ਸਤਿਆ ਪਾਲ ਜੈਨ ਛੇਵੀਂ ਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ ਵਧੀਕ ਸਾਲਿਸਟਰ ਜਨਰਲ ਨਿਯੁਕਤ
ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਵਕੀਲ ਸਤਿਆ ਪਾਲ ਜੈਨ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ 31 ਦਸੰਬਰ 2026 ਤੱਕ ਛੇਵੀਂ ਮਿਆਦ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਾਸਤੇ ਮੁੜ ਭਾਰਤ ਦਾ ਵਧੀਕ ਸਾਲਿਸਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਭਾਰਤ ਸਰਕਾਰ ਦੇ ਅਧਿਕਾਰਤ ਗਜ਼ਟ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਇਹ ਅਹੁਦਾ ਕੇਂਦਰੀ ਕੈਬਨਿਟ ਦੁਆਰਾ ਦਸੰਬਰ 2014 ਵਿੱਚ ਬਣਾਇਆ ਗਿਆ ਸੀ ਅਤੇ ਜੈਨ ਨੂੰ ਪਹਿਲੀ ਵਾਰ 9 ਅਪਰੈਲ, 2015 ਨੂੰ ਚੰਡੀਗੜ੍ਹ ਵਿੱਚ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਇਹ ਅਹੁਦਾ ਭਾਰਤ ਸਰਕਾਰ ਦੇ ਲਾਅ ਆਫ਼ੀਸਰਜ਼ (ਕੰਡੀਸ਼ਨ ਆਫ਼ ਸਰਵਿਸ) ਰੂਲਜ਼, 1987 ਅਧੀਨ ਆਉਂਦਾ ਹੈ, ਜੋ ਅਟਾਰਨੀ ਜਨਰਲ, ਸਾਲਿਸਟਰ ਜਨਰਲ ਅਤੇ ਹੋਰ ਵਧੀਕ ਸਾਲਿਸਟਰ ਜਨਰਲਾਂ ਦੀਆਂ ਸੇਵਾ ਸ਼ਰਤਾਂ ਨੂੰ ਵੀ ਨਿਯੰਤਰਿਤ ਕਰਦੇ ਹਨ।
ਵਧੀਕ ਸਾਲਿਸਟਰ ਜਨਰਲ ਦੇ ਤੌਰ 'ਤੇ, ਜੈਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਦੇ ਸਾਰੇ ਕੇਸਾਂ ਨੂੰ ਸੰਭਾਲਦੇ ਹਨ। ਉਹ ਲਗਪਗ 200 ਵਕੀਲਾਂ ਦੇ ਇੱਕ ਪੈਨਲ ਦੀ ਨਿਗਰਾਨੀ ਕਰਦੇ ਹਨ, ਜਿਸ ਵਿੱਚ ਇੱਕ ਡਿਪਟੀ ਸਾਲਿਸਟਰ ਜਨਰਲ, ਸੀਨੀਅਰ ਪੈਨਲ ਕੌਂਸਲ ਅਤੇ ਕੇਂਦਰ ਸਰਕਾਰ ਦੇ ਵਕੀਲ ਸ਼ਾਮਲ ਹਨ ਤੇ ਉਨ੍ਹਾਂ ਵਿਚਕਾਰ ਕੇਸਾਂ ਦੀ ਵੰਡ ਕਰਨ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕੋਲ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀਆਂ ਜ਼ਿਲ੍ਹਾ ਅਤੇ ਹੇਠਲੀਆਂ ਅਦਾਲਤਾਂ ਵਿੱਚ ਕੇਂਦਰ ਸਰਕਾਰ ਦੇ ਮੁਕੱਦਮਿਆਂ ਦੀ ਸਮੁੱਚੀ ਜ਼ਿੰਮੇਵਾਰੀ ਵੀ ਹੈ।
ਜੈਨ ਲਗਪਗ ਇੱਕ ਦਹਾਕੇ ਤੱਕ ਕੌਮੀ ਪੱਧਰ 'ਤੇ ਭਾਜਪਾ ਦੇ ਲੀਗਲ ਸੈੱਲ ਦੇ ਮੁਖੀ ਰਹਿ ਚੁੱਕੇ ਹਨ। ਉਹ 1996 ਅਤੇ 1998 ਵਿੱਚ ਚੰਡੀਗੜ੍ਹ ਤੋਂ ਲੋਕ ਸਭਾ ਲਈ ਚੁਣੇ ਗਏ ਸਨ।
