ਧਰਨੇ ’ਚ ਪੁੱਜੇ ਪੰਜਾਬੀ ਗਾਇਕ ਬੱਬੂ ਮਾਨ; ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਪੰਜਾਬੀ ਗਾਇਕ ਬੱਬੂ ਮਾਨ, ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਸਮੇਤ ਧਰਨਾਕਾਰੀਆਂ ਨਾਲ ਬੈਠੇ ਹੋਏ।
ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਅੱਜ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਪਹੁੰਚੇ। ਉਨ੍ਹਾਂ ਨੇ ਪਰਵਿੰਦਰ ਝੋਟਾ ਦੇ ਪਿਤਾ ਫ਼ੌਜੀ ਭੀਮ ਸਿੰਘ ਦੇ ਗਲ਼ ਲੱਗ ਕੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਇਸ ਦੌਰਾਨ ਬੋਲਦਿਆਂ ਬੱਬੂ ਮਾਨ ਨੇ ਕਿਹਾ ਕਿ ਅਜਿਹੇ ਹੀਰੇ ਘਰ-ਘਰ ਨਹੀਂ ਜੰਮਦੇ। ਉਨ੍ਹਾਂ ਕਿਹਾ ਕਿ ਪਰਵਿੰਦਰ ਦਾ ਨਸ਼ਿਆਂ ਵਿਰੋਧੀ ਜੰਗ ਵਿੱਚ ਕੁੱਦਣਾ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਦਾ ਦਰਜਾ ਮਿਲਿਆ ਹੈ ਅਤੇ ਇਹ ਸਿਰਫ਼ ਉਸਦੀ ਇਕੱਲੇ ਦੀ ਲੜਾਈ ਨਹੀਂ ਸੀ, ਸਗੋਂ ਪੂਰੇ ਪੰਜਾਬ ਦੇ ਲੋਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦ੍ਰਿੜ੍ਹ ਸੰਕਲਪ ਵਾਲੇ ਨੌਜਵਾਨ ਬਹੁਤ ਘੱਟ ਮਿਲਦੇ ਹਨ, ਜੋ ਦੁਨੀਆ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਹਨ।
ਪਰਵਿੰਦਰ ਦੇ ਪਿਤਾ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਬਾਪੂ ਭੀਮ ਸਿੰਘ ਨੇ ਬਹੁਤ ਵੱਡਾ ਜਿਗਰਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਸਾਖੀਆਂ-ਕਹਾਣੀਆਂ ਵਿੱਚ ਸੁਣਦੇ ਹਾਂ, ਬਾਪੂ ਨੇ ਸਾਬਤ ਕਰ ਦਿੱਤਾ ਹੈ ਕਿ ਅਸਲੀ ਪੰਜਾਬੀ ਅਜਿਹਾ ਹੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਉਹ ਨਹੀਂ ਜਿਹੜੇ ਸੋਸ਼ਲ ਮੀਡੀਆ 'ਤੇ ਧੜੇਬੰਦੀਆਂ ਬਣਾ ਕੇ ਇੱਕ-ਦੂਜੇ ਨੂੰ ਗਾਲ੍ਹਾਂ ਕੱਢਣ ਅਤੇ ਬਹਿਸਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਉਹ ਨੇ ਜਿਹੜੇ ਆਪਣੇ ਘਰ ਤੋਂ ਪਹਿਲਾਂ ਪਿੰਡ ਦਾ, ਫਿਰ ਪੰਜਾਬ ਦਾ ਭਲਾ ਸੋਚਦੇ ਹਨ ਅਤੇ ਦੂਜਿਆਂ ਨੂੰ ਆਪਣੇ ਮਾਂ-ਬਾਪ ਵਾਂਗ ਸਤਿਕਾਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਇੱਥੇ ਆਏ ਹਨ।
