ਮੈਂ ਬਿਸਵਾਜੀਤ ਤੋਂ ਖੂਬਸੂਰਤ ਹਾਂ: ਸ਼ਾਹਰੁਖ ਖ਼ਾਨ
ਉੱਘੇ ਅਦਾਕਾਰ ਬਿਸਵਾਜੀਤ ਚੈਟਰਜੀ ਨੇ ਹਾਲ ਹੀ ਵਿੱਚ ਸ਼ਾਹਰੁਖ ਖਾਨ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਸੁਪਰਸਟਾਰ ਦੀ ਮਰਹੂਮ ਮਾਂ ਬਾਰੇ ਪਿਆਰੀ ਜਿਹੀ ਕਹਾਣੀ ਸਾਂਝੀ ਕੀਤੀ, ਜੋ ਉਨ੍ਹਾਂ ਦੇ ਕੰਮ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਉਹ ਸ਼ਾਹਰੁਖ ਨੂੰ ‘ਮੈਂ ਹੂੰ ਨਾ’ ਦੇ ਸੈੱਟ ’ਤੇ ਮਿਲੇ ਸਨ ਅਤੇ ਉਨ੍ਹਾਂ ਨੂੰ ਯਾਦ ਆਇਆ ਕਿ ਕਿਵੇਂ ਕਿਸੇ ਸਮੇਂ ਖਾਨ ਪਰਿਵਾਰ ਵਿੱਚ ਉਨ੍ਹਾਂ ਦੀਆਂ ਫਿਲਮਾਂ ਬਾਰੇ ਚਰਚਾ ਹੁੰਦੀ ਸੀ। ਇਥੇ ਇੰਟਰਵਿਊ ਦੌਰਾਨ ਬਿਸਵਾਜੀਤ ਨੇ ਫਿਲਮ ਸਿਟੀ ਵਿੱਚ ‘ਮੈਂ ਹੂੰ ਨਾ’ ਦੇ ਸੈੱਟ ’ਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਹ ਨਿਰਦੇਸ਼ਕ ਫਰਾਹ ਖਾਨ ਦੇ ਪਿਤਾ ਕਾਮਰਾਨ ਖਾਨ ਨੂੰ ਜਾਣਦੇ ਸਨ, ਜੋ ਖੁਦ ਵੀ ਅਦਾਕਾਰ ਸਨ ਅਤੇ ਉਨ੍ਹਾਂ ਦੇ ਦੋਸਤ ਵੀ ਸਨ। ਇਸੇ ਕਾਰਨ ਫਰਾਹ ਨੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਸੈੱਟ ’ਤੇ ਆਉਣ ਦਾ ਸੱਦਾ ਦਿੱਤਾ ਸੀ। ਅਦਾਕਾਰ ਨੇ ਕਿਹਾ, ‘‘ਜਦੋਂ ਫਰਾਹ ਫਿਲਮ ਬਣਾ ਰਹੀ ਸੀ, ਤਾਂ ਉਸ ਨੇ ਸ਼ਾਹਰੁਖ ਨੂੰ ਇਸ ਵਿੱਚ ਲਿਆ।’’ ਇਹ ‘ਮੈਂ ਹੂੰ ਨਾ’ ਸੀ। ਉਸ ਨੇ ਬਿਸਵਾਜੀਤ ਨੂੰ ਫਿਲਮ ਦੇ ਸੈੱਟ ’ਤੇ ਆਉਣ ਦਾ ਸੱਦਾ ਦਿੱਤਾ ਤੇ ਉਥੇ ਪਹੁੰਚਣ ’ਤੇ ਫਰਹਾ ਨੇ ਕਿਹਾ, ‘‘ਮੈਂ ਤੁਹਾਨੂੰ ਆਪਣੇ ਹੀਰੋ ਨਾਲ ਮਿਲਾਵਾਂਗੀ। ਥੋੜ੍ਹੀ ਦੇਰ ਬੈਠੋ।’’ ਸ਼ਾਹਰੁਖ ਸੈੱਟ ’ਤੇ ਆਏ ਅਤੇ ਫਿਰ ਫਰਾਹ ਨੇ ਸਾਡੀ ਜਾਣ-ਪਛਾਣ ਕਰਵਾਈ। ਉਸ ਨੇ ਕਿਹਾ, ‘‘ਇਹ ਬਿਸਵਾਜੀਤ ਦਾਦਾ ਹਨ।’’ ਇਹ ਸੁਣ ਕੇ ਸ਼ਾਹਰੁਖ ਬਹੁਤ ਉਤਸ਼ਾਹਿਤ ਹੋ ਗਏ। ਉਨ੍ਹਾਂ ਕਿਹਾ, ‘ਸਰ, ਸਰ, ਸਰ।’’ ਬਿਸਵਾਜੀਤ ਨੇ ਇਹ ਵੀ ਦੱਸਿਆ ਕਿ ਸ਼ਾਹਰੁਖ ਨੇ ਉਨ੍ਹਾਂ ਨੂੰ ਜੋ ਪਹਿਲੇ ਸ਼ਬਦ ਕਹੇ, ਉਹ ਇਹ ਸੀ, ‘‘ਮੇਰੀ ਮਾਂ ਤੁਹਾਡੀ ਬਹੁਤ ਵੱਡੀ ਪ੍ਰਸ਼ੰਸਕ ਸੀ। ਮੈਂ ਤੁਹਾਡੀਆਂ ਫਿਲਮਾਂ ਦੇਖਦਾ ਹੁੰਦਾ ਸੀ, ਜਦੋਂ ਮੈਂ ਛੋਟਾ ਸੀ, ਤਾਂ ਮੈਂ ਆਪਣੀ ਮਾਂ ਨਾਲ ਤੁਹਾਡੇ ਬਾਰੇ ਗੱਲ ਕਰਦਾ ਸੀ। ਮੇਰੀ ਮਾਂ ਮੈਨੂੰ ਕਹਿੰਦੀ ਸੀ ਕਿ ਤੁਸੀਂ ਮੇਰੇ ਨਾਲੋਂ ਜ਼ਿਆਦਾ ਖੂਬਸੂਰਤ ਹੋ। ਇਸ ਲਈ ਮੈਂ ਆਪਣੀ ਮਾਂ ਨਾਲ ਝਗੜਾ ਕਰਦਾ ਸੀ, ਨਹੀਂ ਮੈਂ ਜ਼ਿਆਦਾ ਖੂਬਸੂਰਤ ਹਾਂ।’’ ਬਿਸਵਾਜੀਤ ਚੈਟਰਜੀ ਨੇ ਬੰਗਾਲੀ ਅਤੇ ਹਿੰਦੀ ਸਿਨੇਮਾ ਵਿੱਚ ਆਪਣੇ ਲੰਬੇ ਕਰੀਅਰ ਦੌਰਾਨ ਲਗਭਗ 150 ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ 1962 ਵਿੱਚ ਬੀਸ ਸਾਲ ਬਾਅਦ ਨਾਲ ਹਿੰਦੀ ਫਿਲਮਾਂ ਵਿੱਚ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ‘ਅਪ੍ਰੈਲ ਫੂਲ’, ‘ਬੀਵੀ ਔਰ ਮਕਾਨ’, ‘ਸਗਾਈ’, ‘ਯੇ ਰਾਤ ਫਿਰ ਨਾ ਆਏਗੀ’ ਅਤੇ ‘ਇਸ਼ਕ ਪਰ ਜ਼ੋਰ ਨਹੀਂ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।
