ਪ੍ਰਦਰਸ਼ਨਾਂ ਦਰਮਿਆਨ ਡੀਨ ਸੂਰਿਆਨਾਰਾਇਣ ਡੂਲਾ ਅਹੁਦੇ ਤੋਂ ਹਟਾਏ ਗਏ
ਆਈਆਈਟੀ-ਬੰਬੇ ਵੱਲੋਂ ਡਾਇਰੈਕਟਰ ਦੇ ਅਸਤੀਫ਼ੇ ਤੋਂ ਇਨਕਾਰ; ਵਿਦਿਆਰਥੀ ਦੀ ਮੌਤ 'ਤੇ ਦਿੱਤੇ ਬਿਆਨ ਲਈ ਮੰਗੀ ਮੁਆਫ਼ੀ।
ਭਾਰਤੀ ਤਕਨਾਲੋਜੀ ਸੰਸਥਾਨ (ਆਈ ਆਈ ਟੀ) ਮੁੰਬਈ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ 22 ਸਾਲਾ ਵਿਦਿਆਰਥੀ ਦੀ ਖ਼ੁਦਕੁਸ਼ੀ ਨੂੰ ਲੈ ਕੇ ਵਿਦਿਆਰਥੀਆਂ ਅਤੇ ਯੂਥ ਕਾਂਗਰਸ ਕਾਰਕੁਨਾਂ ਦੇ ਪ੍ਰਦਰਸ਼ਨ ਦਰਮਿਆਨ ਡੀਨ (ਪ੍ਰਬੰਧਕੀ ਮਾਮਲੇ) ਸੂਰਿਆਨਾਰਾਇਣ ਡੂਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਇਸ ਮਾਮਲੇ ਵਿੱਚ ਦਰਜ ਐੱਫ ਆਈ ਆਰ 'ਚ ਡੂਲਾ ਦਾ ਨਾਂ ਹੈ, ਜਿਸ ਵਿੱਚ ਜਾਤੀਗਤ ਵਿਤਕਰੇ ਦੇ ਆਧਾਰ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਖ਼ਿਲਾਫ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਕਾਨੂੰਨ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵਿਦਿਆਰਥੀਆਂ ਵੱਲੋਂ ਪਿਛਲੀ ਗੱਲਬਾਤ ਵਿੱਚ ਬਿਨਾਂ ਕਿਸੇ ਵਿਸਤ੍ਰਿਤ ਜਾਂਚ ਦੇ ਸਾਹਿਲ ਵਾਕੋਡੇ ਨੂੰ "ਬਦਨਾਮ" ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਸੰਸਥਾ ਨੇ ਜਨਤਕ ਮੁਆਫ਼ੀ ਵੀ ਜਾਰੀ ਕੀਤੀ।
ਸੰਸਥਾ ਨੇ ਕਿਹਾ, ''ਜਾਂਚ ਜਾਰੀ ਹੋਣ ਦੇ ਮੱਦੇਨਜ਼ਰ, ਸਾਹਿਲ ਦੀ ਮੌਤ ਤੋਂ ਪਹਿਲਾਂ ਹੋਈਆਂ ਘਟਨਾਵਾਂ ਨਾਲ ਸਬੰਧਤ ਵੇਰਵੇ ਨੂੰ ਉਚਿਤ ਜਾਂਚ ਪ੍ਰਕਿਰਿਆ ਰਾਹੀਂ ਪੂਰੀ ਤਰ੍ਹਾਂ ਸਥਾਪਤ ਕੀਤੇ ਜਾਣ ਤੋਂ ਪਹਿਲਾਂ ਸਾਹਮਣੇ ਰੱਖਣਾ ਜਾਂ ਉਨ੍ਹਾਂ ਨੂੰ ਕਿਸੇ ਖ਼ਾਸ ਰੂਪ ਵਿੱਚ ਪੇਸ਼ ਕਰਨਾ ਉਚਿਤ ਨਹੀਂ ਸੀ।''
ਸੰਸਥਾ ਨੇ ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਸੀ ਕਿ ਸਾਹਿਲ ਨੇ ਪ੍ਰੀਖਿਆ ਦੌਰਾਨ ਕਥਿਤ ਤੌਰ ’ਤੇ ਉੱਤਰ ਹਾਸਲ ਕਰਨ ਲਈ ਪ੍ਰਸ਼ਨ ਪੱਤਰ ਚੈਟਜੀਪੀਟੀ ’ਤੇ ਅਪਲੋਡ ਕੀਤਾ ਸੀ। ਸੰਸਥਾ ਨੇ ਕਿਹਾ ਸੀ ਕਿ ਹਾਲਾਂਕਿ, ਉਸ ਖ਼ਿਲਾਫ਼ ਕੋਈ ਅਨੁਸ਼ਾਸਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਸੀ।
