦੌਰੇ ਦੀ ਸਿਆਸੀ ਪ੍ਰਵਾਨਗੀ ਨਹੀਂ ਦਿੱਤੀ ਸੀ, ਜਿਸ ਮਗਰੋਂ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਅਦਾਲਤ ਨੇ ਪਟੀਸ਼ਨ ਮਨਜ਼ੂਰ ਕਰ ਲਈ ਸੀ। ਮੁੱਖ ਮੰਤਰੀ ਨੇ 17 ਤੋਂ 21 ਅਕਤੂਬਰ ਤੱਕ ਪੈਰਿਸ ਵਿੱਚ ਹੋ ਰਹੇ ਕੌਮਾਂਤਰੀ ਫੂਡ ਫੈਸਟੀਵਲ ਵਿੱਚ ਸ਼ਮੂਲੀਅਤ ਕੀਤੀ ਤੇ ਮਾਰਕਫੈੱਡ ਦੇ ਉਤਪਾਦ ਲਾਂਚ ਕੀਤੇ।
