ਪਾਕੀਜ਼ਾ’ ਨੇ ਲੰਡਨ ਫਿਲਮ ਮੇਲਾ ਲੁੱਟਿਆ
‘ਫਿਲਮ ਹੈਰੀਟੇਜ ਫਾਊਂਡੇਸ਼ਨ’ (ਐੱਫ ਐੱਚ ਐੱਫ) ਵੱਲੋਂ ਕਮਾਲ ਅਮਰੋਹੀ ਦੀ 1972 ਦੀ ਸ਼ਾਹਕਾਰ ਫਿਲਮ ‘ਪਾਕੀਜ਼ਾ’ ਨੇ ਬੀ ਐੱਫ ਆਈ ਲੰਡਨ ਫਿਲਮ ਫੈਸਟੀਵਲ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਐਤਵਾਰ ਨੂੰ ਦਿਖਾਈ ਗਈ ਇਸ ਫਿਲਮ ਮੌਕੇ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਆਧੁਨਿਕ ਤਕਨੀਕ ਨਾਲ ਸੰਭਾਲੀ ਗਈ ਇਸ ਫਿਲਮ ਨੂੰ ਫੈਸਟੀਵਲ ਦੀ ਸਮਾਪਤੀ ਮੌਕੇ ਵਿਸ਼ੇਸ਼ ਤੌਰ ’ਤੇ ਵਜੋਂ ਪੇਸ਼ ਕੀਤਾ ਗਿਆ। ਇੱਕ ਪ੍ਰੈਸ ਬਿਆਨ ਅਨੁਸਾਰ ਇਸ ਫਿਲਮ ਨੂੰ ਦੇਖਣ ਲਈ ਲੋਕਾਂ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਸੀ ਕਿ ਬੁਕਿੰਗ ਸ਼ੁਰੂ ਹੋਣ ਦੇ ਇੱਕ ਦਿਨ ਦੇ ਅੰਦਰ ਹੀ ਸਾਰੀਆਂ ਟਿਕਟਾਂ ਵਿਕ ਗਈਆਂ ਅਤੇ ਹਾਲ ਵਿੱਚ ਇੱਕ ਵੀ ਸੀਟ ਖਾਲੀ ਨਹੀਂ ਸੀ ਬਚੀ। ਸ਼ਾਮ ਦੀ ਸ਼ੁਰੂਆਤ ‘ਫਿਲਮ ਹੈਰੀਟੇਜ ਫਾਊਂਡੇਸ਼ਨ’ ਦੇ ਡਾਇਰੈਕਟਰ ਸ਼ਿਵੇਂਦਰ ਸਿੰਘ ਡੁੰਗਰਪੁਰ ਵੱਲੋਂ ਕਰਵਾਈ ਗਈ ਜਾਣ-ਪਛਾਣ ਨਾਲ ਹੋਈ ਜਿਸ ਵਿੱਚ ਉਨ੍ਹਾਂ ਦੇ ਨਾਲ ਮਸ਼ਹੂਰ ਫਿਲਮ ਨਿਰਮਾਤਾ ਕਮਾਲ ਅਮਰੋਹੀ ਦੇ ਪੁੱਤਰ ਤਾਜਦਾਰ ਅਮਰੋਹੀ ਅਤੇ ਧੀ ਰੁਖਸਾਰ ਅਮਰੋਹੀ ਵੀ ਮੌਜੂਦ ਸਨ। ਇਸ ਦਿਲ ਨੂੰ ਛੂਹ ਲੈਣ ਵਾਲੀ ਗੱਲਬਾਤ ਦਾ ਸੰਚਾਲਨ ਬ੍ਰਿਟਿਸ਼ ਫਿਲਮ ਇੰਸਟੀਚਿਊਟ ਵਿਖੇ ‘ਨੌਲੇਜ ਐਂਡ ਕਲੈਕਸ਼ਨਜ਼’ ਦੀ ਕਾਰਜਕਾਰੀ ਨਿਰਦੇਸ਼ਕ ਅਰੀਕੇ ਓਕੇ ਵੱਲੋਂ ਕੀਤਾ ਗਿਆ।
ਇਸ ਮੌਕੇ ਕਮਾਲ ਅਮਰੋਹੀ ਦੇ ਪੋਤੇ ਬਿਲਾਲ ਅਮਰੋਹੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਫਿਲਮ ਦੀ ਬਹਾਲੀ (ਰੀਸਟੋਰੇਸ਼ਨ) ਦੇ ਕੰਮ ਵਿੱਚ ‘ਫਿਲਮ ਹੈਰੀਟੇਜ ਫਾਊਂਡੇਸ਼ਨ’ ਨਾਲ ਸਹਿਯੋਗ ਕੀਤਾ ਸੀ। ਸ਼ਿਵੇਂਦਰ ਸਿੰਘ ਡੂੰਗਰਪੁਰ ਨੇ ਕਿਹਾ, ਜਦੋਂ ਤੋਂ ਮੈਂ 2014 ਵਿੱਚ ‘ਫਿਲਮ ਹੈਰੀਟੇਜ ਫਾਊਂਡੇਸ਼ਨ’ ਦੀ ਸਥਾਪਨਾ ਕੀਤੀ ਸੀ, ਉਦੋਂ ਤੋਂ ਹੀ ਮੇਰਾ ਸੁਪਨਾ ਸੀ ਕਿ ‘ਪਾਕੀਜ਼ਾ’ ਨੂੰ ਸੰਭਾਲਿਆ ਜਾਵੇ।’’ ਤਾਜਦਾਰ ਅਮਰੋਹੀ ਨੇ ਕਿਹਾ, ‘ਮੇਰੀ ਛੋਟੀ ਅੰਮੀ ਮੀਨਾ ਕੁਮਾਰੀ, ਆਪਣੇ ਆਖਰੀ ਸਮੇਂ ਕੋਮਾ ਵਿੱਚ ਸੀ। ਕਈ ਪੱਖਾਂ ਤੋਂ ਦੇਖਿਆ ਜਾਵੇ ਤਾਂ ਅੱਜ ‘ਪਾਕੀਜ਼ਾ’ ਦੇ ਨੈਗੇਟਿਵ (ਫ਼ਿਲਮ ਦੀ ਅਸਲ ਰੀਲ) ਵੀ ਇੱਕ ਤਰ੍ਹਾਂ ਨਾਲ ਕੋਮਾ ਵਿੱਚ ਹੀ ਸੀ ਜਿਸ ਨੂੰ ਡੁੰਗਰਪੁਰ ਨੇ ਮੁੜ ਜੀਵਿਤ ਕਰ ਦਿੱਤਾ ਹੈ।