ਉੱਥੇ ਹੀ ਡੂਲਾ ਨੂੰ ਡੀਨ ਦੇ ਅਹੁਦੇ ਤੋਂ ਹਟਾਉਣ ਦੇ ਫ਼ੈਸਲੇ ਤੋਂ ਪ੍ਰਦਰਸ਼ਨਕਾਰੀ ਵਿਦਿਆਰਥੀ ਸੰਤੁਸ਼ਟ ਨਹੀਂ ਹੋਏ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੇ ਡੂਲਾ ਨੂੰ ਪ੍ਰੋਫ਼ੈਸਰ ਦੇ ਅਹੁਦੇ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ ਸੀ, ਨਾ ਕਿ ਸਿਰਫ਼ ਪ੍ਰਬੰਧਕੀ ਅਹੁਦੇ ਤੋਂ ਹਟਾਉਣ ਦੀ।
ਡੀਨ ਸੂਰਿਆਨਾਰਾਇਣ ਡੂਲਾ ਨੂੰ ਅਹੁਦੇ ਤੋਂ ਹਟਾਉਣ ਦੇ ਫ਼ੈਸਲੇ ਦੀ ਜਾਣਕਾਰੀ ਆਈ ਆਈ ਟੀ ਮੁੰਬਈ ਦੇ ਡਾਇਰੈਕਟਰ ਸ਼ਿਰੀਸ਼ ਕੇਦਾਰੇ ਨੇ ਈਮੇਲ ਰਾਹੀਂ ਵਿਦਿਆਰਥੀਆਂ ਨੂੰ ਦਿੱਤੀ। ਸਾਹਿਲ ਦੇ ਮਾਪਿਆਂ ਨੇ ਇੱਕ ਪ੍ਰੋਫ਼ੈਸਰ ਵੱਲੋਂ ਉਨ੍ਹਾਂ ਦੇ ਪੁੱਤਰ ਨਾਲ ਜਾਤੀਗਤ ਵਿਤਕਰਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ।
ਦੂਜੇ ਪਾਸੇ ਭਾਰਤੀ ਤਕਨਾਲੋਜੀ ਸੰਸਥਾਨ (ਆਈ ਆਈ ਟੀ) ਮੁੰਬਈ ਦੇ ਫੈਕਲਟੀ ਫੋਰਮ ਨੇ ਕਿਹਾ ਕਿ ਉਹ ਪ੍ਰੋਫ਼ੈਸਰ ਸੂਰਿਆਨਾਰਾਇਣ ਡੂਲਾ ਦੇ ਨਾਲ ''ਮਜ਼ਬੂਤੀ ਨਾਲ ਖੜ੍ਹਾ'' ਹੈ। ਫੋਰਮ ਨੇ ਕਿਹਾ ਕਿ ਪ੍ਰੋ. ਡੂਲਾ ਨੇ ਡੀਨ (ਵਿਦਿਆਰਥੀ ਮਾਮਲੇ) ਵਜੋਂ ਆਪਣੇ ਲੰਮੇ ਕਾਰਜਕਾਲ ਦੌਰਾਨ ਕੈਂਪਸ ਵਿੱਚ ਵਿਦਿਆਰਥੀ ਭਾਈਚਾਰੇ ਦੀ ਭਲਾਈ ਲਈ ਕਈ ਪਹਿਲਕਦਮੀਆਂ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਫੈਕਲਟੀ ਫੋਰਮ ਨੇ ਇਹ ਵੀ ਕਿਹਾ ਕਿ ਉਹ ''ਝੂਠੀਆਂ ਅਤੇ ਗੁਮਰਾਹਕੁੰਨ ਮੀਡੀਆ ਖ਼ਬਰਾਂ'' ਰਾਹੀਂ ਆਪਣੇ ਸਾਥੀ ਦਾ ਅਕਸ ਖ਼ਰਾਬ ਕੀਤੇ ਜਾਣ ਤੋਂ ''ਦੁਖੀ'' ਹੈ।
ਅਧਿਕਾਰੀਆਂ ਅਨੁਸਾਰ, ਊਰਜਾ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਦੇ ਬੀ ਟੈੱਕ ਦੂਜੇ ਸਾਲ ਦਾ ਵਿਦਿਆਰਥੀ ਸਾਹਿਲ ਰਵਿੰਦਰ ਵਾਕੋਡੇ (22) 18 ਸਤੰਬਰ ਦੀ ਸ਼ਾਮ ਆਈ ਆਈ ਟੀ ਮੁੰਬਈ ਦੇ ਪਵਈ ਕੈਂਪਸ ਸਥਿਤ ਆਪਣੇ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਲਟਕਿਆ ਮਿਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਸ ਦੇ ਮਿਡ-ਟਰਮ ਪ੍ਰੀਖਿਆ ਦੌਰਾਨ ਕਥਿਤ ਤੌਰ ’ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਫੜੇ ਜਾਣ ਦੇ ਕੁਝ ਘੰਟਿਆਂ ਬਾਅਦ ਵਾਪਰੀ।
ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਰਹਿਣ ਵਾਲੇ ਸਾਹਿਲ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਇਹ ਕਦਮ ਚੁੱਕਣ ਤੋਂ ਪਹਿਲਾਂ ਸਾਹਿਲ ਨੂੰ ਸੰਸਥਾਗਤ ਪਰੇਸ਼ਾਨੀ ਅਤੇ ਜਾਤੀਗਤ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਕੈਂਪਸ ਵਿੱਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ।
ਸਾਹਿਲ ਦੇ ਪਿਤਾ ਰਵਿੰਦਰ ਵਾਕੋਡੇ ਨੇ ਕਿਹਾ, "ਉਹ ਸਾਡਾ ਇਕਲੌਤਾ ਪੁੱਤਰ ਸੀ। ਬਹੁਤ ਸੰਘਰਸ਼ ਤੋਂ ਬਾਅਦ ਅਸੀਂ ਉਸ ਨੂੰ ਇਸ ਮੁਕਾਮ ਤੱਕ ਪਹੁੰਚਾ ਸਕੇ ਸੀ ਅਤੇ ਹੁਣ ਉਨ੍ਹਾਂ ਨੇ ਮੇਰੇ ਪੁੱਤਰ ਨੂੰ ਖ਼ਤਮ ਕਰ ਦਿੱਤਾ। ਸਟਾਫ਼ ਨੇ ਜਾਤੀਗਤ ਵਿਤਕਰੇ ਰਾਹੀਂ ਉਸ ਨੂੰ ਤੰਗ-ਪਰੇਸ਼ਾਨ ਕੀਤਾ।
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਜਾਤੀ ਦੇ ਆਧਾਰ ’ਤੇ ਮਜ਼ਾਕ ਉਡਾਇਆ ਗਿਆ, ਉਸ ਨੂੰ ਤਸੀਹੇ ਦਿੱਤੇ ਗਏ ਅਤੇ ਉਸ ਨਾਲ ਵਿਤਕਰਾ ਕੀਤਾ ਗਿਆ। ਉਨ੍ਹਾਂ ਨੇ ਆਪਣੇ ਪੁੱਤਰ ਦੀ ਮੌਤ ਵਿੱਚ ਆਈ ਆਈ ਟੀ ਮੁੰਬਈ ਪ੍ਰਸ਼ਾਸਨ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ।
ਉੱਥੇ ਹੀ ਆਈ ਆਈ ਟੀ-ਮੁੰਬਈ ਦੇ ਫੈਕਲਟੀ ਮੈਂਬਰਾਂ ਨੇ ਸੋਮਵਾਰ ਨੂੰ ਸੰਸਥਾ ਦੇ ਕੈਂਪਸ ਵਿੱਚ ਸੂਰਿਆਨਾਰਾਇਣ ਡੂਲਾ ਦੇ ਸਮਰਥਨ ਵਿੱਚ ਇੱਕ ਮਾਰਚ ਕੱਢਿਆ। ਫੈਕਲਟੀ ਫੋਰਮ ਨੇ ਕਿਹਾ ਕਿ ਡੂਲਾ ਨੇ 18 ਸਤੰਬਰ ਨੂੰ ਬੀ ਟੈੱਕ ਦੂਜੇ ਸਾਲ ਦੇ ਵਿਦਿਆਰਥੀ ਸਾਹਿਲ ਵਾਕੋਡੇ ਦੇ ਕਥਿਤ ਤੌਰ ’ਤੇ ਮੋਬਾਈਲ ਫ਼ੋਨ ਵਰਤਣ ਦੀ ਸੂਚਨਾ ਦਿੰਦੇ ਸਮੇਂ ''ਸੈਨੇਟ ਵੱਲੋਂ ਪ੍ਰਵਾਨਿਤ ਪ੍ਰੀਖਿਆ ਪ੍ਰਕਿਰਿਆ'' ਦੀ ਪਾਲਣਾ ਕੀਤੀ ਸੀ।
