ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ ਦਾ ਐਕਸ਼ਨ
ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪੁਲੀਸ ਹੈੱਡਕੁਆਰਟਰ ਵੱਲੋਂ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਂਦੇ-ਜਾਂਦੇ ਸਮੇਂ ਵਰਦੀ ਨਾ ਪਾਉਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੁਲੀਸ ਵਿਭਾਗ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ‘ਝੂਠੀ ਐਡਵਾਇਜ਼ਰੀ’ ਕਰਾਰ ਦਿੱਤਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਪੰਜਾਬ ਪੁਲੀਸ ਨੇ ਸਪੱਸ਼ਟ ਕੀਤਾ ਕਿ ਹੈੱਡਕੁਆਰਟਰ ਜਾਂ ਇਸ ਦੇ ਅਧੀਨ ਆਉਂਦੇ ਕਿਸੇ ਵੀ ਦਫ਼ਤਰ ਵੱਲੋਂ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ। ਵਿਭਾਗ ਨੇ ਸਾਫ਼ ਕੀਤਾ ਕਿ ਪੁਲੀਸ ਮੁਲਾਜ਼ਮਾਂ ਨੂੰ ਸਫ਼ਰ ਦੌਰਾਨ ਵਰਦੀ ਤੋਂ ਪਰਹੇਜ਼ ਕਰਨ ਜਾਂ ਸਿਵਲ ਕੱਪੜੇ ਪਾ ਕੇ ਡਿਊਟੀ ’ਤੇ ਆਉਣ-ਜਾਣ ਲਈ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਹਨ। ਪੁਲੀਸ ਨੇ ਆਮ ਨਾਗਰਿਕਾਂ ਅਤੇ ਆਪਣੇ ਜਵਾਨਾਂ ਨੂੰ ਅਜਿਹੀਆਂ ਝੂਠੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦਿਆਂ ਕੇਵਲ ਅਧਿਕਾਰਤ ਸਰੋਤਾਂ ’ਤੇ ਹੀ ਭਰੋਸਾ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਏ.ਐੱਸ.ਆਈ. ਦੇ ਕਤਲ ਤੋਂ ਬਾਅਦ ਇੱਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੁਲੀਸ ਕਰਮਚਾਰੀਆਂ ਨੂੰ ਡਿਊਟੀ ’ਤੇ ਆਉਣ ਸਮੇਂ ਅਤੇ ਵਾਪਸੀ ਸਮੇਂ ਯੂਨੀਫ਼ਾਰਮ ਨਾ ਪਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ। ਅਜਿਹਾ ਉਨ੍ਹਾਂ ਨੂੰ ਹਮਲਿਆਂ ਤੋਂ ਬਚਾਉਣ ਵਾਸਤੇ ਕੀਤਾ ਗਿਆ ਹੈ। ਇਸ ਆਡੀਓ ਵਿੱਚ ਪੁਲੀਸ ਕਰਮਚਾਰੀਆਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਡਿਊਟੀ ’ਤੇ ਆਉਣ ਸਮੇਂ ਅਤੇ ਡਿਊਟੀ ਤੋਂ ਵਾਪਸ ਜਾਣ ਸਮੇਂ ਪੁਲੀਸ ਵਰਦੀ ਜਾਂ ਅਜਿਹਾ ਹੋਰ ਕੋਈ ਵੀ ਪਹਿਰਾਵਾ ਨਾ ਪਹਿਨਣ ਜਿਸ ਤੋਂ ਪਤਾ ਲੱਗੇ ਕਿ ਉਹ ਪੁਲੀਸ ਕਰਮਚਾਰੀ ਹਨ। ਇਹ ਆਡੀਓ ਇੱਕ ਔਰਤ ਦੀ ਆਵਾਜ਼ ਵਿੱਚ ਹੈ ਜੋ ਪੁਲੀਸ ਕਰਮਚਾਰੀਆਂ ਨੂੰ ਇਸ ਸਬੰਧੀ ਰੋਜ਼ਨਾਮਚੇ (ਰੋਜ਼ ਦੀ ਕਾਰਵਾਈ) ਵਿੱਚ ਦਰਜ ਕਰਨ ਲਈ ਆਖ ਰਹੀ ਹੈ ਅਤੇ ਸਾਰਿਆਂ ਨੂੰ ਦੱਸਣ ਬਾਰੇ ਕਹਿ ਰਹੀ ਹੈ।
ਇਸ ਆਡੀਓ ਨੇ ਆਮ ਲੋਕਾਂ ਅਤੇ ਪੁਲੀਸ ਬਲ ਦੇ ਅੰਦਰ ਕਾਫ਼ੀ ਭਰਮ ਪੈਦਾ ਕਰ ਦਿੱਤਾ। ਇੱਕ ਕਾਂਗਰਸੀ ਆਗੂ ਵੱਲੋਂ ਵੀ ਇਸ ਆਡੀਓ ਕਲਿੱਪ ਨੂੰ ਸਾਂਝਾ ਕੀਤਾ ਗਿਆ, ਜਿਸ ਨਾਲ ਮਾਮਲੇ ਨੇ ਸਿਆਸੀ ਰੂਪ ਧਾਰਨ ਕਰ ਲਿਆ। ਇਸ ਤੋਂ ਬਾਅਦ ਪੁਲੀਸ ਨੂੰ ਤੁਰੰਤ ‘ਫੈਕਟ ਚੈੱਕ’ ਕਰਕੇ ਸੱਚਾਈ ਸਾਹਮਣੇ ਲਿਆਉਣੀ ਪਈ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਮਨਘੜਤ ਸੁਨੇਹੇ ਬਿਨਾਂ ਵਜ੍ਹਾ ਭੁਲੇਖਾ ਪੈਦਾ ਕਰਦੇ ਹਨ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਵਿਭਾਗ ਪਹਿਲਾਂ ਹੀ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਪੁਲੀਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੁਲੀਸ ਦੇ ਅਧਿਕਾਰਤ ਹੈਂਡਲਾਂ ਤੋਂ ਪੁਸ਼ਟੀ ਕੀਤੇ ਬਿਨਾਂ ਕਿਸੇ ਵੀ ਅਣਪ੍ਰਮਾਣਿਤ ਖ਼ਬਰ ਜਾਂ ਵੀਡੀਓ/ਆਡੀਓ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ।
